November 17, 2023 | By ਰਾਜਪਾਲ ਸਿੰਘ ਸੰਧੂ
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਦੀ ਰਾਸ਼ਟਰਪਤੀ (ਭਾਰਤ ਸਰਕਾਰ) ਦੇ ਨਾਮ ਲਿਖੀ ਲੰਮੀ ਚਿੱਠੀ ਨੱਬੇਵਿਆਂ ਅੰਦਰ ਪਹਿਲੀ ਵਾਰ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਛਪੀ ਹੋਈ ਪੜ੍ਹੀ ਸੀ। ਇਹ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਦੀਆਂ ਗੱਲਾਂ ਹਨ। ਚਿੱਠੀ ਅੰਦਰ ਸਿੰਘਾਂ ਦੀ ਚੜ੍ਹਦੀ ਕਲਾ ਵਾਲੀ ਅਵਸਥਾ ਅਤੇ ਸਾਰੇ ਸਿੱਖ ਸੰਘਰਸ਼ ਦੀ ਗਹਿਰ ਗੰਭੀਰ ਪੜਚੋਲ ਸ਼ਹੀਦ ਯੋਧਿਆਂ ਦਾ ਅਲਬੇਲਾ ਪਰ ਸਹਿਜ ਕਰਮ ਸੀ। ਦੁਨੀਆਂ ਅੰਦਰ ਸਿੱਖ ਦਾ ਆਵਦੀ ਪਰਖ ਦੀ ਘੜੀ ਅੰਦਰ ਖਲੋ ਕੇ ਗੁਰੂ ਨਾਲ ਬਚਨ ਪਾਲਣ ਦਾ ਅਹਿਦ ਖੂਬਸੂਰਤ ਅੰਦਾਜ ਵਿੱਚ ਪੇਸ਼ ਹੋ ਰਿਹਾ ਸੀ। ਜੇਲ੍ਹ ਅੰਦਰ ਵਿਚਰਦਿਆਂ ਜੇਲ੍ਹ ਸਟਾਫ ਨਾਲ ਵਿਹਾਰ…ਆਪਣੇ ਸੰਘਰਸ਼ੀ ਸਾਥੀ ਸਿੰਘਾਂ ਨਾਲ ਚਿੱਠੀਆਂ ਦੀ ਸਾਂਝ ਪਾਉਂਦਿਆਂ….ਪਰਿਵਾਰਕ ਰਿਸ਼ਤਿਆਂ ਨਾਲ ਚਿੱਠੀਆਂ ਰਾਹੀਂ ਮੋਹ ਦੀਆਂ ਤੰਦਾਂ ਜੋੜਦਿਆਂ ਗੱਲ ਕੀ ਹਰ ਕਰਮ ਬੜੀ ਸ਼ਾਨ ਨਾਲ ਪੂਰਾ ਕੀਤਾ। ਕਿਤੇ ਕੋਈ ਥਿੜਕਣ ਨਹੀਂ, ਕਿਤੇ ਕੋਈ ਨਿਰਾਸ਼ਤਾ ਨਹੀਂ। ਜੇਲ੍ਹ ਤੋਂ ਲੈ ਕੇ ਫਾਂਸੀ ਦੇ ਤਖਤੇ ਤੱਕ ਸਭੋ ਕੁੱਝ ਵਿਲੱਖਣ ਸ਼ਾਨ ਨਾਲ ਭਰਿਆ। ਸੰਸਾਰ ਦੇ ਮਹਾਨ ਨਾਵਲਕਾਰ ਫਿਓਦੋਰ ਦਾਸਤੋਵਸਕੀ ਦੇ ਨਾਵਲ “ਬੁੱਧੂ” ਦਾ ‘ਲਾਗੋਸ’ ਨਾਮ ਦਾ ਪਾਤਰ ਜਦੋਂ ਫਾਂਸੀ ਦੇ ਤਖਤੇ ਉਪਰ ਖੜ੍ਹਾ ਹੁੰਦਾ ਤਾਂ ਕੰਬਣੀ ਨਾਲ ਭਰ ਜਾਰੋ ਜਾਰ ਰੋਣ ਲੱਗ ਜਾਂਦਾ। ਮੌਤ ਦੇ ਸਾਹਮਣੇ ਖਲੋ ਭੈ ਭੀਤ ਹੋ ਜਾਂਦਾ। ਉਸਦੀ ਇਹ ਕੰਬਣੀ ਉਸਦੇ ਇਤਿਹਾਸ, ਵਿਰਸੇ ਤੇ ਫਲਸਫੇ ਦੀ ਕੰਬਣੀ ਹੈ। ਜੋ ਕਿ ਉਸਨੂੰ ਮੌਤ ਦੇ ਸਾਹਮਣੇ ਸਾਬਤ ਖੜ੍ਹਾ ਨਾ ਰੱਖ ਸਕੀ। ਜਦਕਿ ਇਸ ਦ੍ਰਿਸ਼ ਦੇ ਬਿਲਕੁਲ ਉਲਟ 9 ਅਕਤੂਬਰ 1992 ਨੂੰ ਭਾਈ ਸੁੱਖਾ ਤੇ ਭਾਈ ਜਿੰਦਾ ਖੁਸ਼ੀ ਤੇ ਚਾਅ ਦੇ ਸੁਮੇਲ ਦਿਆਂ ਭਾਵਾਂ ਸੰਗ ਫਾਂਸੀ ਚੜ੍ਹੇ। ਉਸ ਵੇਲੇ ਦਾ ਜੇਲ੍ਹ ਦਾ ਸਟਾਫ ਅਤੇ ਹੋਰ ਅਧਿਕਾਰੀ ਇਕ ਡਰ ਤੇ ਉਦਾਸੀ ਦੇ ਪਰਛਾਵੇਂ ਹੇਠ ਵਿਚਰ ਰਹੇ ਸਨ ਪਰ ਸ਼ਹਾਦਤ ਵੱਲ ਤੁਰ ਰਹੇ ਸਿੰਘ ਚੜ੍ਹਦੀ ਕਲਾ ਨਾਲ ਜੈਕਾਰੇ ਗੁੰਜਾ ਰਹੇ ਸਨ। ਇਥੇ ਵੀ ਇਹਨਾਂ ਸਿੰਘਾਂ ਦਾ ਇਤਿਹਾਸ, ਵਿਰਸਾ ਤੇ ਫਲਸਫਾ ਉਹਨਾਂ ਦੀ ਪਿੱਠ ਤੇ ਖੜਾ ਸੀ ਜਿਹੜਾ ਉਹਨਾਂ ਨੂੰ ਗੁਰੂ ਪਿਆਰ ਅੰਦਰ ਸ਼ਾਨ ਨਾਲ ਕਤਲਗਾਹ ਵੱਲ ਤੋਰੀ ਜਾ ਰਿਹਾ ਸੀ।
ਕਿਤਾਬ ਮੰਗਵਾਉਣ ਲਈ ਸੁਨੇਹਾ ਭੇਜੋ –
ਦੋਹਾਂ ਸਿੰਘਾਂ ਵੱਲੋਂ ਲਿਖੀਆਂ ਚਿੱਠੀਆਂ ਨੂੰ ਭਾਵੇਂ ਕਿ ਪਹਿਲਾਂ ਵੀ ਕਿਤਾਬੀ ਰੂਪ ਮਿਲ ਚੁੱਕਾ ਹੈ। ਪਰ ਉਹਨਾਂ ਦੀਆਂ ਕੁੱਝ ਪਹਿਲਾਂ ਵਾਲੀਆਂ ਅਤੇ ਕੁੱਝ ਨਵੀਆਂ ਜੋ ਛਪਣੋ ਰਹਿ ਗਈਆਂ ਸਨ, ਇਹਨਾਂ ਨੂੰ ਇਕੱਤਰ ਕਰ ਛੋਟੇ ਵੀਰਾਂ ਪਰਮਜੀਤ ਸਿੰਘ ਗਾਜੀ ਤੇ ਰਣਜੀਤ ਸਿੰਘ ਨੇ ਸਾਂਝੇ ਉੱਦਮ ਨਾਲ ਫਿਰ ਤੋਂ ਸ਼ਾਨਦਾਰ ਕਿਤਾਬੀ ਰੂਪ ਦਿੱਤਾ ਅਤੇ ਨਾਲ ਹੀ ਸ਼ਹੀਦ ਸਿੰਘਾਂ ਦੇ ਕਿਰਦਾਰ ਦੀ ਨੁਮਾਇੰਦਗੀ ਕਰਦਾ ਟਾੲਟਲ “ਅਜ਼ਾਦਨਾਮਾ” ਰੱਖਿਆ।
ਇਹ ਦੋਹੇਂ ਵੀਰ ਪਿਛਲੇ ਲੰਮੇ ਸਮੇਂ ਤੋਂ ਪੰਥਕ ਸਰਗਰਮੀਆਂ ਦੇ ਕੁੱਲਵਕਤੀ ਹਿੱਸਾ ਬਣ ਵਿਚਰ ਰਹੇ ਹਨ। ਜਿਥੇ ਇਹ ਗਹਿਰ ਗੰਭੀਰ ਹੋ ਪੰਥਕ ਸਰਗਰਮੀਆਂ ਵਿੱਚ ਵਿਚਰਦੇ ਹਨ ਓਥੇ ਨਾਲੋ ਨਾਲ ਸਿੱਖ ਸੰਘਰਸ਼ ਦੇ ਅਣਮੋਲ ਦਸਤਾਵੇਜਾਂ ਨੂੰ ਕਿਤਾਬੀ ਸ਼ਕਲ ਵੀ ਦੇ ਰਹੇ ਹਨ। ਇਹਨਾਂ ਦੀ ਇਸ ਭੂਮਿਕਾ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਥੋੜੀ ਹੈ। ਆਉਣ ਵਾਲੀਆਂ ਪੀੜ੍ਹੀਆਂ ਕੋਲ ਸਹੀ ਦਸਤਾਵੇਜੀ ਕਿਤਾਬਾਂ ਦਾ ਪਹੁੰਚਣਾ ਬਹੁਤ ਵੱਡਾ ਪੁੰਨ ਦਾ ਕਾਰਜ ਹੁੰਦਾ। ਸੋ ਗੁਰੂ ਸਾਹਿਬ ਇਹਨਾਂ ਤੋਂ ਇਹ ਸੇਵਾ ਲੈ ਰਹੇ ਹਨ।
Related Topics: Azadnama, Parmjeet Singh Gazi, Rajpal singh sandhu, Ranjit Singh