
September 19, 2017 | By ਨਰਿੰਦਰ ਪਾਲ ਸਿੰਘ
(ਲੇਖਕ: ਨਰਿੰਦਰ ਪਾਲ ਸਿੰਘ) ਜੂਨ 1984 ਦੇ ਫੌਜੀ ਹਮਲੇ ਦੇ ਦਰਦ ਨੂੰ ਆਪਣੀ ਕਲਮ ਰਾਹੀਂ ਬਿਆਨ ਕਰਕੇ, ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੇ ਹਜ਼ਾਰਾਂ ਲੱਖਾਂ ਪਾਂਧੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੇ ਅਫਜ਼ਲ ਅਹਿਸਨ ਰੰਧਾਵਾ ਅੱਜ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਗੁਰੂ ਨਗਰੀ ਅੰਮ੍ਰਿਤਸਰ ‘ਚ ਜਨਮੇ ਦੱਸੇ ਜਾਂਦੇ ਅਫਜ਼ਲ ਅਹਿਸਨ ਰੰਧਾਵਾ 1947 ਦੀ ਵੰਡ ਉਪਰੰਤ ਆਪਣੇ ਪੁਰਖਿਆਂ ਨਾਲ ਪਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਨਾਲ ਜਾ ਜੁੜੇ ਸਨ। ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਵਕਾਲਤ ਦੀ ਪੜ੍ਹਾਈ ਕਰਕੇ ਸਾਲ 1972 ਤੋਂ 1977 ਤੀਕ ਮੈਂਬਰ ਨੈਸ਼ਨਲ ਅਸੈਂਬਲੀ (ਮੈਂਬਰ ਪਾਰਲੀਮੈਂਟ) ਦੇ ਮੁਕਾਮ ਤੀਕ ਪੁੱਜਣ ਵਾਲੇ ਅਫਜ਼ਲ ਅਹਿਸਨ ਰੰਧਾਵਾ ਦਾ ਧੁਰ ਅੰਦਰ ਬਟਵਾਰੇ ਦੇ ਦਰਦ ਨਾਲ ਵਿੰਨ੍ਹਿਆ ਹੋਇਆ ਸੀ ਇਸਦੀ ਝਲਕ ਉਨ੍ਹਾਂ ਦੁਆਰਾ ਲਿਖੀ ਇੱਕ ਕਹਾਣੀ ‘ਗੁਆਚੀ ਹੋਈ ਖੁਸ਼ਬੋ’ ਹੈ।
ਪਾਕਿਸਤਾਨੀ ਪੰਜਾਬੀ ਕਵੀ ਅਫਜ਼ਲ ਅਹਿਸਨ ਰੰਧਾਵਾ
ਦੱਸਿਆ ਜਾ ਰਿਹਾ ਹੈ ਕਿ ਆਪਣਿਆਂ ਦੇ ਵਿਛੋੜੇ ਦਾ ਦਰਦ ਹੰਢਾਣ ਵਾਲਾ ਇਸ ਕਹਾਣੀ ਦਾ ਅਸਲ ਪਾਤਰ ਵੀ ਕਈ ਦਹਾਕਿਆਂ ਜਨਾਬ ਰੰਧਾਵਾ ਨੂੰ ਮਿਲ ਗਿਆ ਲੇਕਿਨ ਉਨ੍ਹਾਂ ਇਹ ਕਹਿ ਕੇ ਅੱਖਾਂ ਭਰ ਲਈਆਂ ਕਿ ਖੁਸ਼ਬੋ ਤਾਂ ਵਾਪਿਸ ਨਹੀਂ ਆਈ। ਜ਼ਿੰਦਗੀ ਦੀ ਖੁਸ਼ਬੋ ਆਪਣਿਆਂ ਵਿੱਚ ਬੀਤਾਏ ਦਿਨ ਹੀ ਹਨ। ਮਿੱਟੀ ਦੇ ਜਾਇਆਂ ਅਤੇ ਸਰਹੱਦਾਂ ਦੇ ਦਰਦ ਨੂੰ ਮਾਂ ਬੋਲੀ ਰਾਹੀਂ ਬਿਆਨਣ ਲਈ ਉਸਦੀਆਂ ਸ਼ਾਹਕਾਰ ਰਚਨਾਵਾਂ ‘ਦੀਵਾ ਤੇ ਦਰਿਆ’ ‘ਦੋਆਬਾ’, ‘ਸੂਰਜ ਗ੍ਰਹਿਣ’ ਜੀਵਨ ਫਲਸਫੇ ਦੀ ਬਾਤ ਜ਼ਰੂਰ ਪਾਉਂਦੀਆਂ ਹਨ। ਉਸਦੇ ਜੀਵਨ ਦੀ ਤ੍ਰਾਸਦੀ ਕਹਿ ਲਈ ਜਾਵੇ ਕਿ 1917 ਵਿੱਚ ਜਨਮੇ ਅਫਜ਼ਲ ਆਪਣੇ ਜਨਮ ਭੋਏਂ (ਅੰਮ੍ਰਿਤਸਰ) ਅਤੇ ਇਸਦੇ ਜਾਇਆਂ ਨੂੰ 1947 ਵਿੱਚ ਅੱਖਾਂ ਸਾਹਵੇਂ ਉਜੜਦਾ ਅਤੇ ਕੋਹਿਆ ਜਾਂਦਾ ਵੇਖਦੇ ਹਨ ਅਤੇ ਫਿਰ 47 ਦੇ ਜ਼ਖਮ ਦੇ 37 ਸਾਲ ਬਾਅਦ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਕੀਤੇ ਗਏ ਫੌਜੀ ਹਮਲੇ ਦੇ ਰੂਪ ਵਿੱਚ ਮੁੜ ਆਪਣੇ ਹੀ ਮਾਂ ਜਾਏ ਲਹੂ ਲੁਹਾਨ ਤੇ ਲੁੱਟੇ-ਪੁੱਟੇ ਵੇਖਦੇ ਹਨ।
ਪਾਕਿਸਤਾਨੀ ਪੰਜਾਬੀ ਕਵੀ ਅਫਜ਼ਲ ਅਹਿਸਨ ਰੰਧਾਵਾ (ਫਾਈਲ ਫੋਟੋ)
ਸਿੱਖ ਇਤਿਹਾਸ ਵਿੱਚ ਜੂਨ 1984 ਦੇ ਫੌਜੀ ਹਮਲੇ ਨੂੰ ਤੀਸਰੇ ਘੱਲੂਘਾਰੇ ਵਜੋਂ ਵੇਖਿਆ ਜਾਂਦਾ ਹੈ ਤੇ ਸਰਹੱਦ ਪਾਰ ਬੇਗਾਨੇ ਸਮਝੇ ਜਾਣ ਵਾਲਿਆਂ ਵਿੱਚ ਬੈਠੇ ਅਫਜ਼ਲ ਅਹਿਸਨ ਰੰਧਾਵਾ ਇਸ ਵਰਤਾਰੇ ਤੋਂ ਪੈਦਾ ਹੋਏ ਹਾਲਾਤਾਂ ‘ਚੋਂ ਕੌਮੀ ਦਰਦ ਵੀ ਮਹਿਸੂਸ ਕਰਦੇ ਹਨ ਭਵਿੱਖ ਦੀ ਰੋਸ਼ਨ ਕਿਰਨ ਵੀ ਮਹਿਸੂਸ ਕਰਦੇ ਹਨ। ਸ਼ਬਦਾਂ ਨੂੰ ‘ਨਵਾਂ ਘੱਲੂਘਾਰਾ’ ਸਿਰਲੇਖ ਵਜੋਂ ਅੰਕਿਤ ਕਰਦਾ ਹੈ:
ਸੁਣ ਰਾਹੀਆ ਕਰਮਾ ਵਾਲਿਆ
ਮੈਂ ਬੇਕਰਮੀ ਦੀ ਬਾਤ
ਮੇਰਾ ਚੜ੍ਹਦਾ ਸੂਰਜ ਡੁੱਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ——
ਫੌਜੀ ਹਮਲੇ ਕਾਰਣ ਢਹਿ ਢੇਰੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੋਲੀਆਂ ਵਿੰਨ੍ਹੇ ਚੌਗਿਰਦੇ ਨੂੰ ਉਹ:
ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖਤ ਅਕਾਲ
ਮੇਰੇ ਸੋਨੇ ਰੰਗਾ ਰੰਗ ਅੱਜ
ਮੇਰੇ ਲਹੂ ਨਾਲ ਲਾਲੋ ਲਾਲ। —–
ਸੂਰਮਿਆਂ ਦੇ ਖੂਨ ਲਸੀਨੇ ਨਾਲ ਜ਼ਰਖੇਜ਼ ਮਿੱਟੀ ਦੇ ਆਪਣਿਆਂ ਦੀ ਸਿਫਤ ਸਲਾਹ ਕਰਦਿਆਂ ਉਹ ਵੀਹਵੀਂ ਸਦੀ ਦੇ ਮਹਾਨ ਜਰਨੈਲ ਅਤੇ ਜੂਨ 1984 ਦੇ ਫੌਜੀ ਹਮਲੇ ਦੌਰਾਨ ਜੂਝ ਕੇ ਸ਼ਹਾਦਤ ਪਾਣ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਪ੍ਰਤੀ:
ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ
ਉਸ ਮੌਤ ਵਿਆਹੀ ਹੱਸ ਕੇ
ਉਹਦੇ ਦਿਲ ‘ਤੇ ਰਤਾ ਨਾ ਮੈਲ। ——-
ਵਰਗੇ ਸ਼ਬਦ ਵਰਤਦਾ ਹੈ, ਮਿੱਟੀ ਖਾਤਿਰ ਵਹਾਏ ਖੂਨ ਦੀ ਕੀਮਤ ਮਹਿਸੂਸ ਕਰਦਿਆਂ ਭਵਿੱਖ ਦਾ ਚਿਤਰਣ ਵੀ ਕਰਦਾ ਹੈ:
ਸੁਣ ਰਾਹੀਆ ਰਾਹੇ ਜਾਂਦਿਆ
ਤੁੰ ਲਿਖ ਰੱਖੀ ਇਹ ਬਾਤ
ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ। ——
ਅੱਜ ਅਫਜ਼ਲ ਅਹਿਸਨ ਰੰਧਾਵ ਸਰੀਰਕ ਤੌਰ ‘ਤੇ ਇਸ ਫਾਨੀ ਸੰਸਾਰ ਵਿੱਚ ਨਹੀਂ ਰਹੇ ਪ੍ਰੰਤੂ ਉਨ੍ਹਾਂ ਦੀ ਇਹ ਬੇਸ਼ਕੀਮਤੀ ਲਿਖਤ ਹਮੇਸ਼ ਲਈ ਉਨ੍ਹਾਂ ਨੂੰ ਜੀਉਂਦਾ ਰੱਖੇਗੀ।
Related Topics: Afzal Ahsan Randhawa, Narinderpal Singh Pattarkar, Pakistani Punjab, remembrance 1984 army attack