ਸਿੱਖ ਖਬਰਾਂ

ਪੰਥਕ ਜਥੇਬੰਦੀਆਂ ਵਲੋਂ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਅਕਾਲ ਤਖ਼ਤ ਸਾਹਿਬ ‘ਤੇ ਯਾਦ ਕੀਤਾ ਗਿਆ

August 31, 2016 | By

ਅੰਮ੍ਰਿਤਸਰ: ਭਾਈ ਦਿਲਾਵਰ ਸਿੰਘ ਦੀ ਯਾਦ ਵਿਚ ਅੱਜ ਅਕਾਲ ਤਖ਼ਤ ਸਾਹਿਬ ‘ਤੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਵਲੋਂ ਸਿੱਖ ਜਜ਼ਬਾਤਾਂ ਪ੍ਰਤੀ ਰੁੱਖੇ ਵਿਵਹਾਰ ‘ਤੇ ਵਰ੍ਹਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਨੇ ਕਾਹਲੀ ਵਿਚ ਸਾਰਾ ਪ੍ਰੋਗਰਾਮ ਸਮਾਪਤ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਭਾਈ ਦਿਲਾਵਰ ਸਿੰਘ ਨੇ ਆਪਣੇ ਸਰੀਰ ‘ਤੇ ਬੰਬ ਬੰਨ੍ਹ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ “ਸਿੰਘ” ਦੇ ਨਾਲ ਹੀ ਆਪਣੇ ਆਪ ਨੂੰ 31 ਅਗਸਤ 1995 ਨੂੰ ਚੰਡੀਗੜ੍ਹ ਵਿਖੇ ਉਡਾ ਲਿਆ ਸੀ। ਉਨ੍ਹਾਂ ਦੇ ਸਾਥੀ ਭਾਈ ਬਲਵੰਤ ਸਿੰਘ ਰਾਜੋਆਣਾ ਫਾਂਸੀ ਦੀ ਸਜ਼ਾ ਦੇ ਤਹਿਤ ਪਟਿਆਲਾ ਜੇਲ੍ਹ ‘ਚ ਅਤੇ ਭਾਈ ਜਗਤਾਰ ਸਿੰਘ ਹਵਾਰਾ ਉਮਰ ਕੈਦ ਦੀ ਸਜ਼ਾ ਦੇ ਤਹਿਤ ਤਿਹਾੜ ਜੇਲ੍ਹ ਵਿਚ ਬੰਦ ਹਨ।

ਭਾਈ ਦਿਲਾਵਰ ਸਿੰਘ ਦੀ 21ਵੀਂ ਬਰਸੀ ਦੇ ਸਬੰਧ ਵਿਚ ਅਕਾਲ ਤਖ਼ਤ ਸਾਹਿਬ ‘ਤੇ ਅਖੰਡ ਪਾਠ ਦੇ ਭੋਗ ਪਾਏ ਗਏ। ਭਾਈ ਦਿਲਾਵਰ ਸਿੰਘ ਦੇ ਭਰਾ ਚਮਕੌਰ ਸਿੰਘ ਅਤੇ ਹੋਰ ਰਿਸ਼ਤੇਦਾਰ ਇਸ ਮੌਕੇ ਹਾਜ਼ਰ ਸਨ। ਦਰਬਾਰ ਸਾਹਿਬ ਦੇ ਮੈਨੇਜਰ ਨੇ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਭਾਈ ਜਗਤਾਰ ਸਿੰਘ ਹਵਾਰਾ ਦਾ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਗਿਆ।

ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅਕਾਲ ਤਖ਼ਤ ਸਾਹਿਬ 'ਤੇ ਹੋਈ ਅਰਦਾਸ ਵਿਚ ਸ਼ਾਮਲ ਭਾਈ ਦਿਲਾਵਰ ਸਿੰਘ ਦਾ ਪਰਿਵਾਰ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ

ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅਕਾਲ ਤਖ਼ਤ ਸਾਹਿਬ ‘ਤੇ ਹੋਈ ਅਰਦਾਸ ਵਿਚ ਸ਼ਾਮਲ ਭਾਈ ਦਿਲਾਵਰ ਸਿੰਘ ਦਾ ਪਰਿਵਾਰ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ

ਦਲ ਖ਼ਾਲਸਾ ਦੇ ਮੁਖੀ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ 23 ਮਾਰਚ 2012 ਨੂੰ ਅਕਾਲ ਤਖ਼ਤ ਸਾਹਿਬ ‘ਤੇ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਮਨਾਉਣ ਦਾ ਫੈਸਲਾ ਲਿਆ ਗਿਆ ਸੀ ਜੋ ਕਿ ਇਤਿਹਾਸਕ ਅਤੇ ਹੋਰ ਕਈ ਮਾਇਨਿਆਂ ‘ਚ ਮਹੱਤਵਪੂਰਣ ਫੈਸਲਾ ਸੀ। ਆਗੂਆਂ ਨੇ ਕਿਹਾ ਕਿ ਸੱਤਾਧਾਰੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਸੌੜੇ ਸਿਆਸੀ ਹਿਤਾਂ ਲਈ ਵਰਤ ਕੇ ਸਿੱਖ ਸ਼ਹੀਦਾਂ ਅਤੇ ਸਿੱਖ ਜਜ਼ਬਾਤਾਂ ਪ੍ਰਤੀ ਗੰਭੀਰਤਾ ਨੂੰ ਖਤਮ ਕੀਤਾ ਹੈ।

ਦਲ ਖ਼ਾਲਸਾ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪੰਥਕ ਸ਼ਖਸੀਅਤਾਂ ਵਲੋਂ ਸ਼ਹੀਦ ਨੂੰ ਖਿਰਾਜ਼ੇ ਅਕੀਦਤ (ਸ਼ਰਧਾ ਦੇ ਫੁੱਲ੍ਹ) ਪੇਸ਼ ਕਰਨ ਤੋਂ ਰੋਕਣ ਦੀ ਮੰਦਭਾਵਨਾ ਤਹਿਤ ਸ਼੍ਰੋਮਣੀ ਕਮੇਟੀ ਨੇ ਭੋਗ ਦਾ ਸਮਾਂ 7:30 ਤੋਂ ਬਦਲ ਕੇ 6:30 ਕਰ ਦਿੱਤਾ। ਸੰਗਤ ਦੇ ਬੈਠਣ ਲਈ ਥਾਂ ਵੀ ਜਾਣਬੁਝ ਕੇ ਘੱਟ ਰੱਖਿਆ ਗਿਆ। ਜਿਹੜੀ ਵੀ ਥਾਂ ਦਿੱਤੀ ਗਈ ਸੀ ਉਸ ਵਿਚੋਂ ਵੀ ਅੱਧੀ ਥਾਂ ‘ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸਾਦੇ ਕੱਪੜਿਆਂ ‘ਚ ਪੁਲਿਸ ਵਾਲੇ ਬੈਠੇ ਸਨ। ਇਥੋਂ ਤਕ ਕਿ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਨੂੰ ਵੀ ਬੈਠਣ ਲਈ ਯੋਗ ਥਾਂ ਨਹੀਂ ਮੁਹੱਈਆ ਕਰਵਾਈ ਗਈ। ਸ਼ਹੀਦ ਦੇ ਇਕ ਪਰਿਵਾਰਕ ਮੈਂਬਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇੰਝ ਲਗਦਾ ਹੈ ਕਿ ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਦੇ ਡਰ ਤੋਂ ਸ਼ਹੀਦ ਨੂੰ ਸਤਿਕਾਰ ਦੇਣ ਤੋਂ ਬਚ ਰਹੀ ਹੈ।

ਦਲ ਖ਼ਾਲਸਾ ਦੇ ਆਗੂਆਂ ਨੇ ਸ਼ਾਂਤੀਪੂਰਣ ਅਤੇ ਧਾਰਮਿਕ ਸਮਾਗਮ ‘ਚ ਸਾਦੇ ਕੱਪੜਿਆਂ ਵਿਚ ਦਰਜਣਾਂ ਪੁਲਿਸ ਵਾਲਿਆਂ ਦੀ ਮੌਜੂਦਗੀ ‘ਤੇ ਵੀ ਕੜਾ ਇਤਰਾਜ਼ ਚੁੱਕਿਆ।

ਉਨ੍ਹਾਂ ਕਿਹਾ ਕਿ ਭਾਈ ਦਿਲਾਵਰ ਸਿੰਘ ਨੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ, ਇਸ ਲਈ ਉਨ੍ਹਾਂ ਦਾ ਮੌਜੂਦਾ ਸੰਘਰਸ਼ ਦੇ ਹੋਰ ਸ਼ਹੀਦਾਂ ਦੇ ਨਾਲ ਉਨ੍ਹਾਂ ਦਾ ਚਿੱਤਰ ਵੀ ਲੱਗਣਾ ਚਾਹੀਦਾ ਹੈ।

ਇਸ ਮੌਕੇ ਬਲਦੇਵ ਸਿੰਘ ਸਿਰਸਾ, ਸਰਬਜੀਤ ਸਿੰਘ ਘੁਮਾਣ, ਨੋਬਲਜੀਤ ਸਿੰਘ ਅਤੇ ਗੁਰਮੀਤ ਸਿੰਘ ਵੀ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,