ਬੋਲਦੀਆਂ ਲਿਖਤਾਂ » ਲੇਖ » ਸਿੱਖ ਇਤਿਹਾਸਕਾਰੀ

ਸਰਦਾਰ ਹਰੀ ਸਿੰਘ ਨਲੂਆ

August 9, 2023 | By

 

ਅਲਫ਼ ਆਫ਼ਰੀਂ ਜੰਮਣਾ ਕਹਿਣ ਸਾਰੇ, ਹਰੀ ਸਿੰਘ ਦੂਲੇ ਸਰਦਾਰ ਤਾਈਂ ।
ਜਮਾਦਾਰ ਬੇਲੀ ਰਾਜੇ ਸਾਹਿਬ ਕੋਲੋਂ, ਕੱਦ ਉਚਾ ਬੁਲੰਦ ਸਰਦਾਰ ਤਾਈਂ ।
ਧਨੀ ਤੇਗ਼ ਦਾ ਮਰਦ ਨਸੀਬ ਵਾਲਾ, ਸਾਇਆ ਉਸ ਦਾ ਕੁਲ ਸੰਸਾਰ ਤਾਈਂ ।
ਕਾਦਰਯਾਰ ਪਹਾੜਾਂ ਨੂੰ ਸੋਧਿਓ ਸੂ, ਕਾਬਲ ਕੰਬਿਆ ਖ਼ੌਫ਼ ਕੰਧਾਰ ਤਾਈਂ ।

ਸਰਦਾਰ ਹਰੀ ਸਿੰਘ ਨਲੂਆ ਜਿਸਦਾ ਨਾਂ ਜਾਲਮ ਨੂੰ ਕੰਬਣੀ ਛੇੜ ਦਿੰਦਾ ਸੀ ਤੇ ਮਜਲੂਮ ਦੇ ਸੀਨੇ ਠੰਡ ਪਾ ਦਿੰਦਾ ਸੀ ਗੁਜਰਾਂ ਵਾਲੇ ਵਿਖੇ ਸਰਦਾਰ ਗੁਰਦਿਆਲ ਸਿੰਘ ਦੇ ਘਰੇ, ਸਰਦਾਰਨੀ ਧਰਮ ਕੌਰ ਦੀ ਕੁੱਖੋਂ ਅਪ੍ਰੈਲ 1791 ਈ. ਨੂੰ ਜਨਮਿਆਂ  ਸੱਤ ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਉਸ ਤੋਂ ਬਾਅਦ ਦਾ ਸਮਾਂ ਉਨ੍ਹਾਂ ਨੇ ਆਪਣੇ ਮਾਮਾ ਜੀ ਕੋਲ ਬਿਤਾਇਆ। ਭਾਵੇਂ ਬਚਪਨ ਵਿਚ ਸਰਦਾਰ ਹਰੀ ਸਿੰਘ ਲਈ ਵਿੱਦਿਆ ਜਾ ਹੋਰ ਸਿਖਲਾਈ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ ਪਰ ਆਪ ਜੀ ਉੱਤੇ ਅਕਾਲ ਪੁਰਖ ਦੀ ਬੇਅੰਤ ਕਿਰਪਾ ਸੀ ਕਿ ਜੋ ਵੀ ਗੱਲ ਸੁਣਦੇ ਜਾ ਕਿਤੋਂ ਸਿੱਖਣ ਨੂੰ ਮਿਲਦੀ, ਉਸਨੂੰ ਬੜੀ ਸੂਖਮਤਾ ਨਾਲ ਆਪਣੇ ਅੰਦਰ ਵਸਾ ਲੈਂਦੇ।

ਇਸੇ ਤਰਾਂ ਚਲਦਿਆਂ ਜੁਆਨ ਹੋਣ ਤਕ ਆਪ ਨੇ ਸ਼ਸਤਰ ਵਿਦਿਆ, ਗੁਰਮੁਖੀ ਤੇ ਫਾਰਸੀ ਵਿਚ ਕਾਫੀ ਨਿਪੁੰਨਤਾ ਹਾਸਿਲ ਕਰ ਲਈ ।

ਸਰਦਾਰ ਹਰੀ ਸਿੰਘ ਨਿਰੋਲ ਆਪਣੀ ਯੋਗਤਾ ਸਦਕਾ ਇਕ ਸਧਾਰਨ ਜੁਆਨ ਤੋਂ ਖਾਲਸਾ ਰਾਜ ਦੇ ਸਭ ਤੋਂ ਸਿਖਰਲੇ ਮੁਕਾਮਾਂ ਤੱਕ ਪਹੁੰਚੇ। ਉੱਚ ਅਹੁਦਿਆਂ ਤੋਂ ਇਲਾਵਾ ਓਹਨਾ ਦੇ ਨਾਂ ਉੱਤੇ ਕਸ਼ਮੀਰ ਤੇ ਪਿਸ਼ਾਵਰ ਵਿਚ ਸਿੱਕੇ ਵੀ ਚੱਲੇ। ਮਹਾਰਾਜਾ ਰਣਜੀਤ ਸਿੰਘ ਆਪ ਜੀ ਦਾ ਸਤਿਕਾਰ ਕਰਦਿਆਂ ਕਿਹਾ ਕਰਦੇ ਸਨ ਕਿ ਬਾਦਸ਼ਾਹ ਦਾ ਪ੍ਰਬੰਧ ਚਲਾਉਣ ਲਈ ਆਪ ਵਰਗੇ ਦਾਨੇ ਬੰਦਿਆਂ ਦੀ ਲੋੜ ਹੈ।

ਬੇਹੱਦ ਹਠੀ ਤੇ ਮਿਹਨਤੀ ਸੁਭਾਅ ਹੋਣ ਕਾਰਨ ਬਹੁਤ ਧਨ ਦੌਲਤ ਦੇ ਮਾਲਕ ਹੋਣ ਦੇ ਬਾਵਜੂਦ ਵੀ ਸਰਦਾਰ ਹਰੀ ਸਿੰਘ ਆਪਣੇ ਆਖਰੀ ਸਾਹਾਂ ਤਕ ਖਾਲਸਾ ਰਾਜ ਦੀ ਚੜ੍ਹਦੀ ਕਲਾ ਲਈ ਨਿਰੰਤਰ ਕਾਰਜ ਕਰਦੇ ਰਹੇ। ਜਿਆਦਾਤਰ ਸਰਦਾਰ ਨਲੂਏ ਬਾਰੇ ਇਹੀ ਪ੍ਰਸਿੱਧ ਹੈ ਕਿ ਉਹ ਬਹੁਤ ਦਲੇਰ ਤੇ ਸਿਆਣਾ ਜੰਗੀ ਜਰਨੈਲ ਸੀ ਪਰ ਓਹਨਾ ਦੇ ਸਮੁੱਚੇ ਜੀਵਨ ਉੱਤੇ ਝਾਤ ਮਾਰਿਆਂ ਇਹ ਗੱਲ ਸਮਝ ਪੈਂਦੀ ਹੈ ਕਿ ਜੰਗੀ ਜਰਨੈਲ ਹੋਣ ਦੇ ਨਾਲ ਨਾਲ ਮੁਲਕੀ ਪ੍ਰਬੰਧ ਚਲਾਉਣ ਦਾ ਵੀ ਉਨ੍ਹਾਂ ਕੋਲ ਬਹੁਤ ਆਹਲਾ ਦਰਜੇ ਦਾ ਤਜਰਬਾ ਸੀ। ਇਸ ਦੀ ਇੱਕ ਉਦਾਹਰਣ ਇਹ ਲਈ ਜਾ ਸਕਦੀ ਹੈ ਕਿ ਜਦੋਂ ਓਹਨਾ ਨੇ ਕਸ਼ਮੀਰ ਦਾ ਪ੍ਰਬੰਧ ਛੱਡ ਕੇ ਅਗਲੇ ਹਿੱਸਿਆਂ ਵਿੱਚ ਜਾਣ ਦੀ ਤਿਆਰੀ ਕੀਤੀ ਤਾਂ ਉਹਨਾਂ ਦੀ ਵਿਦਾਇਗੀ ਵੇਲੇ ਉਥੋਂ ਦੇ ਹੋਰ ਅਹੁਦੇਦਾਰ ਤੇ ਆਮ ਜਨਤਾ ਦੇ ਹੰਝੂ ਰੁਕ ਨਹੀਂ ਰਹੇ ਸਨ। ਇੰਨਾ ਸੁਖਾਵਾਂ ਜੀਵਨ ਉਨ੍ਹਾਂ ਨੂੰ ਬੜੇ ਲੰਬੇ ਅਰਸੇ ਬਾਅਦ ਨਸੀਬ ਹੋਇਆ ਸੀ ਤੇ ਉਹ ਜਾਣਦੇ ਸਨ ਕਿ ਇਹ ਸਰਦਾਰ ਨਲੂਏ ਦੀ ਅਣਥੱਕ ਮਿਹਨਤ ਤੇ ਦਿਆਨਤਦਾਰੀ ਦਾ ਨਤੀਜਾ ਹੈ।

ਸਰਦਾਰ ਹਰੀ ਸਿੰਘ ਨਲੂਏ ਨੇ ਕਸ਼ਮੀਰ, ਮਾਂਗਲੀ, ਨੌਸ਼ਹਿਰਾ, ਜਹਾਂਗੀਰ, ਪਿਸ਼ਾਵਰ ਤੇ ਜਮਰੌਦ ਦੀਆਂ ਜੰਗਾਂ ਨੂੰ ਜਿੱਤਣ ਵਿਚ ਬਹੁਤ ਅਹਿਮ ਯੋਗਦਾਨ ਪਾਇਆ। ਮਾਂਗਲੀ ਵਾਲੀ ਜੰਗ ਵਿਚ ਤਾਂ ਸਰਦਾਰ ਨਲੂਏ ਨੇ 30000 ਦੀ ਫ਼ੌਜ ਉੱਪਰ ਕੇਵਲ 7000 ਦੀ ਫੌਜ ਨਾਲ ਹੀ ਫਤਿਹ ਪਾ ਲਈ ਸੀ। ਨੌਸ਼ਹਿਰੇ ਤੇ ਜਹਾਂਗੀਰ ਦੀਆਂ ਜਿੱਤਾਂ ਬਾਰੇ ਮੌਲਵੀ ਸ਼ਾਹਮਤ ਅਲੀ ਲਿਖਦੇ ਹਨ ਕਿ ਇਹ ਜਿੱਤਾਂ ਐਸੇ ਕਾਰਨਾਮੇ ਸਨ ਕਿ ਇਸ ਤੋਂ ਬਾਅਦ ਵੱਡੀਆਂ – ਵੱਡੀਆਂ ਤਾਕਤਾਂ ਵੀ ਖਾਲਸੇ ਤੋਂ ਖੌਫ ਖਾਣ ਲੱਗੀਆਂ । ਇੰਨਾ ਜੰਗਾਂ ਵਿਚ ਸਰਦਾਰ ਨਲੂਏ ਦੇ ਜੰਗੀ ਹੁਨਰ ਦਾ ਖੂਬ ਇਸਤੇਮਾਲ ਹੋਇਆ ਸੀ ।

6 ਮਈ 1834 ਈ. ਨੂੰ ਸਰਦਾਰ ਹਰੀ ਸਿੰਘ ਨਲੂਏ ਤੇ ਕੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪਿਸ਼ਾਵਰ ਨੂੰ ਜਿੱਤ ਕੇ ਖਾਲਸਾ ਰਾਜ ਦਾ ਹਿੱਸਾ ਬਣਾਇਆ ਗਿਆ। ਇਸ ਜਿੱਤ ਨਾਲ ਸਾਰਾ ਸਰਹੱਦੀ ਇਲਾਕਾ ਹੀ ਖਾਲਸੇ ਦੇ ਅਧੀਨ ਹੋ ਗਿਆ। ਇਹ ਜਿੱਤ ਇੰਨੀ ਅਹਿਮ ਤੇ ਔਖੀ ਖੇਡ ਸੀ ਕਿ ਕੁਝ ਇਤਿਹਾਸਕਾਰ ਇਸਨੂੰ ਕਰਾਮਾਤ ਦਾ ਨਾਂ ਦਿੰਦੇ ਹਨ। ਇਸ ਜਿੱਤ ਦੀ ਅਹਿਮੀਅਤ ਨੂੰ ਸਮਝਦੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਵਿਚ ਸਰਦਾਰ ਹਰੀ ਸਿੰਘ ਨਲੂਏ ਨੂੰ ਆਪਣੇ ਨਾਂ ਦਾ ਸਿੱਕਾ ਚਲਾਉਣ ਦੇ ਅਧਿਕਾਰ ਦਿੱਤੇ ਸਨ ।

ਇਸ ਤੋਂ ਬਾਅਦ ਸਰਦਾਰ ਜੀ ਨੇ ਪਿਸ਼ਾਵਰ ਤੋਂ ਕਾਬਲ ਵੱਲ ਜਾਣ ਵਾਲਾ ਦੱਰਾ ਖੈਬਰ ਆਪਣੇ ਕਾਬੂ ’ਚ ਕਰਨ ਲਈ ਜਮਰੌਦ ਦੀ ਥਾਂ ਚੁਣੀ ਤੇ ਉੱਥੇ ਫਤਹਿਗੜ੍ਹ ਨਾਂ ਦਾ ਕਿਲ੍ਹਾ ਉਸਾਰਿਆ। ਇਸ ਕਿਲ੍ਹੇ ਦੀ ਉਸਾਰੀ ਨੇ ਅਫਗਾਨਾਂ ਨੂੰ ਫਿਕਰ ’ਚ ਪਾ ਦਿੱਤਾ ਕਿ ਪਿਸ਼ਾਵਰ ਤੋਂ ਬਾਅਦ ਖਾਲਸਾ ਹੁਣ ਕਾਬੁਲ ਨੂੰ ਫਤਿਹ ਕਰੇਗਾ। ਇਸੇ ਘਬਰਾਹਟ ਤਹਿਤ ਉਨ੍ਹਾਂ ਜਮਰੌਦ ਦੇ ਕਿਲ੍ਹੇ ਉੱਪਰ ਚੜ੍ਹਾਈ ਕਰ ਦਿੱਤੀ। ਦੋ ਦਿਨ ਦੀ ਜੰਗ ਤੋਂ ਬਾਅਦ ਅਫ਼ਗ਼ਾਨਾਂ ਨੇ ਕਿਲ੍ਹੇ ਦੀ ਫਸੀਲ ਵਿਚ ਪਾੜ ਪਾ ਲਿਆ। ਇਸ ਵੇਲੇ ਸਰਦਾਰ ਨਲੂਆ ਇਸ ਕਿਲ੍ਹੇ ਦਾ ਪ੍ਰਬੰਧ ਸਰਦਾਰ ਮਹਾਂ ਸਿੰਘ ਨੂੰ ਸੰਭਾਲ ਕੇ ਪਿਸ਼ਾਵਰ ਗਏ ਹੋਏ ਸਨ। ਦੋ ਦਿਨ ਦੀ ਜੰਗ ਤੋਂ ਬਾਅਦ ਵਾਲੀ ਰਾਤ ਨੂੰ ਸਰਦਾਰ ਮਹਾਂ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਚਿੱਠੀ ਭੇਜ ਕੇ ਸਾਰੀ ਵਿਥਿਆ ਦੱਸੀ। ਇਹ ਪੜ੍ਹਦੇ ਸਾਰ ਸਰਦਾਰ ਨਲੂਆ 6000 ਪੈਦਲ,  1000 ਸਵਾਰ ਤੇ 18 ਤੋਪਾਂ ਲੈ ਕੇ ਮੈਦਾਨੇ ਜੰਗ ’ਚ ਜਾ ਗੱਜਿਆ। ਜਦੋਂ ਪਠਾਣੀ ਫੌਜ ਨੂੰ ਸਰਦਾਰ ਨਲੂਏ ਦੀ ਆਮਦ ਦਾ ਪਤਾ ਲੱਗਾ ਤਾਂ ਉਹ ਪਿਛੇ ਨੂੰ ਖਿਸਕਣ ਲੱਗੇ ਤੇ ਅਖੀਰ ਉਹ ਮੈਦਾਨ ਵਿਚੋਂ ਭੱਜ ਕੇ ਦਰਾ ਖੈਬਰ ਵਿਚ ਜਾ ਵੜੇ। ਸਰਦਾਰ ਨਿਧਾਨ ਸਿੰਘ ਪੰਜ ਹੱਥਾ ਦੱਰੇ ਵਿਚ ਪਠਾਣਾਂ ਦੇ ਮਗਰ ਹੀ ਚਲੇ ਗਏ ਤਾਂ ਸਰਦਾਰ ਹਰੀ ਸਿੰਘ ਉਹਨਾਂ ਨੂੰ ਵਾਪਸ ਲਿਆਉਣ ਲਈ ਓਹਨਾ ਦੇ ਮਗਰ ਹੀ ਆਪਣਾ ਫੌਜੀ ਦਸਤਾ ਲੈ ਕੇ ਚਲੇ ਗਏ, ਜਿਥੇ ਓਹਲੇ ਵਿਚ ਬੈਠੇ ਪਠਾਣਾਂ ਨੇ ਸਰਦਾਰ ਹਰੀ ਸਿੰਘ ’ਤੇ ਗੋਲੀਆਂ ਚਲਾ ਦਿੱਤੀਆ ਤੇ ਓਹਨਾ ਵਿਚੋਂ ਦੋ ਗੋਲੀਆਂ ਸਰਦਾਰ ਹਰੀ ਸਿੰਘ ਦੇ ਆ ਵੱਜੀਆਂ। ਭਾਵੇਂ ਉਨ੍ਹਾਂ ਪਠਾਣਾਂ ਨੂੰ ਬਾਹਰ ਕੱਢ ਕੇ ਮਾਰ ਦਿੱਤਾ ਗਿਆ ਪਰ ਭਾਣਾ ਵਪਾਰ ਚੁੱਕਾ ਸੀ ਤੇ ਇਨ੍ਹਾਂ ਗੋਲੀਆਂ ਦੇ ਫੱਟਾਂ ਨਾਲ ਹੀ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ 30 ਅਪ੍ਰੈਲ 1837 ਨੂੰ ਅਕਾਲ ਚਲਾਣਾ ਕਰ ਗਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,