December 15, 2011 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ (15 ਦਸੰਬਰ, 2011): ਪੰਜਾਬ ਪੁਲਿਸ ਦੇ ਸਾਬਕਾ ਉਚ ਅਧਿਕਾਰੀਆਂ ਵਲੋਂ ਆਉਦੀਆਂ ਚੋਣਾਂ ਵਿਚ ਕੁੱਦਣ ਦੇ ਫੈਸਲੇ ਉਤੇ ਤਿੱਖੀ ਪ੍ਰਤੀਕਿਰਿਆ ਜਿਤਾਂਉਦਿਆਂ ਦਲ ਖਾਲਸਾ ਨੇ ਕਿਹਾ ਕਿ ਜਿਸ ਅਕਾਲੀ ਦਲ ਲਈ ਸਿੱਖਾਂ ਦੀਆਂ ਪਿਛਲੀਆਂ ਪੀੜ੍ਹੀਆਂ ਦੇ ਬਜੁਰਗਾਂ ਨੇ ਕੁਰਬਾਨੀਆਂ ਕੀਤੀਆ ਸਨ ਉਸ ਉਤੇ ਹੁਣ ਸਾਬਕਾ ਪੁਲਿਸ ਅਧਿਕਾਰੀਆਂ ਅਤੇ ਅਫਸਰਸ਼ਾਹੀ ਦਾ ਕਬਜ਼ਾ ਹੋਣ ਜਾ ਰਿਹਾ ਹੈ,ਜਿਸ ਕਰਕੇ ਹੁਣ ਅਕਾਲੀ ਜਥੇਦਾਰਾਂ ਨੂੰ ਇਸ ਪਾਰਟੀ ਵਿਚ ਖੂੰਜੇ ਲੱਗਣਾ ਪਵੇਗਾ।
ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਅਕਾਲੀ ਦਲ ਦੀ ਦੂਜੀ ਤੇ ਤੀਜੀ ਕਤਾਰ ਦੇ ਜਥੇਦਾਰਾਂ ਨੂੰ ਸਾਬਕਾ ਆਈ.ਏ.ਐਸ ਤੇ ਆਈ.ਪੀ.ਐਸ. ਅਧਿਕਾਰੀਆਂ ਵਲੋਂ ਉਨਾਂ ਦੇ ਰਾਜਨੀਤਿਕ ਥਾਂ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਵਿਰੁਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਦਲ ਖਾਲਸਾ ਆਗੂ ਨੇ ਸਾਬਕਾ ਪੁਲਿਸ ਅਧਿਕਾਰੀਆਂ ਇਜ਼ਹਾਰ ਆਲਮ, ਪੀ.ਐਸ. ਗਿੱਲ, ਐਚ ਐਸ ਚਾਹਲ, ਐੈਸ.ਐਸ.ਵਿਰਕ ਆਦਿ ਵਲੋਂ ਚੋਣਾਂ ਲੜਨ ਦੇ ਐਲਾਨ ਦਾ ਸਖਤ ਨੋਟਿਸ ਲਿਆ ਹੈ।
ਉਨਾਂ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀ ਕਿ ਹਰ ਨਾਗਰਿਕ ਨੂੰ ਚੋਣ ਰਾਜਨੀਤੀ ਵਿਚ ਦਾਖਲ ਹੋਣ ਦਾ ਹੱਕ ਹੈ ਪਰ ਸਾਡੀ ਚਿੰਤਾ ਹੈ ਕਿ ਜਿਹੜੇ ਪੁਲਿਸ ਅਧਿਕਾਰੀ ਚੋਣ ਰਾਜਨੀਤੀ ਵਿੱਚ ਦਾਖਿਲ ਹੋਕੇ ਕਾਨੂੰਨਦਾਨ ਬਨਣ ਜਾ ਰਹੇ ਹਨ ਉਹ ਪਿਛਲੇ ਸਮੇ ਅੰਦਰ ਕਾਨੂੰਨ ਦੀ ਉਲੰਘਣਾ ਦੇ ਦੋਸ਼ੀ ਰਹੇ ਹਨ।
ਜਥੇਬੰਦੀ ਦੇ ਆਗੂ ਨੇ ਕਿਹਾ ਕਿ ਇਨਾਂ ਦਾਗੀ ਅਫਸਰਾਂ ਦੇ ਜ਼ੁਲਮਾਂ ਦੇ ਸਤਾਏ ਪਰਿਵਾਰ ਇਨਸਾਫ ਦੀ ਉਡੀਕ ‘ਚ ਹਨ ਅਤੇ ਉਹ ਇਨਾਂ ਵਲੋਂ ‘ਸੱਤਾ ਤੇ ਕਾਬਜ਼’ ਹੋਣ ਦੀਆਂ ਕੋਸ਼ਿਸ਼ਾਂ ਦੇ ਸਖਤ ਖਿਲਾਫ ਹਨ।
ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਵਿਰਕ ਤੇ ਆਲਮ ਦੋਵੇਂ ਹੀ ਸਿੱਖ ਨੌਜਵਾਨਾਂ ਨੂੰ ਗੈਰ-ਕਾਨੂਨੀ ਢੰਗ ਨਾਲ਼ ਮਾਰ ਮੁਕਾਏ ਜਾਣ ਦੇ ਇਕੋ-ਜਿੰਨੇ ਦੋਸ਼ੀ ਹਨ।
ਪੰਜਾਬ ਦੇ ਸਿਆਸੀ ਦਲਾਂ ਵਲੋਂ ਅੰਨਾ ਹਜ਼ਾਰੇ ਨੂੰ ਪੰਜਾਬ ਅੰਦਰ ਉਨਾਂ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਸੱਦੇ ਜਾਣ ਦੀ ਕੀਤੇ ਜਾ ਰਹੇ ਐਲਾਨਾਂ ਉਤੇ ਆਪਣਾ ਪ੍ਰਤੀਕਰਮ ਕਰਦਿਆਂ ਉਨ੍ਹਾਂ ਕਿਹਾ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਅੰਨਾ ਹਜਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੋਂ ਸਿਆਸੀ ਲਾਭ ਲੈਣ ਦੇ ਚੱਕਰ ਵਿਚ ਹਨ। ਉਨਾਂ ਕਿਹਾ ਕਿ ਦਲ ਖਾਲਸਾ ਦਾ ਮੰਨਣਾ ਹੈ ਕਿ “ਗਾਂਧੀਵਾਦੀ” ਵਿਅਕਤੀ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਦਾ ਹਾਂ-ਪੱਖੀ ਨਤੀਜਾ ਤਾਂ ਹੀ ਨਿਕੱਲੇਗਾ ਜੇ ਹਰ ਨਾਗਰਿਕ ਨਿੱਜੀ ਤੌਰ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲਵੇ ਅਤੇ ਆਪਣੇ ਅੰਦਰੋਂ ਇਸ ਬਿਮਾਰੀ ਨੂੰ ਖਤਮ ਕਰੇ।
Related Topics: Badal Dal, Dal Khalsa International, Punjab Assembly Elections 2012, ਅਕਾਲੀ, ਪੰਜਾਬ ਚੋਣਾਂ 2012, ਬਾਦਲ ਦਲ