ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਅਮਿਤ ਸ਼ਾਹ ਦੀ ਵਿਚੋਲਗੀ ਨਾਲ ਮਿਲੇ ਸਮੇਂ ਤੇ ਬਾਦਲਾਂ ਦੀ ਮੋਦੀ ਨਾਲ ਮੁਲਾਕਾਤ

June 9, 2018 | By

ਨਵੀਂ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਚੰਡੀਗੜ੍ਹ ਵਿਚ ਬੰਦ ਕਮਰਾ ਮੁਲਾਕਾਤ ਤੋਂ ਬਾਅਦ ਮਿਲੇ ਸਮੇਂ ‘ਤੇ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦਾ ਵਫਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦਿੱਲੀ ਪਹੁੰਚੇ ਸਨ। ਇਸ ਮੌਕੇ ਵਫ਼ਦ ਨੇ ਭਾਰਤੀ ਪ੍ਰਧਾਨ ਮੰਤਰੀ ਦਾ ਧਿਆਨ ਪੰਜਾਬ ਦੇ ਲੋਕਾਂ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਵੱਲ ਵੀ ਦਿਵਾਇਆ। ਵਫ਼ਦ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਭਾਰਤ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਸ਼ਾਮਲ ਸਨ।

ਭਾਵੇਂ ਕਿ ਸਿੱਖ ਸੰਗਤ ਵਲੋਂ ਸੇਵਾ ਭੋਜ ਯੋਜਨਾ ਤਹਿਤ ਭਾਰਤ ਦੀ ਕੇਂਦਰ ਸਰਕਾਰ ਵਲੋਂ ਲੰਗਰ ਲਈ ਦਿੱਤੀ ਜਾ ਰਹੀ ਖੈਰਾਤ ਨੂੰ ਸਿੱਖ ਸਿਧਾਂਤਾਂ ਦੇ ਵਿਰੁੱਧ ਮੰਨਿਆ ਜਾ ਰਿਹਾ ਹੈ, ਉੱਥੇ ਰਾਜਨੀਤਕ ਲਾਹੇ ਲਈ ਭਾਜਪਾ ਨਾਲ ਭਾਈਵਾਲੀ ਪਾਈ ਬੈਠਾ ਬਾਦਲ ਦਲ ਇਸ ਖੈਰਾਤ ਨੂੰ ਸਲਾਹੁੰਦਾ ਨਹੀਂ ਥੱਕ ਰਿਹਾ। ਕੱਲ੍ਹ ਦੀ ਨਰਿੰਦਰ ਮੋਦੀ ਨਾਲ ਮੁਲਾਕਾਤ ਵਿਚ ਵੀ ਬਾਦਲ ਦਲ ਦੇ ਵਫਦ ਨੇ ਇਸ ਖੈਰਾਤ ਰੂਪੀ ਮਦਦ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।

ਅਕਾਲੀ ਦਲ ਬਾਦਲ ਦੇ ਵਫ਼ਦ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਬਾਦਲ-ਭਾਜਪਾ ਗਠਜੋੜ ਸਭ ਤੋਂ ਪੁਰਾਣਾ ਤੇ ਸਮੇਂ ਦਾ ਪਰਖਿਆ ਹੋਇਆ ਗਠਜੋੜ ਹੈ। ਭਾਜਪਾ ਇਸ ਦੀ ਕਦਰ ਕਰਦੀ ਹੈ। ਵਫ਼ਦ ਨੇ ਕੇਂਦਰ ਸਰਕਾਰ ਵੱਲੋਂ ਸਮੁੱਚੇ ਦੇਸ਼ ਦੇ ਗੰਨਾ ਕਾਸ਼ਤਕਾਰਾਂ ਲਈ ਰੱਖੇ 8 ਹਜ਼ਾਰ ਕਰੋੜ ਰੁਪਏ ਵਿਚੋਂ 800 ਕਰੋੜ ਰੁਪਏ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਲਈ ਜਾਰੀ ਕਰਨ ਦੇ ਫੈਸਲੇ ਲਈ ਭਾਰਤੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਵਫ਼ਦ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੇ ਅਮਲ ਵਿਚ ਤੇਜ਼ੀ ਲਿਆਉਣ।

ਵਫ਼ਦ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਤੇ ਕਈ ਮਾਮਲਿਆਂ ’ਚ 20 ਸਾਲਾਂ ਤੋਂ ਵੱਧ ਸਜ਼ਾਵਾਂ ਕੱਟਣ ਦੇ ਬਾਵਜੂਦ ਭਾਰਤ ਦੀਆਂ ਜੇਲ੍ਹਾਂ ’ਚ ਬੰਦ ਸਿੱਖਾਂ ਅਤੇ ਪੰਜਾਬੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਹ ਡੇਰਾ ਬਾਬਾ ਨਾਨਕ ਤੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਦੇ ਜਨਮ ਸਥਾਨ ਕਰਤਾਰਪੁਰ ਸਾਹਿਬ (ਪਾਕਿਸਤਾਨ) ਤਕ ਇੱਕ ਗਲਿਆਰਾ ਬਣਾਉਣ ਦੇ ਮੁੱਦੇ ਉਤੇ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਗੱਲਬਾਤ ਕਰਨ।ਗੌਰਤਲਬ ਹੈ ਕਿ ਇਹ ਸਿੱਖ ਮਾਮਲੇ ਪਹਿਲਾਂ ਵੀ ਬਾਦਲ ਦਲ ਵਲੋਂ ਭਾਜਪਾ ਕੋਲ ਚੁੱਕੇ ਜਾਂਦੇ ਰਹੇ ਹਨ ਪਰ ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਭਾਜਪਾ ਨੇ ਆਪਣੇ ਭਾਈਵਾਲ ਦੀ ਇਕ ਨਹੀਂ ਮੰਨੀ।

ਬਾਦਲ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਨਜਿੰਦਰ ਸਿੰਘ ਸਿਰਸਾ ਵੀ ਵਫ਼ਦ ਦਾ ਹਿੱਸਾ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,