ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪਾਣੀਆਂ ਲਈ ਕੁਰਬਾਨੀ ਕਰੇਗੀ ਕਾਂਗਰਸ; ਤੋਤਾ ਸਿੰਘ ਨੂੰ ਭੇਜਾਂਗੇ ਜੇਲ੍ਹ: ਕੈਪਟਨ ਅਮਰਿੰਦਰ ਸਿੰਘ

August 10, 2016 | By

ਚੰਡੀਗੜ੍ਹ: ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸਰਦੂਲਗੜ੍ਹ ਹਲਕੇ ਵਿਚ ਕਿਹਾ ਕਿ ਸੱਤਾ ਵਿੱਚ ਹੁੰਦੇ ਹੋਏ ਅਕਾਲੀ ਆਗੂਆਂ ਨੇ ਪੰਜਾਬ ਦੇ ਹਿੱਤਾਂ ਅਤੇ ਪਾਣੀਆਂ ਨੂੰ ਲੈ ਕੇ ਕਦੇ ਵੀ ਵਫਾ ਨਹੀਂ ਨਿਭਾਈ ਸਗੋਂ ਭਾਜਪਾ ਅਤੇ ਹਰਿਆਣਵੀ ਆਗੂ ਚੌਧਰੀ ਦੇਵੀ ਲਾਲ ਨਾਲ ਆਪਣੇ ਸਿਆਸੀ ਹਿੱਤਾਂ ਲਈ ਸਾਂਝ ਪੱਕੀ ਕਰਨ ਲਈ ਪੰਜਾਬ ਦੇ ਹਿੱਤਾਂ ਨਾਲ ਹਮੇਸ਼ਾ ਵਿਸ਼ਵਾਸ਼ਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਉਹ ਖੁਦ ਪੰਜਾਬ ਦੇ ਪਾਣੀਆ ਤੇ ਹੋਰ ਹਿੱਤਾਂ ਲਈ ਹਰ ਕੁਰਬਾਨੀ ‘ਪਹਿਲਾਂ ਵਾਂਗ’ ਹੀ ਦੇਣ ਲਈ ਤਿਆਰ ਹਨ।

captain at sardulgarh

‘ਹਲਕੇ ਵਿਚ ਕੈਪਟਨ’ ਪ੍ਰੋਗਰਾਮ ਦੇ ਤਹਿਤ ਸਰਦੂਲਗੜ੍ਹ ਵਿਖੇ ਲੋਕਾਂ ਨਾਲ ਗੱਲਬਾਤ ਕਰਦੇ ਕੈਪਰਨ ਅਮਰਿੰਦਰ ਸਿੰਘ

ਕੈਪਟਨ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀਆਂ ਨਲਾਇਕੀਆਂ ਕਾਰਨ ਸੂਬੇ ਦਾ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪਿਛਲੇ ਵਰ੍ਹੇ ਕਿਸਾਨਾਂ ਦਾ ਨਰਮਾ ‘ਛਕਣ ਵਾਲਾ’ ਜਥੇਦਾਰ ਤੋਤਾ ਸਿੰਘ ਹੀ ਨਹੀਂ ਫੜਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਤੋਤਾ ਸਿੰਘ ਤੇ ਉਸਦੇ ਠੱਗ ਸਾਥੀਆਂ ਸਬੰਧੀ ਜਾਂਚ ਕਰਵਾਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਕਿਸਾਨਾਂ ਨੂੰ ਅਮਰੀਕਾ ਤੋਂ ਵਿਸ਼ੇਸ਼ ਕਿਸਮ ਦੇ ਨਰਮੇ ਦਾ ਬੀਜ ਲਿਆ ਕੇ ਦਿੱਤਾ ਜਾਵੇਗਾ।

ਸੂਬਾ ਸਰਕਾਰ ’ਤੇ ਵਰ੍ਹਦਿਆਂ ਕੈਪਟਨ ਨੇ ਕਿਹਾ ਕਿ ਘਟੀਆ ਬੀਜ ਤੇ ਕੀਟਨਾਸ਼ਕਾਂ ਕਾਰਨ ਕਿਸਾਨਾਂ ਦਾ ਨਰਮੇ ਤੋਂ ਮੋਹ ਭੰਗ ਹੋ ਗਿਆ ਹੈ। ਮਜਬੂਰੀਵੱਸ ਨਰਮੇ ਦੀ ਥਾਂ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪਵੇਗਾ ਕਿਉਂਕਿ ਸਰਕਾਰ ਦੀ ਮਾੜੀ ਨੀਅਤ ਕਾਰਨ ਐਫ.ਸੀ.ਆਈ. ਪਹਿਲਾਂ ਹੀ ਝੋਨੇ ਦੀ ਖਰੀਦ ਕਰਨ ਤੋਂ ਪਿਛੇ ਹੱਟ ਗਈ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਕਾਂਗਰਸ ਦੀ ਸਰਕਾਰ ਬਣਨ ਪਿੱਛੋਂ ਕਿਸਾਨਾਂ ਦੇ ਚੰਗੇ ਅਤੇ ਅਕਾਲੀਆਂ ਦੇ ਮਾੜੇ ਦਿਨ ਸ਼ੁਰੂ ਹੋਣਗੇ।

ਆਮ ਆਦਮੀ ਪਾਰਟੀ ਬਾਰੇ ਕੈਪਟਨ ਨੇ ਕਿਹਾ ਕਿ ਬਾਹਰੋਂ ਆ ਕੇ ਚੌਧਰ ਕਰਨ ਵਾਲੇ 62 ਵਿਅਕਤੀਆਂ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ‘ਆਪ’ ਆਗੂ ਐਚ.ਐਸ. ਫੂਲਕਾ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ 1984 ਦੇ ਦੰਗਾ ਪੀੜਤਾਂ ਦੇ ਕੇਸ ਮੁਫ਼ਤ ਲੜਨ ਦਾ ਰੌਲਾ ਪਾਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿਉਂਕਿ ਫੂਲਕਾ ਹੇਠ ਕੰਮ ਕਰ ਰਹੇ 12 ਵਕੀਲਾਂ ਵੱਲੋਂ ਪ੍ਰਤੀ ਕੇਸ 80 ਹਜ਼ਾਰ ਰੁਪਏ ਲਏ ਜਾਂਦੇ ਹਨ। ਇਸ ਮੌਕੇ ਸਰਦੂਲਗੜ੍ਹ ਤੋਂ ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,