ਖਾਸ ਖਬਰਾਂ » ਸਿੱਖ ਖਬਰਾਂ

ਖਾਲਿਸਤਾਨ ਐਲਾਨ ਦਿਵਸ ਉੱਤੇ ਭਾਈ ਦਲਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ ਲਿਖਤੀ ਸੰਦੇਸ਼

April 29, 2023 | By

ਸ੍ਰੀ ਅੰਮ੍ਰਿਤਸਰ, ਪੰਜਾਬ: ਅੱਜ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਉੱਤੇ ਭਾਈ ਦਲਜੀਤ ਸਿੰਘ ਇਕ ਬਿਆਨ ਜਾਰੀ ਕੀਤਾ ਗਿਆ ਹੈ। ਇਹ ਬਿਆਨ ਹੇਠਾਂ ਪਾਠਕਾਂ ਦੀ ਜਾਣਕਾਰੀ ਹਿਤ ਸਾਂਝਾ ਕੀਤਾ ਜਾ ਰਿਹਾ ਹੈ:-

੨੯ ਅਪ੍ਰੈਲ ਇਕ ਤਵਾਰੀਖੀ ਦਿਹਾੜਾ ਹੈ। ਇਸ ਦਿਨ ਖਾਲਸਾ ਪੰਥ ਨੇ ਸਰਬੱਤ ਦੇ ਭਲੇ ਅਤੇ ਆਪਣੀ ਨਿਆਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਬੁਲੰਦ ਰੱਖਣ ਲਈ ਪਿਛਲੀਆਂ ਪੰਜ ਸਦੀ ਤੋਂ ਚਲ ਰਹੇ ਸੰਘਰਸ਼ ਦਾ ਇਕ ਨਵਾਂ ਮੀਲ-ਪੱਥਰ ਗੱਡਿਆ ਸੀ।

ਖਾਲਿਸਤਾਨ ਕੀ ਹੈ:

੧. ਖਾਲਿਸਤਾਨ, ਖਾਲਸਾ ਪੰਥ ਨੂੰ ਸੱਚੇ ਪਾਤਿਸਾਹ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਖ਼ਸ਼ੀ ਸਦੀਵੀ ਪਾਤਿਸਾਹੀ ਦਾ ਖ਼ਾਸ ਸਮੇਂ ਅਤੇ ਸਥਾਨ ਵਿਚ ਵਿਹਾਰਕ ਰਾਜਸੀ ਸੱਤਾ (political power) ਵਜੋਂ ਪ੍ਰਗਟਾਵਾ ਹੈ।

੨. ਖਾਲਿਸਤਾਨ ਸੰਘਰਸ਼ ਸਿਰਫ ਆਪਣੀ ਸਵੈ-ਪਛਾਣ ਅਤੇ ਸਵੈ-ਹੋਂਦ ਨੂੰ ਬਚਾਉਣ ਲਈ ਅਸੁਰੱਖਿਆ ਦੀ ਬਿਰਤੀ ਦੀ ਪੈਦਾਵਾਰ ਨਹੀਂ ਹੈ ਸਗੋਂ ਪਾਤਿਸਾਹੀ ਖਾਲਸਾ ਪੰਥ ਦਾ ਜੁਗੋ-ਜੁਗ ਅਟੱਲ ਤੇ ਜ਼ਰੂਰੀ ਪਹਿਲੂ ਹੈ।

੩. ਖਾਲਿਸਤਾਨ ਤੋਂ ਸਾਡਾ ਭਾਵ ਆਜ਼ਾਦ (ਪ੍ਰਭੂਸੱਤਾ ਸੰਪੰਨ) ਰਾਜਨੀਤਕ ਢਾਂਚਾ ਕਾਇਮ ਕਰਨਾ ਹੈ ਜਿਥੇ ਖਾਲਸਾ ਪੰਥ ਦੀ ਨਿਆਰੀ ਅਤੇ ਸੁਤੰਤਰ ਹੋਂਦ-ਹਸਤੀ ਨਿਰਵਿਘਨ ਵਿਗਸ ਸਕੇ ਅਤੇ ਜਿਸ ਵਿਚ ਸਰਬੱਤ ਦੇ ਭਲੇ ਵਾਲੀਆਂ ਹਲਤਮੁਖੀ ਤੇ ਪਲਤਮੁਖੀ ਬਣਤਰਾਂ (spiritual and temporal structures) ਵਿਕਸਤ ਹੋ ਸਕਣ ਤਾਂ ਕਿ ਮਨੁੱਖ ਆਪਣੇ ਸੰਪੂਰਨ ਵਿਗਾਸ ਨੂੰ ਮਾਣ ਸਕੇ। ਭਾਵ ਆਜ਼ਾਦੀ, ਬਰਾਬਰਤਾ (ਨਸਲ, ਰੰਗ, ਲਿੰਗ, ਜਾਤ-ਪਾਤ, ਧਰਮ, ਅਮੀਰ-ਗਰੀਬ ਆਦਿ ਦੇ ਭਿੰਨ-ਭੇਦ ਤੋਂ ਰਹਿਤ, ਬਰਾਬਰੀ ਵਾਲਾ ਸਮਾਜਕ ਪ੍ਰਬੰਧ), ਨਿਆਂ ਤੇ ਸਾਂਝੀਵਾਲਤਾ ਵਾਲਾ ਆਦਰਸ਼ਕ ਸਮਾਜ ਅਤੇ ਰਾਜ ਉਸਰ ਸਕੇ।

੪. ਐਸਾ ਰਾਜ-ਪ੍ਰਬੰਧ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬ੍ਰਹਿਮੰਡੀ ਪਰਿਪੇਖ (cosmic perspective) ਨੂੰ ਸਾਕਾਰ ਕਰ ਸਕਣ ਦੇ ਸਮੱਰਥ ਹੋਵੇਗਾ।

੫. ਇਸ ਪ੍ਰਬੰਧ ਜਿਸ ਵਿਚ ਲੋਕ-ਰਾਜੀ ਪ੍ਰਵਿਰਤੀਆਂ ਤੇ ਸਾਂਝੀ ਲੋਕ ਅਗਵਾਈ ਭਾਵ ਪੰਚ ਪ੍ਰਧਾਨੀ ਪ੍ਰਣਾਲੀ ਹੋਵੇ ਅਤੇ ਖੁਦਮੁਖਤਿਆਰੀ ਦਾ ਸੰਚਾਰ ਸਭ ਤੋਂ ਹੇਠਲੇ ਪੱਧਰ ਤੱਕ ਹੋਵੇ।

੬. ਇਹ ਰਾਜ ਪ੍ਰਬੰਧ ਇਕ ਦੇਸ਼ ਜਾਂ ਦੇਸ਼ਾਂ ਦੇ ਸਮੂਹ ਦੀ ਧੌਸ ਤੋਂ ਮੁਕਤ ਰਾਜਨੀਤਕ ਵਿਸ਼ਵ ਪ੍ਰਬੰਧ ਦਾ ਹਾਮੀ ਹੋਵੇ।

੭. ਜਿਸ ਵਿੱਚ ਸਰੀਰਕ ਤੰਦਰੁਸਤੀ, ਸੁੱਚੀ ਕਿਰਤ, ਸਵੈ-ਮਾਣ ਤੇ ਚੜਦੀਕਲਾ, ਵਾਲਾ ਬੇ-ਖੌਫ਼ ਜੀਵਨ ਬਸਰ ਕਰਨ ਦਾ ਬੇਗਮਪੁਰੇ ਵਾਲਾ ਮਾਹੌਲ ਹੋਵੇ।

ਖਾਲਸਾ ਪੰਥ ਸੰਘਰਸ਼ ਕਦੋਂ ਕਰਦਾ ਹੈ:

ਜੋ ਵੀ ਤਾਕਤ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਹੋਂਦ ਨੂੰ ਕਾਬੂ ਜਾਂ ਸੀਮਤ ਕਰਨ ਦਾ ਯਤਨ ਕਰਦੀ ਹੈ ਜਾਂ ਰੱਬੀ ਹੁਕਮ ਤੋਂ ਆਕੀ ਹੋ ਕੇ ਜੁਲਮੀ ਰਾਜ ਸਥਾਪਤ ਕਰਦੀ ਹੈ ਤਾਂ ਸੱਚੇ ਪਾਤਿਸਾਹ ਵੱਲੋਂ ਖਾਲਸਾ ਪੰਥ ਦੀ ਜਿੰਮੇਵਾਰੀ ਤੈਅ ਹੈ ਕਿ ਜਰਵਾਣੇ ਦੀ ਭੱਖਿਆ-ਗਰੀਬ ਦੀ ਰੱਖਿਆ ਲਈ ਹਲੇਮੀ ਰਾਜ ਪ੍ਰਬੰਧ ਕਾਇਮ ਕਰੇ। ਆਕੀ ਰਾਜ ਨੂੰ ਜੜ੍ਹੋਂ ਪੱਟ ਕੇ ਸਰਬੱਤ ਦੇ ਭਲੇ ਵਾਲਾ ਪ੍ਰਬੰਧ ਸਿਰਜਣ ਤੱਕ ਬਾਗੀ ਜਾਂ ਬਾਦਸ਼ਾਹ ਵਾਲੀ ਦ੍ਰਿੜਤਾ ਨਾਲ ਜੱਦੋਜਹਿਦ ਕਰੇ।

ਬਿਪਰ ਸਾਮਰਾਜ ੧੯੪੭ ਤੋਂ ਹੀ ਖਾਲਸਾ ਪੰਥ ਉਤੇ ਸੂਖਮ ਤਰੀਕਿਆਂ ਨਾਲ ਹਮਲਾਵਰ ਹੈ। ਲੁਕਵੇਂ ਅਤੇ ਪ੍ਰਤੱਖ ਹਮਲੇ ਵਜੋਂ ਪੰਜਾਬ ਦੇ ਮਨੁੱਖੀ ਤੇ ਕੁਦਰਤੀ ਸਰੋਤਾਂ ਦਾ ਨਿਰੰਤਰ ਸ਼ੋਸ਼ਣ, ਮੁੱਖ ਧਾਰਾ ਦੀ ਆਰਥਿਕਤਾ ਅਤੇ ਰਾਜਨੀਤੀ ਵਿੱਚੋਂ ਪੰਜਾਬ ਨੂੰ ਮਨਫੀ ਕਰਨਾ, ਪੰਜਾਬ ਦੀ ਭੌ ਨੂੰ ਬੰਜਰ ਕਰਨ ਅਤੇ ਰੁਜ਼ਗਾਰ ਦੇ ਮੌਕੇ ਘਟਾਉਣ ਦੀਆਂ ਨੀਤੀਆਂ ਲਾਗੂ ਕਰਨਾ ਅਜੇ ਵੀ ਜਾਰੀ ਹੈ। ਪੰਜਾਬ ਅਤੇ ਇਸ ਖਿੱਤੇ ਦੇ ਲੋਕਾਂ ਦੀ ਜਰਵਾਣਿਆਂ ਤੋਂ ਰਖਿਆ ਲਈ ਖਾਲਸਾ ਪੰਥ ਸਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰਮਤੇ ਕਰਦਾ ਆਇਆ ਹੈ। ਜਦੋਂ ਜੂਨ ੧੯੮੪ ਵਿੱਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਹਮਲਾ ਕਰਕੇ ਖਾਲਸਾ ਪੰਥ ਦੀ ਹੋਂਦ ਮਿਟਾਉਣ ਦਾ ਯਤਨ ਕੀਤਾ ਗਿਆ ਤਾਂ ਸੰਘਰਸ਼ ਅਗਲੇ ਪੜਾਉ ਵਿੱਚ ਦਾਖਲ ਹੋ ਗਿਆ। ਪੰਥ ਪਿਆਰ ਵਿੱਚ ਜਾਨਾਂ ਵਾਰਨ ਵਾਲੇ ਸੂਰਮੇ ਹਕੂਮਤ ਨਾਲ ਲਹੂ ਡੋਲਵੀਂ ਜੰਗ ਵਿੱਚ ਕੁੱਦ ਪਏ। ਇਸ ਸੰਘਰਸ਼ ਦੇ ਮਹੱਤਵਪੂਰਨ ਪੜਾਅ ਵਜੋਂ ੨੯ ਅਪਰੈਲ ੧੯੮੬ ਦੇ ਦਿਨ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਗਿਆ।

ਆਦਰਸ਼ ਹਾਲਤਾਂ ਵਿਚ ਖਾਲਸਾ ਪੰਥ ਦੀ ਭੂਮਿਕਾ:

ਅੱਜ ਦੁਨੀਆਂ ਵਿਚ ਪ੍ਰਚੱਲਤ ਹਲਤਮੁਖੀ ਬਣਤਰਾਂ ਪੂਰਨ ਜਾਂ ਅੰਸ਼ਕ ਰੂਪ ਵਿਚ ਅਸਫ਼ਲ ਹੋ ਚੁੱਕੀਆਂ ਹਨ ਫਲਸਰੂਪ ਮੁਕਾਮੀ ਤੇ ਸੰਸਾਰ ਪੱਧਰ ਉੱਤੇ ਅਸਥਿਰਤਾ ਵਾਲੇ ਹਾਲਾਤ ਬਣਦੇ ਜਾ ਰਹੇ ਹਨ ਤਾਂ ਆਦਰਸ਼ਕ ਰੂਪ ਵਿਚ ਗੁਰੂ ਖਾਲਸਾ ਪੰਥ ਦਾ ਇਹ ਫਰਜ਼ ਬਣਦਾ ਹੈ ਕਿ ਸਰਬੱਤ ਦੇ ਭਲੇ ਲਈ ਆਪਣੇ ਅਮਲ ਰਾਹੀਂ ਚਾਨਣ ਮੁਨਾਰਾ ਬਣੇ ਅਤੇ ਦੁਨੀਆਂ ਸਾਹਮਣੇ ਐਸੇ ਪ੍ਰਬੰਧ/ਮਾਡਲ ਪੇਸ਼ ਕਰੇ ਜਿਨ੍ਹਾਂ ਨਾਲ ਸਰਬੱਤ ਦਾ ਭਲਾ ਹੋ ਸਕੇ।

ਖਾਲਸਾ ਪੰਥ ਲਈ ਜ਼ਰੂਰੀ ਹੈ ਕਿ ਭਵਿੱਖ ਲਈ ਸਹੀ ਮਾਰਗ-ਸੇਧ ਨਿਸ਼ਚਿਤ ਕਰਨ ਲਈ ਬਦਲੇ ਹੋਏ ਦੱਖਣ-ਏਸ਼ੀਆਈ ਅਤੇ ਸੰਸਾਰੀ ਹਾਲਤ ਨੂੰ ਦੇਖਦੇ ਹੋਏ ਅਤੇ ਬੀਤੇ ਸਿੱਖ ਸੰਘਰਸ਼ ਤੋਂ ਰੌਸ਼ਨੀ ਲੈਕੇ ਪੰਥਕ ਰਵਾਇਤ ਅਨੁਸਾਰ ਫ਼ੈਸਲੇ ਲਵੇ।

ਭਵਿਖਮੁਖੀ ਕਾਰਜ

੧. ਖਾਲਿਸਤਾਨ ਦੀ ਵਿਚਾਰਧਾਰਾ ਅਤੇ ਇਸ ਉੱਤੇ ਅਧਾਰਤ ਬਣਤਰਾਂ, ਪ੍ਰਣਾਲੀਆਂ ਅਤੇ ਪ੍ਰਬੰਧ ਬਾਰੇ ਸਿਧਾਂਤਕਾਰੀ/ਗਿਆਨਕਾਰੀ ਪੇਸ਼ ਕਰਨ ਦੀ ਕਵਾਇਦ ਨੂੰ ਉਤਸ਼ਾਹਤ ਕਰਨਾ।

੨. ਖਾਲਿਸਤਾਨ ਦੀ ਵਿਚਾਰਧਾਰਾ ਦੀ ਸਿਧਾਂਤਕ ਪੇਸ਼ਕਾਰੀ ਦੇ ਪ੍ਰਚਾਰ-ਪ੍ਰਸਾਰ ਨਾਲ ਗੁਰ-ਸੰਗਤਿ ਅੰਦਰ ਇਸ ਵਿਚਾਰਧਾਰਾ ਦਾ ਅਧਾਰ ਤਿਆਰ ਕਰਨਾ ਅਤੇ ਦੁਨੀਆਂ ਵਿਚ ਇਸ ਦੀ ਵਾਜ਼ਬੀਅਤ ਸਿੱਧ ਕਰਨੀ।

੩. ਖਾਲਿਸਤਾਨ ਲਹਿਰ ਦੇ ਨਾਇਕਾਂ ਅਤੇ ਇਤਿਹਾਸਕ ਸਾਕੇ/ਘਟਨਾਵਾਂ ਦੀਆਂ ਯਾਦਾਂ ਨੂੰ ਮਨਾਉਣਾ ਅਤੇ ਸੰਘਰਸ਼ ਦੀਆਂ ਪ੍ਰਾਪਤੀਆਂ ਨੂੰ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਪੰਥ ਤੱਕ ਲੈ ਕੇ ਜਾਣਾ।

੪. ਜੋ ਵੀ ਇਸ ਖਿਤੇ ਵਿੱਚ ਸਭਿਆਚਾਰਕ ਸਮਾਜਕ ਤੇ ਧਾਰਮਿਕ ਤੌਰ ਉੱਤੇ ਮੰਨੂ ਮਤਿ ਅਤੇ ਸਿਆਸੀ ਤੌਰ ਤੇ ਦਿੱਲੀ ਤਖਤ ਦੇ ਖਿਲਾਫ ਹੈ (ਭਾਵ ਦਲਿਤ, ਆਦਿਵਾਸੀ, ਕਸ਼ਮੀਰੀ, ਤਾਮਿਲ, ਉਤਰ ਪੂਰਬੀ ਖ਼ਿੱਤੇ ਦੀਆਂ ਅਤੇ ਹੋਰਨਾਂ ਵਿਲੱਖਣ ਕੌਮਾਂ, ਮੁਸਲਿਮ ਅਤੇ ਹੋਰ ਪਛੜੀਆਂ ਸ਼੍ਰੇਣੀਆਂ) ਉਹਨਾਂ ਸਭ ਧਿਰਾਂ ਨਾਲ ਸੰਵਾਦ ਰਚਾਉਣਾ ਅਤੇ ਉਨ੍ਹਾਂ ਨਾਲ ਜਥੇਬੰਦਕ ਪੱਧਰ ਉੱਤੇ ਤਾਲਮੇਲ ਤੇ ਸਾਂਝ (ਜਿਥੇ ਸੰਭਵ ਹੋਵੇ) ਕਾਇਮ ਕਰਨਾ।

ਗੁਰੂ ਪੰਥ ਦਾ ਦਾਸ

ਦਲਜੀਤ ਸਿੰਘ

(੨੯ ਅਪਰੈਲ, ੨੦੨੩)

 


** Bhai Daljit Singh’s Statement on 29th April Khalistan Declaration Day

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,