March 24, 2012 | By ਸਿੱਖ ਸਿਆਸਤ ਬਿਊਰੋ
– ਡਾ. ਅਮਰਜੀਤ ਸਿੰਘ
31 ਮਾਰਚ, 2012 ਨੂੰ ਸਵੇਰੇ 9 ਵਜੇ, 9 ਅਕਤੂਬਰ, 1992 ਦਾ ਮਾਣਮੱਤਾ ਖਾਲਸਾਈ ਇਤਿਹਾਸ ਦੋਹਰਾਇਆ ਜਾਵੇਗਾ। ਯਾਦ ਰਹੇ, 9 ਅਕਤੂਬਰ, 1992 ਦੀ ਸਵੇਰ ਨੂੰ ਖਾਲਸਾ ਪੰਥ ਦੇ ਦੋ ਮਹਾਨ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨਾ (ਮਹਾਰਾਸ਼ਟਰ) ਦੀ ਜੇਲ੍ਹ ਵਿੱਚ, ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰਿਆਂ ਅਤੇ ਦਗ-ਦਗ ਕਰਦੇ ਚਿਹਰਿਆਂ ਨਾਲ, ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲ ਵਿੱਚ ਪਾਇਆ ਸੀ। ਠੀਕ ਉਸੇ ਤਰਜ਼ ’ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹੀਦੀ ਡਗਰ ’ਤੇ ਤੁਰਦਿਆਂ, ਖਾਲਸਾਈ ਜਾਹੋ-ਜਲਾਲ ਵਾਲੇ ਨੂਰੀ ਚਿਹਰੇ ਨਾਲ, ਭਾਈ ਬਲਵੰਤ ਸਿੰਘ ਰਾਜੋਆਣਾ 31 ਮਾਰਚ ਦੀ ਸਵੇਰ ਨੂੰ ਫਾਂਸੀ ਦੇ ਰੱਸੇ ’ਤੇ ਝੂਟਾ ਲੈ ਕੇ ਦਸਮੇਸ਼ ਪਿਤਾ ਦੀ ਲੋਰੀ ਦਾ ਆਨੰਦ ਮਾਨਣ ਲਈ ਪੂਰੀ ਤਰ੍ਹਾਂ ਬੇਤਾਬ ਹਨ। ਪਿਛਲੇ 20 ਸਾਲਾਂ (1992 ਤੋਂ) ਵਿੱਚ ਜੇ ‘ਜੱਲਾਦ ਹਾਕਮਾਂ’ ਦੇ, ਸਿੱਖ ਨਸਲਕੁਸ਼ੀ ਦੇ ਤੌਰ-ਤਰੀਕੇ ਨਹੀਂ ਬਦਲੇ ਤਾਂ ਗੁਰੂ ਕੇ ਲਾਡਲਿਆਂ ਨੇ ਵੀ, ਸਿੱਖੀ ਡਗਰ ’ਤੇ ਬੇਖੌਫ ਚੱਲਦਿਆਂ, ਖਾਲਸਾਈ ਆਨ-ਅਣਖ ਨੂੰ ਬਰਕਰਾਰ ਰੱਖਦਿਆਂ, ਸ਼ੇਰ-ਭਬਕਾਰ ਨਾਲ ਵੈਰੀਆਂ ਨੂੰ ਭਾਂਜ ਦਿੱਤੀ ਹੋਈ ਹੈ।
ਬ੍ਰਿਟਿਸ਼ ਬਸਤੀਵਾਦੀਆਂ ਤੋਂ ਆਜ਼ਾਦੀ ਹਾਸਲ ਕਰਨ ਲਈ ਜਾਰੀ ‘ਕ੍ਰਾਂਤੀਕਾਰੀ ਲਹਿਰ’ ਵਾਲਿਆਂ ਨੂੰ ਇੱਕ ਨਜ਼ਮ ਦੇ ਇਹ ਸ਼ੇਅਰ ਬੜੇ ਟੁੰਬਿਆਂ ਕਰਦੇ ਸਨ –
‘ਸਰ-ਫਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ।
ਦੇਖਨਾ ਹੈ ਜ਼ੋਰ ਕਿਤਨਾ, ਬਾਜ਼ੂਏ ਕਾਤਲ ਮੇਂ ਹੈ।
ਵਕਤ ਆਨੇ ਪਰ ਤੁਝੇ ਬਤਾ ਦੇਂਗੇ ਐ ਆਸਮਾਂ।
ਹਮ ਅਭੀ ਸੇ ਕਿਆ ਬਤਾਏਂ ਕਿਆ ਹਮਾਰੇ ਦਿਲ ਮੇਂ ਹੈ।’
ਇਸ ਕ੍ਰਾਂਤੀਕਾਰੀ ਚਾਹਨਾਂ ਵਾਲਿਆਂ ’ਚੋਂ ਕਿੰਨੇ ਕੁ ਸਾਬਤ ਰਹੇ, ਇਹ ਇੱਕ ਵੱਖਰਾ ਵਿਸ਼ਾ ਹੈ ਪਰ ਅਜੋਕੇ ‘ਖਾਲਿਸਤਾਨੀ ਸੰਘਰਸ਼’ ਦਾ ਇਹ ਅਕੱਟ ਸੱਚ ਹੈ ਕਿ ਗੁਰੂ ਪਿਆਰ ਵਿੱਚ ਸੀਸ ਭੇਟ ਕਰਨ ਵਾਲਿਆਂ ਨੇ, ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ। ਭਾਈ ਬਲਵੰਤ ਸਿੰਘ ਰਾਜੋਆਣਾ ਸਾਡੇ ਅਜੋਕੇ ਦੌਰ ਦੇ ਸੰਘਰਸ਼ ਦੇ ਉਹ ਸਿਪਾਹ-ਸਿਲਾਰ ਹਨ, ਜਿਨ੍ਹਾਂ ਦੀ ਦ੍ਰਿੜਤਾ ਅਤੇ ਸਾਫਗੋਈ ਨੇ, 28 ਮਿਲੀਅਨ ਸਿੱਖ ਕੌਮ ਨੂੰ ਢਹਿੰਦੀ ਕਲਾ ਵਿੱਚੋਂ ਕੱਢ ਕੇ ਪੁਰ-ਜੋਸ਼ ਕਰ ਦਿੱਤਾ ਹੈ।
ਪਿਛਲੇ ਦਿਨਾਂ ਦੌਰਾਨ, ਭਾਈ ਰਾਜੋਆਣਾ ਦੇ ਦੋ ਸੁਨੇਹੇ ਮੀਡੀਆ ਰਾਹੀਂ ਸਿੱਖ ਸੰਗਤਾਂ ਤੱਕ ਪਹੁੰਚੇ ਹਨ। ਇੱਕ ਸੁਨੇਹਾ, ਵਸੀਅਤ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਪੁੱਜਦਾ ਕੀਤਾ ਗਿਆ ਹੈ। ਇਨ੍ਹਾਂ ਸੁਨੇਹਿਆਂ ਵਿੱਚ ਜਿੱਥੇ ਸਿੱਖ ਦੁਸ਼ਮਣ ਤਾਕਤਾਂ (ਭਾਰਤੀ ਹਾਕਮ, ਅਦਾਲਤੀ ਸਿਸਟਮ, ਨੀਲੀ ਪੱਗੜੀਧਾਰੀ ਬਾਦਲਲਾਣਾ ਅਤੇ ਇਸ ਦੇ ਦੁਮਛੱਲੇ ਸੰਤ ਸਮਾਜ ਵਾਲੇ) ਦੀ ਸ਼ਨਾਖਤ ਕੀਤੀ ਗਈ ਹੈ, ਉਥੇ ਬੜੀ ਦ੍ਰਿੜਤਾ ਨਾਲ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣ ਦਾ ਸੁਨੇਹਾ ਵੀ ਦਿੱਤਾ ਗਿਆ ਹੈ। ਸਿੱਖਾਂ ਨੂੰ ਆਪਣੇ ਘਰਾਂ ਦੇ ਬਾਹਰ ਕੇਸਰੀ ਝੰਡੇ ਲਹਿਰਾਉਣ ਲਈ ਕਹਿਣਾ, ਇਸ ਤੱਥ ਦਾ ਪ੍ਰਗਟਾਵਾ ਹੈ ਕਿ ਅਖੀਰ ਇਹ ਪਰਚਮ ਅਸੀਂ ਲਾਲ-ਕਿਲ੍ਹੇ ’ਤੇ ਲਹਿਰਾਉਣਾ ਹੈ। 16 ਮਾਰਚ, 2012 ਦੇ ਸੁਨੇਹੇ ਵਿੱਚ ਭਾਈ ਸਾਹਿਬ ਨੇ ਕਿਹਾ, ‘‘ਮੈਂ, ਦਿੱਲੀ ਦੇ ਤਖਤ ’ਤੇ ਬੈਠੇ ਕਾਤਲ ਹੁਕਮਰਾਨਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਹੈ ਕਿ ਸਿੱਖ ਕੌਮ ਦੀ ਅਜ਼ਾਦੀ ਦਾ ਸੰਘਰਸ਼ ਅਜੇ ਖਤਮ ਨਹੀਂ ਹੋਇਆ। ਮੈਂ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਸਮਰਪਤ ਹੋ ਕੇ, ਇਨ੍ਹਾਂ ਦੁਸ਼ਟ ਕਾਤਲਾਂ ਅੱਗੇ ਝੁਕਣ ਤੋਂ ਇਨਕਾਰ ਕਰਦਾ ਹਾਂ। ਮੈਂ ਹਿੰਦੋਸਤਾਨ ਤੋਂ ਅਜ਼ਾਦੀ ਦੀ ਮੰਗ ਕਰਦਾ ਹੋਇਆ, ਖਾਲਿਸਤਾਨ-ਜ਼ਿੰਦਾਬਾਦ ਕਹਿੰਦਾ ਹਾਂ।’’ 20 ਮਾਰਚ, 2012 ਦੇ ਕੌਮੀ ਸੁਨੇਹੇ ਵਿੱਚ ਭਾਈ ਰਾਜੋਆਣਾ ਨੇ ਕਿਹਾ, ‘‘ਮੈਂ, ਦਿੱਲੀ ਦੇ ਤਖਤ ’ਤੇ ਬੈਠੇ, ਨਿਰਦੋਸ਼ ਸਿੱਖਾਂ ਦੇ ਕਾਤਲ ਭਾਰਤੀ ਹੁਕਮਰਾਨਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਉਹ ਖਾਲਸੇ ਦੀ ਜਨਮ-ਭੂਮੀ ’ਤੇ ਲਹਿਰਾਏ ਜਾ ਰਹੇ ਕੇਸਰੀ ਨਿਸ਼ਾਨਾਂ ਨੂੰ ਵੇਖ ਲੈਣ ਅਤੇ ਇਹ ਜਾਣ ਲੈਣ ਕਿ ਖਾਲਸੇ ਨੂੰ ਕਦੀ ਕੋਈ ਗੁਲਾਮ ਨਹੀਂ ਬਣਾ ਸਕਿਆ। ਮੇਰੇ ਸ਼ਹੀਦ ਹੋਏ ਹਜ਼ਾਰਾਂ ਵੀਰਾਂ ਦੇ ਸੁਪਨੇ, ਅੱਜ ਵੀ ਖਾਲਸਾ ਪੰਥ ਦੇ ਦਿਲਾਂ ਵਿੱਚ ਜਿਊਂਦੇ ਹਨ।…’’
ਭਾਈ ਬਲਵੰਤ ਸਿੰਘ ਰਾਜੋਆਣਾ ਇੱਕ ‘ਸੂਰਬੀਰ, ਬਚਨ ਕੇ ਬਲੀ’ ਗੁਰਸਿੱਖ ਹਨ ਅਤੇ ਉਹ ਗੁਰੂ ਬਖਸ਼ਿਸ਼ ਨਾਲ ਅਡੋਲ, ਆਪਣੇ ਅਖੀਰਲੇ ਸਫਰ ਦੀ ਤਿਆਰੀ ਵਿੱਚ ਲਟ-ਲਟ ਬਲ ਰਹੇ ਰੂਹਾਨੀ ਜ਼ਜ਼ਬਿਆਂ ਨਾਲ ਸਰਸ਼ਾਰ ਹਨ। ਹਮੇਸ਼ਾਂ ਵਾਂਗ, ਸੱਤਾ ਦੇ ਦਲਾਲ, ‘ਮਾਫੀ ਬ੍ਰਿਗੇਡ’ ਵਾਲੇ ਇਸ ਮਹਾਨ ਯੋਧੇ ਦੀ ਕੁਰਬਾਨੀ ਨੂੰ ਰੋਲਣ ਲਈ ਪੱਬਾਂ ਭਾਰ ਹੋਏ ਹੋਏ ਹਨ। ਬੇਸ਼ੱਕ ਭਾਈ ਰਾਜੋਆਣਾ ਨੇ ਆਪਣਾ ਆਪਾ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਸਮਰਪਣ ਕੀਤਾ ਹੈ ਪਰ ਇਹ ਖਦਸ਼ਾ ਹੈ ਕਿ ਅਕਾਲ ਤਖਤ ਸਮੇਤ ਬਾਕੀ ਤਖਤਾਂ ਦੇ ਜਥੇਦਾਰ, ‘ਕੌਮੀ ਅਣਖ’ ਦਾ ਪ੍ਰਤੀਕ ਬਣਨ ਦੀ ਥਾਂ, ਕਿਤੇ ਪਹਿਲਾਂ ਵਾਂਗ ਬਾਦਲ ਦਲ ਦੇ ਏਜੰਡੇ ’ਤੇ ਕੰਮ ਕਰਦਿਆਂ, ਇਸ ਮੁੜ ਸੁਰਜੀਤ ਖਾਲਿਸਤਾਨੀ ਲਹਿਰ ਦਾ ਗਲਾ ਹੀ ਨਾ ਘੁੱਟ ਦੇਣ। ਸੌਦਾ ਸਾਧ ਦੇ ਮਾਮਲੇ ਵਿੱਚ, ਇਨ੍ਹਾਂ ਜਥੇਦਾਰਾਂ ਨੇ ਇਉਂ ਹੀ ਕੀਤਾ ਸੀ। ਅਸੀਂ ਤਾਂ ਬੱਸ ਇੰਨਾ ਹੀ ਕਹਿ ਸਕਦੇ ਹਾਂ ‘ਬਾ-ਮੁਲਾਹਜ਼ਾ – ਹੋਸ਼ਿਆਰ।’
ਭਾਈ ਰਾਜੋਆਣਾ ਦੀ ‘ਚੜ੍ਹਦੀ ਕਲਾ’ ਲਈ ਜਿਥੇ ਪੰਜਾਬ ਭਰ ਵਿੱਚੋਂ ਉਤਸ਼ਾਹ-ਭਰਪੂਰ ਖਬਰਾਂ ਆ ਰਹੀਆਂ ਹਨ, ਉਥੇ ਪ੍ਰਦੇਸੀ ਖਾਲਸਾ ਜੀ (ਵਿਸ਼ੇਸ਼ਕਰ ਨੌਜਵਾਨ ਵਰਗ) ਵਲੋਂ ਦੁਨੀਆ ਭਰ ਵਿਚਲੇ ਭਾਰਤੀ ਦੂਤਘਰਾਂ ਦੇ ਬਾਹਰ ਰੋਸ ਵਿਖਾਵਿਆਂ ਦਾ ਸਿਲਸਿਲਾ ਅਰੰਭਿਆ ਗਿਆ ਹੈ, ਜਿਸ ਦੀ ਅਗਵਾਈ -ਗਲੋਬਲ ਲਹਿਰ- ਵਲੋਂ ਕੀਤੀ ਜਾ ਰਹੀ ਹੈ। ਰੋਸ ਵਿਖਾਵਿਆਂ ਲਈ ਚੁਣੇ ਗਏ ਸਥਾਨਾਂ ਵਿੱਚ ਵਾਸ਼ਿੰਗਟਨ ਡੀ. ਸੀ., ਨਿਊਯਾਰਕ, ਲਾਸ ਏਂਜਲਸ, ਸੈਨਫਰਾਂਸਿਸਕੋ, ਸਿਆਟਲ, ਵੈਨਕੂਵਰ, ਟੋਰੰਟੋ, ਕੈਲਗਰੀ, ¦ਡਨ, ਮਿਊਨਿਕ, ਫਰੈਂਕਫਰਟ, ਰੋਮ, ਸਿਡਨੀ, ਮੈਲਬੌਰਨ, ਅੰਮ੍ਰਿਤਸਰ, ਪਟਿਆਲਾ, ਚੰਡੀਗੜ੍ਹ ਆਦਿ ਸ਼ਾਮਲ ਹਨ। ਹੋਰ ਵੀ ਅੱਡ-ਅੱਡ ਥਾਵਾਂ ਤੋਂ ਰੋਸ ਵਿਖਾਵਿਆਂ ਦੀਆਂ ਖਬਰਾਂ ਆ ਰਹੀਆਂ ਹਨ। ਅਸੀਂ ਸਿੱਖ ਸੰਗਤਾਂ ਨੂੰ, ਇਨ੍ਹਾਂ ਰੋਸ-ਵਿਖਾਵਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ।
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜ਼ਿੰਦਗੀ ਤੇ ਸ਼ਹੀਦੀ ਦੋਵੇਂ ਹੀ ‘ਜ਼ਿੰਦਗੀ’ ਦੇਣ ਵਾਲੇ ਹਨ ਅਤੇ ਇਸ ਸ਼ੇਅਰ ਦੀ ਠੀਕ ਤਰਜਮਾਨੀ ਕਰਦੇ ਹਨ –
‘ਸ਼ਹੀਦ ਕੀ ਜੋ ਮੌਤ ਹੈ,
ਵੋ ਕੌਮ ਕੀ ਹਿਆਤ (ਜ਼ਿੰਦਗੀ) ਹੈ।
ਹਿਆਤ ਤੋ ਹਿਆਤ ਹੈ,
ਮੌਤ ਭੀ ਹਿਆਤ ਹੈ।’
ਇਹ ਹੁਣ 28 ਮਿਲੀਅਨ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਉਹ ਭਾਈ ਰਾਜੋਆਣਾ ਦੀ ਵਸੀਅਤ ’ਤੇ ਇੰਨ-ਬਿੰਨ ਪਹਿਰਾ ਦੇਵੇ। ਸੱਤਾ-ਧਾਰੀਆਂ ਦੇ ਦਲਾਲ ਮਾਫੀ ਬ੍ਰਿਗੇਡ ਵਾਲੇ ਇਸ ‘ਕੁਰਬਾਨੀ’ ਨੂੰ ਬੇਅਸਰ ਕਰਨ ਲਈ ਹਰ ਹਰਬਾ ਵਰਤਣਗੇ। ਭਾਈ ਰਾਜੋਆਣਾ ਤਾਂ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਹਨ ਪਰ ਕੀ ਸਿੱਖ ਕੌਮ, ਭੰਬਲਭੂਸੇ ਦਾ ਸ਼ਿਕਾਰ ਹੋ ਕੇ, ਕਿਤੇ ਜਿੱਤੀ ਬਾਜ਼ੀ ਹਰਾਉਣ ਵਾਲਿਆਂ ਦੇ ਚੱਕਰਵਿਊ ਵਿੱਚ ਤਾਂ ਨਹੀਂ ਫਸੇਗੀ? ਭਾਈ ਰਾਜੋਆਣਾ ਵਲੋਂ ਆਪਣੇ 20 ਮਾਰਚ ਦੇ ਸੁਨੇਹੇ ਵਿੱਚ ਲਿਖੀ ਨਜ਼ਮ ਦੀਆਂ ਕੁਝ ਸਤਰਾਂ ਨਾਲ, ਅਸੀਂ ਇਸ ‘ਪੰਥ ਦੇ ਬੰਕੇ ਸਪੁੱਤਰ’ ਦੀ ਦ੍ਰਿੜਤਾ ਅੱਗੇ ਸੀਸ ਝੁਕਾਉਂਦੇ ਹਾਂ –
‘… ਤਰਦੇ ਰਹੇ ਨੇ ਲੋਕ ਝਨਾਂ ਅੰਦਰ,
ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ।
ਸਾਡੇ ਇਸ਼ਕ ਨੂੰ ਪਰਖਿਆ ਰੰਬੀਆਂ ਨੇ,
ਸਾਡੇ ਪਿਆਰ ਨੂੰ ਪਰਖਿਆ ਆਰੀਆਂ ਨੇ।’