
October 17, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਲ ਖਾਲਸਾ ਨੇ ਸਿੱਖ ਪੰਥ ਅੰਦਰ ਬਣੇ ਤਣਾਅਪੂਰਣ ਅਤੇ ਖਾਨਾਜੰਗੀ ਵਰਗੇ ਮਾਹੌਲ ਲਈ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਅਤੇ ਉਸ ਦੇ ਸਿਆਸੀ ਆਕਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪਾਰਟੀ ਦੇ ਸੀਨੀਅਰ ਆਗੂ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਗਿਆਨੀ ਗੁਰਬਚਨ ਸਿੰਘ ਨੂੰ ਉਸਦੇ ਗਲਤ ਫੈਸਲਿਆਂ ਕਰਕੇ ਦਾਗੀ ਅਤੇ ਵਿਵਾਦਿਤ ‘ਜਥੇਦਾਰ’ ਦਸਦਿਆਂ ਕਿਹਾ ਕਿ ਉਹਨਾਂ ਦਾ ਬੰਦੀ ਛੋੜ ਦਿਵਸ ‘ਤੇ ਦਿੱਤਾ ਜਾਣ ਵਾਲਾ ਸੰਦੇਸ਼ ਕੋਈ ਅਰਥ ਨਹੀਂ ਰੱਖਦਾ। ਉਹਨਾਂ ਕਿਹਾ ਕਿ ਜਿਸ ਵਿਅਕਤੀ ਨੂੰ ਕੌਮ ਦਾ ਵੱਡਾ ਹਿੱਸਾ ਦੋ ਸਾਲ ਪਹਿਲਾਂ ਹੀ ਰੱਦ ਕਰ ਚੁੱਕਾ ਹੋਵੇ ਉਸ ਦੇ ਸੰਦੇਸ਼ ਦੇ ਕੀ ਅਰਥ ਜਾਂ ਮਹਤੱਤਾ ਰਹਿ ਜਾਂਦੀ ਹੈ।
ਭਾਈ ਸਤਨਾਮ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ
ਬੰਦੀ ਛੋੜ ਦਿਵਸ ਦੇ ਸਮਾਗਮਾਂ ਨੂੰ ਲੈ ਕੇ ਬਣੋ ਤਣਾਅ ਉਤੇ ਆਪਣਾ ਪ੍ਰਤੀਕਰਮ ਦਿੰਦਿਆਂ, ਦਲ ਖਾਲਸਾ ਆਗੂ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦਾ ਅਹੁਦੇ ‘ਤੇ ਬਣੇ ਰਹਿਣਾ ਹੀ ਸਾਰੀ ਸਮੱਸਿਆ ਦੀ ਜੜ੍ਹ ਹੈ। ਉਹਨਾਂ ਕਿਹਾ ਕਿ ਕੌਮ ਲਈ ਰੱਦ ਕੀਤੇ ਗਏ ਬੰਦੇ ਦਾ ਪਾਵਨ ਸਥਾਨ ‘ਤੇ ਬੈਠ ਕੇ ਬਤੌਰ ਜਥੇਦਾਰ ਕਾਰਜ ਕਰਨਾ ਬਰਦਾਸ਼ਤ ਤੋਂ ਬਾਹਰ ਹੈ।
ਸਬੰਧਤ ਖ਼ਬਰ:
ਬਾਦਲ-ਡੇਰਾ ਸਿਰਸਾ ਭਾਈਵਾਲੀ: ਛੋਟੇ ਪੱਧਰ ਦੇ ਆਗੂ ਆਪਣੇ ਆਕਾਵਾਂ ਖਿਲਾਫ ਕਿਵੇਂ ਕਰਨਗੇ ਜਾਂਚ?: ਦਲ ਖ਼ਾਲਸਾ …
ਉਹਨਾਂ ਕਿਹਾ ਕਿ ਜਿਸ ਦਿਨ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸਾਥੀ ਜਥੇਦਾਰਾਂ ਨਾਲ ਮਿਲਕੇ ਸਿਰਸਾ ਡੇਰੇ ਦੇ ਮੁੱਖੀ ਨੂੰ ਬਿਨ ਮੰਗਿਆ ਮੁਆਫੀ ਦਿੱਤੀ ਸੀ, ਉਸ ਦਿਨ ਤੋਂ ਪੰਥ ਦੇ ਵੱਡੇ ਹਿੱਸੇ ਨੇ ਉਸਨੂੰ ਰੱਦ ਕਰਕੇ ਉਸਦੇ ਬਾਈਕਾਟ ਦਾ ਸੱਦਾ ਦਿੱਤਾ ਸੀ ਜਿਸ ਉਤੇ ਉਹ ਅੱਜ ਵੀ ਕਾਇਮ ਹਨ। ਉਹਨਾਂ ਕਿਹਾ ਕਿ ਪੰਥ ਨੂੰ ਪਿਆਰ ਕਰਨ ਵਾਲਾ ਹਰ ਸਿੱਖ ਗਿਆਨੀ ਗੁਰਬਚਨ ਸਿੰਘ ਨੂੰ ਬਦਲੇ ਜਾਣ ਦੇ ਹੱਕ ਵਿੱਚ ਹੈ ਪਰ ਸੁਖਬੀਰ ਸਿੰਘ ਬਾਦਲ ਆਪਣੇ ਹੰਕਾਰ ਵਿੱਚ ਸ਼੍ਰੋਮਣੀ ਕਮੇਟੀ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਹਨ।
ਸਤਨਾਮ ਸਿੰਘ ਨੇ ਆਪਣੀ ਪਾਰਟੀ ਦੀ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਐਸੀ ਸਰਗਰਮੀ ਦਾ ਹਿੱਸਾ ਨਹੀਂ ਬਨਣਗੇ ਜਿਸ ਨਾਲ ਦਰਬਾਰ ਸਾਹਿਬ ਦੀ ਮਰਯਾਦਾ ਅਤੇ ਪਵਿਤੱਰਤਾ ਨੂੰ ਢਾਹ ਲੱਗਦੀ ਹੋਵੇ। ਉਹਨਾਂ ਕਿਹਾ ਕਿ ਉਹ ਸਿੱਖਾਂ ਵਿਚਾਲੇ ਦਰਬਾਰ ਸਾਹਿਬ ਜਾਂ ਕਿਸੇ ਵੀ ਗੁਰਦੁਆਰੇ ਅੰਦਰ ਜਿਸਮਾਨੀ ਟਕਰਾਅ ਦੇ ਵਿਰੁੱਧ ਹਨ ਕਿਉਂਕਿ ਇਸ ਨਾਲ ਕੇਵਲ ਸਿੱਖ ਕੌਮ ਦੇ ਅਕਸ ਨੂੰ ਹੀ ਢਾਹ ਨਹੀਂ ਲੱਗਦੀ ਬਲਕਿ ਸਿੱਖਾਂ ਦੇ ਕੌਮੀ ਮਿਸ਼ਨ ਨੂੰ ਵੀ ਸੱਟ ਵੱਜਦੀ ਹੈ। ਉਹਨਾਂ ਕਿਹਾ ਕਿ ਉਹ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਆਪਣੀ ਸਿਧਾਂਤਕ ਲੜਾਈ ਜਾਰੀ ਰੱਖਣਗੇ ਅਤੇ ਇਸ ਲਈ ਸੰਗਤਾਂ ਨੂੰ ਲਾਮਬੰਦ ਵੀ ਕਰਨਗੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Related Topics: Acting Jathedars, Dal Khalsa International, Giani Gurbachan Singh, satnam singh paunta sahib, Shiromani Gurdwara Parbandhak Committee (SGPC)