ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਦਲਿਤ ਭਾਈਚਾਰੇ ਨਾਲ ਸਾਂਝ ਨੂੰ ਪੱਕਿਆਂ ਕਰਨ ਅਤੇ ਸਿੱਖ ਭਾਈਚਾਰੇ ਵਿੱਚ ਵਾਪਸੀ ਦੇ ਕੀਤੇ ਜਾਣਗੇ ਯਤਨ:ਸਿੱਖ ਯੂਥ ਆਫ ਪੰਜਾਬ

December 29, 2015 | By

ਦਲ ਖਾਲਸਾ ਦਾ ਆਰ.ਐਸ.ਐਸ ਨੂੰ ਜਵਾਬ: ਪਾਕਿਸਤਾਨ, ਬੰਗਲਾਦੇਸ਼ ਅਤੇ ਭਾਰਤ ਇੱਕ ਪ੍ਰਭੂਸੱਤਾ ਸੰਪੰਨ ਮੁਲਕ ਹਨ ਅਤੇ ਇਸੇ ਤਰਾਂ ਹੀ ਪੰਜਾਬ ਅਤੇ ਕਸ਼ਮੀਰ ਦੇ ਲੋਕ ਵੀ ਆਪਣਾ ਆਜ਼ਾਦ ਮੁਲਕ ਸਿਰਜਣ ਦਾ ਇਰਾਦਾ ਰੱਖਦੇ ਹਨ

ਜਲੰਧਰ: ਜਥੇਬੰਦੀ ਦੀ ਸਤਵੀਂ ਵਰੇਗੰਢ ਨੂੰ ਮਨਾਉਦਿੰਆਂ, ਸਿੱਖ ਯੂਥ ਆਫ ਪੰਜਾਬ ਵਲੋਂ ‘ਸ਼ਹੀਦ ਅਤੇ ਸਾਡੇ ਫਰਜ਼’ ਵਿਸ਼ੇ ਉਤੇ ਅੱਜ ਏਥੇ ਕੇ.ਐਲ.ਸਹਿਗਮ ਐਡੀਟੋਰੀਅਮ ਵਿੱਚ ਭਰਵੀਂ ਕਾਨਫਰੰਸ ਦਾ ਆਯੋਜਿਨ ਕੀਤਾ ਜਿਸ ਨੂੰ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ।

ਸਿੱਖ ਯੂਥ ਆਫ ਪੰਜਾਬ ਵੱਲੋਂ ਸ਼ਹੀਦ ਅਤੇ ਸਾਡੇ ਫਰਜ਼ ਵਿਸ਼ੇ ਤੇ ਕਰਵਾਈ ਗਈ ਕਾਨਫਰੰਸ

ਸਿੱਖ ਯੂਥ ਆਫ ਪੰਜਾਬ ਵੱਲੋਂ ਸ਼ਹੀਦ ਅਤੇ ਸਾਡੇ ਫਰਜ਼ ਵਿਸ਼ੇ ਤੇ ਕਰਵਾਈ ਗਈ ਕਾਨਫਰੰਸ

ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿੱਖ ਕੌਮ ਲਈ ਪ੍ਰੇਰਣਾ ਸਰੋਤ ਦਸਦਿਆਂ ਜਥੇਬੰਦੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਅੱਜ ਦਾ ਨੌਜਵਾਨ ਜਿਥੇ ਉਹਨਾਂ ਦੀ ਸੂਰਬੀਰਤਾ, ਅਡੋਲਤਾ ਅਤੇ ਸਿਦਕ ਦਿਲੀ ਨੂੰ ਸਿਜਦਾ ਕਰਦਾ ਹੈ ਊਥੇ ਆਪਣੇ ਕੌਮੀ ਫਰਜ਼ਾਂ ਦੀ ਅਦਾਇਗੀ ਲਈ ਵਚੱਨਬੱਧ ਵੀ ਹੈ।

ਸਿੱਖ ਯੂਥ ਆਫ ਪੰਜਾਬ ਵਲੋਂ ਕਾਨਫਰੰਸ ਦੌਰਾਨ ੭ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਦਲਿਤ ਭਾਈਚਾਰੇ ਨਾਲ ਸਨਮਾਨਜਨਕ ਤਰੀਕੇ ਨਾਲ ਸਾਂਝ ਨੂੰ ਪੱਕਿਆਂ ਕਰਨ ਲਈ ਗੱਲਬਾਤ ਦਾ ਸਿਲਸਿੱਲਾ ਸ਼ੂਰੂ ਕਰਨ ਅਤੇ ਉਹਨਾਂ ਨੂੰ ਸਿੱਖੀ ਦਾਇਰੇ ਵਿੱਚ ਲਿਆਉਣ ਲਈ ਯਤਨਸ਼ੀਲ ਹੋਣ ਦਾ ਐਲਾਨ ਕੀਤਾ ਗਿਆ।

ਦੂਜੇ ਮਤੇ ਵਿੱਚ ਕਿਹਾ ਗਿਆ ਕਿ ਮਨੁੱਖੀ ਅਧਿਕਾਰਾਂ ਦੇ ਘਾਣ, ਜਬਰੀ ਅਗਵਾ ਅਤੇ ਫਰਜੀ ਮੁਕਾਬਲਿਆਂ ਦੀਆਂ ਕਹਾਣੀਆਂ ਨੰਗੀਆਂ ਹੋ ਚੁੱਕੀਆਂ ਹਨ ਅਤੇ ਜ਼ੁਲਮ ਕਰਨ ਵਾਲੇ ਸਿਸਟਮ ਦੇ ਪੁਰਜੇ ਵੀ ਹੁਣ ਇਸਨੂੰ ਕਬੂਲਣ ਲੱਗ ਪਏ ਹਨ। ਕਾਨਫਰੰਸ ਨੇ ਮੰਗ ਕੀਤੀ ਕਿ ਅੰਤਰਰਾਸ਼ਟਰੀ ਭਾਈਚਾਰਾ ਅਤੇ ਇੰਡੀਅਨ ਸਿਵਲ ਸੁਸਾਈਟੀ ਜੋ ਕਿ ਹੁਣ ਤੱਕ ਸਿੱਖਾਂ ਉਤੇ ਹੋਏ ਜ਼ੁਲਮਾਂ ਨੂੰ ਖੁਲੀਆਂ ਅੱਖਾਂ ਨਾਲ ਦੇਖਦੇ ਤਾਂ ਰਹੇ ਪਰ ਬੋਲੇ ਨਹੀਂ, ਉਹਨਾਂ ਨੂੰ ਹੁਣ ਬੋਲਣਾ ਚਾਹੀਦਾ ਹੈ, ਆਪਣੀ ਭੇਦਭਰੀ ਚੁੱਪ ਤੋੜਣੀ ਚਾਹੀਦੀ ਹੈ।

ਤੀਜੇ ਮਤੇ ਰਾਂਹੀ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਨਾਲ ਮਾਰੇ ਗਏ ੨ ਸਿੱਖ ਪ੍ਰਦਰਸ਼ਨਕਾਰੀਆਂ ਅਤੇ ਕੋਟਕਪੂਰਾ ਵਿਖੇ ਸਿੱਖ ਸੰਗਤਾਂ ਉਤੇ ਕੀਤੇ ਵਹਿਸ਼ੀ ਹਮਲੇ ਦੀ ਜਾਂਚ ਲਈ ਮਨੁੱਖੀ ਅਧਿਕਾਰ ਸੰਸਥਾਵਾਂ ਵਲੋਂ ਜੋ ਜਸਟਿਸ ਕਾਟਜੂ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ, ਉਸਦਾ ਸੁਆਗਤ ਕੀਤਾ ਗਿਆ।

ਚੌਥੇ ਮਤੇ ਰਾਂਹੀ ਨਸ਼ਿਆਂ ਦੇ ਕੋਹੜ ਤੋਂ ਛਟਕਾਰਾਂ ਪਾਉਣ ਲਈ ਨੌਜਵਾਨਾਂ ਨੂੰ ਜਥੇਬੰਦ ਹੋਣ ਅਤੇ ਇਸ ਦੇ ਖਿਲਾਫ ਡੱੱਟ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।

ਪੰਜਵੇਂ ਮਤੇ ਰਾਂਹੀ ਕਿਸਾਨਾਂ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਉਤੇ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਗਿਆ।

ਇੱਕ ਹੋਰ ਮਤੇ ਰਾਂਹੀ ਸਾਰੇ ਰਾਜਨੀਤਿਕ,  ਧਾਰਮਿਕ ਅਤੇ ਸਮਾਜਿਕ ਕਾਰਜਕਰਤਾਵਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਲੲੀ ਸਰਕਾਰ ਨੂੰ ਕਿਹਾ ਗਿਆ ਹੈ ਜਿਨ੍ਹਾਂ ਨੂੰ ਪਿਛਲੇ ੩ ਮਹੀਨਿਆ ਤੋਂ ਅਕਾਲੀ ਸਰਕਾਰ ਨੇ ਕਾਲੇ ਕਾਨੂੰਨਾਂ ਦੀਆਂ ਸੰਗੀਨ ਧਾਰਾਂ ਹੇਠ ਗ੍ਰਿਫਤਾਰ ਕਰ ਰਖਿਆ ਹੈ।

ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵਲੋਂ ਕੀਤੇ ਖੁਲਾਸੇ ਦੇ ਹਵਾਲੇ ਨਾਲ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਪਿਛਲੇ ਤਿੰਂਨ ਦਹਾਕਿਆਂ ਅੰਦਰ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਸਹੀ ਰੂਪ ਅਤੇ ਸੰਦਰਭ ਵਿੱਚ ਸਮਝਣ ਲਈ ਇਸ ਦੇ ਪਿਛੇ ਰਹੇ ਮੂਲ ਕਾਰਨਾਂ ਨੂੰ ਸਮਝਣਾ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਹੋਏ ਮਨੂੱਖੀ ਅਧਿਕਾਰਾਂ ਦੇ ਘਾਣ ਪਿੱਛੇ ਰਾਜਨੀਤਿਕ ਕਾਰਨ ਹਨ ਜਿਸ ਨੂੰ ਭਾਰਤ ਅਤੇ ਪੰਜਾਬ ਸਰਕਾਰਾਂ ਨੇ ਲਾਅ ਐਂਡ ਆਰਡਰ ਦੀ ਸਮਸਿਆ ਗਰਦਾਨ ਕੇ ਕੁਚਲਿਆ ਹੈ। ਜਦ ਤੱਕ ਇਹਨਾਂ ਰਾਜਨੀਤਿਕ ਕਾਰਨਾਂ ਨੂੰ ਭਾਰਤ ਸਰਕਾਰ ਇਮਾਨਦਾਰੀ ਅਤੇ ਸੰਜੀਦਗੀ ਦੇ ਨਾਲ ਮੰਨ ਕੇ ਇਸ ਦਾ ਹੱਲ ਨਹੀ ਕਰਦੀ ਤਦ ਤੱਕ ਮਨੁੱਖੀ ਅਧਿਕਾਰਾਂ ਦੇ ਘਾਣ ਬੰਦ ਹੋਣਗੇ।

ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਦਲ ਖਾਲਸਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ

ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਦਲ ਖਾਲਸਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ

ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਯੂਥ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਧਰਮ ਦੇ ਸ਼ਹੀਦ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਉਹਨਾਂ ਪੁਰਾਤਨ ਅਤੇ ਨਵੀਨ ਸ਼ਹੀਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਿੱਖ ਇਤਿਹਾਸ ਦਾ ਸੁਨੇਹਿਰੀ ਪਨ੍ਹਾ ਹੈ ਅਤੇ ਯਕੀਨਨ ਸਾਡੀ ਮੌਜੂਦਾ ਪਨੀਰੀ ਇਹਨਾਂ ਸ਼ਹੀਦੀਆਂ ਪਿੱਛੇ ਕੰਮ ਕਰਦੀ ਭਾਵਨਾ ਨੂੰ ਪ੍ਰਚੰਡ ਰੱਖੇਗੀ ਅਤੇ ਉਹਨਾਂ ਸਿਧਾਂਤਾਂ ਨਾਲ ਸਮਝੌਤਾ ਕਰਨ ਦੀ ਕਿਸੇ ਨੂੰ ਵੀ ਇਜ਼ਾਜ਼ਤ ਨਹੀਂ ਦੇਵੇਗੀ।

ਉਹਨਾਂ ਆਰ.ਐਸ਼.ਐਸ ਦੇ ਜਨਰਲ ਸਕੱਤਰ ਰਾਮ ਮਾਧਵ ਦਾ ਬਿਆਨ ਕਿ ਇੱਕ ਦਿਨ ਅਖੰਡ ਭਾਰਤ ਕਾਇਮ ਕਰਨ ਲਈ ਪਾਕਿਸਤਾਨ, ਬੰਗਲਾਦੇਸ਼ ਤੇ ਭਾਰਤ ਮੁੱੜ ਰਲੇਵਾਂ ਕਰਨਗੇ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਤਿਹਾਸ ਅੱਗੇ ਵੱਧਦਾ ਹੈ, ਪਿਛੇ ਨੂੰ ਨਹੀਂ। ਉਹਨਾਂ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸੰਘ ਪਰਿਵਾਰ ਦੇ ਉਚ ਅਹੁਦੇਦਾਰ ਦਾ ਇਹ ਬਿਆਨ ਸੰਸਥਾ ਦੀ ਚਿਰਾਂ ਤੋਂ ਲੁਕਵੀਂ ਮਨਸ਼ਾ ਕਿ ਇਸ ਭਾਰਤੀ ਉਪ ਮਹਾਦੀਪ ਦੀਆਂ ਸਾਰੀਆਂ ਘੱਟ-ਗਿਣਤੀ ਕੌਮਾਂ ਨੂੰ “ਵਿਸ਼ਾਲ ਹਿੰਦੂ ਸਾਗਰ” ਵਿੱਚ ਜ਼ਜ਼ਬ ਕਰਨ ਦੀ ਸੋਚ ਨੂੰ ਉਜਾਗਰ ਕਰਦੀ ਹੈ। ਉਹਨਾਂ ਕਿਹਾ ਕਿ ਰਾਮ ਮਾਧਵ ਆਰ.ਐਸ.ਐਸ ਦਾ ਦਿਮਾਗ ਮੰਨਿਆ ਜਾਂਦਾ ਹੈ ਅਤੇ ਇਸ ਦੇ ਬਿਆਨ ਦੇ ਪਿਛੇ ਕੁਝ ਲੁਕਵੇਂ ਅਰਥ ਜਰੂਰ ਹਨ, ਜਿਸ ਦੀ ਡੂੰਘਾਈ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਸ ਲਈ ਉਹ ਘੱਟ-ਗਿਣਤੀਆਂ ਨੂੰ ਸੁਚੇਤ ਕਰਨਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਅਜੋਕੇ ਸਮੇ ਵਿੱਚ ਜਦੋਂ ਕਸ਼ਮੀਰੀ, ਸਿੱਖ ਤੇ ਨਾਗਿਆਂ ਦਾ ਵੱਡਾ ਹਿੱਸਾ ਆਪਣੇ ਪੁਰਖਾਂ ਦੇ ਭਾਰਤ ਭਾਰਤ ਨਾਲ ਮਿਲਣ ਦੇ ਫੈਸਲੇ ਉਤੇ ਪਛਤਾਅ ਰਿਹਾ ਹੈ ਅਜਿਹੇ ਸਮੇ ਆਰ.ਐਸ.ਐਸ ਦਾ ਅਜਿਹਾ ਸੋਚਣਾ ਮੂਰਖਾਂ ਦੀ ਦੁਨਿਆ ਵਿੱਚ ਰਹਿਣ ਦੇ ਬਰਾਬਰ ਹੈ।ਉਹਨਾਂ ਕਿਹਾ ਕਿ ਇਹ ਇੱਕ ਸਚਾਈ ਹੈ ਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਭਾਰਤ ਇੱਕ ਪ੍ਰਭੂਸੱਤਾ ਸੰਪੰਨ ਮੁਲਕ ਹਨ ਅਤੇ ਇਸੇ ਤਰਾਂ ਹੀ ਪੰਜਾਬ ਅਤੇ ਕਸ਼ਮੀਰ ਦੇ ਲੋਕ ਵੀ ਆਪਣਾ ਆਜ਼ਾਦ ਮੁਲਕ ਸਿਰਜਣ ਦਾ ਇਰਾਦਾ ਅਤੇ ਇੱਛਾ ਰੱਖਦੇ ਹਨ।

ਸਿੱਖਸ ਫਾਰ ਹਿਊਮਨ ਰਾਈਟਜ਼ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਕਿਉਂ ਪੰਜਾਬ ਅੰਦਰ ਸਰਗਰਮ ਮਨੁੱਖੀ ਅਧਿਕਾਰਾਂ ਲਈ ਕੰਮ ਰਹੀਆਂ ਸੰਸਥਾਵਾਂ ਨੂੰ ਜਸਟਿਸ ਕਾਟਜੂ ਦੀ ਅਗਵਾਈ ਹੇਠ ਪੀਪਲਜ਼ ਕਮਿਸ਼ਨ ਬਨਾਉਣ ਦੀ ਲੋੜ ਪਈ। ਉਹਨਾਂ ਕਿਹਾ ਕਿ ਬਹਿਬਲ ਕਲਾਂ ਕਾਂਡ ਸਬੰਧੀ ਪੰਜਾਬ ਸਰਕਾਰ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਨਿਭਾਉਣ ਦੀ ਬਜਾਏ ਦੋਸ਼ੀ ਅਫਸਰਾਂ ਦੀ ਪੁਸ਼ਤਪਨਾਹੀ ਕਰ ਰਹੀ ਸੀ ਅਤੇ ਇਨਸਾਫ ਦੀ ਲੋਅ ਦੂਰ-ਦੂਰ ਤੱਕ ਦਿਖਾਈ ਨਹੀਂ ਦੇ ਰਹੀ ਸੀ, ਅਜਿਹੇ ਸਮੇ ਉਹਨਾਂ ਆਪਣੀ ਜ਼ਿਮੇਵਾਰੀ ਸਮਝਦਿਆਂ ਇਹ ਕਦਮ ਪੁਟਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਮਿਸ਼ਨ ਨੂੰ ਹਰ ਤਰਾਂ ਨਾਲ ਸਹਿਯੋਗ ਦੇਣ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦਾ ਨਾ ਫੜਿਆ ਜਾਣਾ, ਹਰ ਸੱਚੇ ਸਿੱਖ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਬੁਰੀ ਤਰਾਂ ਨਾਲ ਫੇਲ ਹੋਈ ਹੈ ਅਤੇ ਪੰਜਾਬ ਵਿੱਚ ਹਰ ਪਾਸੇ ਅਰਾਜਕਤਾ ਫੈਲੀ ਹੋਈ ਹੈ ਅਤੇ ਅਬੋਹਰ ਕਾਂਡ ਇਸ ਦੀ ਤਾਜਾ ਮਿਸਾਲ ਹੈ। ਉਹਨਾਂ ਸਰਕਾਰੀ ਤੰਤਰ ਉਤੇ ਸ਼ੋਰਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਕੰਮ-ਕਾਜ ਵਿੱਚ ਸਿੱਧੀ ਦਖਲਅੰਦਾਜੀ ਦਾ ਇਲਜਾਮ ਲਾਉਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਅਤੇ ਜਥੇਦਾਰ ਅਵਤਾਰ ਸਿੰਘ ਤਾਂ ਕੇਵਲ ਨਾਂ ਦੇ ਮੋਹਰੇ ਹਨ ਅਸਲ ਵਿੱਚ ਸਾਰੇ ਫੈਸਲੇ ਬਾਦਲ ਪਰਿਵਾਰ ਅਤੇ ਉਸ ਦੀ ਅਫਸਸ਼ਾਹੀ ਹੀ ਕਰਦੀ ਹੈ।  ਉਹਨਾਂ ਕਿਹਾ ਕਿ ਅਗਲੇ ਵਰ੍ਹਾ ਸ਼੍ਰੋਮਣੀ ਕਮੇਟੀ ਅਤੇ ਵਿਧਾਨ ਸਭਾ ਦੀਆਂ ਚੋਣਾਂ ਦਾ ਵਰ੍ਹਾ ਹੈ। ਉਹਨਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਵੋਟਰਾਂ ਨੂੰ ਭਰਮਾਉਣ, ਗੁੰਮਰਾਹ ਕਰਨ ਲਈ ਝੂਠੇ ਵਾਅਦਿਆਂ ਦੀ ਝੜੀ ਲਾਉਣਗੀਆਂ।

ਸਿੱਖ ਯੂਥ ਆਫ ਪੰਜਾਬ ਦੇ ਸੀਨੀਅਰ ਆਗੂ ਪ੍ਰਭਜੋਤ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਵਿੱਚ ਜਾਤ-ਪਾਤ ਲਈ ਕੋਈ ਥਾਂ ਨਹੀ ਹੈ ਪਰ ਸਿੱਖ ਕੌਮ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੀ ਹੈ। ਜਥੇਬੰਦੀ ਦਾ ਇਹ ਮੰਨਣਾ ਹੈ ਕਿ ਦਲਿਤ ਭਾਈਚਾਰਾ ਜੋ ਕਿ ਸਿੱਖ ਪੰਥ ਦਾ ਅਟੁੱਟ ਅੰਗ ਹੈ ਉਸ ਨੂੰ ਸਾਡੀਆਂ ਕੌਮੀ ਧਾਰਮਿਕ ਅਤੇ ਰਾਜਨੀਤਿਕ ਸਿੱਖ ਸੰਸਥਾਂਵਾ ਵਲੋਂ ਪੂਰੀ ਤਰ੍ਹਾ ਅਣਗੌਲਿਆ ਕੀਤਾ ਜਾ ਰਿਹਾ ਹੈ। ਜਾਤ-ਪਾਤ ਦੇ ਇਸ ਅਸਿੱਖ ਰੂਝਾਨ ਜਿਸਨੇ ਕੌਮ ਅੰਦਰ ਡੂੰਘੀ ਥਾਂ ਬਣਾ ਲਈ ਹੈ, ਨੂੰ ਠੱਲਣ ਲਈ ਉਹਨਾਂ ਦੀ ਜਥੇਬੰਦੀ ਹਰ ਸੰਭਵ ਉਪਰਾਲੇ ਕਰੇਗੀ।

ਯੂਥ ਆਗੂ ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਮੰਡ ਅਤੇ ਗੁਰਪ੍ਰੀਤ ਸਿੰਘ ਖੁੱਡਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਰਾਜਨੀਤੀ ਦੇ ਅਪਰਾਧੀਕਰਨ, ਔਰਤਾਂ ਦੀ ਇੱਜਤ ਨਾਲ ਹੋ ਰਿਹੇ ਖਿਲਵਾੜ ਅਤੇ ਸੱਭਿਆਚਾਰ ਵਿੱਚ ਫੈਲ ਰਹੀ ਅਸ਼ਲੀਲਤਾ ਨੇ ਸਮਾਜ ਨੂੰ ਬੁਰੀ ਤਰ੍ਹਾ ਪ੍ਰਭਾਵਿਤ ਕੀਤਾ ਹੋਇਆ ਹੈ ਜੋ ਕਿ ਪੁਲਿਸ ਪ੍ਰਸ਼ਾਸ਼ਨ , ਰਾਜਨੀਤਿਕ ਲੋਕਾਂ ਦੀ ਮਿਲੀ ਭੁਗਤ ਨਾਲ ਬੇ ਰੋਕ-ਟੋਕ ਦਿਨ-ਬ–ਦਿਨ ਵੱਧਦਾ ਹੀ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰ ਆਮ ਇਨਸਾਨ ਇਸ ਤੋਂ ਚਿੰਤਤ, ਭੈ-ਭੀਤ ਅਤੇ ਬੇਵਸ ਮਹਿਸੂਸ ਕਰ ਰਿਹਾ ਹੈ।

ਇਸ ਮੌਕੇ ਰਣਬੀਰ ਸਿੰਘ, ਨੋਬਲਜੀਤ ਸਿੰਘ, ਮਨਜੀਤ ਸਿੰਘ ਕਰਤਾਰਪੁਰ, ਗੁਰਮੀਤ ਸਿੰਘ ਕਰਤਾਰਪੁਰ, ਜਸਪ੍ਰੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,