ਸਿੱਖ ਖਬਰਾਂ

ਪ੍ਰੋ. ਭੁੱਲਰ ਲਈ ਅਰਦਾਸ ਦਿਵਸ ਮੌਕੇ ਹੁੰਮ ਹੁਮਾ ਕੇ ਪੁੱਜੀਆਂ ਸੰਗਤਾਂ ਨੂੰ ਅਕਾਲੀਆਂ ਨੇ ਰਾਮਦੇਵ ਦੇ ਹੱਕ ਵਿੱਚ ਧਰਨੇ ਲਗਾਉਣ ਦੇ ਸੱਦੇ ਦਿੱਤੇ

June 11, 2011 | By

bhullarfgsਫ਼ਤਿਹਗੜ੍ਹ ਸਾਹਿਬ, (11 ਜੂਨ, 2011) : ਤਿਹਾੜ ਜੇਲ੍ਹ ਦਿੱਲੀ ਵਿੱਚ ਨਜ਼ਰਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸ਼ੀ ਦੀ ਸਜ਼ਾ ਰੱਦ ਕਰਵਾਉਣ ਲਈ 31 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪੰਥਕ ਜਥੇਬੰਦੀਆਂ  ਵਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਮਨਾਏ ਗਏ ਅਰਦਾਸ ਤੇ ਰੋਸ ਦਿਵਸ ਮੌਕੇ ਇੱਥੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵਿਖੇ ਵੀ ਪ੍ਰੋ. ਭੁੱਲਰ ਦੀ ਰਿਹਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਜਿਸ ਵਿੱਚ ਸਿੱਖ ਆਗੂਆਂ ਤੋਂ ਬਿਨਾਂ ਸੰਗਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਪਰ ਜਦੋਂ  ਇਸ ਸਮੇਂ ਅਕਾਲੀ ਆਗੂਆਂ ਨੇ 16 ਜੂਨ ਨੂੰ ‘ਭ੍ਰਿਸ਼ਟਾਚਾਰ’ ਦੇ ਵਿਰੋਧ ਵਿੱਚ ਧਰਨੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਤਾਂ ਅਰਦਾਸ ਸਮਾਗਮ ਵਿੱਚ ਸ਼ਾਮਿਲ ਸੰਗਤਾਂ ਵਿੱਚ ਵੀ ਘੁਸਰ-ਮੁਸਰ ਸ਼ੁਰੂ ਹੋ ਗਈ। ਸੰਗਤਾਂ ਦਾ ਕਹਿਣਾ ਸੀ ਕਿ ਪ੍ਰੋ. ਭੁੱਲਰ ਸਬੰਧੀ ਅਰਦਾਸ ਦਿਵਸ ਮੌਕੇ ਇੱਥੋਂ ‘ਭ੍ਰਿਸ਼ਟਾਚਾਰ’ ਦੇ ਨਾਂ ਹੇਠ ਰਾਮਦੇਵ ਵਰਗੇ ਹਿੰਦੂਵਾਦੀਆਂ ਦੇ ਹੱਕ ਵਿੱਚ ਸੱਦੇ ਨਹੀਂ ਦੇਣੇ ਚਾਹੀਦੇ। ਸੰਗਤਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਬਾਦਲ ਨੂੰ ਚਾਹੀਦਾ ਹੈ ਕਿ ਉਹ ਇਸ ਸਮੇਂ ਰਾਮਦੇਵ ਦੀ ਥਾਂ ਪ੍ਰੋ. ਭੁੱਲਰ ਨੂੰ ਬਚਾਉਣ ਵੱਲ ਅਪਣਾ ਧਿਆਨ ਕੇਂਦਰਿਤ ਕਰਨ। ਕਿਉਂਕਿ ਰਾਮਦੇਵ ਦੇ ਹੱਕ ਵਿੱਚ ਤਾਂ ਸਮੁੱਚਾ ਹਿੰਦੂ ਭਾਰਤ ਖੜ੍ਹਾ ਹੈ ਪਰ ਸਿੱਖ ਤਾਂ ਇਕੱਲੇ ਹੀ ਅਪਣੀ ਹੋਂਦ ਦੀ ਲੜਾਈ ਲੜ ਰਹੇ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗਲੱਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਥੇਬੰਦ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਜਿਵੇਂ ਅੱਜ ਦੇ ਇਸ ਸਮਾਗਮ ਵਿੱਚ ਸੰਗਤਾਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਹੈ ਉਸੇ ਤਰ੍ਹਾਂ 20 ਜੂਨ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਗਵਰਨਰ ਪੰਜਾਬ ਰਾਹੀਂ ਮੰਗ ਪੱਤਰ ਦੇਣ ਮੌਕੇ ਵੀ ਸਵੇਰੇ 10 ਵਜੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਸੰਗਤਾਂ ਇਕੱਤਰ ਹੋਣ। ਜਿੱਥੋਂ ਕਾਫ਼ਲੇ ਦੇ ਰੂਪ ਵਿੱਚ ਗਵਰਨਰ ਹਾਊਸ ਜਾ ਕੇ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਨੂੰ ਸਭ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਦੀਆਂ ਸਮੂਹ ਪੰਚਾਇਤਾਂ ਤੋਂ ਮਤੇ ਪਵਾਉਣ ਦੀ ਮੁਹਿੰਮ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਮੂਹ ਪੰਚਾਇਤਾਂ ਦੇ ਨੁਮਾਇੰਦਆਂ ਸਰਪੰਚਾਂ ਤੇ ਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰੋ. ਭੁੱਲਰ ਦੀ ਰਿਹਾਈ ਲਈ ਮਤੇ ਪਾਸ ਕਰਕੇ ਸਾਡੇ ਜਾਂ ਸਹਿਯੋਗੀ ਪੰਥਕ ਜਥੇਬੰਦੀਆਂ ਦੇ ਦਫ਼ਤਰ ਪਹੁੰਚਾ ਸਕਦੇ ਹਨ। ਅਸੀਂ ਖ਼ੁਦ ਵੀ ਪਿੰਡ-ਪਿੰਡ ਜਾ ਕੇ ਪੰਚਾਇਤਾਂ ਨਾਲ ਸੰਪਰਕ ਕਰ ਰਹੇ ਹਾਂ।ਅਰਦਾਸ ਦਿਵਸ ਵਿੱਚ ਹੋਰਨਾਂ ਤੋਂ ਬਿਨਾਂ ਬਾਦਲ ਦਲ ਦੇ ਸਰਹਿੰਦ ਤੋਂ ਵਿਧਾਇਕ ਤੇ ਬਸੀ ਪਠਾਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦੀਦਾਰ ਸਿੰਘ ਭੱਟੀ ਨੇ ਸ਼੍ਰੋਮਣੀ ਕਮੇਟੀ ਦੀ ਅੰਤਿਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ,  ਬੀਬੀ ਸਤਵਿੰਦਰ ਕੌਰ ਧਾਲੀਵਾਲ, ਅਕਾਲੀ ਆਗੂ ਜਗਦੀਪ ਸਿੰਘ ਚੀਮਾ, ਰਣਜੀਤ ਸਿੰਘ ਲਿਬੜਾ, ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸੁਰਿੰਦਰ ਕੌਰ, ਸਾਬਕਾ ਸ਼੍ਰੋਮਣੀ ਕਮੇਂਟੀ ਮੈਂਬਰ ਜੱਸਾ ਸਿੰਘ ਆਹਲੂਵਾਲੀਆਂ, ਮਨਜੀਤ ਸਿੰਘ ਸਲਾਣਾ,  ਪੰਚ ਪ੍ਰਧਾਨੀ ਤੋਂ ਹਰਪਾਲ ਸਿੰਘ ਸ਼ਹੀਦਗੜ੍ਹ, ਅਮਰਜੀਤ ਸਿੰਘ ਬਡਗੁਜਰਾਂ, ਪ੍ਰਮਿੰਦਰ ਸਿੰਘ ਕਾਲਾ ਵੀ ਹਜ਼ਾਰ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: