ਸਿੱਖ ਖਬਰਾਂ

ਭਾਈ ਰਾਜੋਆਣਾ ਨੂੰ ਫਾਂਸੀ ਦੇਣ ਬਾਰੇ ਅਦਾਲਤ ਵੱਲੋਂ ਦੁਬਾਰਾ ਹੁਕਮ ਜਾਰੀ; ਰੋਹ ਲਹਿਰ ਤੇਜ

March 21, 2012 | By

ਚੰਡੀਗੜ੍ਹ, ਪੰਜਾਬ (21 ਮਾਰਚ, 2012): ਅਖਬਾਰੀ ਖਬਰਾਂ ਅਨੁਸਾਰ ਪੰਜਾਬ ਦੇ ਜਾਲਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਿੱਖ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦਿੱਤੇ ਜਾਣ ਸਬੰਧੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬੀਤੇ ਦਿਨ 20 ਮਾਰਚ ਦੁਬਾਰਾ ਹੁਕਮ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਨੂੰ ਅਦਾਲਤ ਨੇ ਕਿਹਾ ਹੈ ਕਿ ਉਹ ਫਾਂਸੀ ਦੀ ਸਜ਼ਾ ਲਾਗੂ ਕਰਵਾਉਣ ਤੋਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਦਿੱਤੇ ਗਏ ਹਨ, ਇਸ ਲਈ ਜੇਲ੍ਹ ਪ੍ਰਸ਼ਾਸਨ ਨੂੰ ਇਨ੍ਹਾਂ ਹੁਕਮਾਂ ਨੂੰ ਮੰਨਣਾ ਹੀ ਹੋਵੇਗਾ।

ਇਥੇ ਇਹ ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੇ ਵਧੀਕ ਸੈਸ਼ਨ ਜੱਜ ਸ਼ਾਲਿਨੀ ਸਿੰਘ ਨਾਗਪਾਲ ਨੇ ਪਟਿਆਲਾ ਜੇਲ੍ਹ ਨੂੰ ਹੁਕਮ ਜਾਰੀ ਕੀਤੇ ਸਨ ਕਿ 31 ਮਾਰਚ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਦਿੱਤੀ ਜਾਵੇ, ਪਰ ਪਟਿਆਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਫਾਂਸੀ ਦੇਣ ਤੋਂ ਇਹ ਕਹਿਕੇ ਇਨਕਾਰ ਕਰ ਦਿੱਤਾ ਸੀ ਕਿ ਇੱਕ ਤਾਂ ਜੇਲ੍ਹ ਅੰਦਰ ਫਾਂਸੀ ਦੇਣ ਲਈ ਕੋਈ ਜਲਾਦ ਮੌਜੂਦ ਨਹੀਂ ਹੈ ਅਤੇ ਦੂਜਾ ਇਹ ਕਿ ਵਾਕਿਆ ਵੀ ਚੰਡੀਗੜ੍ਹ ਦਾ ਹੈ, ਫ਼ੈਸਲਾ ਵੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਸੁਣਾਇਆ ਗਿਆ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਜੇਲ੍ਹ ਵਿਚ ਤਾਂ ਸਿਰਫ਼ ਬੁੜੈਲ ਜੇਲ੍ਹ ਤੋਂ ਤਬਦੀਲ ਕਰਕੇ ਰੱਖਿਆ ਗਿਆ ਹੈ। ਇਸ ‘ਤੇ ਅਦਾਲਤ ਨੇ ਦੁਬਾਰਾ ਫਾਂਸੀ ਦੇ ਹੁਕਮ ਜਾਰੀ ਕਰ ਦਿੱਤੇ।

ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵੇਲੇ ਪੰਜਾਬ ਵਾਸੀਆਂ ਉੱਤੇ ਅੰਨ੍ਹੇ ਜੁਲਮ ਕੀਤੇ ਗਏ ਸਨ। ਇਸ ਕਾਲ ਦੌਰਾਨ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਗਿਆ। ਸਿੱਖਾਂ ਉੱਪਰ ਤਸ਼ੱਦਦ, ਜਬਰੀ ਲਾਪਤਾ ਕਰਨ, ਹਿਰਾਸਤੀ ਮੌਤਾਂ ਸਮੇਤ ਅਜਿਹੇ ਅਨੇਕਾ ਜੁਲਮ ਹੋਏ ਜੋ “ਮਨੁੱਖਤਾ ਖਿਲਾਫ ਜੁਰਮ” ਦੇ ਕੌਮਾਂਤਰੀ ਘੇਰੇ ਵਿਚ ਆਉਂਦੇ ਹਨ। ਇਸ ਜਬਰ-ਜੁਲਮ ਦੀ ਹਨੇਰੀ ਨੂੰ ਰੋਕਣ ਲਈ ਹੀ ਕੁਦਰਤੀ ਨਿਆਂ ਦੇ ਮਾਪਦੰਡਾਂ ਤਹਿਤ ਸ਼ਹੀਦ ਭਾਈ ਦਿਲਾਵਰ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਤੇ ਸਾਥੀਆਂ ਨੇ 31 ਅਗਸਤ 1995 ਨੂੰ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਪੰਜਾਬ ਸਕੱਤਰੇਤ ਦੇ ਬਾਹਰ ਬੰਬ ਧਮਾਕੇ ਵਿਚ ਖਤਮ ਕਰ ਦਿਤਾ। ਗ੍ਰਿਫਤਾਰੀ ਉਪਰੰਤ ਭਾਈ ਰਾਜੋਆਣਾ ਨੇ ਆਪਣੀ ਸ਼ਮੂਲੀਅਤ ਦਾ ਇਕਬਾਲ ਕਰ ਲਿਆ ਅਤੇ ਭਾਰਤੀ ਤੰਤਰੀ ਵਿਚ ਬੇ-ਭਰੋਸਗੀ ਪਰਗਟ ਕਰਦਿਆਂ ਭਾਰਤੀ ਅਦਾਲਤਾਂ ਵੱਲੋਂ ਮਿਲੀ ਮੌਤ ਖਿਲਾਫ ਅਪੀਲ ਨਹੀਂ ਕੀਤੀ।

ਆਉਂਦੀ 23 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਦੇ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ, ਜਿਸ ਵਿਚ ਪੰਥ ਵੱਲੋਂ ਇਸ ਫਾਂਸੀ ਬਾਰੇ ਸਾਂਝੀ ਰਾਏ ਘੜ ਕੇ ਅਗਲੀ ਵਿਓਂਤਬੰਦੀ ਕੀਤੀ ਜਾਵੇਗੀ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਆਦੇਸ਼ ਦਿਤੇ ਹਨ ਕਿ ਉਹ ਆਪਣੇ ਲਿਖਤੀ ਸੁਝਾਅ 23 ਮਾਰਚ ਨੂੰ ਸਵੇਰੇ 11 ਵਜੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਦੇ ਕਰਨ।

ਦੁਨੀਆ ਭਰ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੂੰ ਵੀ ਇਹ ਆਦੇਸ਼ ਦਿੱਤੇ ਗਏ ਹਨ ਕਿ ਉਹ 23 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਕੇ 25 ਮਾਰਚ ਨੂੰ ਭੋਗ ਉਪਰੰਤ ਭਾਈ ਬਲਵੰਤ ਸਿੰਘ ਦੀ ਚੜ੍ਹਦੀਕਲਾ ਲਈ ਅਰਦਾਸ ਕਰਨ।

ਰੋਹ ਲਹਿਰ:

ਬੀਤੇ ਦਿਨ ਇੰਗਲੈਂਡ ਦੀ ਸਿੱਖ ਸੰਗਤ ਵੱਲੋਂ ਲੰਡਨ ਵਿਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ।

ਆਉਂਦੀ 22 ਮਾਰਚ ਨੂੰ ਨਿਊਜ਼ੀਲੈਂਡ ਦੀਆਂ ਸੰਗਤਾਂ ਹੰਗਾਮੀ ਇਕੱਤਰਤਾ ਕਰਕੇ ਰੋਹ ਪ੍ਰਦਰਸ਼ਨ ਦੀ ਰੂਪ ਰੇਖਾਂ ਘੜਨ ਜਾ ਰਹੀਆਂ ਹਨ।

ਲੁਧਿਆਣਾ, ਪੰਜਾਬ ਦੇ ਗੁਰੂ ਨਾਨਾਕ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਲੁਧਿਆਣਾ ਵਿਚ ਭਾਰੀ ਰੋਸ ਪ੍ਰਦਰਸ਼ ਕੀਤਾ ਹੈ ਤੇ ਆਉਂਦੀ 24 ਮਾਰਚ ਨੂੰ ਪਟਿਆਲਾ ਦੇ ਸਮੂਹ ਕਾਲਜਾਂ, ਯੂਨੀਵਰਿਸਟੀ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,