ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਸਰਕਾਰੀ ਨੌਕਰੀਆਂ ਵੇਚਣ ਦੇ ਦੋਸ਼ ‘ਚ ਬਾਦਲ ਦੇ ਨਜਦੀਕੀ ਕੋਲਿਆਵਾਲੀ ਨੂੰ ਗ੍ਰਿਫਤਾਰ ਕੀਤਾ ਜਾਵੇ: ਆਪ

June 29, 2016 | By

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਓਰੋ ਦੁਆਰਾ ਸੀਨੀਅਰ ਅਕਾਲੀ ਦਲ ਆਗੂ ਅਤੇ ਪੰਜਾਬ ਐਗਰੋ ਇੰਡਸਟਰੀਸ ਕਾਰਪੋਰੇਸ਼ਨ ਦੇ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਦੇ ਨਜ਼ਦੀਕੀ ਅਕਾਲੀ ਕੌਂਸਲਰ ਸ਼ਾਮ ਲਾਲ ਡੱਡੀ ਦੀ ਕਰੋੜਾਂ ਰੁਪਏ ਦੇ ਨੌਕਰੀ ਘੋਟਾਲੇ ਵਿਚ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਡੱਡੀ ਦੇ ਆਕਾ ਕੋਲਿਆਂਵਾਲੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਿਰਫ ਇੱਕ ਕੌਂਸਲਰ ਦੀ ਗਿਰਫਤਾਰੀ ਨਾਲ ਨੌਕਰੀ ਘੋਟਾਲੇ ਦਾ ਪਰਦਾਫਾਸ਼ ਨਹੀਂ ਹੋ ਸਕਦਾ ਕਿਉਂ ਜੋ ਅਜੇ ਵੀ ਇਸ ਸਾਰੇ ਨੌਕਰੀ ਘੋਟਾਲੇ ਦਾ ਸਰਗਨਾ ਕੋਲਿਆਂਵਾਲੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਘੁੰਮ ਰਿਹਾ ਹੈ।

ਬਾਦਲ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਂਵਾਲੀ {ਫਾਈਲ ਫੋਟੋ}

ਬਾਦਲ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਂਵਾਲੀ {ਫਾਈਲ ਫੋਟੋ}

ਮਾਨ ਨੇ ਕਿਹਾ, ”ਡੱਡੀ ਕਰੋੜਾਂ ਰੁਪਏ ਦਾ ਨੌਕਰੀ ਘੋਟਾਲਾ ਬਿਨਾ ਕਿਸੇ ਸਿਆਸੀ ਸ਼ਹਿ ਤੋਂ ਕਿਵੇਂ ਕਰ ਸਕਦਾ ਹੈ? ਇਹ ਗੱਲ ਜੱਗ ਜਾਹਿਰ ਹੈ ਕਿ ਇਸ ਸਾਰੇ ਕਾਰਜ ਲਈ ਕੋਲਿਆਂਵਾਲੀ ਜ਼ਿੰਮੇਵਾਰ ਹੈ ਇਸ ਲਈ ਜਦੋਂ ਤਕ ਵਿਜੀਲੈਂਸ ਬਿਊਰੋ ਕੋਲਿਆਂਵਾਲੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁਛਗਿੱਛ ਨਹੀਂ ਕਰਦੀ ਉਦੋਂ ਤੱਕ ਇਸ ਮਾਮਲੇ ਦੇ ਅਸਲ ਦੋਸ਼ੀ ਪਕੜੇ ਜਾਣਾ ਸਿਰਫ ਇਕ ਵਿਖਾਵਾ ਮਾਤਰ ਹੀ ਹੈ।” ਉਨ੍ਹਾਂ ਕਿਹਾ ਕਿ ਕੋਲਿਆਂਵਾਲੀ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਨੇੜਤਾ ਜੱਗ ਜਾਹਿਰ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਤੱਕ ਉਸਦੀ ਗ੍ਰਿਫਤਾਰੀ ਨਹੀਂ ਹੋ ਸਕੀ।

“ਹਾਈਕੋਰਟ ਦੀ ਦੇਖਰੇਖ ਹੇਠ ਹੋਈ ਜਾਂਚ ਹੀ ਪੀੜਿਤਾਂ ਨੂੰ ਨਿਆ ਦਿਵਾ ਸਕਦੀ ਹੈ”: ਭਗਵੰਤ ਮਾਨ

ਮਾਨ ਨੇ ਕਿਹਾ ਕਿ ਕੋਲਿਆਂਵਾਲੀ ਸ਼੍ਰੋਮਣੀ ਅਕਾਲੀ ਦਲ ਮੁਕਤਸਰ (ਦਿਹਾਤੀ) ਦਾ ਪ੍ਰਧਾਨ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਅਤਿ ਨਜ਼ਦੀਕੀ ਹੈ। ਇਸ ਲਈ ਬਾਦਲ ਪਰਿਵਾਰ ਆਪਣੀ ਖੁਦ ਦੀ ਸਾਕ ਬਚਾਉਣ ਲਈ ਕੋਲਿਆਂਵਾਲੀ ਦੀ ਗਿਰਫਤਾਰੀ ਟਾਲ ਰਿਹਾ ਹੈ। ਨੌਕਰੀ ਘੋਟਾਲੇ ਵਿਚ ਗਿਰਫਤਾਰ ਡੱਡੀ ਕੋਲਿਆਂਵਾਲੀ ਦਾ ਇੱਕ ਮੋਹਰਾ ਮਾਤਰ ਹੀ ਹੈ, ਜਿਸਨੇ ਪਨਸਪ, ਸਥਾਨਕ ਸਰਕਾਰਾਂ, ਪੁੱਡਾ ਆਦਿ ਹੋਰ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਵੇਚਣ ਦਾ ਕਾਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸਰਕਾਰੀ ਨੌਕਰੀਆਂ ਵਿਚ 30 ਲੱਖ ਰੁਪਏ ਪ੍ਰਤੀ ਨੌਕਰੀ ਤੱਕ ਰਿਸ਼ਵਤ ਲਈ ਗਈ ਸੀ।

‘ਆਪ’ ਆਗੂ ਨੇ ਕਿਹਾ ਕਿ ਕਿਉਂ ਜੋ ਰਾਜ ਦੀ ਵਿਜੀਲੈਂਸ ਬਿਊਰੋ ਸਿੱਧੇ ਤੌਰ ‘ਤੇ ਮੁੱਖ ਮੰਤਰੀ ਦੇ ਅਧੀਨ ਕਾਰਜ ਕਰਦੀ ਹੈ ਸੋ ਆਮ ਆਦਮੀ ਪਾਰਟੀ ਨੂੰ ਚਲ ਰਹੀ ਜਾਂਚ ਵਿਚ ਕੋਈ ਭਰੋਸਾ ਨਹੀਂ ਹੈ। ਇਸ ਕਾਰਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਦੇ ਅਧੀਨ ਕੀਤੀ ਗਈ ਜਾਂਚ ਹੀ ਨੌਕਰੀ ਘੋਟਾਲੇ ਦੇ ਅਸਲ ਦੋਸ਼ੀਆਂ ਨੂੰ ਗਿਰਫਤਾਰ ਕਰਵਾ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਘੋਟਾਲੇਬਾਜਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਣ ਲਈ ਮਾਣਯੋਗ ਹਾਈਕੋਰਟ ਦੇ ਅਧੀਨ ਜਾਂਚ ਆਰੰਭੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,