ਸਿੱਖ ਖਬਰਾਂ

ਧਾਰਾ 295-ਏ ਵਿੱਚ ਕੀਤੀ ਸੋਧ ਦੀ ਵਰਤੋਂ ਸਿੱਖਾਂ ਵਿਰੁੱਧ ਹੋਵੇਗੀ : ਭਾਈ ਦਲਜੀਤ ਸਿੰਘ ਬਿੱਟੂ

October 12, 2010 | By

ਫ਼ਤਿਹਗੜ੍ਹ ਸਾਹਿਬ, 12 ਅਕਤੂਬਰ (ਪੰਜਾਬ ਨਿਊਜ ਨੈੱਟ.) : “ਪੰਜਾਬ ਦੀ ਬਾਦਲ ਸਰਕਾਰ ਧਾਰਾ 295-ਏ ਵਿੱਚ ਬਦਲਾਓ ਕਰਕੇ ਸਿੱਖੀ ਦੇ ਪ੍ਰਚਾਰ ’ਤੇ ਰੋਕ ਲਗਾ ਕੇ ਸਿੱਖ ਵਿਰੋਧੀ ਸ਼ਕਤੀਆ ਤੇ ਡੇਰੇਦਾਰਾਂ ਨੂੰ ਹੱਲਾਸ਼ੇਰੀ  ਦੇ ਰਹੀ ਹੈ।” ਇਹ ਵਿਚਾਰ ਅੱਜ ਇੱਥੇ ਜਿਲ੍ਹਾ ਕਚਹਿਰੀ ਕੰਪਲੈਕਸ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੇਸ਼ ਕੀਤੇ। ਸੌਦਾ ਸਾਧ ਵਿਰੱਧ ਪੰਥਕ ਸੰਘਰਸ਼ ਦੌਰਾਨ ਪਾਏ ਗਏ ਇੱਕ ਕੇਸ ਦੀ ਤਰੀਕ ਦੇ ਸਬੰਧ ਵਿੱਚ ਉਨ੍ਹਾਂ ਨੂੰ ਪੁਲਿਸ ਅੱਜ ਅੰਮ੍ਰਿਤਸਰ ਜੇਲ੍ਹ ਤੋਂ ਇੱਥੇ ਲੈ ਕੇ ਆਈ। ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 3 ਨਵੰਬਰ ’ਤੇ ਪਾ ਦਿੱਤੀ ਹੈ।ਭਾਈ ਬਿੱਟੂ ਨੇ ਇਸ ਮੌਕੇ ਕਿਹਾ ਕਿ ਬਦਲੀ ਗਈ ਇਹ ਧਾਰਾ ਉਨ੍ਹਾਂ ਪੰਥਕ ਪਰਚਿਆਂ ਅਤੇ ਸਿੱਖ ਪ੍ਰਚਾਰਕਾਂ ਵਿਰੁੱਧ ਵਰਤੀ ਜਾਵੇਗੀ ਜਿਹੜੇ ਗੁਰਬਾਣੀ ਦੇ ਪ੍ਰਚਾਰ ਰਾਹੀਂ ਧਰਮ ਦੇ ਨਾਂ ਹੇਠ ਜਾਰੀ ਕੁਰਹਿਤਾਂ ਦਾ ਖੰਡਨ ਕਰਦੇ ਹਨ। ਭਾਈ ਬਿੱਟੂ ਨੇ ਕਿਹਾ ਇਸ ਧਾਰਾ ਦੀ ਵਰਤੋਂ ਸਿੱਖ ਕੌਮ ਦੀਆਂ ਭਾਵਨਾਵਾਂ ਭੜਕਾਉਣ ਵਾਲੇ ਡੇਰੇਦਾਰਾਂ ਵਿਰੁੱਧ ਨਹੀਂ ਹੋਵੇਗੀ ਕਿਉਂਕਿ ਡੇਰੇਦਾਰਾਂ ਅਤੇ ਸੰਘਵਾਦੀਆਂ ਦੇ ਇਸ਼ਾਰੇ ’ਤੇ ਇਸ ਧਾਰਾ ਦੇ ਪਹਿਲੇ ਰੂਪ ਦੀ ਵਰਤੋਂ ਵੀ ਸਿੱਖਾਂ ਅਤੇ ਸਿੱਖ ਪਰਚਿਆਂ ਵਿਰੁੱਧ ਹੀ ਹੁੰਦੀ ਆਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਧਰਮ ਦੇ ਸੱਚੇ ਰੂਪ ਦਾ ਪ੍ਰਚਾਰ ਕਰਨ ਵਾਲਿਆਂ ਲਈ ਬਾਦਲ ਸਰਕਾਰ ਪੰਜਾਬ ਨੂੰ ‘ਪੁਲਿਸ ਰਾਜ’ ਬਣਾ ਰਹੀ ਹੈ।ਜਿਸ ਮਨੁੱਖੀ ਆਜ਼ਾਦੀ ਲਈ ਪਹਿਲਾਂ ਵਾਲਾ ਅਕਾਲੀ ਦਲ ਮੋਰਚੇ ਲਗਾਉਂਦਾ ’ਤੇ ਕੁਰਬਾਨੀਆਂ ਦਿੰਦਾ ਰਿਹਾ ਹੈ, ਪ੍ਰਕਾਸ਼ ਸਿੰਘ ਬਾਦਲ ਉਸ ਉਦੇਸ਼ ਦੇ ਬਿਲਕੁਲ ਉਲਟ ਦਿਸ਼ਾ ਵਿਚ ਚਲ ਕੇ ਵਿਚਾਰਾਂ ਦੇ ਪ੍ਰਗਟਾਵੇ ਤੇ ਧਰਮ ਪ੍ਰਚਾਰ ਦੇ ਮੁਢਲੇ ਅਧਿਕਾਰ ਵੀ ਸਿੱਖ ਕੌਮ ਕੋਲੋਂ ਖੋਹ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਨੂੰ ਵਪਾਰ ਬਣਾ ਲੈਣ ਵਾਲੇ ਡੇਰੇਦਾਰਾਂ ਅਤੇ ਅਖੌਤੀ ਸਵਾਮੀਆਂ ਲਈ ਬਾਦਲ ਸਰਕਾਰ ਨੇ ਪੰਜਾਬ ਦੇ ਦਰਵਾਜੇ ਖੋਲ੍ਹ ਦਿੱਤੇ ਹਨ ਉਨ੍ਹਾਂ ਨੂੰ ‘ਰਾਜ ਪ੍ਰਹੁਣਿਆਂ’ ਦੇ ਦਰਜੇ ਦਿੱਤੇ ਜਾ ਰਹੇ ਹਨ ਅਤੇ ਉਹ ਲੋਕ ਇੱਥੇ ਆ ਕੇ ਧਰਮ ਦੀ ਆੜ ਹੇਠ ਫ਼ਿਰਕੂ ਜ਼ਹਿਰ ਫ਼ੈਲਾਉਣ ਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਸ਼ਰੇਆਮ ਪ੍ਰਚਾਰ ਕਰਦੇ ਹਨ। ਭਾਈ ਬਿੱਟੂ ਨੇ ਕਿਹਾ ਕਿ ਸੰਘਵਾਦੀ ਪ੍ਰਕਾਸ਼ ਸਿੰਘ ਬਾਦਲ ਰਾਹੀਂ ਸਿੱਖਾਂ ਨੂੰ ਉਨ੍ਹਾਂ ਦੀ ਅਪਣੀ ਹੀ ਧਰਤੀ ’ਤੇ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਰਪੱਖ ਵਿਚਰ ਰਹੇ ਮੀਡੀਏ ਵਿਰੁੱਧ ਵੀ ਇਸ ਧਾਰਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਮੀਡੀਆ ਵੀ ਬਹੁਗਿਣਤੀ ਦੇ ਫ਼ਿਰਕਾਪ੍ਰਸਤਾਂ ਵਲੋਂ ਕਰਵਾਈ ਜਾ ਰਹੀ ਇਸ ਸੋਧ ਦੇ ਵਿਰੋਧ ਵਿਚ ਅੱਗੇ ਆਵੇ। ਇਸ ਮੌਕੇ ਪੰਚ ਪ੍ਰਧਾਨੀ ਦੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ, ਜਿਲ੍ਹਾ ਯੂਥ ਆਗੂ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਗੁਰਮੀਤ ਸਿੰਘ ਗੋਗਾ, ਪ੍ਰਮਿੰਦਰ ਸਿੰਘ ਕਾਲਾ, ਭਗਵੰਤ ਸਿੰਘ ਮਹੱਦੀਆ, ਅੰਮ੍ਰਿਤਪਾਲ ਸਿੰਘ ਡਡਹੇੜੀ, ਕਰਮ ਸਿੰਘ ਕਰਮਾ ਮਹੱਦੀਆਂ ਤੇ ਹਰਪ੍ਰੀਤ ਸਿੰਘ ਡਡਹੇੜੀ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,