ਸਿੱਖ ਖਬਰਾਂ

ਅਕਾਲੀ ਆਗੂ ਵਿਕਾਸ ਪੱਥਰ ਲਗਾਉਣ ਦੀ ਦੌੜ ਚ ਉਲਝੇ – ਇੱਕ ਧਿਰ ਨੇ ਭਜਾਏ ਦੂਜੀ ਧਿਰ ਦੇ ਪੱਥਰ ਲਗਾਉਣ ਆਏ ਆਗੂ

April 11, 2010 | By

ਫਰੀਦਕੋਟ (11 ਅਪ੍ਰੈਲ, 2010): ਪਿਛਲੇ 10 ਦਿਨਾਂ ਤੋਂ ਵਿਧਾਨ ਸਭਾ ਹਲਕਾ ਫਰੀਦਕੋਟ ਅੰਦਰ ਅਕਾਲੀ ਦਲ ਬਾਦਲ ਦੇ ਦੋ ਧੜਿਆਂ ਦੇ ਸੀਨੀਅਰ ਆਗੂਆਂ ਵੱਲੋਂ ਪਿੰਡ ਪਿੰਡ ਲਗਾਏ ਜਾ ਰਹੇ ਵਿਕਾਸ ਦੇ ਪੱਥਰ ਹੁਣ ਵਿਵਾਦ ਦਾ ਰੂਪ ਧਾਰਨ ਕਰ ਗਏ ਹਨ। ਪਿਛਲੇ 10 ਦਿਨ ਸ: ਕੁਸ਼ਲਦੀਪ ਸਿੰਘ ਸਾਬਕਾ ਵਿਧਾਇਕ ਹਲਕਾ ਫਰੀਦਕੋਟ ਨੇ ਇਸ ਹਲਕੇ ਦੇ ਬਹੁਤੇ ਪਿੰਡਾਂ ਵਿਚ ਇਨਾ ਵਿਕਾਸ ਦੇ ਨੀਂਹ ਪੱਥਰਾਂ ਦੀ ਘੁੰਡ ਚੁਕਾਈ ਕੀਤੀ। ਦੂਸਰੇ ਪਾਸੇ ਸ: ਲਖਵੀਰ ਸਿੰਘ ਅਰਾਂਈਆਂ ਵਾਲਾ ਚੇਅਰਮੈਨ ਜਿਨਾ ਯੋਜਨਾ ਬੋਰਡ,ਬੰਟੀ ਰੋਮਾਣਾ ਸੀਨੀਅਰ ਯੂਥ ਆਗੂ,ਮਹਿੰਦਰ ਸਿੰਘ ਰੋਮਾਣਾ ਪ੍ਰਧਾਨ ਤਖਤ ਪਟਨਾ ਸਾਹਿਬ ,ਹਰਜੀਤ ਸਿੰਘ ਭੋਲੂਵਾਲਾ ਆਦਿ ਨੇ ਵੀ ਕੁੱਝ ਪਿੰਡਾਂ ਵਿਚਇਨਾਂ ਵਿਕਾਸ ਪੱਥਰਾਂ ਦਾ ਉਦਘਾਟਨ ਕੀਤਾ। ਇਨਾਂ ਵਿਕਾਸ ਪੱਥਰਾਂ ਦੇ ਉਦਘਾਟਨਾ ਦੀ ਦੌੜ ਨੂੰ ਦੋਹਾਂ ਧਿਰਾਂ ਨੇ ਆਪਣੀ ਇੱਜਤ ਦਾ ਸਵਾਲ ਬਣਾ ਲਿਆ ਹੈ ਤਾਂ ਕਿ ਕੋਈ ਕਿਸੇ ਤੋਂ ਪਿੱਛੇ ਨਾ ਰਹਿ ਜਾਵੇ। ਇਸ ਦੌੜ  ਨੂੰ ਲੈ ਕੇ ਕਈ ਪਿੰਡਾਂ ਵਿੱਚ ਦੋਹਾਂ ਧੜਿਆਂ ਦੇ ਹਮਾਇਤੀਆਂ ਵੱਲੋਂ ਆਪਸ ਵਿੱਚ ਉਲਝਣ ਦੀਆਂ ਖਬਰਾਂ ਮਿਲ ਰਹੀਆਂ ਹਨ। ਆਪੋ ਆਪਣੀ ਜੋਰ ਅਜਮਾਈ ਕਰਨ ਲਈ ਪਿੰਡ ਪਿੰਡ ਪੱਥਰ ਲਗਾਉਣ ਦੀ ਕੜੀ ਤਹਿਤ ਅੱਜ ਇਕ ਧਿਰ ਵੱਲੋਂ ਸਾਦਿਕ ਨੇੜਲੇ ਪਿੰਡ ਸੰਗਤਪੁਰਾ ਵਿਖੇ ਪੱਥਰ ਲਗਾਉਣ ਲਈ ਇੱਟਾਂ , ਰੇਤਾ ਤੇ ਸੀਮਿੰਟ  ਆਦਿ ਲਿਆਕੇ ਪੱਥਰ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਦੂਜੀ ਧਿਰ ਦੇ ਅਕਾਲੀ ਵਰਕਰਾਂ ਵੱਲੋਂ ਇਕ ਧਿਰ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ ਅਤੇ ਪਿੰਡ ਵਾਸੀਆਂ ਨੇ ਇਕੱਠ ਮਾਰ ਕੇ ਪੱਥਰ ਲਾਉਣ ਵਾਲੀ ਥਾਂ ’ਤੇ ਆਪਣੀ ਪਾਰਟੀ ਦੀ ਵਿਰੋਧੀ ਧਿਰ ਦੇ ਅਕਾਲੀ ਆਗੂਆਂ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ।

ਪਿੰਡ ਸੰਗਤਪੁਰਾ ਵਿਖੇ ਅਕਾਲੀ ਦਲ ਦੀ ਇੱਕ ਧਿਰ ਵੱਲੋਂ ਵਿਕਾਸ ਕੰਮਾਂ ਦੇ ਪੱਥਰ ਲਗਾਉਣ ਲਈ ਲਿਆਂਦਾ ਸਮਾਨ ਵਿਖਾਉਂਦੇ ਪਿੰਡ ਵਾਸੀ। ਤਸਵੀਰ: ਗੁਰਭੇਜ ਸਿੰਘ ਚੌਹਾਨ

ਪਿੰਡ ਸੰਗਤਪੁਰਾ ਵਿਖੇ ਅਕਾਲੀ ਦਲ ਦੀ ਇੱਕ ਧਿਰ ਵੱਲੋਂ ਵਿਕਾਸ ਕੰਮਾਂ ਦੇ ਪੱਥਰ ਲਗਾਉਣ ਲਈ ਲਿਆਂਦਾ ਸਮਾਨ ਵਿਖਾਉਂਦੇ ਪਿੰਡ ਵਾਸੀ। ਤਸਵੀਰ: ਗੁਰਭੇਜ ਸਿੰਘ ਚੌਹਾਨ

ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਮਦੂਰ ਸਿੰਘ ਨੰਬਰਦਾਰ, ਸ਼ਾਤੀ ਦੇਵੀ ਸਰਪੰਚ, ਬਲਬੀਰ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਜੋਗਿੰਦਰ ਸਿੰਘ ਪੰਚ, ਵੀਰਪਾਲ ਕੌਰ, ਬਲਕਾਰ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਸਾਬਕਾ ਸਰਪੰਚ , ਗੁਰਮੀਤ ਸਿੰਘ ਚੌਕੀਦਾਰ, ਦਿਆਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਜਦੋਂ ਉਨਾਂ ਦੇ ਪਿੰਡ ਇੱਕ ਧਿਰ ਨੇ ਪਿੰਡ ਦੇ ਬਾਹਰਵਾਰ ਪੱਥਰ ਲਗਾਉਣ ਲਈ ਇੱਟਾਂ ਤੇ ਹੋਰ ਸਮਾਨ ਲਿਆ ਕੇ ਚਿਣਾਈ ਸ਼ੁਰੂ ਕਰਨੀ ਚਾਹੀ ਤਾਂ ਪਿੰਡ ਵਾਸੀ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਕੀ ਕਰ ਰਹੇ ਹੋ ਤਾਂ ਮਿਸਤਰੀ ਤੇ ਮਜਦੂਰਾਂ ਨੇ ਦੱਸਿਆ ਕਿ ਇੱਕ ਆਗੂ ਵੱਲੋਂ ਵਿਕਾਸ ਕਾਰਜਾਂ ਲਈ ਇਥੇ ਪੱਥਰ ਲਗਾਇਆ ਜਾਣਾ ਹੈ ਜਦ ਅਸੀਂ ਕਿਹਾ ਕਿ ਸਾਡੇ ਪਿੰਡ ਤਾਂ ਪਹਿਲਾਂ ਹੀ ਸ: ਢਿੱਲੋਂ ਜਿਸ ਨੇ ਵਿਕਾਸ ਕਾਰਜ  ਕਰਵਾਏ ਹਨ ਉਸ ਵੱਲੋਂ ਪੱਥਰ ਲੱਗ ਚੁੱਕਾ ਹੈ, ਅਸੀਂ ਪਿੰਡ ’ਚ ਹੋਰ ਪੱਥਰ ਨਹੀਂ ਲਾਉਣ ਦੇਣਾ। ਲੋਕਾਂ ਦੇ ਰੋਹ ਨੂੰ ਦੇਖਦਿਆਂ ਪੱਥਰ ਫਿਟ ਕਰਨ ਵਾਲੇ ਨੰਬਰਦਾਰ ਗਮਦੂਰ ਸਿੰਘ ਅਨੁਸਾਰ ਤੇਸੀਆਂ ਕਰੰਡੀਆਂ ਛੱਡ ਕੇ ਭੱਜ ਗਏ। ਇਸ ਮੌਕੇ ਤੇ ਪਿੰਡ ਘੁੱਦੂਵਾਲਾ ਦੇ ਸਰਪੰਚ ਗੁਰਜੰਟ ਸਿੰਘ ਵੀ ਸਨ,ਜਿਨਾ ਨੇ ਕਿਹਾ ਕਿ ਜੇਕਰ ਮੇਰੇ ਪਿੰਡ ਵੀ ਕਿਸੇ ਨੇ ਅਜਿਹਾ ਕੀਤਾ ਤਾਂ ਅਸੀਂ ਡਟਕੇ ਵਿਰੋਧ ਕਰਾਂਗੇ । ਜੀਹਨੇ ਪੱਥਰ ਲਗਾਉਣਾ ਉਹ ਨਾਲ ਵੀ ਕੋਈ 5-7 ਲੱਖ ਲੈ ਕੇ ਆਵੇ ਅਸੀਂ ਇਕੱਲੇ ਪੱਥਰਾਂ ਚ ਮੂੰਹ ਨਹੀਂ ਵੇਖਣਾ। ਉਨਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਾਵਧਾਨ ਦੇਖਿਓ ਕਿਤੇ ਤੁਹਾਡੇ ਪਿੰਡ ਕੋਈ ਆਗੂ ਪੱਥਰ ਨਾ ਲਾ ਜਾਵੇ। ਉਨਾਂ ਨਾਅਰੇਬਾਜੀ ਕਰਦਿਆਂ ਕਿਹਾ ਕਿ ਅਸੀਂ ਆਪਣੇ ਪਿੰਡ ਕੋਈ ਪੱਥਰ ਨਹੀਂ ਲਗਾਉਣ ਦੇਵਾਂਗੇ ਤੇ ਉਨਾਂ ਜ਼ਿਲਾ ਪ੍ਰਸ਼ਾਸ਼ਨ ਫਰੀਦਕੋਟ ਤੋਂ ਮੰਗ ਕੀਤੀ ਕਿ ਇਸ ਤਰਾਂ ਰਾਤ ਨੂੰ ਪੱਥਰ ਲਾਉਣ ਵਾਲਿਆਂ ਨੂੰ ਮਹੌਲ ਖਰਾਬ ਕਰਨ ਤੋਂ ਰੋਕਿਆ ਜਾਵੇ। ਇੱਥੇ ਵਰਨਣਯੋਗ ਹੈ ਕਿ ਇਹ ਪੱਥਰ ਪਿਛਲੇ ਤਿੰਨ ਸਾਲ ਤੋਂ ਲੈ ਕੇ ਹੋਏ ਵਿਕਾਸ ਕੰਮਾਂ ਦੇ ਲਗਾਏ ਜਾ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਫਰੀਦਕੋਟ ਵਿਚ ਲੱਗਪਗ 250 ਪੱਥਰ ਲਗਾਏ ਜਾ ਚੁੱਕੇ ਹਨ ਜਿਨਾ ਤੇ ਪ੍ਰਤੀ ਪੱਥਰ 5 ਹਜ਼ਾਰ ਰੁਪਏ ਖਰਚ ਆਇਆ ਹੈ । ਆਮ ਲੋਕਾਂ ਦਾ ਕਹਿਣਾ ਹੈ ਕਿ ਪਿੰਡਾਂ ਵਿਚ ਹੋਏ ਵਿਕਾਸ ਕਾਰਜਾਂ ਦੀਆਂ ਬਹੁਤੀਆਂ ਸਕੀਮਾਂ ਤਾਂ ਕੇਂਦਰ ਸਰਕਾਰ ਦੀ ਮਦਦ ਨਾਲ ਹੀ ਚੱਲ ਰਹੀਆਂ ਹਨ ਤੇ ਫਿਰ ਅਕਾਲੀ ਦਲ ਵੱਲੋਂ ਇਹ ਪੱਥਰ ਲਗਾਉਣ ਦੀ ਕੀ ਤੁਕ ਬਣਦੀ ਹੈ ਅਤੇ ਇਨਾ ਤੇ ਫਜ਼ੂਲ ਵਿਚ ਹੀ ਲੱਖਾਂ ਰੁਪਿਆ ਖਰਚ ਕੀਤਾ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: