July 22, 2017 | By ਸਿੱਖ ਸਿਆਸਤ ਬਿਊਰੋ
ਪਟਿਆਲਾ: ਬਹਾਦਰਗੜ੍ਹ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਸਾਹਮਣੇ ਬਣ ਰਹੇ ਓਵਰਬ੍ਰਿਜ ਹੇਠੋਂ ਲਾਂਘਾ ਰਖਾਉਣ ਦੇ ਯਤਨਾਂ ਨੂੰ ਬੂਰ ਪੈਣ ਲੱਗਿਆ ਹੈ। ਓਵਰਬ੍ਰਿਜ ਦਾ ਜਾਇਜ਼ਾ ਲੈਣ ਪੁੱਜੀ ਕੇਂਦਰੀ ਟੀਮ ਨੇ 40 ਫੁੱਟ ਚੌੜਾ ਅਤੇ 11 ਫੁੱਟ ਉੱਚਾ ਲਾਂਘਾ ਛੱਡਣ ਲਈ ਹਾਮੀ ਭਰ ਦਿੱਤੀ ਹੈਙ ਉਂਜ ਇਸ ਬਾਰੇ ਅੰਤਿਮ ਫ਼ੈਸਲਾ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਲਿਆ ਜਾਣਾ ਹੈ।
ਸੜਕੀ ਆਵਾਜਾਈ ਤੇ ਸ਼ਾਹਰਾਹਾਂ ਬਾਰੇ ਮੰਤਰਾਲੇ ਦੇ ਚੀਫ਼ ਇੰਜਨੀਅਰ ਏ.ਕੇ. ਨਾਗਪਾਲ ਦੀ ਅਗਵਾਈ ਹੇਠ ਇੱਥੇ ਪੁੱਜੇ ਮੰਤਰਾਲੇ ਦੇ ਰਿਜਨਲ ਅਫ਼ਸਰ ਅਦਿੱਤਿਆ ਪ੍ਰਕਾਸ਼, ਪੀਡਬਲਿਊਡੀ ਪੰਜਾਬ ਦੇ ਚੀਫ਼ ਇੰਜਨੀਅਰ ਏ.ਕੇ. ਸਿੰਗਲਾ, ਐਸਈ ਟੀ.ਐੱਸ. ਚਹਿਲ, ਪਟਿਆਲਾ ਤੋਂ ਐਕਸੀਅਨ ਵਿਪਨ ਬਾਂਸਲ ਤੇ ਟੀਮ ਲੀਡਰ ਕੇ.ਵੀ. ਨਾਰੰਗ ਨੇ ਓਵਰਬ੍ਰਿਜ ਦਾ ਜਾਇਜ਼ਾ ਲਿਆ ਤੇ ਰਿਪੋਰਟ ਤਿਆਰ ਕੀਤੀ। ਇਹ ਰਿਪੋਰਟ ਗਡਕਰੀ ਨੂੰ ਸੌਂਪੀ ਜਾਵੇਗੀ।
ਇਸ ਮੌਕੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਆਦਿ ਨੇ ਟੀਮ ਦਾ ਸਨਮਾਨ ਕੀਤਾ ਅਤੇ ਟੀਮ ਵੱਲੋਂ ਲਾਂਘੇ ਲਈ ਹਾਮੀ ਭਰਨ ਦੀ ਪੁਸ਼ਟੀ ਕੀਤੀ। ਜ਼ਿਕਰਯੋਗ ਹੈ ਕਿ ਰਾਜਪੁਰਾ-ਪਟਿਆਲਾ ਸੜਕੇ ’ਤੇ ਬਹਾਦਰਗੜ੍ਹ ਵਿਖੇ ਬਣ ਰਹੇ ਓਵਰਬ੍ਰਿਜ ਤੋਂ ਗੁਰਦੁਆਰੇ ਲਈ ਲਾਂਘਾ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ।
Related Topics: chandumajra, Gurduara Patshahi 9vi bahadargarh, nitin gadkari, Prof. Kirpal Singh Badunger, Shiromani Gurdwara Parbandhak Committee (SGPC)