ਸਿੱਖ ਖਬਰਾਂ

ਸਿੱਖ ਕੌਮ ਦਾ ਬੱਚਾ ਬੱਚਾ ਪ੍ਰੋ: ਭੁੱਲਰ ਦੀ ਫਾਂਸ਼ੀ ਦੀ ਸਜ਼ਾ ਦੇ ਵਿਰੋਧ ਵਿਚ ਲਾਮਬੰਦ ਹੋਵੇ : ਭਾਈ ਹਵਾਰਾ

June 1, 2011 | By

ਲੁਧਿਆਣਾ (31 ਮਈ, 2011): ਬੇਅੰਤ ਕਤਲ ਕਾਂਡ ਵਿਚ ਫਾਂਸ਼ੀ ਦੀ ਸਜ਼ਾ ਤਹਿਤ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਦੁਨੀਆ ਦੇ ਹਰ ਕੋਨੇ ਵਿਚ ਬੈਠੇ ਸਮੁੱਚੇ ਸਿੱਖ ਜਗਤ ਦੇ ਬੱਚੇ ਬੱਚੇ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸ਼ੀ ਦੀ ਸਜ਼ਾ ਦੇ ਵਿਰੁੱਧ ਲਾਮਬੰਦ ਹੋਣ।ਉਨ੍ਹਾਂ ਕਿਹਾ ਕਿ ਸਿੰਘ ਫਾਂਸ਼ੀਆਂ,ਗੋਲੀਆਂ ਤੋਂ ਨਾ ਕਦੇ ਡਰੇ ਸੀ, ਨਾ ਹੀ ਕਦੇ ਡਰੇ ਹਨ ਤੇ ਨਾ ਹੀ ਡਰਨਗੇ। ਪਰ ਇਹ ਸਜ਼ਾ ਕਨੂੰਨ ਤੇ ਇਨਸਾਫ ਦੇ ਦਾਇਰੇ ਵਿਚੋਂ ਬਾਹਰ ਜਾਕੇ ਫਿਰਕੂ ਜਹਿਨੀਅਤ ਦੀ ਨਫਰਤ ਦੇ ਪ੍ਰਭਾਵ ਹੇਠ ਦਿੱਤੀ ਗਈ ਹੈ।ਸਿੱਖਾਂ ਨੂੰ ਹਰ ਕਿਸਮ ਦੀ ਸਿਆਸਤ ਤੇ ਪਾਰਟੀਬਾਜ਼ੀ ਤੋਂ ਉਪਰ ਉੱਠਕੇ ਸ. ਭੁੱਲਰ ਦੀ ਰਿਹਾਈ ਤਕ ਸੰਘਰਸ ਲਈ ਲਾਮਬੰਦ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਜ਼ਾ ਸਿਰਫ ਪ੍ਰੋ: ਭੁੱਲਰ ਨੂੰ ਨਹੀਂ ਸਗੋਂ ਪੂਰੀ ਸਿੱਖ ਕੌਮ ਨੂੰ ਲਾਈ ਗਈ ਹੈ।
ਲੁਧਿਆਣਾ ਦੀ ਅਦਾਲਤ ਵਿਚ ਇਕ ਕੇਸ ਦੇ ਸਬੰਧ ਵਿਚ ਪੇਸ਼ੀ ਸਮੇਂ ਚਰਨਜੀਤ ਸਿੰਘ ਸੂੱਜੋਂ ਰਾਂਹੀ ਭੇਜੇ ਇਕ ਸੁਨੇਹੇ ਵਿਚ ਉਨ੍ਹਾਂ ਕਿਹਾ ਕਿ ਹਿੰਦੁਸਤਾਨ ਵਿਚ ਹਜ਼ਾਰਾਂ ਸਿੱਖਾਂ ਦੇ ਕਾਤਲ ਖੁਲ੍ਹੇ ਹੀ ਨਹੀਂ ਘੁੰਮ ਰਹੇ ਸਗੋਂ ਉਹ ਰਾਜ ਭਾਗ ਦਾ ਅਨੰਦ ਮਾਣ ਰਹੇ ਹਨ ਤੇ ਉਨ੍ਹਾਂ ਨੂੰ ਪੂਰੀ ਸਰਕਾਰੀ ਸਰਪ੍ਰਸਤੀ ਹਾਸਲ ਹੈ।ਠੀਕ ਇਸੇ ਤਰ੍ਹਾਂ ਬਲਾਤਕਾਰੀ , ਕਾਤਲ ਤੇ ਸਿੱਖ ਗੁਰੂਆਂ ਦਾ ਅਪਮਾਨ ਕਰਨ ਵਾਲੇ ਸਾਧਾਂ ਨੂੰ ਸਜ਼ਾ ਦੇਣ ਦੀ ਵਜਾਏ ਸਰਕਾਰ ਉਨ੍ਹਾਂ ਨੂੰ ਸੁਰੱਖਿਆਂ ਤੇ ਹੋਰ ਸਹੂਲਤਾਂ ਦੇ ਰਹੀ ਹੈ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਕੇ ਅਦਾਲਤਾਂ ਨੂੰ ਡਰਾਉਣ-ਧਮਕਾਉਣ ਦੀ ਖੁਲੀ ਛੋਟ ਦੇ ਰੱਖੀ ਹੈ।ਪਰ ਦੂਜੇ ਪਾਸੇ ਪ੍ਰੋ: ਭੁੱਲਰ ਨੂੰ ਸਿਰਫ ਇਸ ਲਈ ਫਾਂਸ਼ੀ ਦੀ ਸਜ਼ਾ ਦਿੱਤੀ ਗਈ ਕਿਉਂਕਿ ਉਹ ਇਕ ਘੱਟ ਗਿਣਤੀ ਫਿਰਕੇ ਨਾਲ ਸਬੰਧਤ ਹਨ। ਪ੍ਰੋ: ਭੁੱਲਰ ਦੇ ਕੇਸ ਵਿਚ ਕਨੂੰਨ ਤੇ ਇਨਸਾਫ ਦੀਆਂ ਸਾਰੀਆਂ ਮਾਨਤਾਵਾਂ ਨੂੰ ਪੈਰਾਂ ਹੇਠ ਰੋਲਕੇ ਇਹ ਸਜ਼ਾ ਦਿੱਤੀ ਗਈ। ਉਨ੍ਹਾਂ ਦੇ ਕੇਸ ਵਿਚ ਸੁਪਰੀਪ ਕੋਰਟ ਦਾ ਫੈਸਲਾ ਵੀ ਇਕ ਮੱਤ ਨਹੀ ਤੇ ਇਕ ਜੱਜ ਸਾਹਿਬਾਨ ਨੇ ਉਨ੍ਹਾਂ ਨੂੰ ਨਿਰੋਦੋਸ਼ ਦੱਸਿਆਂ ਹੈ।ਭੁੱਲਰ ਦੇ ਕੇਸ ਵਿਚ ਕੋਈ ਵੀ ਚਸਮਦੀਦ ਗਵਾਹ ਨਹੀਂ ਹੈ ਤੇ ਸਾਰਾ ਕੇਸ ਭੁੱਲਰ ਵਲੋਂ ਦਿੱਤੇ ‘ਕਥਿਤ ਇਕਬਾਲੀਆ ਬਿਆਨ’ ਤੇ ਅਧਾਰਤ ਹੈ ਜਿਸ ਵਾਰੇ ਸਭ ਨੂੰ ਪਤਾ ਹੈ ਕਿ ਇਹ ਬਿਆਨ ਕਿਵੇਂ ਲਏ ਜਾਂਦੇ ਹਨ ਤੇ ਅਦਾਲਤਾਂ ਵਿਚ ਇੰਨ੍ਹਾਂ ਦੀ ਸਚਾਈ ਨੂੰ ਕਨੂੰਨੀ ਮਾਨਤਾ ਨਹੀਂ ਹੈ । ਸ. ਭੁੱਲਰ ਨੇ ਸਾਫ ਕਿਹਾ ਸੀ ਕਿ ਉਨ੍ਹਾਂ ਨੇ ਇਹ ਬਿਆਨ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਪ੍ਰੋ: ਭੁੱਲਰ ਸਾਹਿਬ ਚੜ੍ਹਦੀ ਕਲਾ ਵਿਚ ਸੀ, ਚੜ੍ਹਦੀ ਕਲਾ ਵਿਚ ਹਨ ਤੇ ਚੜ੍ਹਦੀ ਕਲਾ ਵਿਚ ਰਹਿੰਨਗੇ।ਹਰ ਸਿੱਖ ਨੂੰ ਪ੍ਰੋ: ਭੁੱਲਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਬ੍ਰਾਹਮਣਵਾਦੀ ਸਰਕਾਰ ਨੂੰ ਪਤਾ ਲਗ ਸਕੇ ਕਿ ਕੌਮੀ ਯੋਧਿਆਂ ਨੂੰ ਕੌਮ ਕਿੰਨ੍ਹਾਂ ਪਿਆਰ ਕਰਦੀ ਹੈ।

ਉਨ੍ਹਾਂ ਅਖੀਰ ਵਿਚ ਕਿਹਾ ਕਿ ਤਿਹਾੜ ਜੇਲ ਦੇ ਸਮੂਹ ਬੰਦੀ ਸਿੰਘ ਜੂਨ 1984 ਦੇ ਸਹੀਦਾਂ ਨੂੰ ਸਰਧਾਂਜਲੀ ਭੇਟ ਕਰਦੇ ਹਨ।ਉਨ੍ਹਾਂ ਦੁਖ ਪ੍ਰਗਟ ਕਰਦੇ ਹੋਏ ਕਿਹਾ ਕਿ 26 ਸਾਲ ਬੀਤਣ ਤੋਂ ਬਾਅਦ ਵੀ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਪੰਥ ਦਰਦੀਆਂ ਨੂੰ ਸੰਘਰਸ ਕਰਨਾ ਪੈ ਰਿਹਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,