June 22, 2012 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (22 ਜੂਨ, 2012): ਅੰਗਰੇਜ਼ੀ ਦੇ ਇਕ ਪ੍ਰਮੁੱਖ ਅਖਬਾਰ ਅਨੁਸਾਰ ਭਾਜਪਾ ਵਿਧਾਇਕ ਤੇ ਪੰਜਾਬ ਦੇ ਸਿਹਤ ਮੰਤਰੀ ਮਦਨ ਮੋਹਨ ਮਿੱਲਤ ਨੇ ਪੰਜਾਬ ਵਿਧਾਨ ਸਭਾ ਵਿਚ ਐਲਾਨ ਕੀਤਾ ਕਿ – ਭਾਜਪਾ ਕਾਤਲ ਨੂੰ ਸ਼ਹੀਦ ਨਹੀਂ ਮੰਨਦੀ। ਇਸ ਮੰਤਰੀ ਦੀ ਇਹ ਟਿੱਪਣੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤੇ ਜਾਣ ਦੇ ਮਸਲੇ ਬਾਰੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਭਾਜਪਾ ਉੱਤੇ ਕੀਤੇ ਗਏ ਤਿੱਖੇ ਹਮਲਿਆਂ ਦੇ ਜਵਾਬ ਵਿਚ ਸਾਹਮਣੇ ਆਈ ਦੱਸੀ ਜਾ ਰਹੀ ਹੈ।
ਕਾਂਗਰਸੀਆਂ ਵੱਲੋਂ ਭਾਜਪਾ ਨੂੰ ਆਪਣੀ ਅਲੋਚਨਾ ਦਾ ਨਿਸ਼ਾਨਾ ਬਣਾਉਂਦਿਆਂ ਕਿਹਾ ਜਾ ਰਿਹਾ ਸੀ ਕਿ ਭਾਪਜਾ ਦੀ ਸਹਿਯੋਗੀ ਪਾਰਟੀ ਬਾਦਲ ਦਲ ਦਾ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਦਰਜ਼ਾ ਦਿੱਤਾ ਗਿਆ ਹੈ ਤਾਂ ਇਸ ਬਾਰੇ ਭਾਜਪਾ ਆਪਣਾ ਪੱਖ ਕਿਉਂ ਨਹੀਂ ਸਪਸ਼ਟ ਕਰ ਰਹੀ?
ਭਾਜਪਾ ਆਗੂ ਵੱਲੋਂ ਇਸ ਮਾਮਲੇ ਮਾਮਲੇ ਤੇ ਕੀਤੀ ਗਈ ਟਿੱਪਣੀ ਅਨੁਸਾਰ ਭਾਜਪਾ ਕਤਲ ਕਰਨ ਵਾਲਿਆਂ ਨੂੰ ਸ਼ਹੀਦ ਨਹੀਂ ਮੰਨਦੀ ਤਾਂ ਫਿਰ ਭਾਜਪਾ ਆਗੂਆਂ ਤੋਂ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਸ੍ਰ: ਭਗਤ ਸਿੰਘ ਤੇ ਸ੍ਰ: ਊਧਮ ਸਿੰਘ ਉਨ੍ਹਾਂ ਲਈ ਕਾਤਲ ਹਨ ਜਾਂ ਸ਼ਹੀਦ? ਕਿਉਂਕਿ ਉਨ੍ਹਾਂ ਨੂੰ ਵੀ ਕਤਲਾਂ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਕਾਨੂੰਨ ਤਹਿਤ ਮੁਕਦਮਾਂ ਚਲਾ ਕੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।
ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਆਪਣੀ ਸ਼ਮੂਲੀਅਤ ਅਦਾਲਤ ਵਿਚ ਮੰਨ ਲਈ ਸੀ ਤੇ ਅਦਾਲਤ ਵੱਲੋਂ ਭਾਈ ਰਾਜੋਆਣਾ ਨੂੰ ਮੌਤ ਦੀ ਸਜਾ ਸੁਣਾਈ ਗਈ ਹੈ। ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਵੱਡੀ ਪੱਧਰ ਉੱਤੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਸੀ ਤੇ ਉਸ ਸਮੇਂ ਦੌਰਾਨ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਤੇ ਘਰੋਂ ਚੁੱਕ ਕੇ ਜ਼ਬਰੀ ਲਾਪਤਾ ਕਰਕੇ ਮਾਰਿਆ ਜਾ ਰਿਹਾ ਹੈ। ਭਾਈ ਬਲਵੰਤ ਸਿੰਘ ਨੇ ਆਪਣੇ ਬਿਆਨਾਂ ਵਿਚ ਵੀ ਇਹੀ ਗੱਲ ਕਹੀ ਹੈ ਕਿ ਬੇਅੰਤ ਸਿੰਘ ਨਾਲ ਉਨ੍ਹਾਂ ਦੀ ਕੋਈ ਨਿੱਜੀ ਰੰਜਸ਼ ਦਾ ਦੁਸ਼ਮਣੀ ਨਹੀਂ ਸੀ ਬਲਕਿ ਆਪਣੀ ਕੌਮ ਦੀ ਹੋਂਦ ਉੱਤੇ ਮੰਡਰਾਂ ਰਹੇ ਗੰਭੀਰ ਖਤਰੇ ਦੇ ਅਹਿਸਾਸ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਸੀ।