ਲੇਖ » ਸਿੱਖ ਇਤਿਹਾਸਕਾਰੀ » ਸਿੱਖ ਖਬਰਾਂ

ਭਾਈ ਵੀਰ ਸਿੰਘ ਜੀ ਦਾ ਸਿੱਖੀ ਦੇ ਪ੍ਰਚਾਰ ਵਿੱਚ ਯੋਗਦਾਨ

December 5, 2023 | By

ਭਾਈ ਵੀਰ ਸਿੰਘ ਜੀ ਨੇ ੧੯ਵੀਂ ਤੇ ੨੦ਵੀਂ ਸਦੀ ਦੇ ਵਿੱਚ ਸਿੱਖੀ ਦੇ ਪ੍ਰਚਾਰ ਵਿੱਚ ਨਿਵੇਕਲਾ ਯੋਗਦਾਨ ਪਾਇਆ।ਭਾਈ ਸਾਹਿਬ ਜੀ ਨੇ ਆਪਣੀ ਮਾਂ ਬੋਲੀ ਦੇ ਰਾਹੀ ਪੰਜਾਬ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ।ਉਨਾਂ ਨੇ ਨਾਵਲਾਂ,ਕਿਤਾਬੜੀਆਂ,ਅਖਬਾਰ ਛਾਪ ਕੇ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਕੌਮ ਦੇ ਘਰਾਂ ਤੱਕ ਪਹੁੰਚਾਇਆ।ਭਾਈ ਜੀ ਨੇ ਸਿੱਖ ਇਤਿਹਾਸ ਦੇ ਗ੍ਰੰਥਾਂ ਦੀ ਛਪਾਈ ਕਰਕੇ ਇਤਿਹਾਸਕ ਗ੍ਰੰਥਾਂ ਦੀ ਸੰਭਾਲ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ। ਭਾਈ ਵੀਰ ਸਿੰਘ ਜੀ ਦੀ ਲੇਖਣੀ ਦੁਆਰਾ ਪੰਜਾਬੀ ਬੋਲੀ ਤੇ ਸਿੱਖੀ ਦੇ ਪ੍ਰਚਾਰ ਵਿੱਚ ਇੱਕ ਦਰਿਆ ਵਹਿ ਤੁਰਿਆ।ਪ੍ਰੋ. ਹਰਬੰਸ ਸਿੰਘ ਲਿਖਦੇ ਹਨ “ਉਸ ਦੀ ਲੇਖਣੀ ਤੋਂ ਨਾਵਲਾਂ,ਕਵਿਤਾਵਾਂ,ਜੀਵਨੀਆਂ,ਬਾਲ ਸਾਹਿਤ, ਟਰੈਕਟਾਂ ਅਤੇ ਫੁਟਕਲ ਲੇਖਾਂ ਦਾ ਦਰਿਆ ਹੀ ਵਹਿ ਤੁਰਿਆ।”1

ਭਾਈ ਵੀਰ ਸਿੰਘ ਦਾ ਜਨਮ ੫ ਦਸੰਬਰ  ੧੮੭੨ ਈ.ਨੂੰ ਅੰਮ੍ਰਿਤਸਰ ਵਿਖੇ ਹੋਇਆ। ਭਾਈ ਜੀ ਦਾ ਖ਼ਾਨਦਾਨੀ ਸਬੰਧ ਕੌੜਾ ਮੱਲ ਜੀ ਨਾਲ ਜਾ ਜੁੜਦਾ ਹੈ।ਕੌੜਾ ਮੱਲ ਜੀ ਦੀ ਛੇਵੀਂ ਪੀੜ੍ਹੀ ਦੇ ਮੁਖੀ ਭਾਈ ਕਾਹਨ ਸਿੰਘ ਜੀ ਸਨ।ਭਾਈ ਵੀਰ ਸਿੰਘ ਜੀ ਦੇ ਦਾਦਾ ਭਾਈ ਕਾਹਨ ਸਿੰਘ ਜੀ ਵੀ ਗਿਆਨਵਾਨ ਪੁਰਸ਼ ਸਨ। ਉਨ੍ਹਾਂ  ਦਾ ਇਕਲੌਤਾ ਪੁੱਤਰ ਚਰਨ ਸਿੰਘ ਸੀ।ਸਰਦਾਰ ਚਰਨ ਸਿੰਘ ਨੂੰ ਸੰਸਕ੍ਰਿਤ,ਬ੍ਰਿਜ,ਛੰਦ, ਗੁਰਮਤ ਸਾਹਿਤ ਅਤੇ ਆਯੁਰਵੈਦਿਕ ਦਵਾ ਦਾਰੂ ਦੀ ਸਿਖਲਾਈ ਦਿੱਤੀ ਗਈ।ਸਰਦਾਰ ਚਰਨ ਸਿੰਘ ਇੱਕ ਵਿਦਵਾਨ ਪੁਰਸ਼ ਬਣੇ।ਵੀਰ ਸਿੰਘ ਡਾ ਚਰਨ ਸਿੰਘ ਦੀ ਛੇ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ।ਪਿਉ ਦਾਦੇ ਦਾ ਇੱਕੋ ਇੱਕ ਨਿਸ਼ਾਨਾ ਇਹ ਸੀ ਕਿ ਬਾਲਕ ਨੂੰ ਉਸ ਸਮੇਂ ਦੇ ਗਿਆਨ ਵਿਗਿਆਨ ਦੀ ਪ੍ਰਚੱਲਤ ਪਰੰਪਰਾ ਤੋਂ ਸਭ ਤੋਂ ਵੱਧ ਲਾਭ ਪ੍ਰਾਪਤ ਹੋਵੇ।ਭਾਈ ਵੀਰ ਸਿੰਘ ਜੀ ਨੇ ਸਿੱਖਾਂ ਦੀ ਖਾਨਦਾਨੀ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਲਈ ਅਤੇ ਅੱਠ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਅਧਿਐਨ ਕਰ ਲਿਆ।2 ਸਕੂਲੀ ਪੜ੍ਹਾਈ ਸਮੇਂ ਜਿਹੜੀ ਵੇਲ ਭਾਈ ਵੀਰ ਸਿੰਘ ਨੂੰ ਮਿਲਦੀ ਉਹ ਆਪਣੇ ਪ੍ਰਸਿੱਧ ਵਿਦਵਾਨ ਨਾਨਾ ਗਿਆਨੀ ਹਜ਼ਾਰਾ ਸਿੰਘ ਦੀ ਸੰਗਤ ਵਿੱਚ ਬਿਤਾਉਂਦੇ।ਗਿਆਨੀ ਹਜ਼ਾਰਾ ਸਿੰਘ ਜੀ ਆਪ ਇੱਕ ਉੱਘੇ ਲਿਖਾਰੀ ਸਨ ਅਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਚਲੀ ਆ ਰਹੀ  ਵਿਦਵਾਨ ਸੰਪਰਦਾਇ ਦੇ ਅਨੁਯਾਈਆਂ ਚੋਂ ਸੀ। ਸਤਾਰਾਂ ਸਾਲ ਦੀ ਉਮਰ ਵਿੱਚ ਭਾਈ ਵੀਰ ਸਿੰਘ ਦਾ ਵਿਆਹ ਸਰਦਾਰ ਨਰੈਣ ਸਿੰਘ ਦੀ ਸਪੁੱਤਰੀ ਬੀਬੀ ਚਤਰ ਕੌਰ ਜੀ ਨਾਲ ਹੋ ਗਿਆ।ਭਾਈ ਜੀ ਨੇ  ਸਥਾਨਕ ਖਾਲਸਾ ਸਕੂਲ ਵਿਚ ਧਾਰਮਕ ਅਧਿਆਪਕ ਦੀ ਨੌਕਰੀ ਲਈ ਦਰਖਾਸਤ ਦਿੱਤੀ ਪਰ ਫਿਰ ਇਹ ਨੌਕਰੀ ਵੀ ਉਨ੍ਹਾਂ ਨੂੰ ਪਸੰਦ ਨਾ ਆਈ।ਆਪਣੇ ਜੀਵਨ ਦੇ ਮੁੱਢਲੇ ਪੜਾਵਾਂ ਵਿੱਚ ਹੀ ਭਾਈ ਵੀਰ ਸਿੰਘ ਨੂੰ ਇਸ ਗੱਲ ਦਾ ਅਨੁਭਵ ਹੋ ਗਿਆ ਸੀ ਕਿ ਉਹ ਕਿਸੇ ਵਡੇਰੇ ਆਦਰਸ਼ ਦੀ ਪੂਰਤੀ ਲਈ ਜਨਮਿਆ ਸੀ।3 ਭਾਈ ਜੀ ਨੇ ਆਪਣਾ ਸਾਰਾ ਜੀਵਨ ਗੁਰਮਤਿ ਅਨੁਸਾਰ ਬਤੀਤ ਕੀਤਾ ਤੇ ਆਪਣੇ ਜੀਵਨ ਨੂੰ ਸਿੱਖੀ ਪ੍ਰਚਾਰ ਦੇ ਵਡਮੁੱਲੇ ਕਾਰਜ ਵਿੱਚ ਲਗਾ ਦਿੱਤਾ।ਭਾਈ ਜੀ ਦੇ ਇਨ੍ਹਾਂ ਕਾਰਜਾਂ ਬਾਰੇ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਗੁਲਾਮ ਕਰਨ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਧਾਰਮਿਕ,ਰਾਜਨੀਤਕ ਤੇ ਸੱਭਿਆਚਾਰਕ ਤਬਦੀਲੀ ਲਿਆਉਣ ਲਈ ਅਤੇ ਈਸਾਈਅਤ ਦਾ ਪ੍ਰਚਾਰ ਕਰਨ ਲਈ ਜਿਸ ਤਰ੍ਹਾਂ ਦਾ ਵਿੱਦਿਅਕ ਢਾਂਚਾ ਉਹ ਲੈ ਕੇ ਆਏ ਇਸ ਬਾਰੇ ਵੀ ਚਰਚਾ ਕਰਨ ਦੀ ਲੋੜ ਹੈ।ਅੰਗਰੇਜ਼ ਗੋਰੀ ਨਸਲ ਦੇ ਰੂਪ ਵਿੱਚ ਆਪਣੇ ਆਪ ਨੂੰ ਸਭ ਤੋਂ ਉੱਤਮ ਮੰਨਦੇ ਸਨ।ਡਾ.ਕੰਵਲਜੀਤ ਸਿੰਘ ਅਨੁਸਾਰ ਅੰਗਰੇਜ਼ ਇਹ ਮੰਨਦੇ ਸਨ ਕਿ ਗੋਰੀ ਨਸਲ ਤਰਕ ਅਤੇ ਵਿਗਿਆਨ ਦੇ ਵਿਸ਼ੇ ਵਿੱਚ ਭੂਰੀਆਂ ਜਾਂ ਕਾਲੀਆਂ ਨਸਲਾ  ਨਾਲੋਂ ਵਧੇਰੇ ਸਮਰੱਥ ਹੈ।ਗੋਰੇ ਮਨੁੱਖ ਦੇ ਸਿਰ ਤੇ ਇਹ ਜ਼ਿੰਮੇਵਾਰੀ ਹੈ ਕਿ ਉਹ ਬਾਕੀ ਧਰਤੀ ਦੇ ਲੋਕਾਂ ਨੂੰ ਵੀ ਗਿਆਨਵਾਨ ਕਰੇ ਅਤੇ ਉਨ੍ਹਾਂ ਦਾ ਪੱਧਰ ਉੱਚਾ ਚੁੱਕੇ।4 ਇਸੇ ਨੀਤੀ ਅਨੁਸਾਰ ਹੀ ਅੰਗਰੇਜ਼ਾਂ ਨੇ  ਪੰਜਾਬ ਦੀ ਧਰਤੀ ਤੇ ਕੰਮ ਕੀਤਾ।੧੮੫੨ ਈ.ਵਿੱਚ ਪੰਜਾਬ ਦੀ ਧਰਤੀ ਤੇ ਦੋ ਮਿਸ਼ਨਰੀ ਅੰਗਰੇਜ਼ ਅਫ਼ਸਰ ਟੀ.ਐੱਚ.ਫਿਜ਼ਪੈਟਰਿਕ ਅਤੇ ਰੌਬਰਟ ਕਲਾਰਕ ਚਰਚ ਆਫ਼ ਇੰਗਲੈਂਡ ਵੱਲੋਂ ਭੇਜੇ ਗਏ। ਇਨ੍ਹਾਂ ਅਫ਼ਸਰਾਂ ਨੂੰ ਅੰਮ੍ਰਿਤਸਰ ਸ਼ਹਿਰ ਪੁੱਜਣ ਤੋਂ ਪਹਿਲਾਂ ਇਹ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਭਾਵੇਂ ਇਸ ਸਮੇਂ ਪੰਜਾਬ ਦੀ ਬਹੁਤੀ ਵਸੋਂ ਬ੍ਰਾਹਮਣਾਂ ਦੇ ਧਾਰਮਿਕ ਪ੍ਰਭਾਵ ਅਧੀਨ ਹੈ ਅਤੇ ਵਸੋਂ ਦਾ ਇਕ ਦੂਸਰਾ ਭਾਗ ਇਸਲਾਮ ਨੂੰ ਮੰਨਦਾ ਹੈ ਪ੍ਰੰਤੂ ਪਿਛਲੀ ਇਕ ਸ਼ਤਾਬਦੀ ਤੋਂ ਸਿੱਖ ਮੱਤ ਜਿਹੜਾ ਕਿ ਨਿਰੋਲ ਈਸ਼ਵਰਵਾਦੀ ਹੈ ਅਤੇ ਮੁੱਢਲੇ ਰੂਪ ਚ ਹਿੰਦੂ ਮੱਤ ਤੋਂ ਨਿਖੜਿਆ ਮਤ ਹੈ-ਹੀ ਇਸ ਇਲਾਕੇ ਦਾ ਪ੍ਰਭਾਵਸ਼ਾਲੀ ਧਰਮ ਤੇ ਤਾਕਤ ਹੈ।ਇਸ ਗੱਲ ਦੀ ਆਸ਼ਾਜਨਕ ਉਦਾਹਰਣ ਇਹ ਹੈ ਕਿ ਸਿੱਖ ਮੁਸਲਮਾਨਾਂ ਅਤੇ ਹਿੰਦੂਆਂ ਕੋਲੋਂ ਵਧੇਰੇ ਬਾਈਬਲ ਵਿਚਲੇ ਸੱਚ ਨੂੰ ਕਬੂਲ ਕਰ ਸਕਦੇ ਹਨ।5

ਪੰਜਾਬ ਵਿੱਚ ਅੰਗਰੇਜ਼ਾਂ ਨੇ ਪੂਰੀ ਵਿਉਂਤਬੰਦੀ ਨਾਲ ਵਿੱਦਿਅਕ ਢਾਂਚੇ ਨੂੰ ਬਦਲਿਆ।ਉਨ੍ਹਾਂ ਨੇ ਕੇਵਲ ਪੰਜਾਬ ਦੇ ਧਰਮ,ਰਾਜਨੀਤੀ ਤੇ ਸੱਭਿਆਚਾਰ ਨੂੰ ਹੀ ਨਹੀਂ ਬਦਲਣਾ ਸੀ ਸਗੋਂ ਆਪਣੇ ਵਿੱਦਿਅਕ ਢਾਂਚੇ ਰਾਹੀਂ ਈਸਾਈ ਧਰਮ,ਰਾਜਨੀਤੀ ਤੇ ਸੱਭਿਆਚਾਰ ਨੂੰ ਸਥਾਪਤ ਵੀ ਕਰਨਾ ਸੀ।

੧੮੫੪ ਈ. ਦੇ ਵਿੱਦਿਅਕ ਆਦੇਸ਼ ਅਨੁਸਾਰ ਰਾਜ ਸਰਕਾਰਾਂ ਨੂੰ ਆਖਿਆ ਗਿਆ ਕਿ ਉਹ ਰਾਜ ਪੱਧਰ ਤੇ ਸਿੱਖਿਆ ਵਿਭਾਗ ਕਾਇਮ ਕਰਨ ਇਸੇ ਅਨੁਸਾਰ ਲਾਹੌਰ ਕੇ ਪੰਜਾਬ ਸਿੱਖਿਆ ਵਿਭਾਗ ਕਾਇਮ ਕੀਤਾ।ਪੰਜਾਬ ਦੇ ਇਸ ਵਿਭਾਗ ਨੇ ਮੁੱਢਲੀ ਯੋਜਨਾ ਇਹ ਬਣਾਈ ਕਿ ਹਰ ਜ਼ਿਲ੍ਹੇ ਵਿੱਚ ੩੦ ਪ੍ਰਾਇਮਰੀ ਸਕੂਲ ਚਲਾਏ ਜਾਣ,ਸਕੂਲ ਵਿੱਚ ਇੱਕ ਅਧਿਆਪਕ,ਸਕੂਲ ਉਤੇ ੧੫ ਰੁਪਏ ਮਹੀਨਾ ਖਰਚ ਕੀਤਾ ਜਾਵੇ ਤੇ ੫ ਰੁਪਏ ਦੀ ਗਰਾਂਟ ਦੇ ਕੇ ਸਹਾਇਕ ਸਕੂਲ ਖੋਲ੍ਹੇ ਜਾਣ ਦੀ ਮਨਜ਼ੂਰੀ ਦਿੱਤੀ ਗਈ।ਇਸ ਤਰ੍ਹਾਂ ਵਿਭਾਗ ਮੁਢਲੀ ਯੋਜਨਾ ਅਨੁਸਾਰ ੩੦ ਸਕੂਲ ਚਾਲੂ ਕਰਨ ਦੀ ਥਾਂ ੯੦ ਸਕੂਲ ਚਾਲੂ ਕਰ ਸਕਿਆ।ਅੰਗਰੇਜ਼ਾਂ ਦੇ ਇਸ ਵਿੱਦਿਅਕ ਢਾਂਚੇ ਨੇ ਪੰਜਾਬ ਵਿਚ ਪਰੰਪਰਾ ਅਨੁਸਾਰ ਦਿੱਤੀ ਜਾਣ ਵਾਲੀ ਵਿੱਦਿਆ ਦੇ ਵਿੱਦਿਅਕ ਢਾਂਚੇ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ।ਪ੍ਰੰਪਰਾਗਤ ਤਰੀਕੇ ਅਨੁਸਾਰ ਹਿੰਦੂ ਸਿਖਸ਼ਾਰਥੀ ਮਹਾਜਨੀ ਸਕੂਲਾਂ ਚ ਵਹੀ ਖਾਤਾ ਸਿੱਖਦੇ ਸਨ, ਮੁਸਲਮਾਨ ਮਸਜਿਦ ਵਿੱਚ ਕੁਰਾਨ ਸ਼ਰੀਫ਼ ਅਤੇ  ਸਿੱਖ ਸਿਖਸ਼ਾਰਥੀ ਗੁਰਦੁਆਰੇ ਵਿੱਚ ਗੁਰਮੁਖੀ ਪੜ੍ਹਦੇ ਸਨ।ਇਸ ਤੋਂ ਬਾਅਦ ਵਿਭਾਗ ਨੇ ਮਿਡਲ ਸਕੂਲ ਸ਼ੁਰੂ ਕਰ ਦਿੱਤੇ।ਇਹ ਸਕੂਲ ਧਾਰਮਿਕ ਦ੍ਰਿਸ਼ਟੀ ਤੋਂ ਨਿਰਪੱਖ ਸਨ।ਇਹ ਸਰਕਾਰ ਸਰਕਾਰੀ ਸਕੂਲ ਅਜਿਹੇ ਨੌਜਵਾਨ ਉਪਜਾ ਰਹੇ ਸਨ।ਜਿਹੜੇ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੀ ਜਾਣ ਪਛਾਣ ਰੱਖਦੇ ਸਨ ਅਤੇ ਉਨ੍ਹਾਂ ਦੇ ਮਨ ਪ੍ਰਚੱਲਤ ਗਿਆਨ ਅਤੇ ਚਿੰਤਨ ਨੂੰ ਕਬੂਲ ਕਰਨ ਲਈ ਤਿਆਰ ਸਨ।ਇਨ੍ਹਾਂ ਵਿਚ ਬਹੁਤੇ ਚਾਹਵਾਨ ਸਨ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਅਤੇ ਕੁਝ ਨੌਜਵਾਨ ਸਮਾਜ ਦਾ ਨਵੇਂ ਵਿਚਾਰਾਂ ਦੀ ਰੋਸ਼ਨੀ ਵਿੱਚ ਪੁਨਰ ਮੁਲੰਕਣ ਕਰਨ ਨੂੰ ਤਿਆਰ ਸਨ ਇਸ ਗੱਲ ਬਾਰੇ ਮਨ ਬਣਾ ਰਹੇ ਸਨ ਕਿ ਆਪਣੇ ਸਮਾਜ ਦੇ ਸੁਧਾਰ ਦਾ ਕੰਮ ਆਰੰਭ ਕਰਨ।6

ਭਾਈ ਵੀਰ ਸਿੰਘ ਜੀ ਅੰਗਰੇਜ਼ਾਂ ਦੁਆਰਾ ਸਿਰਜੇ ਗਏ ਵਿੱਦਿਅਕ ਢਾਂਚੇ ਤੇ ਗਿਆਨ ਪ੍ਰਬੰਧ ਵਾਲੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹੇ। ਉਨ੍ਹਾਂ ਨੇ ਇਹ ਪੜ੍ਹਾਈ ਮਨ ਲਾ ਕੇ ਕੀਤੀ।ਜਿਸ ਤਰ੍ਹਾਂ ਮੈਟ੍ਰਿਕ ਪਾਸ ਹੋਣ ਤੇ ਅੰਗਰੇਜ਼ ਪ੍ਰਿੰਸੀਪਲ ਨੇ ਭਾਈ ਵੀਰ ਸਿੰਘ ਬਾਰੇ ਪ੍ਰਸੰਸਾ ਪੱਤਰ ਵਿੱਚ ਲਿਖਿਆ ਕਿ ਉਹ ਸਾਰੇ ਵਿਦਿਆਰਥੀਆਂ ਵਿੱਚੋਂ ਆਦਰਸ਼ ਵਿਦਿਆਰਥੀ ਸੀ।ਉਹ ਚੰਗੇ ਖਾਨਦਾਨ ਦਾ ਲੜਕਾ ਹੈ ਅਤੇ ਆਸਾਰ ਨਜ਼ਰ ਆ ਰਹੇ ਹਨ ਕਿ ਉਸ ਦਾ ਜੀਵਨ ਦੁਨੀਆਂ ਲਈ ਉਪਯੋਗੀ ਸਿੱਧ ਹੋਵੇਗਾ।

ਬੇਸ਼ਕ ਭਾਈ ਵੀਰ ਸਿੰਘ ਜੀ ਨੇ ਅੰਗਰੇਜ਼ਾਂ ਦੁਆਰਾ ਸਥਾਪਤ ਕੀਤੇ   ਗਿਆਨ ਪ੍ਰਬੰਧ ਨੂੰ ਸਿੱਖਿਆ ਪਰ ਭਾਈ ਜੀ ਉਨ੍ਹਾਂ ਵਿਦਿਆਰਥੀਆਂ ਵਰਗੇ ਨਹੀਂ ਸਨ ਜੋ ਸਰਕਾਰੀ ਨੌਕਰੀ ਦੇ ਚਾਹਵਾਨ ਸਨ ਅਤੇ  ਅਤੇ ਨਾ ਹੀ ਉਹ ਅੰਗਰੇਜ਼ਾਂ ਦੁਆਰਾ ਘੜੇ ਜਾ ਰਹੇ ਨਵੇਂ ਵਿਚਾਰਾਂ ਦੀ ਰੋਸ਼ਨੀ ਵਿੱਚ ਪੰਜਾਬ ਦੇ ਸਮਾਜ ਦਾ ਸੁਧਾਰ ਕਰਨ ਵਾਲੇ ਸਨ।

ਭਾਈ ਵੀਰ ਸਿੰਘ ਜੀ ਨੇ ਅੰਗਰੇਜ਼ਾਂ ਵਾਲੀ ਗਿਆਨ ਪ੍ਰਬੰਧ ਦੀ ਸਿੱਖਿਆ ਦੁਆਰਾ ਨਿਰੋਲ ਪੰਜਾਬੀ ਬੋਲੀ ਅਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ।

ਭਾਈ ਵੀਰ ਸਿੰਘ ਜੀ ਨੂੰ ਸਿੱਖੀ ਦੀ ਗੁੜ੍ਹਤੀ ਉਨ੍ਹਾਂ ਦੇ ਪਿਤਾ ਚਰਨ ਸਿੰਘ ਅਤੇ ਉਨ੍ਹਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਤੋਂ ਪ੍ਰਾਪਤ ਹੋ ਚੁੱਕੀ ਸੀ।ਭਾਈ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਉਸ ਸਮੇਂ ਚਲੀ ਸਿੰਘ ਸਭਾ ਲਹਿਰ ਨੂੰ  ਵੀ ਦੇਖਿਆ ਅਤੇ ਉਨ੍ਹਾਂ ਨੇ ਸਿੰਘ ਸਭਾ ਲਹਿਰ ਦੀ ਬੋਲੀ ਤੇ ਸੱਭਿਆਚਾਰਕ ਵਾਲੇ ਪੱਖਾਂ ਨੂੰ ਵੀ ਅੱਗੇ ਤੋਰਿਆ।ਪੰਜਾਬੀ ਬੋਲੀ ਨਾਲ ਉਨ੍ਹਾਂ ਦਾ ਅਥਾਹ ਪਿਆਰ ਸੀ।ਇੱਕ ਵਾਰ ਭਾਈ ਵੀਰ ਸਿੰਘ ਜੀ ਦੇ ਪਿਤਾ ਸ.ਚਰਨ ਸਿੰਘ ਜੀ ਦੇ ਮਿੱਤਰ ਬਾਬਾ ਸੁਮੇਰ ਸਿੰਘ ਜੋ ਕਿ ਬ੍ਰਿਜ ਬੋਲੀ ਦੇ ਚੰਗੇ ਵਿਦਵਾਨ ਸਨ, ਮਿਲਣ ਆਏ।ਉਨ੍ਹਾਂ ਨੇ ਭਾਈ ਜੀ ਦੇ ਪੰਜਾਬੀ ਬੋਲੀ ਵਿੱਚ ਕਵਿਤਾਵਾਂ ਲਿਖਣ ਤੇ ਇਤਰਾਜ਼ ਕੀਤਾ ਤੇ ਜਦੋਂ ਉਨ੍ਹਾਂ ਭਾਈ ਜੀ ਤੋਂ ਪੰਜਾਬੀ ਕਵਿਤਾਵਾਂ ਸੁਣੀਆਂ ਤਾਂ ਉਹ ਕੁਝ ਨਹੀਂ ਬੋਲੇ ਅਤੇ ਦੂਜੇ ਦਿਨ ਜਦੋਂ ਦੁਬਾਰਾ ਮਿਲਣ ਆਏ ਤਾਂ ਬਾਬਾ ਸੁਮੇਰ ਸਿੰਘ ਜੀ ਨੇ ਪਿਛਲੀ ਰਾਤ ਭਾਈ ਜੀ ਦੀਆਂ ਪੰਜਾਬੀ ਦੀਆਂ ਕਵਿਤਾਵਾਂ  ਤੋਂ ਪ੍ਰਭਾਵਿਤ ਹੋ ਕੇ ਰਾਤੋ-ਰਾਤ ਰਚੇ ਕੁਝ ਪੰਜਾਬੀ ਛੰਦ ਭਾਈ ਵੀਰ ਸਿੰਘ ਜੀ ਨੂੰ ਸੁਣਾਏ।ਇਹ ਪੰਜਾਬੀ ਵਿਚ ਉਨ੍ਹਾਂ ਦੀ ਪਹਿਲੀ ਰਚਨਾ ਸੀ।7 ਭਾਈ ਜੀ ਦੇ ਪੰਜਾਬੀ ਬੋਲੀ ਪ੍ਰਤੀ ਅਥਾਹ ਪਿਆਰ ਨੇ ਬਾਬਾ ਸੁਮੇਰ ਸਿੰਘ ਜੀ ਨੂੰ ਰਾਤੋ ਰਾਤ ਬਦਲ ਦਿੱਤਾ।

ਭਾਈ ਵੀਰ ਸਿੰਘ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਪ੍ਰੈੱਸ ਲਾਉਣ, ਅਖਬਾਰ ਛਾਪਣ,ਟ੍ਰੈਕਟਾਂ,ਲੇਖਾਂ,ਸਾਹਿਤਕ ਰਚਨਾਵਾਂ ਅਤੇ ਗ੍ਰੰਥਾਂ ਦੀ ਸੰਪਾਦਨਾ ਰਾਹੀਂ ਯੋਗਦਾਨ ਪਾਇਆ।

ਪ੍ਰੈੱਸ ਲਾਉਣਾ:-

ਭਾਈ ਜੀ ਨੇ ਆਪਣੇ ਮਿੱਤਰ ਵਜ਼ੀਰ ਸਿੰਘ ਦੀ ਸਹਾਇਤਾ ਨਾਲ ਵਜ਼ੀਰ ਏ ਹਿੰਦ ਪ੍ਰੈਸ ੧੮੯੨ ਵਿੱਚ ਚਾਲੂ ਕੀਤਾ।ਭਾਈ ਜੀ ਨੇ ਆਪਣੇ ਆਪ ਨੂੰ ਓਹਲੇ ਵਿਚ ਰੱਖ ਕੇ ਇਹ ਪ੍ਰੈੱਸ ਚਲਾਇਆ ਤੇ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਇਸੇ ਪ੍ਰੈਸ ਵਿੱਚ ਹੀ ਛਪਦੀਆਂ ਸਨ।8

ਅਖ਼ਬਾਰ ਰਾਹੀਂ:-

ਭਾਈ ਜੀ ਨੇ ਸਿੱਖਾਂ ਵਿੱਚ ਸਿੱਖੀ ਸਿਧਾਤਾਂ ਪ੍ਰਤੀ  ਜਾਗ੍ਰਿਤੀ ਲਿਆਉਣ ਲਈ ਖ਼ਾਲਸਾ ਸਮਾਚਾਰ ਅਖ਼ਬਾਰ ਸ਼ੁਰੂ ਕੀਤਾ।ਭਾਈ ਜੀ ਨੇ ਇਸ ਅਖ਼ਬਾਰ ਰਾਹੀਂ ਕਈ ਮਸਲੇ ਉਠਾਏ ਉਨ੍ਹਾਂ ਵਿੱਚ ਵਿੱਦਿਆ ਦਾ ਪਸਾਰ,ਇਸਤਰੀਆਂ ਦੇ ਅਧਿਕਾਰ,ਪੰਜਾਬੀ ਬੋਲੀ ਦੀ ਉੱਨਤੀ, ਅਕਾਦਮਿਕ ਸਰਕਾਰੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਯੋਗ ਸਥਾਨ ਦੇਣ ਦੀ ਪ੍ਰੇਰਨਾ,ਸਿੱਖ ਧਰਮ ਦਾ ਸੁਧਾਰ ਅਤੇ ਉਨ੍ਹਾਂ ਕੁਰੀਤੀਆਂ ਦਾ ਤਿਆਗ ਜਿਹੜੀਆਂ ਸਿੱਖੀ ਨੂੰ ਢਾਹ ਲਾ ਰਹੀਆਂ ਸਨ।ਭਾਈ ਜੀ ਨੇ ਖ਼ਾਲਸਾ ਸਮਾਚਾਰ ਨੂੰ ਸਮਾਜਿਕ ਅਤੇ ਧਾਰਮਿਕ ਸੁਧਾਰ ਦਾ ਇੱਕ ਤਕੜਾ ਸਾਧਨ ਬਣਾ ਲਿਆ ਦੇਸੀ ਬੋਲੀਆਂ ਵਿੱਚ ਸਮਾਚਾਰ ਪੱਤਰ ਦਾ ਵਿਕਾਸ ਸੁਧਾਰਕ ਲਹਿਰਾਂ ਅਤੇ ਪੁਨਰ ਜਾਗਰਤੀ ਦੇ ਉਥਾਨ ਨਾਲ ਹੋਇਆ ਅਤੇ  ਇਨ੍ਹਾਂ ਸਮਾਚਾਰ ਪੱਤਰਾਂ ਦਾ ਉਦੇਸ਼ ਨਿਰੋਲ ਇਨ੍ਹਾਂ ਲਹਿਰਾਂ ਦੇ ਆਦਰਸ਼ਾਂ ਦਾ ਪ੍ਰਚਾਰ ਕਰਨਾ ਸੀ।ਇਸ ਖ਼ਾਲਸਾ ਸਮਾਚਾਰ ਅਖ਼ਬਾਰ ਰਾਹੀਂ ਸਿੱਖਾਂ ਵਿੱਚ ਕਾਫੀ ਜਾਗ੍ਰਿਤੀ ਆਈ।

ਟ੍ਰੈਕਟਾਂ ਰਾਹੀਂ ਪ੍ਰਚਾਰ:-

ਭਾਈ ਜੀ ਨੇ ਛੋਟੇ ਛੋਟੇ ਟ੍ਰੈਕਟਾਂ ਰਾਹੀਂ ਵੀ ਸਿੱਖੀ ਦੇ ਪ੍ਰਚਾਰ ਵਿਚ ਅਹਿਮ ਯੋਗਦਾਨ ਪਾਇਆ।ਸੰਨ ੧੮੯੩  ਵਿੱਚ ਉਨ੍ਹਾਂ ਨੇ ਖਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰੱਖੀ।ਇਸ ਸੁਸਾਇਟੀ ਨੇ ੧੪੦੦ ਤੋਂ ਵੱਧ ਟ੍ਰੈਕਟ ਛਾਪੇ।ਇਨ੍ਹਾਂ ਟ੍ਰੈਕਟਾਂ ਵਿਚ ਬਾਰ ਬਾਰ ਇਹ ਹੋਕਾ ਦਿੱਤਾ ਗਿਆ ਕਿ ਧਰਮ ਸਭ ਤੋਂ ਉੱਤਮ ਹੈ ਅਤੇ ਧਾਰਮਿਕ ਪ੍ਰਚਾਰ ਸਰਵੋਤਮ ਹੈ।ਸਿੱਖ ਮੱਤ ਦੇ ਅਸੂਲਾਂ ਅਤੇ ਸਿੱਖ ਇਤਿਹਾਸ ਦੇ ਪ੍ਰਮੁੱਖ ਸਾਕਿਆਂ ਨੂੰ ਸਾਫ਼ ਸਪੱਸ਼ਟ ਤੇ ਸਰਲ ਢੰਗ ਨਾਲ ਕਹਾਣੀ ਜਾਂ ਪ੍ਰਸ਼ਨੋਤਰ ਦੇ ਰੂਪ ਵਿੱਚ ਪੇਸ਼ ਕੀਤਾ।ਪ੍ਰਚੱਲਿਤ ਸਮਾਜਕ ਬੁਰਾਈਆਂ,ਅੰਧਵਿਸਵਾਸ਼ਾਂ ਅਤੇ ਤਰਕਹੀਣ ਰਹੁ ਰੀਤਾਂ ਦਾ ਖੰਡਨ ਕੀਤਾ।ਪੰਜਾਬੀ ਪਾਠ ਪੁਸਤਕਾਂ,ਸਕੂਲੀ ਬੱਚਿਆਂ ਲਈ ਕਿਤਾਬਾਂ,ਰਸੋਈ ਸਿੱਖਿਆ ਬਾਰੇ ਕਿਤਾਬਾਂ ਅਤੇ ਗੁਰਪੁਰਬ ਕਾਰਡਾਂ ਨੂੰ  ਛਾਪਿਆ ਗਿਆ।ਗੁਰੂ ਸਾਹਿਬ ਜੀ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੇ ਧਾਰਮਿਕ ਉਪਦੇਸ਼ਾਂ ਬਾਰੇ ਖੋਜ ਭਰੇ ਲੇਖ ਲਿਖੇ ਗਏ।ਇਸ ਲਹਿਰ ਦੇ ਸੱਭਿਆਚਾਰਕ ਪ੍ਰਭਾਵ ਦੂਰਗਾਮੀ ਸਨ ਇਸ ਨਾਲ ਪੰਜਾਬੀ ਚਿੰਤਨ ਨੂੰ ਵਿਸ਼ਾਲਤਾ ਮਿਲੀ ਅਤੇ ਜਿਹੜੀ ਸੁਧਾਰਕ ਲਹਿਰ ਚੱਲੀ ਉਸ ਦੇ ਸਿਧਾਂਤਕ ਤੇ ਧਾਰਮਕ ਪੱਖ  ਨੂੰ ਇਸ ਨੇ ਉਜਾਗਰ ਕੀਤਾ।

ਸਾਹਿਤਕ ਰਚਨਾਵਾਂ ਰਾਹੀਂ ਪ੍ਰਚਾਰ:-

ਭਾਈ ਸਾਹਿਬ ਜੀ ਦੀਆਂ ਕਵਿਤਾਵਾਂ ਵਿੱਚੋਂ ਵੀ ਸਿੱਖ ਸਿਧਾਂਤਾਂ ਦੇ ਝਲਕਾਰੇ ਮਿਲਦੇ ਹਨ।ਇਹ ਕਵਿਤਾਵਾਂ ਹੇਠ ਲਿਖੇ ਅਨੁਸਾਰ ਹਨ:-

  • ਲਹਿਰਾਂ ਦੇ ਹਾਰ
  • ਮਟਕ ਹੁਲਾਰੇ
  • ਪ੍ਰੀਤ ਵੀਨਾ
  • ਕੰਬਦੀ ਕਲਾਈ-੧
  • ਕੰਬਦੀ ਕਲਾਈ-੨
  • ਮੇਰੇ ਸਾਈਆਂ ਜੀਓ
  • ਆਵਾਜ਼ ਆਈ
  • ਅਰਸ਼ੀ ਛੋਹ

ਇਸੇ ਤਰ੍ਹਾਂ ਹੀ ਭਾਈ ਵੀਰ ਸਿੰਘ ਜੀ ਦੇ ਨਾਵਲ ਵੀ ਗੁਰਸਿੱਖੀ ਪ੍ਰੀਤ ਵਾਲੀ  ਬਾਕਮਾਲ ਰਚਨਾ ਹੈ।ਭਾਈ ਜੀ ਦੇ ਨਾਵਲ ਸਿੱਖ ਨੌਜਵਾਨਾਂ ਅੰਦਰ ਗੁਰੂ  ਲਈ ਉਤਸ਼ਾਹ ਪੈਦਾ ਕਰਦੇ ਹਨ ਅਤੇ ਸਿੱਖ ਨੌਜਵਾਨਾਂ ਦਾ ਚਰਿੱਤਰ ਗੁਰੂ ਆਸ਼ੇ ਅਨੁਸਾਰ ਘੜਨ ਲਈ ਵੀ ਹੁਲਾਰਾ ਦਿੰਦੇ ਹਨ।ਇਹ ਨਾਵਲ ਹਨ:-

  • ਸੁੰਦਰੀ
  • ਬਿਜੈ ਸਿੰਘ
  • ਸਤਵੰਤ ਕੌਰ
  • ਬਾਬਾ ਨੌਧ ਸਿੰਘ

ਭਾਈ ਸਾਹਿਬ ਜੀ ਦੁਆਰਾ ਗੁਰੂ ਸਹਿਬਾਨ ਜੀ ਦੀਆਂ ਲਿਖੀਆਂ  ਜੀਵਨੀਆਂ ਵੀਹ ਇਤਿਹਾਸ ਪੱਖੋਂ ਬਾਕਮਾਲ ਰਚਨਾ ਹੈ।ਭਾਈ ਜੀ  ਦੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਚਮਤਕਾਰ ਇਤਿਹਾਸ ਦੇ ਨਾਲ ਨਾਲ ਇਨ੍ਹਾਂ ਵਿੱਚ ਗੁਰਮਤਿ ਫ਼ਲਸਫ਼ੇ ਦੇ ਵੀ ਦਰਸ਼ਨ ਹੁੰਦੇ ਹਨ।ਗੁਰਮਤਿ ਦਰਸ਼ਨ ਨਾਲ ਸਬੰਧਤ ਸਿਧਾਂਤਾਂ ਨੂੰ ਵੀ ਭਾਈ ਜੀ ਬੜੇ ਅਨੋਖੇ ਢੰਗ ਨਾਲ ਪਾਠਕ ਦੇ ਮਨ ਵਿੱਚ ਪ੍ਰਵੇਸ਼ ਕਰ ਦਿੰਦੇ ਹਨ।ਸ੍ਰੀ ਗੁਰੂ ਨਾਨਕ ਚਮਤਕਾਰ ਵਿਚ ਭਾਈ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਬੜੇ ਹੀ ਰੌਚਕ ਤਰੀਕੇ ਨਾਲ ਪੇਸ਼ ਕੀਤਾ ਹੈ।ਭਾਈ ਜੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਾਖੀ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਹਨ ਕਿ ਜਿਵੇਂ ਕਿ ਉਹ ਸਾਖੀ ਪਾਠਕਾਂ ਦੇ ਸਾਹਮਣੇ ਪ੍ਰਤੱਖ ਵਾਪਰ ਰਹੀ ਹੋਵੇ।ਇਨ੍ਹਾਂ ਸਾਖੀਆਂ ਵਿਚ ਵਿੱਚ ਆਏ ਗੁਰੂ ਤੇ ਸਿੱਖ ਵਿਚਲੇ ਵਾਰਤਾਲਾਪ ਨੂੰ ਜਦੋਂ ਕੋਈ ਵੀ ਸਿੱਖ ਪੜ੍ਹਦਾ ਹੈ ਤਾਂ ਉਸ ਨੂੰ ਇਹ ਵਾਰਤਾਲਾਪ ਆਪਣੇ ਆਪ ਨਾਲ ਹੁੰਦੀ ਨਜ਼ਰ ਆਉਂਦੀ ਹੈ।ਇਹ ਚਮਤਕਾਰ ਹਨ:-

  • ਸ੍ਰੀ ਗੁਰੂ ਨਾਨਕ ਚਮਤਕਾਰ
  • ਸ੍ਰੀ ਕਲਗੀਧਰ ਚਮਤਕਾਰ
  • ਸੰਤ ਗਾਥਾ
  • ਅਸ਼ਟ ਗੁਰੂ ਚਮਤਕਾਰ
  • ਗੁਰੂ ਬਾਲਮ ਸਾਖੀਆਂ

ਭਾਈ ਜੀ ਨੇ ਇਕ ਨਾਟਕ ਵੀ ਲਿਖਿਆ ਜਿਸ ਦਾ ਨਾਮ ਰਾਜਾ ਲੱਖਦਾਤਾ ਸਿੰਘ ਹੈ।ਇਹ ਨਾਟਕ ਵੀ ਬਾਕਮਾਲ ਹੈ।ਭਾਈ ਜੀ ਨੇ ਇਨ੍ਹਾਂ ਸਾਹਿਤਕ ਰਚਨਾਵਾਂ ਰਾਹੀਂ ਸਿੱਖੀ ਦਾ ਪ੍ਰਚਾਰ ਕੀਤਾ।

ਗ੍ਰੰਥਾਂ ਦੀ ਸੰਪਾਦਨਾ:-

ਭਾਈ ਵੀਰ ਸਿੰਘ ਜੀ ਨੇ ਸਿੱਖ ਗ੍ਰੰਥਾਂ ਦੇ ਖਰੜਿਆਂ ਦੀ ਖੋਜ ਕਰਕੇ ਇਨ੍ਹਾਂ ਦੀ ਸੰਪਾਦਨਾ ਕੀਤੀ।ਇਹ ਗ੍ਰੰਥ ਹਨ:-

  • ਵਾਰਾਂ ਭਾਈ ਗੁਰਦਾਸ
  • ਸਿੱਖਾਂ ਦੀ ਭਗਤਮਾਲਾ
  • ਪ੍ਰਾਚੀਨ ਪੰਥ ਪ੍ਰਕਾਸ਼
  • ਪੁਰਾਤਨ ਜਨਮਸਾਖੀ
  • ਸਾਖੀ ਪੋਥੀ
  • ਗੁਰੂ ਗ੍ਰੰਥ ਕੋਸ਼
  • ਗੁਰਪ੍ਰਤਾਪ ਸੂਰਜ ਗ੍ਰੰਥ
  • ਪੰਜ ਗ੍ਰੰਥੀ ਸਟੀਕ
  • ਸੰਥਿਆ ਗੁਰੂ ਗ੍ਰੰਥ ਸਾਹਿਬ।

ਡਾ.ਕਿਰਪਾਲ ਸਿੰਘ ਲਿਖਦੇ ਹਨ ਕਿ ਇਤਿਹਾਸਕ ਜਾਣਕਾਰੀ ਦੇ ਸੋਮਿਆਂ ਨੂੰ ਸੰਪਾਦਨ ਕਰਨ ਦੇ ਖੇਤਰ ਵਿੱਚ ਸਭ ਤੋਂ ਮਹਾਨ ਕੰਮ ਗੁਰ-ਇਤਿਹਾਸ ਦੇ ਸਭ ਤੋਂ ਉੱਘੇ ਅਤੇ ਮਹਾਨ ਗ੍ਰੰਥ ਸੂਰਜ ਪ੍ਰਕਾਸ਼ ਦਾ ਸੰਪਾਦਨ ਕਰਨਾ ਸੀ।9 ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਚੌਦਾਂ ਜਿਲਦਾਂ ਵਿੱਚ ਹੈ ਜਿਸ ਦੀ ਪਹਿਲੀ ਜਿਲਦ ਦੇ ੮੪ ਪੰਨੇ ਸੰਪਾਦਨ ਕਲਾ ਨੂੰ ਸਮਰਪਿਤ ਹਨ।ਪ੍ਰੋ.ਹਰਭਜਨ ਸਿੰਘ ਭਾਟੀਆ ਲਿਖਦੇ ਹਨ ਕਿ ਸੰਪਾਦਨ ਅਧੀਨ ਕਿਸੇ ਪਾਠ ਦੇ ਮੂਲ ਤੇ ਮੌਲਿਕ ਸਰੂਪ ਨੂੰ ਬਰਕਰਾਰ ਰੱਖਣਾ ਕਿੰਨਾ ਕੁ ਜ਼ਰੂਰੀ ਹੈ ਅਤੇ ਆਵਾਸ ਦੇ ਹਿੱਸਿਆਂ ਨੂੰ ਖਾਰਜ ਕਰਨਾ ਜਾਂ ਆਪਣੇ ਵੱਲੋਂ ਜਮ੍ਹਾ ਕਰਨਾ  ਕਿੰਨਾ ਕੁ ਅਯੋਗ ਹੁੰਦਾ ਹੈ ਇਸ ਸੰਬੰਧ ਵਿਚ ਭਾਈ ਸਾਹਿਬ ਨੇ ਸਪਸ਼ਟ ਇਸ਼ਾਰਾ ਕੀਤਾ ਹੈ:”ਮੰਗਲਾਂ ਦਾ ਟੀਕਾ ਕਰ ਰਹੇ ਸਾਂ ਕਿ ਕਈ ਸੱਜਣਾਂ ਦੀ ਇੱਛਾ ਸਾਡੇ ਤੀਕ ਅੱਪੜ ਕੇ ਇਸ ਗ੍ਰੰਥ ਵਿੱਚੋਂ ਆਵਾਸਨ ਹਿੱਸੇ ਕੱਟ ਦਿੱਤੇ ਜਾਣ ਤੇ ਹੋਰ ਪ੍ਰਸੰਗ ਪਾ ਦਿੱਤੇ ਜਾਣ ਪ੍ਰੰਤੂ ਇਹ ਕੰਮ ਕਰਨਾ ਅਰਥਾਤ ਮੂਲ ਪਾਠ ਵਿਚੋਂ ਘਟਨਾ ਕਿ ਹੋਰ ਪਾਉਣਾ ਸਾਨੂੰ ਮੁਨਾਸਬ ਨਜ਼ਰ ਨਾ ਆਇਆ ਐਸਾ ਕਰਨਾ ਸਾਹਿਤਕ ਦੁਨੀਆਂ ਵਿੱਚ ਇੱਕ ਵੱਡੀ ਮਾੜੀ ਗੱਲ ਹੈ।”10 ਭਾਈ ਵੀਰ ਸਿੰਘ ਜੀ ਗ੍ਰੰਥਾਂ ਦੀ ਸੰਪਾਦਨਾ ਸਮੇਂ ਇਸ ਪੱਖੋਂ ਪੂਰੇ ਸੁਚੇਤ ਸਨ ਕਿ ਗ੍ਰੰਥਾਂ ਦੀ ਸੰਪਾਦਨਾ ਹੂਬਹੂ ਕੀਤੀ ਜਾਵੇ ਤੇ ਪਾਠਕ ਨੂੰ ਸੁਚੇਤ ਕਰਨ ਲਈ ਭਾਈ ਜੀ ਨੇ ਸਿੱਖੀ ਸਿਧਾਂਤਾਂ ਅਨੁਸਾਰ ਆਲੋਚਨਾ ਵੀ ਬਾ ਕਮਾਲ ਕੀਤੀ ਹੈ।ਭਾਈ ਜੀ ਦੀ ਗ੍ਰੰਥਾਂ ਦੀ ਸੰਪਾਦਨਾ ਸਿੱਖੀ ਪ੍ਰਚਾਰ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ ਹੈ।੧੯੫੮ ਈਸਵੀ ਵਿੱਚ ਭਾਈ ਵੀਰ ਸਿੰਘ ਦੀਆਂ ਲਿਖਤਾਂ ਦੇ ਪ੍ਰਚਾਰ ਪ੍ਰਸਾਰ ਲਈ ਨਵੀਂ ਦਿੱਲੀ ਵਿਖੇ ‘ਭਾਈ ਵੀਰ ਸਿੰਘ ਸਾਹਿਤ ਸਦਨ, ਦੀ ਸਥਾਪਨਾ ਹੋਈ।ਇਹ ਸੰਸਥਾ ਅੱਜ ਵੀ ਵੱਡੇ ਪੱਧਰ ਤੇ ਭਾਈ ਸਾਹਿਬ ਜੀ ਦੀਆਂ ਲਿਖਤਾਂ ਨੂੰ ਛਾਪ ਕੇ ਵੰਡ ਰਹੀ ਹੈ।ਇਨ੍ਹਾਂ ਰਚਨਾਵਾਂ ਵਿਚ ਵਾਰਾਂ ਭਾਈ ਗੁਰਦਾਸ ੨੦੧੪ ਵਿੱਚ ੨੩ ਵੀਂ ਵਾਰ ਛਪ ਕੇ ਆ ਚੁੱਕੀ ਹੈ।ਸਿੱਖਾਂ ਦੀ ਭਗਤਮਾਲਾ ੨੦੧੭ ਵਿੱਚ ੧੨ ਵੀ ਵਾਰ ਛਪ ਕੇ ਆ ਚੁੱਕੀ ਹੈ।ਨਾਵਲ ਸੁੰਦਰੀ ੨੦੧੧ ਵਿੱਚ ੪੪ਵੀਂ ਤੇ ਸਤਵੰਤ ਕੌਰ ੨੦੧੫ ਵਿੱਚ ੨੭ਵੀਂ ਵਾਰ ਛਪ ਕੇ ਆ ਚੁੱਕਾ ਹੈ।ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ  ਇਤਿਹਾਸਕ ਤੌਰ ਤੇ ਕਥਾ ਅੱਜ ਵੀ ਇਸੇ ਗ੍ਰੰਥ ਤੋਂ ਹੀ ਕੀਤੀ ਜਾਂਦੀ ਹੈ। ਭਾਈ ਵੀਰ ਸਿੰਘ ਜੀ ਦੀਆਂ ਇਨ੍ਹਾਂ ਰਚਨਾਵਾਂ ਦਾ ਸਦਕਾ ਸਿੱਖਾਂ ਅੰਦਰ ਜਿਹੜੀ ਨਵੀਂ ਜਾਗ੍ਰਿਤੀ ਆ ਰਹੀ ਸੀ ਉਸ ਦੀ ਸਮਾਜਿਕ ਮਹੱਤਤਾ ਤੋਂ ਬਰਤਾਨਵੀ ਸਰਕਾਰ ਭਲੀ ਪ੍ਰਕਾਰ ਜਾਣੂ ਸੀ।ਬਰਤਾਨੀਆ ਸਰਕਾਰ ਦੇ ਕ੍ਰਿਮੀਨਲ ਇੰਟੈਲੀਜੈਂਸ ਦੇ ਅਸਿਸਟੈਂਟ ਡਾਇਰੈਕਟਰ ਡੀ.ਪੇੇੈਟਰੀ ਨੇ ਭਾਈ ਵੀਰ ਸਿੰਘ ਬਾਰੇ ਇਹ ਸੀ.ਆਈ.ਡੀ ਰਿਪੋਰਟ ਦਿੱਤੀ ਕਿ”….ਬਹੁਤ ਸਾਰੇ ਸੋਮਿਆਂ ਤੋਂ ਪਤਾ ਲੱਗਦਾ ਹੈ ਕਿ ਵੀਰ ਸਿੰਘ ਸਿੱਖ ਪੁਨਰ ਜਾਗ੍ਰਿਤੀ ਲਹਿਰ ਦੇ ਮੋਢੀਆਂ ਵਿੱਚੋਂ ਹੈ ਅਤੇ ਪੱਕਾ ਰਾਜ ਧਰੋਹੀ ਹੈ। … ਇਹ ਗੱਲ ਸਹਿਜੇ ਹੀ ਆਖ ਸਕਦੇ ਹਾਂ ਕਿ ਵੀਰ ਸਿੰਘ ਨਵੇਂ ਸਿੰਘ ਸਭੀਆਂ ਵਿੱਚ ਉੱਘਾ ਹੈ ਅਤੇ ਪੱਕਾ ਸਰਕਾਰ ਵਿਰੋਧੀ ਹੈ।”11 ਭਾਈ ਵੀਰ ਸਿੰਘ ਜੀ ਬਾਰੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਵਿੱਚ ਪਾਏ ਜਾ ਰਹੇ ਯੋਗਦਾਨ ਤੋਂ ਉਸ ਸਮੇਂ ਦੀ ਹਕੂਮਤ ਕਿੰਨੇ ਡਰ ਵਿੱਚ ਸੀ।ਬ੍ਰਿਟਿਸ਼ ਹਕੂਮਤ ਨੂੰ ਇਹ ਡਰ ਸਤਾ ਰਿਹਾ ਸੀ ਕਿ ਭਾਈ ਸਾਹਿਬ ਜੀ ਦੇ ਇਸ ਪ੍ਰਚਾਰ ਨਾਲ ਸਿੱਖ ੧੮੪੯ ਈ. ਵਿੱਚ ਖੁੱਸੇ ਖਾਲਸਾ ਰਾਜ ਵੱਲ ਨੂੰ ਫਿਰ ਤੋਂ ਜਾਗ੍ਰਿਤ ਨਾ ਹੋ ਜਾਣ।ਭਾਈ ਜੀ ਬੇਖ਼ੌਫ਼ ਹੋ ਕੇ ਆਪਣੇ ਇਨ੍ਹਾਂ ਕਾਰਜਾਂ ਨੂੰ ਬੜੇ ਸਹਿਜ ਵਿੱਚ ਕਰਦੇ ਰਹੇ।ਭਾਈ ਜੀ ਦਾ ਕੀਤਾ ਇਹ ਕਾਰਜ ਅੱਜ ਵੀ ਸਿੱਖੀ ਪ੍ਰਚਾਰ ਲਈ ਚਾਨਣ ਮੁਨਾਰਾ ਹੈ।

ਇਸ ਤਰ੍ਹਾਂ ਭਾਈ ਵੀਰ ਸਿੰਘ ਜੀ ਨੇ ਬ੍ਰਿਟਿਸ਼ ਸਰਕਾਰ ਵਾਲੇ ਗਿਆਨ ਪ੍ਰਬੰਧ ਦਾ ਪ੍ਰਚਾਰ ਕਰਨ ਦੀ ਬਜਾਏ ਇਸ ਨੂੰ ਸਾਧਨ ਵਜੋਂ ਵਰਤ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਅੰਗਰੇਜ਼ਾਂ ਵੱਲੋਂ ਪੰਜਾਬ ਵਿੱਚ ਸਿੱਖ ਸੱਭਿਆਚਾਰ ਤੇ ਕੀਤੇ ਜਾ ਰਹੇ ਗਿਆਨ ਪ੍ਰਬੰਧ ਵਾਲੇ  ਹਮਲੇ ਨੂੰ ਰੋਕਣ ਲਈ ਸਿੱਖ ਸਿਧਾਂਤਾਂ ਵਾਲੇ ਗਿਆਨ ਪ੍ਰਬੰਧ ਨੂੰ ਸਿੱਖ ਮਨਾਂ ਤਕ ਪਹੁੰਚਾਉਣ ਲਈ ਆਪਣੀ ਕਲਮ ਚਲਾਈ।ਉਨ੍ਹਾਂ ਦੀ   ਦੀ ਉਸ ਸਮੇਂ ਦੀ ਚਲਾਈ ਕਲਮ ਅੱਜ ਵੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।

ਭਾਈ ਵੀਰ ਸਿੰਘ ਉੱਪਰ ਗੁਰੂ ਦੀ ਕਿੰਨੀ ਮਿਹਰ ਸੀ ਇਸ ਬਾਰੇ ਡਾ ਖ਼ੁਦਾਦਾਦ ਦੀ ਕਲਮ ਇਸ ਤਰ੍ਹਾਂ ਬਿਆਨ ਕਰਦੀ ਹੈ:-

ਹੈ ਸ਼ਾਨ ਤੇਰੀ ਬਾਲਾ
ਕਵਿਤਾ ਕਮਾਲ ਤੇਰੀ
ਆਉਸਾਫ ਤੇਰੇ ਆਅਲਾ
ਮਿਹਰੇ ਗੁਰੂ ਕਾ ਚਸ਼ਮਾਂ
ਤੁਝ ਮੇਂ ਕਜਾ ਨੇ ਡਾਲਾ
ਨੂਰੇ ਗੁਰੂ ਹੈ ਤੁਝ ਮੇਂ
ਹੈ ਸ਼ਾਨ ਤੇਰੀ ਬਾਲਾ
ਇਸ ਨੂਰ ਸੇ ਹੂਆ ਹੈ
ਸਭ ਜਗਤ ਮੇਂ ਉਜਾਲਾ।12

(ਖ਼ਾਲਸਾ ਸਮਾਚਾਰ, ੮ ਜੂਨ ੧੯੭੮)

ਹਵਾਲੇ:

  1. ਪ੍ਰੋ.ਹਰਬੰਸ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ,ਅਨੁ:ਸੁਰਿੰਦਰ ਸਿੰਘ ਨਰੂਲਾ,ਪੰਨਾ-1
  2. ਉਹੀ,ਪੰਨਾ-29,30,31
  3. ਉਹੀ,ਪੰਨਾ-33
  4. ਡਾ ਹਰਚੰਦ ਸਿੰਘ ਬੇਦੀ, ਭਾਈ ਵੀਰ ਸਿੰਘ ਸਾਹਿਤ ਵਰਤਮਾਨ ਪ੍ਰਸੰਗਿਕਤਾ,ਪੰਨਾ-84
  5. ਪ੍ਰੋ.ਹਰਬੰਸ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ,ਅਨੁ:ਸੁਰਿੰਦਰ ਸਿੰਘ ਨਰੂਲਾ,ਪੰਨਾ-8
  6. ਉਹੀ,ਪੰਨਾ-11
  7. ਉਹੀ,ਪੰਨਾ-36
  8. ਉਹੀ,ਪੰਨਾ-38
  9. ਡਾ.ਸ.ਪ.ਸਿੰਘ,ਜਸਬੀਰ ਸਿੰਘ ਸਾਬਰ ਡਾ.ਭਾਈ ਵੀਰ ਸਿੰਘ ਸਾਹਿਤ-ਦਰਸ਼ਨ,ਪੰਨਾ-87
  10. ਉਹੀ,ਪੰਨਾ-144
  11. ਪ੍ਰੋ.ਹਰਬੰਸ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ,ਅਨੁ:ਸੁਰਿੰਦਰ ਸਿੰਘ ਨਰੂਲਾ,ਪੰਨਾ-36-37
  12. ਉਹੀ,ਪੰਨਾ-128

*****

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,