ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਬਸਤੀਵਾਦੀ ਕਾਨੂੰਨਾਂ ਰਾਂਹੀ ਸੰਘਰਸ਼ੀਲ ਲੋਕਾਂ ਦੀ ਆਵਾਜ਼ ਅਤੇ ਹੱਕ ਕੁਚਲਣ ਵਾਲਾ ਭਾਰਤੀ ਲੋਕਤੰਤਰ ਫਰਜ਼ੀ ਅਤੇ ਫੇਲ : ਦਲ ਖਾਲਸਾ

January 28, 2018 | By

ਮਾਨਸਾ: 26 ਜਨਵਰੀ ਨੂੰ ਵਿਸਾਹਘਾਤ ਦਿਹਾੜੇ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਦੋਸ਼ ਲਾਇਆ ਕਿ ਜਿਹੜਾ (ਭਾਰਤ) ਲੋਕਤੰਤਰ ਆਪਣੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਤੋਂ ਇਨਕਾਰੀ ਹੋਵੇ ਅਤੇ ਲੋਕਾਂ ਦੇ ਵੱਖਰੇ ਵਿਚਾਰਾਂ ਨੂੰ ਕੁਚਲਣ ਲਈ ਬਸਤੀਵਾਦੀ ਕਾਨੂੰਨਾਂ ਦਾ ਸਹਾਰਾ ਲਵੇ, ਉਹ ਫਰਜ਼ੀ ਅਤੇ ਫੇਲ ਲੋਕਤੰਤਰ ਹੈ।

ਜਥੇਬੰਦੀ ਨੇ ਮੰਗ ਕੀਤੀ ਕਿ ਭਾਰਤ-ਪਾਕਿ ਵੰਡ ਮੌਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਕੀਤੇ ਵਾਅਦੇ ਦੀ ਰੌਸ਼ਨੀ ਵਿੱਚ ਸੰਘਰਸ਼ੀਲ ਕੌਮਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਮਿਲੇ। ਉਹਨਾਂ ਆਪਣੀ ਗੱਲ ਨੂੰ ਜੋਰਦਾਰ ਤਰੀਕੇ ਨਾਲ ਚੁੱਕਣ ਲਈ ਵੱਡਾ ਬੈਨਰ ਚੁਕਿਆ ਹੋਇਆ ਸੀ ਜਿਸ ਉਤੇ ਵਿਅੰਗਮਈ ਢੰਗ ਨਾਲ ਲਿਿਖਆ ਸੀ ਕਿ “ਕਿੱਥੇ ਹੈ ਸੰਯੁਕਤ ਰਾਸ਼ਟਰ? ਪੰਜਾਬ ਨੂੰ ਕਿਉਂ ਨਹੀ ਦਿੱਤਾ ਜਾ ਰਿਹਾ ਹੈ ਸਵੈ-ਨਿਰਣੇ ਦਾ ਹੱਕ”।

ਦਲ ਖਾਲਸਾ ਦੇ ਆਗੂ ਮਾਨਸਾ ਵਿਖੇ ਮਾਰਚ ਨੂੰ ਸੰਬੋਧਨ ਕਰਦੇ ਹੋਏ।

ਦਲ ਖਾਲਸਾ ਵਲੋਂ ਸੰਵਿਧਾਨਕ ਗ਼ੁਲਾਮੀ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਮੁਜ਼ਾਹਰੇ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਉਤੇ ਮਾਰਚ ਕੱਢਿਆ ਗਿਆ ਜਿਸ ਵਿੱਚ ਸੈਂਕੜੇ ਕਾਰਕਰਤਾਵਾਂ ਨੇ ਪੰਜਾਬ ਦੀ ਆਜ਼ਾਦੀ ਦੇ ਹੱਕ ਵਿੱਚ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਕਾਰਜਰਤਾਵਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਅਤੇ ਵੱਡੇ ਬੈਨਰ ਫੜੇ ਹੋਏ ਸਨ, ਜਿਨਾਂ ਉਤੇ ਸੰਵਿਧਾਨਕ ਜ਼ਿਆਦਤੀਆਂ ਦੀ ਲੰਮੀ ਦਾਸਤਾਨ ਦਾ ਜ਼ਿਕਰ ਕਰਦਿਆਂ ਭਾਰਤੀ ਸੰਵਿਧਾਨ ਨੂੰ ਫਿਰਕਾਪ੍ਰਸਤ ਅਤੇ ਪੱਖਪਾਤੀ ਦਸਿਆ ਗਿਆ।

ਜਥੇਬੰਦੀ ਨੇ ਸਿੱਖ ਨੌਜਵਾਨਾਂ ਨੂੰ ਹਿੰਦੁਸਤਾਨ ਦੀ ਗੁਲਾਮੀ ਗਲੋਂ ਲਾਹੁਣ ਲਈ ਜੋਸ਼ ਅਤੇ ਹੋਸ਼ ਦੋਨਾਂ ਦੇ ਸੁਮੇਲ ਨਾਲ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਜਥੇਬੰਦੀ ਦੇ ਨੌਜਵਾਨਾਂ ਨੇ ਨਾਅਰੇ ਲਾਏ ਕਿ ਇਹ ਸੰਵਿਧਾਨ ਅਤੇ 26 ਜਨਵਰੀ ਸਿੱਖਾਂ ਲਈ ਬੇਗਾਨੀ ਹੈ।

ਪਾਰਟੀ ਮੁਖੀ ਹਰਪਾਲ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਆਪਣੀ ਕਿਸਮਤ ਦੀ ਮਾਲਕ ਵੀ ਆਪ ਹੀ ਹੈ। ਉਹਨਾਂ ਕਿਹਾ ਕਿ ਭਾਰਤ ਅਤੇ ਸਿੱਖ ਕੌਮ ਵਿਚਾਲੇ ਖਿਚੋਤਾਣ ਦਾ ਪੱਕਾ ਹੱਲ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਅਤੇ ਉਸਨੂੰ ਲਾਗੂ ਕਰਨ ਨਾਲ ਹੀ ਹੋਵੇਗਾ। ਉਹਨਾਂ ਕਿਹਾ ਕਿ ‘ਸਵੈ-ਨਿਰਣੇ ਦਾ ਹੱਕ’ ਅਤੇ ‘ਵੱਖ ਹੋਣ ਦਾ ਹੱਕ ਲੋਕਤੰਤਰ ਦਾ ਹਿੱਸਾ ਹਨ ਅਤੇ ਭਾਰਤੀ ਹੁਕਮਰਾਨ ਅਤੇ ਮੀਡੀਆ ਇਸਨੂੰ ਵੱਖਵਾਦ ਆਖਕੇ ਕੌਮਾਂ ਨੂੰ ਉਹਨਾਂ ਦਾ ਹੱਕ ਦੇਣ ਦੀ ਆਪਣੀ ਜ਼ਿੰਮੇਵਾਰੀ ਤੋਂ ਭਗੌੜਾ ਹੋਣ ਦਾ ਰਾਹ ਲੱਭ ਰਿਹਾ ਹੈ।

ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਸਿੱਖਾਂ ਨੇ ਇਸ ਖਿਤੇ ਵਿਚ ਆਪਣਾ ਸਫਰ ਭਾਰਤੀ ਸੰਵਿਧਾਨ ਨੂੰ ਨਾ-ਮਨਜ਼ੂਰ ਕਰਕੇ ਆਰੰਭ ਕੀਤਾ ਕਿਉਕਿ ਇਹ ਸੰਵਿਧਾਨ ਉਹਨਾਂ ਨਾਲ ਧੋਖਾ ਸੀ ਅਤੇ ਬਾਅਦ ਦੇ 67 ਸਾਲਾਂ ਦੌਰਾਨ ਭਾਰਤੀ ਸਟੇਟ ਵਲੋਂ ਸਿੱਖਾਂ ਨਾਲ ਕੀਤੇ ਵਤੀਰੇ ਅਤੇ ਵਾਪਰੀਆਂ ਘਟਨਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ । ਉਹਨਾਂ ਕਿਹਾ ਕਿ ਦਿੱਲੀ ਦੇ ਹੁਕਮਰਾਨਾਂ ਨੇ ਸਿੱਖ ਸਮੱਸਿਆਵਾਂ ਨੂੰ ਜਾਂ ਤਾਂ ਅਣਗੌਲਿਆ ਕਰੀ ਰਖਿਆ, ਜਾਂ ਇਸ ਨੂੰ ਕਾਨੂੰਨ-ਵਿਵਸਥਾ ਦਾ ਮਸਲਾ ਬਣਾਕੇ ਸਿੱਖਾਂ ਦਾ ਸਰੀਰਕ ਘਾਣ ਕੀਤਾ।

ਬਾਬਾ ਹਰਦੀਪ ਸਿੰਘ ਮਹਿਰਾਜ ਨੇ ਅਫਸੋਸ ਜਿਤਾਇਆ ਕਿ ਹਿੰਦੁਸਤਾਨ ਨੇ ਸਿੱਖਾਂ ਨਾਲ ਦੁਰਵਿਹਾਰ ਕੀਤਾ, ਸਾਡੀ ਅੱਡਰੀ ਪਛਾਣ ਖੋਹੀ, ਹਿੰਦੂ ਕਾਨੂੰਨ ਸਾਡੇ ਉਤੇ ਥੋਪੇ, ਸਾਡੇ ਉਤੇ ਹਿੰਦੂ ਧਰਮ ਦਾ ਅੰਗ ਹੋਣ ਦਾ ਲੇਬਲ ਲਾਇਆ ਅਤੇ ਇਨਸਾਫ ਅਤੇ ਹੱਕਾਂ ਤੋਂ ਵਾਂਝਿਆ ਰੱਖਿਆ।

ਮਾਲਵਾ ਫੈਡਰੇਸ਼ਨ ਦੇ ਮੁੱਖੀ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੇ ਵੀ ਪ੍ਰਦਰਸ਼ਕਾਰੀਆਂ ਨੂੰ ਸੰਬੋਧਨ ਕੀਤਾ ਅਤੇ ਮਾਰਚ ਵਿੱਚ ਹਿੱਸਾ ਲਿਆ। ਉਹਨਾਂ ਕਿਹਾ ਕਿ ਇਸ ਮੁਲਕ ਅੰਦਰ ਫਿਰਕਾਪ੍ਰਸਤ ਹੁਕਮਰਾਨ ਕੇਵਲ ਸਿੱਖਾਂ ਨੂੰ ਹੀ ਨਹੀਂ ਦਲਿਤ ਅਤੇ ਮੁਸਲਮਾਨਾਂ ਨੂੰ ਵੀ ਆਪਣੀ ਚਾਣਕਿਆ ਨੀਤੀ ਨਾਲ ਹਿੰਦੂਤਵ ਸੋਚ ਵਿੱਚ ਜ਼ਜ਼ਬ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ। ਉਹਨਾਂ ਸਾਰੇ ਮਜ਼ਲੂਮਾਂ ਨੂੰ ਜ਼ਾਲਮ ਹਕੂਮਤ ਵਿਰੁੱਧ ਇੱਕਠੇ ਹੋਣ ਦਾ ਸੱਦਾ ਦਿੱਤਾ।

ਇਸ ਰੋਸ ਮੁਜ਼ਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਕੰਵਰਪਾਲ ਸਿੰਘ, ਅਮਰੀਕ ਸਿੰਘ ਈਸੜੂ, ਗੁਰਿੰਦਰ ਸਿੰਘ ਬਠਿੰਡਾ, ਗੁਰਤੇਜ ਸਿੰਘ, ਸੁਖਚੈਨ ਸਿੰਘ ਅਤਲਾ, ਹਰਮੋਇੰਦਰ ਸਿੰਘ ਹਰਮੋਏ, ਜਗਜੀਤ ਸਿੰਘ ਖੋਸਾ, ਰਣਬੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,