April 10, 2012 | By ਸਿੱਖ ਸਿਆਸਤ ਬਿਊਰੋ
(ਧੰਨਵਾਦ ਸਹਿਤ ਹਫਤਾਵਾਰੀ ਚੜ੍ਹਦੀਕਲਾ ਕੈਨੇਡਾ ਵਿਚੋਂ…)
ਅੱਜਕੱਲ੍ਹ ਹਰ ਸਿੱਖ ਦੀ ਜ਼ੁਬਾਨ ’ਤੇ ਜੇ ਕੋਈ ਨਾਮ ਦਿਨ-ਰਾਤ ਬਾਰ-ਬਾਰ ਦੋਹਰਾਇਆ ਜਾ ਰਿਹਾ ਹੈ ਤਾਂ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮਾਣਮੱਤੀ ਹਸਤੀ ਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ, ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ‘ਜ਼ਿੰਦਾ ਸ਼ਹੀਦ’ ਵਜੋਂ ਸਤਿਕਾਰੇ ਗਏ ਭਾਈ ਰਾਜੋਆਣਾ, ਇਸ ਵੇਲੇ ਇੱਕ ਦ੍ਰਿੜਤਾ ਦੇ ਪ੍ਰਤੀਕ, ਮੌਤ ਤੋਂ ਬੇਖੌਫ, ਭਾਰਤੀ ਹਾਕਮਾਂ ਨੂੰ ਵੰਗਾਰਨ ਵਾਲੇ ਅਤੇ ਅਕਾਲੀਆਂ ਨੂੰ ਪੰਥਕ-ਨਿਸ਼ਾਨੇ ਤੋਂ ਭਗੌੜੇਪਨ ਦਾ ਸ਼ੀਸ਼ਾ ਦਿਖਾਉਣ ਵਾਲੇ 28 ਮਿਲੀਅਨ ਸਿੱਖ ਕੌਮ ਦੇ ਪ੍ਰੇਰਨਾਸ੍ਰੋਤ ਵਜੋਂ ਉਭਰੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਜੁਝਾਰੂਵਾਦ ਦੇ ਪਿੜ ਵਿੱਚ ਵੀ, ਇੱਕ ਵੱਡੇ ਦੁਸ਼ਟ (ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ) ਨੂੰ, ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਨਾਲ ਮਿਲ ਕੇ ਸਜ਼ਾ ਯਾਫਤਾ ਕਰਕੇ, ਵੱਡਾ ਨਾਮਣਾ ਖੱਟਿਆ ਸੀ ਪਰ ਹੁਣ ਤਾਂ ਉਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਲਾਜਵਾਬ ਵਿਰਾਸਤ ਨੂੰ, ਆਪਣੀ ਵਿਰਾਸਤ ਨਾਲ ਜੋੜ ਕੇ, ਭਵਿੱਖ ਦੀਆਂ ਪੀੜੀਆਂ ਲਈ ਖਾਲਿਸਤਾਨੀ ਯੋਧਿਆਂ ਦੇ ਇਤਹਿਾਸ ਦਾ ਇੱਕ ਸੁਨਹਿਰੀ ਅਧਿਆਏ ਹੋਰ ਜੋੜ ਦਿੱਤਾ ਹੈ। ਭਾਈ ਜਿੰਦਾ-ਭਾਈ ਸੁੱਖਾ ਵੇਲੇ (9 ਅਕਤੂਬਰ, 1992) ਤਾਂ ਅਜੇ ਜੁਝਾਰੂ ਲਹਿਰ ਵਿੱਚ ਦਮ-ਖਮ ਸੀ ਪਰ ਹੁਣ ਦੀ ਚਾਰ-ਚੁਫੇਰੇ ਪੱਸਰੀ ਮਾਯੂਸੀ ਅਤੇ ਦਿਲਗੀਰੀ ਵਿੱਚ ਜਿਵੇਂ ਭਾਈ ਰਾਜੋਆਣੇ ਨੇ ਆਸ ਅਤੇ ਉਮੀਦ ਦੀ ਲਟ-ਲਟ ਕਰਦੀ ਸ਼ਮ੍ਹਾਂ ਬਾਲੀ ਹੈ, ਉਹ ਆਪਣੀ ਮਿਸਾਲ ਆਪ ਹੀ ਹੈ।
ਪੁਰਾਤਨ ਇਤਿਹਾਸ ਵਿੱਚ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਰਗੇ ਕਿਰਦਾਰ, ਦੁਸ਼ਮਣ ਨੂੰ ਇਹ ਯਾਦ-ਦਹਾਨੀ ਕਰਵਾਉਂਦੇ ਸਨ ਕਿ ‘ਖਾਲਸਾ ਰਾਜ’ ਦੇ ਝੰਡਾ ਬਰਦਾਰਾਂ ਨੇ ਆਪਣੇ ਨਿਸ਼ਾਨੇ ਨੂੰ ਛੱਡਿਆ ਨਹੀਂ ਹੈ। ਕਦੀ ਸਿੰਘਾਂ ਵਿੱਚ ਪੱਸਰੀ ਨਿਰਾਸ਼ਤਾ ਦੇ ਦੌਰ ਵਿੱਚ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਨੇ ਸ਼ਹੀਦੀ ਪ੍ਰਾਪਤ ਕਰਨ ਦੇ ਚਾਅ ਵਿੱਚ, ਪੰਥ ਨੂੰ ਵੰਗਾਰ ਪਾਈ ਸੀ-
‘ਹੈ ਕੋਈ ਸਿੰਘ ਇਸ ਪੰਥ ਮਝਾਰ,
ਲਾਇ ਸੀਸ ਕਰੇ ਦਰਗਹਿ ਪੁਕਾਰ।
ਸੋ ਪੁਕਾਰ ਫਿਰ ਸੁਣਹਿ ਕਰਤਾਰ।’
ਸ਼ਹੀਦ ਬਾਬਾ ਗੁਰਬਖਸ਼ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਰਾਹੀਂ ਹੋਈ ‘ਪੁਕਾਰ’ ਨੂੰ ਸਚਮੁੱਚ ‘ਕਰਤਾਰ’ ਨੇ ਸੁਣ ਲਿਆ ਸੀ ਅਤੇ ਬਾਬਾ ਗੁਰਬਖਸ਼ ਸਿੰਘ ਦੀ ਸ਼ਹਾਦਤ (ਦਸੰਬਰ, 1764) ਤੋਂ ਬਾਅਦ, ਦੋ ਵਰ੍ਹਿਆਂ ਦੇ ਵਿੱਚ-ਵਿੱਚ, ਸਿੰਘਾਂ ਨੇ ਲਾਹੌਰ ਦੇ ਸ਼ਾਹੀ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਝੁਲਾ ਦਿੱਤਾ ਸੀ।
ਭਾਈ ਬਲਵੰਤ ਸਿੰਘ ਰਾਜੋਆਣਾ ਵਿਚਲਾ ਸ਼ਹੀਦੀ ਲਈ ਠੱਲ੍ਹਿਆ ਨਾ ਜਾ ਸਕਣ ਵਾਲਾ ਚਾਓ, ਇਸ ਤੱਥ ਦਾ ਪ੍ਰਤੀਕ ਹੈ ਕਿ ਉਨ੍ਹਾਂ ਰਾਹੀਂ ਦਸਮੇਸ਼ ਪਿਤਾ ਨੇ, ਪੰਥ ਵਿੱਚ, ਉਤਸ਼ਾਹ ਦੀ ਇੱਕ ਨਵੀਂ ਰੂਹ ਫੂਕਣੀ ਹੈ। ਭਾਈ ਰਾਜੋਆਣਾ ਤਾਂ ਗੁਰੂ ਕਾ ਨਗਾਰਾ ਹਨ, ਵਜੰਤਰੀ ਤਾਂ ਆਪ ਗੁਰੂ ਸਾਹਿਬ ਹਨ। ਭਾਈ ਰਾਜੋਆਣਾ ਦੀ ‘ਖਾਲਿਸਤਾਨੀ ਸੋਚ’, ਉਸ ਨਰੋਏ, ਨਿਵੇਕਲੇ ਖਾਲਿਸਤਾਨੀ ਸਮਾਜ ਦੀ ਤਾਮੀਰ ਲੋਚਦੀ ਹੈ, ਜਿੱਥੇ ਉ¤ਚੀਆਂ-ਸੁੱਚੀਆਂ ਸਿੱਖੀ ਕਦਰਾਂ-ਕੀਮਤਾਂ ਦਾ ਵਿਕਾਸ ਹੋਵੇ। 27 ਮਾਰਚ ਨੂੰ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਦਿੱਤੇ ਸੰਦੇਸ਼ ਵਿੱਚ, ਭਾਈ ਸਾਹਿਬ ਲਿਖਦੇ ਹਨ – ‘‘…..ਸਾਨੂੰ ਆਪਣੇ ਅਮੀਰ ਵਿਰਸੇ ’ਤੇ ਅਤੇ ਆਪਣੇ ਸਿੱਖ ਹੋਣ ’ਤੇ ਮਾਣ ਕਰਨਾ ਚਾਹੀਦਾ ਹੈ। ਸਾਨੂੰ ਤੱਤੀ ਤਵੀ ’ਤੇ ਬੈਠੇ, ਸੀਸ ਕਟਵਾਉਂਦੇ ਗੁਰੂ ਸਾਹਿਬਾਨ ਦੇ ਜੀਵਨ ਤੋਂ, ਨੀਂਹਾਂ ਵਿੱਚ ਅਡੋਲ ਖੜੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ, ਮਾਤਾ ਗੁਜਰੀ ਜੀ ਦੇ ਜੀਵਨ ਤੋਂ, ਮਾਈ ਭਾਗੋ ਦੇ ਜੀਵਨ ਤੋਂ ਸੇਧ ਲੈ ਕੇ, ਸਿੱਖੀ ਵਿੱਚ ਪ੍ਰਪੱਕ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਨੌਜਵਾਨ ਆਪਣੇ ਮਾਂ-ਬਾਪ ਦਾ, ਆਪਣੀਆਂ ਭੈਣਾਂ ਦਾ, ਭੈਣਾਂ ਆਪਣੇ ਮਾਪਿਆਂ ਦਾ, ਆਪਣੇ ਵੀਰਾਂ ਦਾ ਮਾਣ ਬਣਨ। ਸਾਨੂੰ ਪੱਛਮੀ ਦੇਸ਼ਾਂ ਦੀ ਜੀਵਨ ਸ਼ੈਲੀ ਦੀ ਰੀਸ ਕਰਨ ਨਾਲੋਂ ਹਰ ਖੇਤਰ ਵਿੱਚ ਅਜਿਹੇ ਕੰਮ ਕਰਨੇ ਚਾਹੀਦੇ ਹਨ ਕਿ ਸਾਰੀ ਦੁਨੀਆ ਸਾਡੇ ਸਿੱਖੀ ਸਰੂਪ ’ਤੇ ਮਾਣ ਕਰੇ। ਆਓ, ਅਸੀਂ ਸਾਰੇ ਰਲ ਕੇ ਆਪਣੇ ਗੁਰੂਆਂ ਦੁਆਰਾ ਦਰਸਾਏ ਮਾਰਗ ’ਤੇ ਚੱਲਦੇ ਹੋਏ, ਆਪਣੇ ਜੀਵਨ ਨੂੰ ਸੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਨਾਲ ਉ¤ਚਾ ਚੁੱਕੀਏ ਅਤੇ ਆਪਣੇ ਵਿਰਸੇ ’ਤੇ ਮਾਣ ਕਰਦੇ ਹੋਏ, ਇਸ ਧਰਤੀ ਦਾ ਮਾਣ ਬਣੀਏ। ਇੱਕ ਨਰੋਏ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਦੀ ਨੀਂਹ ਰੱਖੀਏ। ਆਪਣੇ ਗੁਰੂਆਂ ਦੇ ਸੁਪਨਿਆਂ ਨੂੰ ਪੂਰਾ ਕਰੀਏ। ਸੱਚ ਦੇ ਰਾਜ ‘ਖਾਲਸਾ ਰਾਜ’ ਦੀ ਸਥਾਪਨਾ ਕਰੀਏ।’’
ਪਾਠਕਜਨ! ਭਾਈ ਬਲਵੰਤ ਸਿੰਘ ਰਾਜੋਆਣਾ ਦੇ ਉਪਰੋਕਤ ਸ਼ਬਦ, 29 ਅਪ੍ਰੈਲ, 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦੀ ਸਹੀ ਵਿਆਖਿਆ ਤੇ ਤਰਜਮਾਨੀ ਕਰਦੇ ਹਨ। 20ਵੀਂ ਸਦੀ ਦੇ ਮਹਾਨ ਸਿੱਖ, ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ, ਸ੍ਰੀ ਹਰਿਮੰਦਰ ਸਾਹਿਬ ’ਤੇ ਫੌਜੀ ਹਮਲਾ ਹੋਣ ਦੀ ਸੂਰਤ ਵਿੱਚ, ‘ਖਾਲਿਸਤਾਨ ਦੀ ਨੀਂਹ’ ਰੱਖੇ ਜਾਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਜੂਝ ਕੇ ਸ਼ਹੀਦੀਆਂ ਪਾਉਣ ਵਾਲੇ ਖਾਲਿਸਤਾਨੀ ਸ਼ਹੀਦਾਂ ਦੇ ਧੁਰ ਅੰਦਰ ਉਸ ਖਾਲਿਸਤਾਨ ਦੀ ਪ੍ਰਾਪਤੀ ਦਾ ਸੰਕਲਪ ਸੀ, ਜਿਸ ਨਰੋਈਆਂ ਕਦਰਾਂ ਕੀਮਤਾਂ ਵਾਲੇ ਦੇਸ਼ ਵਿੱਚ ‘ਖਾਲਸੇ ਦੀਆਂ ਚੌਂਕੀਆਂ, ਝੰਡੇ-ਬੁੰਗੇ ਜੁੱਗੋ ਜੁੱਗ ਅਟੱਲ’ ਹੋਣ ਅਤੇ ਬਿਨਾਂ ਜਾਤ, ਰੰਗ, ਨਸਲ, ਧਰਮ, ¦ਿਗ ਦੇ ਵਿਤਕਰੇ ਦੇ ‘ਸਰਬੱਤ ਦੇ ਭਲੇ’ ਵਾਲਾ ਰਾਜ ਪ੍ਰਬੰਧ ਸਥਾਪਤ ਹੋ ਸਕੇ। ਭਾਈ ਰਾਜੋਆਣਾ ਵਲੋਂ ਨੌਜਵਾਨ ਪੀੜ੍ਹੀ ਨੂੰ ਦਿੱਤਾ ਗਿਆ ਸੁਨੇਹਾ ਅੱਜ ਦੇ ਸਿੱਖ ਸਮਾਜ ਲਈ ਅਤਿ-ਜ਼ਰੂਰੀ ਹੈ ਕਿਉਂਕਿ ਬ੍ਰਾਹਮਣਵਾਦੀ ਵਿਚਾਰਧਾਰਾ ਅਤੇ ਖੋਖਲੀਆਂ ਪੱਛਮੀ ਕਦਰਾਂ-ਕੀਮਤਾਂ, ਸਿੱਖ ਕੌਮ ਨੂੰ ਬੁਰੀ ਤਰ੍ਹਾਂ ਢਾਹ ਲਾ ਰਹੀਆਂ ਹਨ।
ਅਸੀਂ ਭਾਈ ਰਾਜੋਆਣਾ ਦੀ ਨਿੱਖਰੀ ਹੋਈ ਸੋਚ, ਪੰਥ ਪ੍ਰਸਤੀ ਨੂੰ ਪ੍ਰਣਾਈ ਹੋਈ ਰੂਹ, ਸ਼ਹੀਦੀ ਮਾਰਗ ਦੀ ਅਡੋਲ ਸੰਜਮੀ ਤੋਰ ਅਤੇ ਖਾਲਸਾਈ ਸਿੰਘ ਗਰਜ ਨੂੰ ਸਿਜਦਾ ਕਰਦੇ ਹੋਏ, ਸਮੁੱਚੇ ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ…
‘‘ਜਿਸ ਸ਼ਾਨ ਸੇ ਕੋਈ
ਮੁੱਕਤਲ (ਕਤਲਗਾਹ) ਮੇ ਗਿਆ
ਵੋ ਸ਼ਾਨ ਸਲਾਮਤ ਰਹਿਤੀ ਹੈ।
ਇਸ ਜਾਨ ਕੀ ਤੋ ਕੋਈ ਬਾਤ ਨਹੀਂ
ਯੇ ਜਾਨ ਤੋ ਆਨੀ-ਜਾਨੀ ਹੈ।’’
Related Topics: Bhai Balwant Singh Rajoana, Khalistan