December 3, 2009 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (3 ਦਸੰਬਰ, 2009): ਪੰਜਾਬ ਵਧੇਰੇ ਸਿੱਖ ਵਸੋਂ ਵਾਲਾ ਸੂਬਾ ਹੈ ਅਤੇ ਸਿੱਖ ਭਾਰਤੀ ਰਾਜ ਅੰਦਰ ਖੁਦ ਨੂੰ ਅਜ਼ਾਦ ਮਹਿਸੂਸ ਨਹੀਂ ਕਰਦੇ ਅਤੇ ਉਨ੍ਹਾਂ ਅੰਦਰ ਆਪਣੀ ਸਿਰਦਾਰੀ ਮੁੜ ਕਾਇਮ ਕਰਨ ਦੀ ਤੀਬਰ ਇੱਛਾ ਹੈ। ਇਹੀ ਕਾਰਨ ਹੈ ਕਿ ਭਾਰਤੀ ਰਾਜ ਪ੍ਰਬੰਧ ਤੇ ਇਸ ਦੇ ਕਲਪੁਰਜੇ ਸਿੱਖਾਂ ਨੂੰ ਬਲਹੀਣ ਕਰਨ ਲਈ ਅਜਿਹੀਆਂ ਸਾਜਿਸ਼ਾਂ ਕਰਦੇ ਹਨ ਜਿਨ੍ਹਾਂ ਨਾਲ ਪਹਿਲਾਂ ਤਾਂ ਸਿੱਖਾਂ ਨੂੰ ਉਲਝਾਇਆ ਜਾ ਸਕੇ ਤਾਂ ਕਿ ਸਿੱਖਾਂ ਦੀ ਕੌਮੀ ਤਾਕਤ ਉਸਾਰੂ ਪਾਸੇ ਨਾ ਲੱਗ ਸਕੇ ਤੇ ਫਿਰ ਮਾਹੌਲ ਵਿਗੜਨ ਤੋਂ ਰੋਕਣ ਦੇ ਨਾਂ ਹੇਠ ਸਿੱਖਾਂ ਨੂੰ ਜੇਲ੍ਹੀ ਡੱਕਿਆ ਜਾ ਸਕੇ ਜਾਂ ਝੂਠੇ ਮੁਕਾਬਲਿਆਂ ਵਿੱਚ ਖਤਮ ਕੀਤਾ ਜਾ ਸਕੇ।
ਪੰਜਾਬ ਵਿੱਚ ਮੀਡੀਆ ਦੇ ਕਈ ਹਿੱਸਿਆਂ, ਇੱਕ ਖਾਸ ਮਾਨਸਿਕਤਾ ਵਾਲੇ ਪੁਲਿਸ ਤੇ ਪ੍ਰਸ਼ਾਸਨਿਕ ਅਫਸਰਾਂ ਅਤੇ ਰਾਜਸੀ ਨੇਤਾਵਾਂ ਨੂੰ ਪੰਜਾਬ ਦੀ ਸ਼ਾਂਤੀ ਦੀ ਬੜੀ ਫਿਕਰ ਰਹਿੰਦੀ ਹੈ ਪਰ ਜਦੋਂ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਗਣ ਜਾ ਰਹੇ ਹੁੰਦੇ ਹਨ ਤਾਂ ਇਹ ਧਿਰਾਂ ਇਸ ਨੂੰ ਰੋਕਣ ਲਈ ਯੋਗ ਕਦਮ ਚੁੱਕਣ ਦੀ ਥਾਂ ਅਜਿਹਾ ਮਾਹੌਲ ਸਿਰਜਦੀਆਂ ਹਨ ਜੋ ਭੜਕਾਹਟ ਪੈਦਾ ਕਰਨ ਵਾਲਾ ਹੁੰਦਾ ਹੈ।
1978 ਦੇ ਨਕਲੀ ਨਿਰੰਕਾਰੀ ਕਾਂਡ ਮੌਕੇ ਵੀ ਪਹਿਲਾਂ ਨਰਕਧਾਰੀ ਗੁਰਬਚਨੇ ਨੂੰ ਸਿੱਖ ਸਿਧਾਂਤ ਨੂੰ ਚੁਣੌਤੀ ਦੇਣ ਦਾ ਮੌਕਾ ਦਿੱਤਾ ਗਿਆ ਜਿਸ ਦੇ ਨਤੀਜੇ ਵੱਜੋਂ ਨਰਕਧਾਰੀ ਦੇ ਪੈਰੋਕਾਰਾਂ ਵੱਲੋਂ 13 ਸਿੰਘ ਸ਼ਹੀਦ ਕਰ ਦਿੱਤੇ ਗਏ ਤੇ ਫਿਰ ਇਨ੍ਹਾਂ ਕਤਲਾਂ ਲਈ ਦੋਸ਼ੀ ਨਰਕਧਾਰੀ ਤੇ ਉਸ ਦੇ ਪੈਰੋਕਾਰ ਬੜੀ ਬੇਸ਼ਰਮੀ ਨਾਲ ਬਰੀ ਕਰ ਦਿੱਤੇ ਗਏ ਸਨ। ਇਹੀ ਕੁਝ ਅਸੀਂ 2007 ਵਿੱਚ ਸਿਰਸੇ ਵਾਲੇ ਸਾਧ ਦੇ ਮਸਲੇ ਵਿੱਚ ਵਾਪਰਦਿਆਂ ਵੇਖਿਆ ਹੈ ਤੇ ਇਹੀ ਕੁਝ ਆਉਂਦੇ ਇੱਕ ਦੋ ਦਿਨਾਂ ਵਿੱਚ ਲੁਧਿਆਣੇ ਵਾਪਰਨ ਜਾ ਰਿਹਾ ਲੱਗਦਾ ਹੈ।
ਪਿਛਲੀ ਪੰਜਾਬ ਸਰਕਾਰ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਲਈ ਪੰਥ ਦੀ ਦੁਸ਼ਮਣ ਸਿਆਸੀ ਜਮਾਤ ਸਮਝੀ ਜਾਂਦੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਵੱਲੋਂ ਜਿਸ ਆਸ਼ੂਤੋਸ਼ ਪਾਖੰਡੀ ਦੀਆਂ ਸਰਗਰਮੀਆਂ ਉੱਤੇ ਪਾਬੰਦੀ ਲਗਾਈ ਗਈ ਸੀ ਉਸ ਦਾ ਵੱਡਾ ਸਮਾਗਮ ਹੁਣ 5 ਅਤੇ 6 ਦਸੰਬਰ 2009 ਨੂੰ ਲੁਧਿਆਣਾ ਵਿਖੇ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਟਕਰਾਅ ਦੇ ਆਸਾਰ ਸਪਸ਼ਟ ਹਨ ਪਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹਾਲੀ ਤੀਕ ਇਸ ਕੂੜ ਸਮਾਗਮ ਨੂੰ ਰੋਕਣ ਲਈ ਕੋਈ ਰੁਚੀ ਨਹੀਂ ਦਿਖਾਈ ਜਾ ਰਹੀ ਸਗੋਂ ਸਰਕਾਰ ਦੀ ਭਾਈਵਾਲ ਭਾਪਜਾ ਤੇ ਕੁਝ ਹੋਰ ਹਿੰਦੂ ਜਥੇਬੰਦੀਆ ਸਮਾਗਮ ਨੂੰ ਸਫਲ ਕਰਨ ਲਈ ਖੂਨ ਤੱਕ ਬਹਾ ਦੇਣ ਦੀਆਂ ਗੱਲਾਂ ਕਰ ਰਹੇ ਹਨ। ਮਹਾਸ਼ਾ ਪ੍ਰੈਸ ਆਪਣੀ ਫਿਤਰਤ ਮੁਤਾਬਿਕ ਨੂਰਮਹਿਲੀਏ ਪਾਖੰਡੀ ਦੇ ਪੱਖ ਅਤੇ ਸਿੱਖਾਂ ਦੇ ਵਿਰੋਧ ਵਿੱਚ ਪ੍ਰਚਾਰ ਕਰਨ ਲਈ ਪੱਬਾਂ ਭਾਰ ਹੋਈ ਹੈ।ਆਸ਼ੂਤੋਸ਼ ਦੇ ਚੇਲੇ ਹੁਣ ਤੋਂ ਹੀ ਹਿੰਸਕ ਸੰਕੇਤ ਦੇ ਰਹੇ ਹਨ।
ਇਸ ਆਸ਼ੂਤੋਸ਼ੀ ਢਕਵੰਜ ਉੱਤੇ ਪਾਬੰਦੀ ਦੀ ਗੱਲ ਭਾਵੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਕੀਤੀ ਗਈ ਹੈ ਤੇ ਕਈ ਪੰਥਕ ਧਿਰਾਂ ਨੇ ਵੀ ਸਰਕਾਰ ਨੂੰ ਤਾੜਨਾ ਕੀਤੀ ਹੈ ਪਰ ਅਜਿਹੀ ਪਾਬੰਦੀ ਦੇ ਆਸਾਰ ਘੱਟ ਹੀ ਹਨ। ਜੇਕਰ ਬਾਦਲ ਸਰਕਾਰ ਇਸ ਵਾਰ ਵੀ ’78 ਦੇ ਸਾਕੇ ਵਾਲਾ ਰਵੱਈਆ ਹੀ ਅਪਣਾਉਂਦੀ ਹੈ ਤਾਂ ਸਪਸ਼ਟ ਹੈ ਕਿ ਕੌਮ ਨੂੰ ਵੱਡੇ ਟਕਰਾਓ ਅਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਪੰਥਕ ਧਿਰਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਤੇ ਦੇਖਣ ਵਾਲੀ ਗੱਲ ਹੈ ਕਿ ਇਹ ਧਿਰਾਂ ਇਸ ਬਾਰੇ ਕੀ ਪੈਂਤੜਾ ਅਖਤਿਆਰ ਕਰਦੀਆਂ ਹਨ?