ਚੋਣਵੀਆਂ ਲਿਖਤਾਂ » ਲੇਖ

ਦਿੱਲੀ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ

September 4, 2023 | By

ਦਿੱਲੀ ਭਾਰਤ ਦੀ ਰਾਜਧਾਨੀ ਹੈ, ਬਾਦਸ਼ਾਹ ਸ਼ਾਹਜਹਾਨ ਦੇ ਸਮੇਂ ਤੋਂ ਇਸ ਨੂੰ ਸ਼ਾਹਜ਼ਹਾਨਾਬਾਦ ਵੀ ਕਿਹਾ ਜਾਂਦਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਇਸ ਨਗਰ ਦਾ ਸੰਬੰਧ ਸਿੱਖ ਧਰਮ ਨਾਲ ਜੁੜਦਾ ਹੈ। ਸੋਲ੍ਹਵੀਂ ਸਦੀ ਦੇ ਅਰੰਭ ਵਿਚ ਪੂਰਬ ਦੀ ਉਦਾਸੀ ਸਮੇਂ ਗੁਰੂ ਜੀ ਇਸ ਨਗਰ ਵਿਖੇ ਪੁੱਜੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਇੱਥੇ ਮੌਜੂਦ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰੀ ਜੀ ਵੀ ਲੰਮਾ ਸਮਾਂ ਇਸ ਨਗਰ ਵਿਖੇ ਨਿਵਾਸ ਕਰਦੇ ਰਹੇ ਹਨ। ਇਹਨਾਂ ਦੀ ਯਾਦ ਵਿਚ ਵੀ ਇੱਥੇ ਗੁਰਧਾਮ ਸਥਿਤ ਹਨ। ਉੱਘੇ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਨੇ ਸੰਬੰਧਿਤ ਅਸਥਾਨਾਂ ‘ਤੇ ਗੁਰਧਾਮਾਂ ਦੀ ਉਸਾਰੀ ਕਰਵਾ ਕੇ ਇਹਨਾਂ ਨੂੰ ਪੂਰਨ ਤੌਰ ‘ਤੇ ਸੁਰੱਖਿਅਤ ਕਰ ਲਿਆ ਸੀ। ਮੌਜੂਦਾ ਸਮੇਂ ਵਿਚ ਇਸ ਨਗਰ ਵਿਖੇ ਇਹ ਇਤਿਹਾਸਿਕ ਗੁਰਧਾਮ ਸਥਿਤ ਹਨ – ਗੁਰਦੁਆਰਾ ਨਾਨਕ ਪਿਆਓ, ਗੁਰਦੁਆਰਾ ਮਜਨੂੰ ਦਾ ਟਿੱਲਾ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਮੋਤੀ ਬਾਗ਼, ਗੁਰਦੁਆਰਾ ਮਾਤਾ ਸੁੰਦਰੀ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ। ਇਹਨਾਂ ਗੁਰਧਾਮਾਂ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਇੱਥੇ ਦਿੱਲੀ ਵਿਖੇ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਗੁਰਧਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

1. ਗੁਰਦੁਆਰਾ ਸੀਸ ਗੰਜ ਸਾਹਿਬ: ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਇਹ ਗੁਰਧਾਮ ਲਗ-ਪਗ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਲਾਲ ਕਿਲ੍ਹੇ ਤੋਂ ਇਸ ਦੀ ਦੂਰੀ ਲਗ-ਪਗ ਡੇਢ ਕਿਲੋਮੀਟਰ ਹੈ। 11 ਨਵੰਬਰ 1675 ਨੂੰ ਇਸ ਅਸਥਾਨ ‘ਤੇ ਗੁਰੂ ਤੇਗ ਬਹਾਦਰ ਜੀ ਅਤੇ ਇਹਨਾਂ ਦੇ ਨਾਲ ਤਿੰਨ ਮੁੱਖੀ ਸਿੱਖਾਂ – ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ – ਨੂੰ ਸ਼ਹੀਦ ਕੀਤਾ ਗਿਆ ਸੀ। 1783 ਵਿਚ ਇਸ ਅਸਥਾਨ ਦੀ ਕਾਰ-ਸੇਵਾ ਬਾਬਾ ਬਘੇਲ ਸਿੰਘ ਜੀ ਨੇ ਕਰਵਾਈ ਸੀ। ਰਤਨ ਸਿੰਘ ਭੰਗੂ ਦੱਸਦਾ ਹੈ ਕਿ ਇਸ ਇਲਾਕੇ ਵਿਚ ਪਾਣੀ ਦੀ ਮਸ਼ਕ ਭਰਨ ਵਾਲੀ ਨੇ ਬਾਬਾ ਜੀ ਨੂੰ ਇਸ ਜਗ੍ਹਾ ਦੀ ਨਿਸ਼ਾਨਦੇਹੀ ਦਿੱਤੀ ਸੀ: ਚਾਂਦਨੀ ਚੌਕ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਅਸਥਾਨ ਦੀ ਨਿਸ਼ਾਨਦੇਹੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਿਆਨੀ ਗਿਆਨ ਸਿੰਘ ਦੱਸਦਾ ਹੈ ਕਿ ‘ਇਕ ਬੁੱਢੀ ਤੀਵੀਂ, ਜੋ ਮਾਸ਼ਕੀ ਦੀ ਤੀਵੀਂ ਸੀ, ਨੇ ਦੱਸਿਆ ਕਿ ਬੋਹੜ ਦੇ ਦਰਖ਼ਤ ਦੇ ਪਾਸ ਜਿੱਥੇ ਮਸਜਦ ਬਣੀ ਹੋਈ ਹੈ, ਓਥੇ ਇਹ ਘਟਨਾ ਬੀਤੀ ਸੀ। ਮੇਰਾ ਖਾਵੰਦ ਓਸ ਵੇਲੇ ਮਸ਼ਕ ਲੈ ਕੇ ਪਾਸ ਖਲੋਤਾ ਹੋਇਆ ਸੀ। ਸਰਦਾਰ ਬਘੇਲ ਸਿੰਘ ਨੇ ਓਸ ਥਾਂ ‘ਤੇ ਇਕ ਨਿੱਕਾ ਜਿਹਾ ਥੜ੍ਹਾ ਬਨਵਾ ਦਿੱਤਾ’।

ਸਿੱਖ ਸਰਦਾਰਾਂ ਦਾ ਵਧੇਰੇ ਝੁਕਾਅ ਪੰਜਾਬ ਵੱਲ ਸੀ ਜਿਸ ਕਰਕੇ ਬਾਬਾ ਬਘੇਲ ਸਿੰਘ ਤੋਂ ਬਾਅਦ ਇਸ ਅਸਥਾਨ ‘ਤੇ ਮੁਸਲਮਾਨਾਂ ਨੇ ਕਬਜ਼ੇ ਕਰ ਕੇ ਇੱਥੇ ਮਸੀਤ ਦੀ ਉਸਾਰੀ ਕਰਵਾ ਦਿੱਤੀ ਸੀ। ਇਸ ਅਸਥਾਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸਨ ਅਤੇ ਉਹ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਯਤਨਸ਼ੀਲ ਸਨ। ਜੀਂਦ ਦੇ ਰਾਜੇ ਸਰੂਪ ਸਿੰਘ ਨੇ ਇਸ ਅਸਥਾਨ ਦੀ ਪੁਨਰ-ਉਸਾਰੀ ਕਰਵਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ।

ਰਾਜਾ ਸਰੂਪ ਸਿੰਘ ਜੀਂਦ ਰਿਆਸਤ ਦੇ ਰਾਜੇ ਸਨ ਅਤੇ ਇਹਨਾਂ ਨੇ 1857 ਦੇ ਗ਼ਦਰ ਸਮੇਂ ਅੰਗਰੇਜ਼ ਸਰਕਾਰ ਦੀ ਸਹਾਇਤਾ ਕੀਤੀ ਸੀ। ਇਸ ਸਹਾਇਤਾ ਬਦਲੇ ਅੰਗਰੇਜ਼ਾਂ ਨੇ ਇਹਨਾਂ ਨੂੰ ਇਨਾਮ ਦੇਣਾ ਚਾਹਿਆ ਤਾਂ ਇਹਨਾਂ ਨੇ ਕਿਹਾ, ‘ਮੈਨੂੰ ਗੁਰਦੁਆਰੇ ਦੀ ਜਗ੍ਹਾ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੀਦਾ’। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਇਹ ਨਿਸ਼ਾਨੀ ਢਾਹ ਕੇ ਮੁਸਲਮਾਨਾਂ ਨੇ ਮਸੀਤ ਬਣਾ ਲਈ ਸੀ। ਰਾਜਾ ਸਰੂਪ ਸਿੰਘ ਨੇ ਇਹ ਜਗ੍ਹਾ ਵਾਪਸ ਲੈ ਕੇ ਇੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਵਾ ਦਿੱਤੀ ਸੀ ਪਰ ਚਾਰ-ਪੰਜ ਸਾਲ ਬਾਅਦ ਮੁਸਲਮਾਨਾਂ ਨੇ ਅੰਗਰੇਜ਼ ਸਰਕਾਰ ਕੋਲ ਮਸੀਤ ਦਾ ਦਾਵਾ ਕਰ ਦਿੱਤਾ ਅਤੇ ਫ਼ੈਸਲਾ ਮੁਸਲਮਾਨਾਂ ਦੇ ਹੱਕ ਵਿਚ ਹੋਇਆ। ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਫਿਰ ਮਸੀਤ ਬਣਾ ਲਈ। ਇਸ ਸਮੇਂ ਤੱਕ ਜੀਂਦ ਦਾ ਰਾਜਾ ਸਰੂਪ ਸਿੰਘ ਅਕਾਲ ਚਲਾਣਾ ਕਰ ਗਿਆ ਸੀ ਅਤੇ ਇਸ ਦੀ ਰਾਜਗੱਦੀ ‘ਤੇ ਇਸ ਦਾ ਪੁੱਤਰ ਰਘੁਬੀਰ ਸਿੰਘ ਰਾਜਾ ਬਣਿਆ। ਇਸ ਦੇ ਮਨ ਵਿਚ ਵੀ ਸਿੱਖੀ ਦਾ ਬਹੁਤ ਦਰਦ ਸੀ ਅਤੇ ਇਸ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਾਲੀ ਜਗ੍ਹਾ ਵਾਪਸ ਲੈਣ ਦਾ ਪ੍ਰਣ ਕਰਦੇ ਹੋਏ ਕਿਹਾ, ‘ਗੁਰਦੁਆਰਾ ਸੀਸ ਗੰਜ ਕਾਇਮ ਰਹੇਗਾ’। ਇਸ ਨੇ ਲੰਡਨ ਵਿਖੇ ਪ੍ਰੀਵੀ ਕੌਂਸਲ ਕੋਲ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਮਸਲਾ ਉਠਾਇਆ। ਅਖ਼ੀਰ ਇਹ ਫ਼ੈਸਲਾ ਹੋਇਆ ਕਿ ਗ਼ਦਰ ਵੇਲੇ ਕੀਤੇ ਗਏ ਫ਼ੈਸਲੇ ਬਦਲੇ ਨਹੀਂ ਜਾਣਗੇ। ਮਸੀਤ ਵਾਲੀ ਜਗ੍ਹਾ ਨੂੰ ਰਾਜਾ ਰਘੁਬੀਰ ਸਿੰਘ ਨੇ ਫਿਰ ਵਾਪਸ ਲੈ ਲਿਆ ਅਤੇ ਇੱਥੇ ਇਕ ਸੁੰਦਰ ਗੁਰਧਾਮ ਦੀ ਉਸਾਰੀ ਕਰਵਾਈ। ਇਸ ਦਾ ਪ੍ਰਬੰਧ ਸੁਚਾਰੂ ਰੂਪ ਵਿਚ ਚਲਾਉਣ ਲਈ ਰਾਜਾ ਰਘੁਬੀਰ ਸਿੰਘ ਨੇ ਇਕ ਪਿੰਡ ਦੀ ਜਗੀਰ ਵੀ ਇਸ ਦੇ ਨਾਂ ਲਵਾ ਦਿੱਤੀ ਸੀ। ਜੀਂਦ ਰਿਆਸਤ ਵੱਲੋਂ ਇਸ ਗੁਰਧਾਮ ਦੀ ਸੇਵਾ-ਸੰਭਾਲ ਦਾ ਵਰਨਨ ਕਰਦੇ ਹੋਏ ਖਾਲਸਾ ਅਖਬਾਰ ਵਿਚ ਦੱਸਿਆ ਗਿਆ ਹੈ: ਦਿਲੀ ਦੇ ਸਾਰੇ ਗੁਰਦੁਆਰਿਆਂ ਦੀ ਸੇਵਾ ਜਿਤਨੀ ਹੋਈ ਹੈ ਸੋ ਰਿਯਾਸਤ ਜੀਂਦ ਦੇ ਪੁਰਸ਼ਾਰਥ ਨਾਲ ਹੀ ਹੋਈ ਹੈ। ਸ੍ਰੀ ਯੁਤ ਰਾਜਾ ਸਰੂਪ ਸਿੰਘ ਸਾਹਿਬ ਜੀ ਅਤੇ ਸ੍ਰੀ ਮਾਨਯਵਰ ਸ੍ਰੀ ਮਹਾਰਾਜਾ ਰਘੁਬੀਰ ਸਿੰਘ ਸਾਹਿਬ ਸਵਰਗਬਾਸੀਆਂ ਨੇ ਕੁਲ ਪੰਜਾਬ ਦੇ ਗੁਰਦੁਆਰਿਆਂ ਦਾ ਟਹਿਲਾ ਵਡੀ ਉਦਾਰਤਾ ਦੇ ਨਾਲ ਕੀਤਾ ਹੈ ਜਿਨ੍ਹਾਂ ਵਿਚੋਂ ਦਿਲੀ ਦੇ ਸਾਰੇ ਗੁਰਦੁਆਰਿਆਂ ਦੀ ਸੇਵਾ ਸਭ ਪੰਥ ਪਰ ਪ੍ਰਗਟ ਹੈ। ਦਿਲੀ ਦੇ ਗੁਰਦੁਆਰੇ ਦੇ ਨਾਲ ਸ੍ਰੀ ਮਹਾਰਾਜਾ ਸਾਹਿਬ ਬਹਾਦਰ ਵਾਲੀਏ ਜੀਂਦ ਨੇ ਇਕ ਗਿਰਾਉਂ ਜਿਸ ਦਾ ਨਾਮ ਰਸੀਣਾ ਸੀ, ਲਗਾ ਦਿਤਾ ਸੀ ਜਿਸ ਦੀ ਆਮਦਨੀ ਗੁਰਦੁਆਰੇ ਦੇ ਨਾਲ ਅਜ ਤੱਕ ਮੌਜੂਦ ਹੈ।

1920 ਵਿਚ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਗੁਰਧਾਮਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਉਣ ਲੱਗਿਆ। ਪਹਿਲਾਂ ਇਸ ਗੁਰਧਾਮ ਦਾ ਪ੍ਰਬੰਧ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਸੀ ਅਤੇ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਗਿਆ ਸੀ। 1922 ਵਿਚ ਇਸ ਗੁਰਧਾਮ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਦੇ ਹੋਏ ਮਹੰਤ ਹਰੀ ਸਿੰਘ ਨੇ ਕਿਹਾ: ਮੈਂ ਅਜ ਕਲ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਦੀ ਸੇਵਾ ਕਰ ਰਿਹਾ ਹਾਂ। ਮੈਂ ਇਸ ਬਿਨੈ-ਪੱਤਰ ਦੁਆਰਾ ਇਸ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕਰਦਾ ਹਾਂ। ਇਸ ਵਕਤ ਤਕ ਜੋ ਸਭ ਤਰ੍ਹਾਂ ਦੀ ਜਾਇਦਾਦ ਗੈਰ-ਮਨਕੂਲਾ ਗੁਰਦੁਆਰੇ ਦੇ ਸੰਬੰਧ ਵਿਚ ਹੈ, ਮੈਂ ਉਸ ਦੀ ਫਹਿਰਿਸ਼ਤ ਆਪ ਦੀ ਸੇਵਾ ਵਿਚ ਭੇਜਦਾ ਹਾਂ। ਇਹ ਸਾਰੀ ਜਾਇਦਾਦ ਨਿਰੋਲ਼ ਗੁਰਦੁਆਰੇ ਦੀ ਮਲਕੀਅਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਮੁਨਾਸਬ ਸਮਝੇ ਇਸ ਦਾ ਇੰਤਜ਼ਾਮ ਕਰੇ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੂੰ ਭੀ ਕੋਈ ਇਸ ਗੁਰਦੁਆਰੇ ਦੀ ਸੇਵਾ ਕਰਨ ਦਾ ਮਾਨ ਬਖ਼ਸ਼ੇ ਤਾ ਮੈਂ ਆਪਣੇ ਧੰਨਭਾਗ ਸਮਝਾਂਗਾ। ਜੋ ਨਿਯਮ ਜਾਂ ਸ਼ਰਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕੱਰਰ ਕਰੇਗੀ, ਮੈਂ ਉਹਨਾਂ ਦਾ ਪਾਬੰਦ ਹੋਵਾਂਗਾ।

1930 ਵਿਚ ਰਾਜਾ ਰਘੁਬੀਰ ਸਿੰਘ ਜੀ ਦੇ ਸਮੇਂ ਉਸਾਰੀ ਗਈ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਇਸ ਦੀ ਜਗ੍ਹਾ ਇਕ ਨਵੀਂ ਇਮਾਰਤ ਦੀ ਉਸਾਰੀ ਕੀਤੀ ਗਈ। ਇਸ ਇਮਾਰਤ ਦੀ ਤਿਆਰੀ ਕਰਦੇ ਸਮੇਂ ਪਿੱਪਲ ਦਾ ਉਹ ਰੁੱਖ ਵੀ ਵੱਢ ਦਿੱਤਾ ਗਿਆ ਜਿਸ ਦੇ ਹੇਠਾਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਇਸੇ ਸਾਲ ਹੀ 6 ਮਈ ਨੂੰ ਪੁਲਿਸ ਨੇ ਗੁਰਦੁਆਰਾ ਸਾਹਿਬ ‘ਤੇ ਗੋਲੀ ਚਲਾਈ ਜਿਸ ਦੀ ਚੁਫੇਰਿਉਂ ਨਿੰਦਾ ਹੋਈ। ਭਾਵੇਂ ਕਿ ਸਰਕਾਰ ਇਸ ਮਾਮਲੇ ਵਿਚ ਸਿੱਖਾਂ ਨੂੰ ਦੋਸ਼ੀ ਠਹਿਰਾਉਂਦੀ ਰਹੀ ਪਰ ਕਾਮਯਾਬ ਨਾ ਹੋ ਸਕੀ। ਸਰਕਾਰ ਮੁਅਵਜ਼ਾ ਦੇ ਕੇ ਮਾਮਲਾ ਨਿਬੇੜਨਾ ਚਾਹੁੰਦੀ ਸੀ ਪਰ ਸਿੱਖ ਸ਼ਾਂਤ ਨਾ ਹੋਏ ਅਤੇ ਇਸ ਸੰਬੰਧੀ ਧਾਰਮਿਕ ਦੀਵਾਨਾਂ ਦਾ ਸਿਲਸਿਲਾ ਅਰੰਭ ਹੋ ਗਿਆ। ਇਸ ਘਟਨਾ ਸੰਬੰਧੀ ਇਕ ਧਰਮ ਨਿਰਪੱਖ ਕਮੇਟੀ ਗਠਿਤ ਕੀਤੀ ਗਈ ਜਿਸ ਵਿਚ ਪੰਜਾਬ ਇੰਡੀਅਨ ਕ੍ਰਿਸਚੀਅਨ ਕਾਨਫ਼ਰੰਸ ਦੇ ਮੁਖੀ ਰਲਿਆ ਰਾਮ, ਪ੍ਰਧਾਨ ਅਤੇ ਸਰਦਾਰ ਗੁਲਾਬ ਸਿੰਘ, ਰੁਚੀ ਰਾਮ ਸਾਹਨੀ, ਸਰਦਾਰ ਬੂਟਾ ਸਿੰਘ ਮੈਂਬਰ ਸਨ। ਸਰਕਾਰੀ ਅਤੇ ਗੈਰ-ਸਰਕਾਰੀ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਇਹਨਾਂ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਪੁਲਿਸ ਨੇ ਸੀਨਾ ਜੋਰੀ ਤੋਂ ਕੰਮ ਲੈਂਦੇ ਹੋਏ ਬੇਗੁਨਾਹਾਂ ‘ਤੇ ਬੇਤਹਾਸ਼ਾ ਗੋਲੀ ਚਲਾ ਕੇ ਆਪਣੇ ਪਸ਼ੂਪੁਣੇ ਦਾ ਸਬੂਤ ਦਿੱਤਾ ਹੈ। ਇਸ ਘਟਨਾ ਨੇ ਸਮੂਹ ਧਰਮ ਦੇ ਲੋਕਾਂ ਨੂੰ ਅੰਗਰੇਜ਼ ਸਰਕਾਰ ਵਿਰੁੱਧ ਇਕ ਪਲੇਟਫਾਰਮ ‘ਤੇ ਲਿਆਉਣ ਦਾ ਕੰਮ ਕੀਤਾ ਸੀ।

1947 ਦੀ ਭਾਰਤ-ਪਾਕਿ ਵੰਡ ਉਪਰੰਤ ਇਸ ਗੁਰਦੁਆਰਾ ਸਾਹਿਬ ਦਾ ਵਿਸਤਾਰ 1968 ਵਿਚ ਹੋਇਆ ਜਦੋਂ ਗੁਰਦੁਆਰਾ ਸਾਹਿਬ ਅਤੇ ਮੁਸਲਮਾਨਾਂ ਦੀ ਸੁਨਹਿਰੀ ਮਸਜਿਦ ਦੇ ਵਿਚਕਾਰ ਸਥਿਤ ਕੋਤਵਾਲੀ ਦੀ ਦੋ ਤਿਹਾਈ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਸੌਂਪ ਦਿੱਤੀ ਗਈ। ਕੋਤਵਾਲੀ ਦੀ ਪੂਰੀ ਜਗ੍ਹਾ ਨਾ ਮਿਲਣ ਕਰਕੇ ਸਿੱਖਾਂ ਦੀ ਸੰਤੁਸ਼ਟੀ ਨਾ ਹੋਈ ਅਤੇ ਬਚਿਆ ਹਿੱਸਾ ਲੈਣ ਵਾਸਤੇ ਸਿੱਖ ਨਿਰੰਤਰ ਯਤਨਸ਼ੀਲ ਰਹੇ। ਇਸ ਦਿਸ਼ਾ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤੇ ਗਏ ਸੰਘਰਸ਼ ਅੱਗੇ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ। 1983 ਵਿਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਇਕ ਭਰੇ ਦੀਵਾਨ ਵਿਚ ਦਿੱਲੀ ਦੇ ਲੈਫਟੀਨੈਂਟ ਗਵਰਨਰ ਸ੍ਰੀ ਜਗਮੋਹਨ ਨੇ ਕੋਤਵਾਲੀ ਦੀਆਂ ਚਾਬੀਆਂ ਤੇ ਅਲਾਟਮੈਂਟ ਪੱਤਰ ਕੇਂਦਰੀ ਮੰਤਰੀ ਸ. ਬੂਟਾ ਸਿੰਘ ਨੂੰ ਸੌਂਪ ਦਿੱਤੇ ਸਨ ਅਤੇ ਉਹਨਾਂ ਇਹ ਚਾਬੀਆਂ ਤੇ ਅਲਾਟਮੈਂਟ ਪੱਤਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਬੰਸ ਸਿੰਘ ਮਨਚੰਦਾ ਦੇ ਸਪੁਰਦ ਕਰ ਦਿੱਤੇ ਸਨ।9 ਕੋਤਵਾਲੀ ਵਾਲੇ ਇਸ ਅਸਥਾਨ ‘ਤੇ ਗੁਰੂ ਕਾ ਲੰਗਰ ਦੀ ਵਿਸ਼ਾਲ ਇਮਾਰਤ ਉਸਾਰੀ ਗਈ ਹੈ ਜਿੱਥੇ ਹਜਾਰਾਂ ਸੰਗਤਾਂ ਰੋਜਾਨਾਂ ਲੰਗਰ ਛਕਦੀਆਂ ਹਨ।

ਦਰਬਾਰ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੇ ਹੇਠਾਂ ਉਹ ਅਸਥਾਨ ਸੰਭਾਲ ਕੇ ਰੱਖਿਆ ਹੋਇਆ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਸਮੂਹ ਸੰਗਤਾਂ ਪੂਰਨ ਸ਼ਰਧਾ, ਸਤਿਕਾਰ ਅਤੇ ਸਮਰਪਣ ਤਹਿਤ ਇਸ ਅਸਥਾਨ ‘ਤੇ ਮੱਥਾ ਟੇਕਦੀਆਂ ਹਨ। ਦਰਬਾਰ ਹਾਲ ਦੇ ਬਾਹਰਲੇ ਪਾਸੇ ਜੋੜਾ-ਘਰ ਦੇ ਨਾਲ ਉਹ ਖੂਹ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਜਿਸ ਦੇ ਪਾਣੀ ਨਾਲ ਸ਼ਹਾਦਤ ਤੋਂ ਪਹਿਲਾਂ ਗੁਰੂ ਜੀ ਨੇ ਇਸ਼ਨਾਨ ਕੀਤਾ ਸੀ। ਗੁਰਦੁਆਰਾ ਸੀਸ ਗੰਜ ਸਾਹਿਬ ਦੇ ਸਾਮ੍ਹਣੇ ਹੀ ਚਾਂਦਨੀ ਚੌਕ ਵਿਖੇ ਜਿਸ ਅਸਥਾਨ ‘ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉੱਥੇ ਚੌਂਕ ਵਿਚ ਇਹਨਾਂ ਦੀ ਯਾਦਗਾਰ ਬਣੀ ਹੋਈ ਹੈ। ਇਸ ਚੌਂਕ ਦੇ ਨਾਲ ਹੀ ਭਾਈ ਮਤੀ ਦਾਸ ਅਜਾਇਬ ਘਰ ਬਣਾਇਆ ਗਿਆ ਹੈ। ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਨਿਵਾਸ ਅਤੇ ਪਾਰਕਿੰਗ ਦੀ ਸਹੂਲਤ ਮੌਜੂਦ ਹੈ ਅਤੇ ਸਿੱਖ ਇਤਿਹਾਸ ਨੂੰ ਪੜ੍ਹਨ ਦੀ ਰੁਚੀ ਰੱਖਣ ਵਾਲਿਆਂ ਲਈ ਵਾਜਿਬ ਕੀਮਤ ‘ਤੇ ਕਿਤਾਬਾਂ ਮੁਹੱਈਆ ਕਰਵਾਉਣ ਲਈ ਪ੍ਰਬੰਧ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੁਰਧਾਮ ਦਾ ਪ੍ਰਬੰਧ ਕੀਤਾ ਜਾਂਦਾ ਹੈ।

2. ਗੁਰਦੁਆਰਾ ਰਕਾਬ ਗੰਜ ਸਾਹਿਬ: ਭਾਰਤ ਦੀ ਪਾਰਲੀਮੈਂਟ ਦੇ ਸਾਮ੍ਹਣੇ ਇਹ ਗੁਰਧਾਮ ਸਥਿਤ ਹੈ। 1675 ਵਿਚ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕਰ ਦਿੱਤਾ ਤਾਂ ਭਾਈ ਜੈਤਾ ਆਪਣੇ ਸਾਥੀਆਂ ਸਮੇਤ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਵੱਲ ਚਲਾ ਗਿਆ ਸੀ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਪੁੱਤਰ ਭਾਈ ਨਗਾਹੀਆ ਦੀ ਸਹਾਇਤਾ ਨਾਲ ਗੁਰੂ ਜੀ ਦਾ ਧੜ੍ਹ ਲੈ ਕੇ ਆਪਣੇ ਘਰ ਪਿੰਡ ਰਾਇਸੀਨਾ ਵਿਖੇ ਆ ਗਏ ਸਨ। ਘਰ ਵਿਖੇ ਹੀ ਇਹਨਾਂ ਨੇ ਗੁਰੂ ਜੀ ਦਾ ਅੰਤਿਮ ਸਸਕਾਰ ਕਰ ਦਿੱਤਾ ਸੀ। ਇਸ ਅਸਥਾਨ ‘ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਣਾਈ ਸੀ ਜਿਸ ਦਾ ਵਰਨਨ ਕਰਦੇ ਹੋਏ ਭਾਈ ਸੰਤੋਖ ਸਿੰਘ ਦੱਸਦੇ ਹਨ:

ਸੁਨਿ ਕੈ ਸਿੱਖ ਗਏ ਤਬਿ ਸਯਾਨੇ।
ਜਹਿਂ ਸਸਕਾਰੇ ਜੋ ਤਹਿਂ ਜਾਨੇ।
ਨਿਰਨੈ ਕਰਯੋ ਲਿਯੋ ਥਲ ਸੋਊ।
ਬਨਵਾਯਹੁ ਮੰਦਿਰ ਸਭਿ ਕੋਊ॥

1783 ਵਿਚ ਬਾਬਾ ਬਘੇਲ ਸਿੰਘ ਨੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਉਸਾਰੀ ਕਰਵਾਈ। ਬਾਬਾ ਜੀ ਨੂੰ ਇਸ ਅਸਥਾਨ ਦੀ ਨਿਸ਼ਾਨਦੇਹੀ ਲੱਖੀ ਸ਼ਾਹ ਵਣਜਾਰਾ ਦੇ ਪਰਿਵਾਰ ਨੇ ਦਿੱਤੀ ਸੀ ਜਿਸ ਦੀ ਜਾਣਕਾਰੀ ਦਿੰਦੇ ਹੋਏ ਗਿਆਨੀ ਗਿਆਨ ਸਿੰਘ ਦੱਸਦਾ ਹੈ:

ਫਿਰ ਤੁਰਕੋਂ ਨੇ ਤਹਾਂ ਮਸੀਤ।
ਰਚ ਰਾਖੀ ਥੀ ਠਟ ਬਦਨੀਤਿ।
ਲੱਖੀ ਕੀ ਸੰਤਤਿ ਨੇ ਪਤਾ।
ਦੀਨੋ ਸਿੰਘਨ ਕਰ ਗੁਰੁਮਤਾ।

ਜਦੋਂ ਬਾਬਾ ਬਘੇਲ ਸਿੰਘ ਜੀ ਇਸ ਅਸਥਾਨ ‘ਤੇ ਗਏ ਤਾਂ ਇੱਥੇ ਮਸਜਿਦ ਬਣੀ ਹੋਈ ਸੀ। ਬਾਬਾ ਜੀ ਨੇ ਇੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਨਵੇਂ ਗੁਰਧਾਮ ਦੀ ਉਸਾਰੀ ਦਾ ਫ਼ੈਸਲਾ ਕੀਤਾ ਤਾਂ ਸਥਾਨਿਕ ਮੁਸਲਮਾਨਾਂ ਨੇ ਬਾਦਸ਼ਾਹ ਕੋਲ ਇਸ ਦੀ ਸ਼ਿਕਾਇਤ ਕੀਤੀ। ਬਾਦਸ਼ਾਹ ਨੇ ਸ਼ਿਕਾਇਤ ਕਰਨ ਗਏ ਮੁਸਲਮਾਨਾਂ ਨੂੰ ਕਿਹਾ ਕਿ ਸਿੱਖ ਸਰਦਾਰਾਂ ਨਾਲ ਇਹੀ ਸਮਝੌਤਾ ਹੋਇਆ ਹੈ ਕਿ ਉਹ ਦਿੱਲੀ ਵਿਖੇ ਆਪਣੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਗੁਰਧਾਮਾਂ ਦੀ ਸੇਵਾ ਕਰ ਲੈਣ। ਇਸ ਸਮੇਂ ਉਹਨਾਂ ਨੂੰ ਰੋਕਣਾ ਸੰਭਵ ਨਹੀਂ ਕਿਉਂਕਿ ਇਸ ਨਾਲ ਇਕ ਤਾਂ ਬਚਨ ਤੋਂ ਝੂਠੇ ਪੈ ਜਾਵਾਂਗੇ ਅਤੇ ਨਾਲ ਹੀ ਸਿੱਖ ਸਾਨੂੰ ਵੀ ਗੱਦੀ ਤੋਂ ਲਾਂਭੇ ਕਰ ਦੇਣਗੇ।

ਸਮੇਂ ਦੀ ਹਕੂਮਤ ਬਾਬਾ ਬਘੇਲ ਸਿੰਘ ਨਾਲ ਹੋਏ ਇਕਰਾਰ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀ ਸੀ ਕਿਉਂਕਿ ਇਸ ਨਾਲ ਦਿੱਲੀ ਦੇ ਤਖ਼ਤ ਦੀ ਸਰਦਾਰੀ ਜਾਣ ਦਾ ਖ਼ਤਰਾ ਸੀ। ਬਾਬਾ ਜੀ ਨੇ ਇਸ ਅਸਥਾਨ ‘ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾ ਕੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਸੀ। 1913 ਵਿਚ ਵਾਇਸਰਾਇ ਦੀ ਕੋਠੀ ਲਈ ਸੜਕ ਸਿੱਧੀ ਕਰਨ ਲਈ ਇਸ ਗੁਰਦੁਆਰਾ ਸਾਹਿਬ ਦੀ ਕੰਧ ਢਾਹ ਦਿੱਤੀ ਗਈ ਸੀ ਜਿਸ ਦਾ ਸਿੱਖਾਂ ਵੱਲੋਂ ਭਾਰੀ ਵਿਰੋਧ ਹੋਇਆ। ਸਮੁੱਚੇ ਹਾਲਾਤ ਸੰਬੰਧੀ ਜਾਣਕਾਰੀ ਲੈਣ ਲਈ ਸਮੂਹ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਦਿੱਲੀ ਜਾਂਦੇ ਰਹੇ। ਵਿਅਕਤੀਗਤ ਤੌਰ ‘ਤੇ ਵੀ ਇਸ ਗੁਰਦੁਆਰਾ ਸਾਹਿਬ ਸੰਬੰਧੀ ਜਾਣਕਾਰੀ ਲੈਣ ਲਈ ਸਿੱਖ ਦਿੱਲੀ ਜਾਣ ਲੱਗੇ। ਗੁਰਦੁਆਰਾ ਸਾਹਿਬ ਦੇ ਹਾਲਾਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸ. ਹਰਚੰਦ ਸਿੰਘ ਰਈਸ ਲਾਇਲਪੁਰੀ 27 ਜਨਵਰੀ 1914 ਨੂੰ ਦਿੱਲੀ ਗਏ ਅਤੇ ਇਹਨਾਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਹਾਲਾਤ ਬਾਰੇ ਜੋ ਜਾਣਕਾਰੀ ਪ੍ਰਾਪਤ ਕੀਤੀ ਉਹ ਪ੍ਰਕਾਸ਼ਿਤ ਰੂਪ ਵਿਚ ਵੀ ਸਾਹਮਣੇ ਆਈ। ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਹ ਲਿਖਦੇ ਹਨ, “ਗਰਬੀ ਹਿੱਸਾ ਗੁਰਦੁਆਰਾ ਕੀ ਦੋਨੋਂ ਫਸੀਲੋਂ ਕੋ ਗਿਰਾ ਕਰ ਏਕ ਨਲਕਾ ਪਾਨੀ ਔਰ ਸੜਕ ਪੁਖਤਾ ਗੁਜ਼ਰਨੇ ਕੀ ਤਜਵੀਜ ਹੈ। ਬਲਕਿ ਏਕ ਫਸੀਲ ਕੋ ਮਜ਼ਦੂਰੋਂ ਨੇ ਗਿਰਾਨਾ ਭੀ ਸ਼ੁਰੂ ਕਰ ਦੀਆ ਥਾ। ਚੁਨਾਂਚਿ ਗੈਂਤੀਓਂ ਕੇ ਨਿਸ਼ਾਨ ਇਸ ਵਕਤ ਫਸੀਲ ਕੇ ਬੈਰੂਨੀ ਹਿੱਸੇ ਪਰ ਮੌਜੂਦ ਹੈ। ਇਸ ਮੌਕਾ ਪਰ ਨਾਬਾਲਗ ਗਰੰਥੀ ਕੀ ਵਾਲਿਦਾਹ ਕੀ ਫਰਿਆਦ ਔਰ ਆਹ ਵ ਜ਼ਾਰੀ ਕਰਨੇ ਪਰ ਫਸੀਲ ਕਾ ਗਿਰਾਨਾ ਫਿਲਹਾਲ ਰੋਕਾ ਗਿਆ ਹੈ। ਲੇਕਿਨ ਸੜਕ ਔਰ ਨਲਕਾ ਕੇ ਨਿਸ਼ਾਨ ਫਸੀਲ ਕੇ ਬਾਹਰ ਜ਼ਮੀਨ ਪਰ ਮੌਜੂਦ ਹੈਂ ਔਰ ਫਸੀਲ ਕੇ ਕਰੀਬ ਬਾਹਰ ਕੀ ਤਰਫ ਆਹਿਨੀ ਨਲਕੇ ਭੀ ਰਖੇ ਹੂਏ ਹੈਂ।

ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਪੁਨਰ-ਉਸਾਰੀ ਲਈ ਸ. ਸਰਦੂਲ ਸਿੰਘ ਕਵੀਸ਼ਰ ਨੇ ਸਿੱਖਾਂ ਦਾ ਇਕ ਸ਼ਹੀਦੀ ਜਥਾ ਤਿਆਰ ਕੀਤਾ ਸੀ ਜਿਸ ਵਿਚ 100 ਅਜਿਹੇ ਸਿੱਖਾਂ ਦੀ ਮੰਗ ਕੀਤੀ ਗਈ ਜਿਹੜੇ ਕੰਧ ਦੀ ਉਸਾਰੀ ਲਈ ਆਪਣਾ ਸਿਰ ਦੇਣ ਲਈ ਤਿਆਰ ਹੋਣ। 700 ਤੋਂ ਵਧੇਰੇ ਸਿੱਖਾਂ ਨੇ ਇਸ ਕਾਰਜ ਲਈ ਆਪਣਾ ਸਿਰ ਦੇਣ ਦੀ ਪੇਸ਼ਕਸ਼ ਕੀਤੀ ਅਤੇ ਦਿੱਲੀ ਜਾਣ ਵਾਲੇ ਜਥੇ ਵਿਚ ਆਪਣਾ ਨਾਂ ਲਿਖਵਾਇਆ। ਲੋੜ ਤੋਂ ਵਧੇਰੇ ਨਾਂ ਆ ਜਾਣ ਕਾਰਨ ਹੋਰਨਾਂ ਸਿੱਖਾਂ ਨੂੰ ਰੋਕਣ ਲਈ ਇਕ ਇਸ਼ਤਿਹਾਰ ਦਿੱਤਾ ਗਿਆ ਕਿ ‘ਅਜੇ ਤੱਕ ਹਰ ਰੋਜ ‘ਸ਼ਹੀਦੀ ਦਲ’ ਵਿਚ ਨਾਮ ਆ ਰਹੇ ਹਨ। ਸਾਰੇ ਤਕਰੀਬਨ ਸਤ ਅਠ ਸੌ ਬਣ ਗਏ ਹਨ। ਇਸ ਲਈ ਹੁਣ ਅਖਬਾਰ ਵਿਚ ਛਾਪਣੇ ਬੰਦ ਕਰ ਦਿੱਤੇ ਹਨ। ਵਿਚਾਰ ਕੀਤੀ ਗਈ ਕਿ ਦੋ ਸੱਜਣ ਛੇਤੀ ਦਿੱਲੀ ਭੇਜੇ ਜਾਣ ਜੋ ਸਭ ਹਾਲ ਪੂਰਾ ਪਤਾ ਕਰ ਕੇ ਸਿੱਖ ਲੀਗ ਦੇ ਸਮਾਗਮ ਵੇਲੇ ‘ਸ਼ਹੀਦੀ ਦਲ’ ਵਿਚ ਪੇਸ਼ ਕਰਨ। ਇਸ ਲਈ ਜ਼ਰੂਰੀ ਬੇਨਤੀ ਹੈ ਕਿ 19, 20 ਅਤੇ 21 ਅਕਤੂਬਰ ਨੂੰ ਜਿਨ੍ਹਾਂ ਸਜਨਾਂ ਨੇ ‘ਸ਼ਹੀਦੀ ਦਲ’ ਵਿਚ ਨਾਮ ਲਿਖਵਾਏ ਹਨ, ਜ਼ਰੂਰ ਦਰਸ਼ਨ ਦੇਣ ਤਾਂ ਜੋ ਢੱਠੀ ਹੋਈ ਕੰਧ ਚਾੜਨ ਲਈ ਛੇਕੜਲਾ ਫੈਸਲਾ ਕੀਤਾ ਜਾਵੇ’। ਇਸ ‘ਸ਼ਹੀਦੀ ਦਲ’ ਦੇ ਦਿੱਲੀ ਜਾਣ ਤੋਂ ਪਹਿਲਾਂ ਹੀ ਇਸ ਗੁਰਧਾਮ ਦੀ ਕੰਧ ਦੁਬਾਰਾ ਉਸਾਰ ਦਿੱਤੀ ਗਈ ਸੀ।

1922 ਵਿਚ ਮਹੰਤ ਗੁਰਬਖ਼ਸ਼ ਸਿੰਘ ਕੋਲੋਂ ਇਸ ਗੁਰਧਾਮ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਇਆ ਅਤੇ ਮੌਜੂਦਾ ਸਮੇਂ ਵਿਚ ਇਸ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਇੱਥੇ ਹੀ ਕਮੇਟੀ ਦਾ ਮੁੱਖ ਦਫ਼ਤਰ ਅਤੇ ਨਵੰਬਰ 1984 ਦੇ ਸ਼ਹੀਦ ਸਿੱਖਾਂ ਦੀ ਯਾਦਗਾਰ ਬਣੀ ਹੋਈ ਹੈ। ਦਿੱਲੀ ਦੀ ਸਿੱਖ ਸੰਗਤ ਵੱਲੋਂ ਖ਼ੁਸ਼ੀ-ਗਮੀ ਦੇ ਸਮਾਗਮ ਇਸੇ ਗੁਰਧਾਮ ਵਿਖੇ ਬਣੇ ਹੋਏ ਵਿਭਿੰਨ ਹਾਲਾਂ ਵਿਚ ਕੀਤੇ ਜਾਂਦੇ ਹਨ।

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,