ਖਾਸ ਖਬਰਾਂ

ਅਕਾਲ ਤਖ਼ਤ ਦੇ ਜਥੇਦਾਰ ਇਕਬਾਲ ਸਿੰਘ ਦਾ ‘ਹੁਕਮਨਾਮਾ ਰੱਦ ਕਰਨ : ਭਾਈ ਬਿੱਟੂ

August 25, 2010 | By

ਫ਼ਤਿਹਗੜ੍ਹ ਸਾਹਿਬ, 25  ਅਗਸਤ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਅੱਜ ਪੁਲਿਸ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਜਿਲ੍ਹਾ ਕਚਿਹਰੀ ਫ਼ਤਿਹਗੜ੍ਹ ਸਾਹਿਬ ਵਿਖੇ ਇਕ ਮੁੱਕਦਮੇ ਦੀ ਤਾਰੀਕ ਦੇ ਸਬੰਧ ਵਿਚ ਲੈ ਕੇ ਆਈ। ਜਿਥੇ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 15 ਸਤੰਬਰ ’ਤੇ ਪਾ ਦਿੱਤੀ ਹੈ। ਇਸ ਮੌਕੇ ਭਾਈ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਖ ਕੌਮ ਵਿੱਚ ਨਿੱਤ ਨਵੇਂ ਵਿਵਾਦ ਪੈਦਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ। ਰਾਗਮਾਲਾ ਦਾ ਮਸਲਾ ਵੀ ਇਸੇ ਨੀਤੀ ਦੀ ਉਪਜ ਹੈ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਭਾਈ ਇਕਬਾਲ ਸਿੰਘ ਵਲੋਂ ਰਾਗਮਾਲਾ ਬਾਰੇ ਜਾਰੀ ਕਥਿਤ ‘ਹੁਕਮਾਨਾਮੇ’ ਨੂੰ ਤੁਰੰਤ ਰੱਦ ਕਰਕੇ ਇਸ ਵਿਵਾਦ ਨੂੰ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 1935 ਵਿਚ ਲੰਮੇ ਸਮੇਂ ਦੀ ਵਿਚਾਰ ਚਰਚਾ ਉਪਰੰਤ ਤਿਆਰ ਕੀਤੀ ਸਿੱਖ ਰਹਿਤ ਮਰਿਯਾਦਾ ਤੋਂ ਬਾਹਰ ਜਾ ਕੇ ਕੋਈ ਵੀ ਫੈਸਲਾ ਨਹੀਂ ਹੋਣ ਦੇਣਾ ਚਾਹੀਦਾ।
ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਉਨ੍ਹਾਂ ਸਮੂਹ ਪੰਥਕ ਮੁੱਖ ਧਾਰਾ ਵਾਲੇ ਦਲਾਂ ਨੂੰ ਇਕੱਠੇ ਹੋ ਕੇ ਅੱਗੇ ਆਉਣ ਦਾ ਸੱਦਾ ਦਿੰਦਿਆ ਕਿਹਾ ਕਿ ਇਸੇ ਤਰ੍ਹਾਂ ਅਸੀਂ ਗੁਰਧਾਮਾਂ ਨੂੰ ਪੰਥ ਵਿਰੋਧੀ ਸ਼ਕਤੀਆਂ ਤੋਂ ਆਜ਼ਾਦ ਕਰਵਾ ਸਕਦੇ ਹਾਂ। ਵੋਟਾਂ ਬਣਾਏ ਜਾਣ ਵਿਚ ਨਿਯਮਾਂ ਦੀ ਹੋਈ ਅਣਦੇਖੀ ਬਾਰੇ ਉਨਾਂ ਕਿਹਾ ਕਿ 8 ਅਗਸਤ ਨੂੰ ਤੱਕ ਬਣੀਆਂ ਵੋਟਾਂ ਦੀ ਗਿਣਤੀ 20 ਲੱਖ ਸੀ ਜੋ 14 ਅਗਸਤ ਤੱਕ 54 ਲੱਖ ਤੱਕ ਪਹੁੰਚ ਗਈ। ਉਨ੍ਹਾਂ ਕਿਹਾ ਕਿ ਸਿਰਫ਼ 5-6 ਦਿਨਾਂ ਵਿਚ 34 ਲੱਖ ਵੋਟਰਾਂ ਵਲੋਂ ਨਿੱਜੀ ਤੌਰ ’ਤੇ ਇੰਨੀਆਂ ਵੋਟਾਂ ਬਣਵਾ ਲੈਣਾ ਕਿਸੇ ਵੀ ਤਰ੍ਹਾਂ ਮੰਨਣਯੋਗ ਨਹੀਂ ਤੇ ਨਾ ਹੀ ਇਸ ਸੰਭਵ ਹੈ।ਅਸਲ ’ਚ ਬਾਦਲ ਦਲੀਆਂ ਨੇ ਆਖਰੀ ਦਿਨਾਂ ਵਿਚ ਵੋਟਰ ਫਾਰਮਾ ਦੇ ਬੰਡਲ ਥੋਕ ਵਿੱਚ ਜਮ੍ਹਾ ਕਰਵਾ ਕੇ ਇਹ ਵੋਟਾਂ ਬਣਵਾਈਆਂ ਹਨ।
ਉਨ੍ਹਾਂ ਬਾਬਾ ਬਲਜੀਤ ਸਿੰਘ ਦਾਦੂ ’ਤੇ ਕੇਸ ਦਰਜ਼ ਕੀਤੇ ਗਏ ਕੇਸ ਦੀ ਨਿਖੇਧੀ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸੌਦਾ ਸਾਧ ਦੇ ਚੇਲਿਆਂ ਦੀਆਂ ਵੋਟਾਂ ਲੈਣ ਲਈ ਇਹ ਕੇਸ ਦਰਜ਼ ਕੀਤਾ ਗਿਆ ਹੈ। ਪੰਜਾਬ ਦੀ ਬਾਦਲ ਸਰਕਾਰ ਪੂਰੀ ਤਰ੍ਹਾਂ ਡੇਰੇਦਾਰਾਂ ਤੇ ਬ੍ਰਹਾਮਣਵਾਦੀਆਂ ਦੇ ਇਸ਼ਾਰਿਆਂ ’ਤੇ ਚਲ ਰਹੀ ਹੈ। ਭਾਈ ਦਲਜੀਤ ਸਿੰਘ ਦੀ ਪੇਸ਼ੀ ਮੌਕੇ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਸੰਤੋਖ ਸਿੰਘ ਸਲਾਣਾ, ਗੁਰਮੀਤ ਸਿੰਘ ਗੋਗਾ, ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਪਲਵਿੰਦਰ ਸਿੰਘ ਤਲਵਾੜਾ, ਮੇਹਰ ਸਿੰਘ ਬਸੀ, ਕੇਹਰ ਸਿੰਘ ਮਾਰਵਾ, ਭਗਵੰਤ ਸਿੰਘ ਮਹੱਦੀਆਂ, ਅਮਰੀਕ ਸਿੰਘ ਸ਼ਾਹੀ, ਪ੍ਰਮਿੰਦਰ ਸਿੰਘ ਕਾਲਾ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,