ਖਾਸ ਖਬਰਾਂ

ਸਿਖ ਨਸਲਕੁਸ਼ੀ (1984) ਦੇ ਕੇਸ ਵਿਚ ਕਾਂਗਰਸ ਨੇ ਅਮਰੀਕੀ ਅਦਾਲਤ ਨੂੰ 24 ਜੂਨ ਤੱਕ ਦਾ ਸਮਾਂ ਦੇਣ ਲਈ ਕਿਹਾ

March 26, 2011 | By

ਵਾਧੂ ਸਮਾਂ ਲੈਣ ਦੀ ਕਾਂਗਰਸ (ਆਈ) ਦੀ ਕੋਸ਼ਿਸ਼ ਦਾ ਸਿਖਸ ਫਾਰ ਜਸਟਿਸ ਕਰੇਗੀ ਵਿਰੋਧ

ਨਿਊਯਾਰਕ (25 ਮਾਰਚ 2011): ਨਵੰਬਰ 1984 ਸਿਖ ਨਸਲਕੁਸ਼ੀ ਕੇਸ ਵਿਚ ਜਾਰੀ ਸੰਮਣ ਦਾ ਜਵਾਬ ਦੇਣ ਲਈ ਕਾਂਗਰਸ (ਆਈ) ਨੇ ਅਮਰੀਕਾ ਦੀ ਨਿਊਯਾਰਕ ਜ਼ਿਲਾ ਅਦਾਲਤ ਤੋਂ 24 ਜੂਨ ਤੱਕ ਦਾ ਸਮਾਂ ਮੰਗਿਆ ਹੈ। ਕਾਂਗਰਸ (ਆਈ) ਨੇ ਨਿਊਯਾਰਕ ਸਥਿਸ ਉਸੇ ਸੱਭਰਵਾਲ, ਨੋਰਡਿਨ ਤੇ ਫਿੰਕਲ ਲਾਅ ਫਰਮ ਨੂੰ ਕੇਸ ਦੀ ਪੈਰਵਾਈ ਸੰਭਾਲੀ ਹੈ ਜਿਹੜੀ ਕਿ ਇਸੇ ਕੇਸ ਵਿਚ ਕਮਲ ਨਾਥ ਲਈ ਸਹਿਵਕੀਲ ਹਨ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਕਾਂਗਰਸ ਵਲੋਂ ਸਮਾਂ ਮੰਗਣ ਦੀ ਕੀਤੀ ਗਈ ਬੇਨਤੀ ਕੇਸ ਨੂੰ ਲਮਕਾਉਣ, ਵਿਘਨ ਪਾਉਣ ਤੇ ਗਵਾਹਾਂ ਤੇ ਪੀੜਤਾਂ ਨੂੰ ਧਮਕਾਉਣ ਦੀ ਉਸ ਦੀ ਪੁਰਾਣੀ ਯੋਜਨਾ ਦਾ ਹੀ ਇਕ ਹਿੱਸਾ ਹੈ ਜੋ ਉਹ ਪਿਛਲੇ 26 ਸਾਲਾਂ ਤੋਂ ਕਰਦੀ ਆਈ ਹੈ। ਅਟਾਰਨੀ ਪੰਨੂ ਨੇ ਕਿਹਾ ਕਿ ਸਿਖਸ ਫਾਰ ਜਸਟਿਸ ਕਾਂਗਰਸ ਵਲੋਂ ਵਾਧੂ ਸਮਾਂ ਮੰਗਣ ਲਈ ਕੀਤੇ ਜਾ ਰਹੇ ਯਤਨਾਂ ਦਾ ਵਿਰੋਧ ਕਰੇਗੀ।

ਕਾਂਗਰਸ (ਆਈ) ਦੇ ਖਿਲਾਫ ਕੇਸ ਵਿਚ ਇਕ ਮੁਦਾਲਾ ਦਵਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਅੱਗੇ ਹੀ 26 ਸਾਲ ਤੋਂ ਵੱਧ ਸਮੇਂ ਦੀ ਦੇਰੀ ਹੋ ਚੁਕੀ ਹੈ ਤੇ ਕਈ ਪੀੜਤ, ਗਵਾਹ ਤੇ ਦੋਸ਼ੀ ਇਨਸਾਫ ਦੀ ਉਡੀਕ ਵਿਚ ਮਰ ਗਏ ਹਨ। ਭਾਟੀਆ ਨੇ ਕਿਹਾ ਕਿ ਮੇਰੀ ਦਾਦੀ, ਜੋ ਕਿ ਖੁਦ ਗਵਾਹ ਹੈ ਤੇ ਉਸ ਨੇ ਇਹ ਸੰਤਾਪ ਹੰਢਾਇਆ ਹੈ, ਹੁਣ 80 ਸਾਲ ਤੋਂ ਵੱਧ ਉਮਰ ਦੀ ਹੋ ਗਈ ਤੇ ਉਨ੍ਹਾਂ ਵਰਗੇ ਹੋਰ ਕਈ ਲੋਕ ਹਨ ਜੋ ਆਪਣੇ ਜਿਊਂਦੇ ਜੀਅ ਇਨਸਾਫ ਮਿਲਦਾ ਦੇਖਣਾ ਚਾਹੁੰਦੇ ਹਨ।

ਇੱਥੇ ਦਸਣਯੋਗ ਹੈ ਕਿ ਏਲੀਅਨ ਟੋਰਟਸ ਕਲੇਮਸ ਐਕਟ (ਏ ਟੀ ਸੀ ਏ) ਤੇ ਟਾਰਚਰ ਵਿਕਟਿਮ ਪ੍ਰੋਟੈਕਸ਼ਨ ਐਕਟ (ਟੀ ਵੀ ਪੀ ਏ) ਤਹਿਤ ਦਾਇਰ ਮੁਕੱਦਮੇ ਵਿਚ ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ’ਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕਰਵਾਉਣ, ਸਾਜਿਸ਼ ਰਚਣ ਤੇ ਹਮਲਾਵਰਾਂ ਨੂੰ ਸ਼ਹਿ ਦੇਣ ਤੇ ਪਨਾਹ ਦੇਣ ਦੇ ਦੋਸ਼ਾਂ ਤਹਿਤ ਅਮਰੀਕਾ ਦੇ ਦੱਖਣੀ ਜਿਲਾ ਨਿਊਯਾਰਕ ਦੀ ਜ਼ਿਲਾ ਅਦਾਲਤ ਨੇ 1 ਮਾਰਚ 2011 ਨੂੰ ਕਾਂਗਰਸ (ਆਈ) ਨੂੰ ਸੰਮਣ ਜਾਰੀ ਕੀਤੇ ਹਨ। ਇਸਤਗਾਸਾ ਧਿਰ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸ (ਆਈ) ਨੇ 1 ਅਪ੍ਰੈਲ 2011 ਤੱਕ ਜਵਾਬ ਦਾਇਰ ਨਾ ਕੀਤਾ ਉਹ ਉਸ ਨੂੰ ਡਿਫਾਲਟ ਕਰਾਰ ਦੇਣ ਲਈ ਅਰਜ਼ੀ ਦਾਇਰ ਕਰੇਗੀ।

ਭਾਰਤ ਸਰਕਾਰ ਦੇ ਰਿਕਾਰਡਾਂ ਅਨੁਸਾਰ ਨਵੰਬਰ 1984 ਦੌਰਾਨ ਸਮੁੱਚੇ ਭਾਰਤ ਵਿਚ 3296 ਸਿਖ ਮਾਰੇ ਗਏ ਸੀ। ਹਾਲਾਂਕਿ ਸਮੁੱਚੇ ਭਾਰਤ ਤੋਂ ਮ੍ਰਿਤਕਾਂ ਤੇ ਜ਼ਖਮੀਆਂ ਲਈ ਪੇਸ਼ ਹੋਏ 35,535 ਦਾਅਵਿਆਂ ਵਿਚੋਂ 20,000 ਦਾਅਵੇ ਬਿਹਾਰ, ਛੱਤੀਸਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਉੜੀਸਾ, ਉਤਰਾਖੰਡ, ਉੱਤਰ ਪ੍ਰਦੇਸ਼, ਤਾਮਿਲ ਨਾਡੂ ਤੇ ਪੱਛਮੀ ਬੰਗਾਲ ਤੋਂ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,