ਲੇਖ

‘ਫੌਜੀ ਮੁਖੀ ਜਨਰਲ ਵੀ. ਕੇ. ਸਿੰਘ, ਆਪਣੀ ਉਮਰ ਨਾਲ ਸਬੰਧਿਤ ਵਿਵਾਦ ਨੂੰ ਵਾਰ-ਵਾਰ ਹਵਾ ਨਾ ਦੇਵੇ’- ਪਲਮ ਰਾਜੂ (ਭਾਰਤ ਦਾ ਉਪ ਰੱਖਿਆ ਮੰਤਰੀ)

October 12, 2011 | By

‘ਭਾਰਤੀ ਫੌਜ ਦੇ 20,000 ਤੋਂ ਜ਼ਿਆਦਾ ਜਵਾਨ ਅਤੇ 200 ਟੈਂਕ, ਨਵੰਬਰ-ਦਸੰਬਰ ਵਿੱਚ ਪੋਖਰਾਨ (ਰਾਜਸਥਾਨ) ਵਿੱਚ ਜੰਗੀ ਮਸ਼ਕਾਂ ਕਰਨਗੇ’ -ਜਨਰਲ ਵੀ. ਕੇ. ਸਿੰਘ

ਕੀ ਭਾਰਤੀ ਫੌਜੀ ਮੁਖੀ ਆਪਣੇ ਕਾਰਜਕਾਲ ਨੂੰ ਵਧਾਉਣ ਲਈ, ਪਾਕਿਸਤਾਨ ਤੇ ਚੀਨ ਨਾਲ ਟਕਰਾਅ ਦੀ ਨੀਤੀ ਨੂੰ ਹਵਾ ਦੇ ਰਿਹਾ ਹੈ?

ਕੀ ਸਿੱਖਾਂ ਨੂੰ ਸਿੱਖ ਹੋਮਲੈਂਡ ਦੀ ਸੁਰੱਖਿਆ ਦਾ ਕੋਈ ਫਿਕਰ ਹੈ?

– ਡਾ. ਅਮਰਜੀਤ ਸਿੰਘ

ਇਸ ਵੇਲੇ ਭਾਰਤੀ ਫੌਜ ਦੀ ਗਿਣਤੀ 13 ਲੱਖ ਤੋਂ 15 ਲੱਖ ਦੇ ਵਿੱਚ ਵਿੱਚ ਹੈ ਅਤੇ ਇਸ ਦਾ ਸਾਲਾਨਾ ਬੱਜਟ 40 ਬਿਲੀਅਨ ਡਾਲਰ ਤੋਂ ਜ਼ਿਆਦਾ ਹੈ। ਸਮੇਂ-ਸਮੇਂ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਹੈ ਕਿ ਭਾਰਤੀ ਫੌਜ ਬੜੀ ‘ਡਿਸਪਲਿਨ’ (ਜ਼ਾਬਤੇ) ਵਾਲੀ ਲੜਾਕੂ, ਫੌਜ ਹੈ ਅਤੇ ਇਸ ਵਿੱਚ ਬੜਾ ‘ਪ੍ਰੋਫੈਸ਼ਨਲਿਜ਼ਮ’ ਹੈ। ਭਾਰਤੀ ਫੌਜ ਨੂੰ ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਤੋਂ ‘ਮੁਕਤ’ ਦੱਸਣ ਦੇ ਨਾਲ ਨਾਲ, ਇਸ ਦੇ ਧਰਮ ਨਿਰਪੱਖ ਹੋਣ ਦੇ ਵੀ ਬੜੇ ਦਾਅਵੇ ਕੀਤੇ ਜਾਂਦੇ ਹਨ। ਪਰ ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਫੌਜ ਦੇ ਮੁਖੀ ਜਨਰਲ ਵੀ. ਕੇ. ਸਿੰਘ ਦੀ ਉਮਰ ਅਤੇ ਇਸ ਨਾਲ ਸਬੰਧਿਤ ਉਸ ਦੇ ਸੇਵਾ ਕਾਰਜਕਾਲ ਨੂੰ ਲੈ ਕੇ ਛਿੜਿਆ ਆਪ ਮੁਹਾਰਾ ਵਿਵਾਦ ਠੱਲ੍ਹਣ ਦਾ ਨਾਮ ਹੀ ਨਹੀਂ ਲੈ ਰਿਹਾ। ਭਾਰਤੀ ਫੌਜੀ ਮੁਖੀ ਵਲੋਂ ਮੈਟਰਿਕ ਸਰਟੀਫਿਕੇਟ ਦੇ ਅਧਾਰ ’ਤੇ ਆਪਣੀ ਜਨਮ ਤਾਰੀਖ 10 ਮਈ, 1951 ਦੱਸੀ ਜਾ ਰਹੀ ਹੈ ਜਦੋਂਕਿ ਫੌਜ ਵਿੱਚ ਭਰਤੀ ਹੋਣ ਵੇਲੇ ਭਰੇ ਗਏ ਫਾਰਮ ਵਿੱਚ ਉਸ ਨੇ ਆਪਣੀ ਜਨਮ ਤਾਰੀਕ 10 ਮਈ, 1950 ਭਰੀ ਹੋਈ ਹੈ। ਫੌਜੀ ਰਿਕਾਰਡ ਤਾਰੀਕ ਅਨੁਸਾਰ ਉਸ ਨੇ ਮਈ, 2012 ਵਿੱਚ ਰਿਟਾਇਰ ਹੋਣਾ ਹੈ ਪਰ ਉਹ ਆਪਣੇ ਕੇਸ ਨੂੰ ਵਾਰ-ਵਾਰ ਭਾਰਤੀ ਰੱਖਿਆ ਮੰਤਰਾਲੇ ਅਤੇ ਮੀਡੀਏ ਸਾਹਮਣੇ ਉਛਾਲ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਾਨੂੰਨ ਮੰਤਰਾਲੇ ਅਤੇ ਅਟਾਰਨੀ ਜਰਨਲ ਦੀ ਸਲਾਹ ਨਾਲ, ਇਹ ਫੈਸਲਾ ਸੁਣਾਇਆ ਹੋਇਆ ਹੈ ਕਿ ਜਨਰਲ ਸਿੰਘ ਨੂੰ ਮਈ 2012 ਵਿੱਚ ਰੀਟਾਇਰ ਕਰ ਦਿੱਤਾ ਜਾਵੇਗਾ ਪਰ ਉਸਨੇ ਰੱਖਿਆ ਮੰਤਰਾਲੇ ਨੂੰ ਮੁੜ ਇੱਕ ਹੋਰ ‘ਸਟੈਚੂਟਰੀ ਅਪੀਲ’ ਕੀਤੀ ਹੈ। ਇਹ ਭਾਰਤੀ ਫੌਜ ਦਾ ਕਿਸ ਕਿਸਮ ਦਾ ‘ਡਸਿਪਲਨ’ ਅਤੇ ‘ਪ੍ਰੋਫੈਸ਼ਨਲਿਜ਼ਮ’ ਹੈ, ਜਿਹੜਾ ਕਿ ਆਪਣੇ ਸਿਸਟਮ ਦਾ ਵਾਰ-ਵਾਰ ਜਲੂਸ ਕੱਢ ਰਿਹਾ ਹੈ? ਕੀ ਕਿਤੇ ਇਹ ਵਰਤਾਰਾ ਪਾਕਿਸਤਾਨੀ ਫੌਜ ਵਾਂਗੂੰ, ਆਪ-ਮੁਹਾਰੇ ਹੋਣ ਦੀ ਅਲਾਮਤ ਤਾਂ ਨਹੀਂ ਹੈ?

ਇਹ ਚੰਗੀ ਗੱਲ ਹੈ ਕਿ ਭਾਰਤੀ ਰੱਖਿਆ ਮੰਤਰਾਲੇ ਨੇ ‘ਹੁਣ ਬਹੁਤ ਹੋ ਗਿਆ’ (ਐ¤ਨਫ ਇਜ਼ ਐ¤ਨਫ) ’ਤੇ ਅਮਲ ਕਰਦਿਆਂ ਜਨਰਲ ਸਿੰਘ ਨੂੰ ਸਖਤ ਭਾਸ਼ਾ ਵਿੱਚ ਸੁਨੇਹਾ ਦਿੱਤਾ ਹੈ। ਭਾਰਤ ਦੇ ਪ੍ਰਸਿੱਧ ਰਸਾਲੇ ‘ਇੰਡੀਆ ਟੂਡੇ’ ਅਨੁਸਾਰ, ਭਾਰਤ ਦੇ ਉਪ ਰੱਖਿਆ ਮੰਤਰੀ ਪਲਮ ਰਾਜੂ ਨੇ, ਮੀਡੀਏ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ, ‘ਜਨਰਲ ਵੀ. ਕੇ. ਸਿੰਘ ਆਪਣੀ ਉਮਰ ਨਾਲ ਸਬੰਧਿਤ ਵਿਵਾਦ ਨੂੰ ਵਾਰ-ਵਾਰ ਹਵਾ ਨਾ ਦੇਵੇ ਕਿਉਂਕਿ ਇਸ ਸਬੰਧੀ ਅਖੀਰਲਾ ਫੈਸਲਾ ਸੁਣਾਇਆ ਜਾ ਚੁੱਕਾ ਹੈ।’

ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਜਨਰਲ ਸਿੰਘ, ਰੱਖਿਆ ਮੰਤਰਾਲੇ ਦੇ ਫੈਸਲੇ ਤੋਂ ਬਾਅਦ ਟਿਕ ਕੇ ਬਹਿ ਗਿਆ ਹੈ? ਜੇ ਜਨਰਲ ਸਿੰਘ ਦੀਆਂ ‘ਗਤੀਵਿਧੀਆਂ’ ਵੱਲ ਸਰਸਰੀ ਨਜ਼ਰ ਮਾਰੀਏ ਤਾਂ ਇਸ ਦਾ ਉ¤ਤਰ ਨਾਂਹ ਵਿੱਚ ਨਿੱਕਲਦਾ ਹੈ। ਰੱਖਿਆ ਮੰਤਰਾਲੇ ਵਲੋਂ ਦਰਵਾਜ਼ਾ ਬੰਦ ਕਰ ਲਏ ਜਾਣ ਦੇ ਬਾਵਜੂਦ, ਉਹ ਗਵਾਂਢੀ ਦੇਸ਼ਾਂ (ਚੀਨ ਤੇ ਪਾਕਿਸਤਾਨ) ਸਬੰਧੀ ਧਮਕੀਆਂ ਭਰੀਆਂ ਟਿੱਪਣੀਆਂ ਕਰਕੇ, ਮੀਡੀਏ ਵਿੱਚ ਆਪਣੀ ਹੋਂਦ ਬਰਾਬਰ ਬਣਾਈ ਰੱਖ ਰਿਹਾ ਹੈ। ਹੁਣ ਇਉਂ ਜਾਪਦਾ ਹੈ ਕਿ ਇਹ ‘ਟਿੱਪਣੀਆਂ’ ਸਿਰਫ ਬਿਆਨਬਾਜ਼ੀ ਤੱਕ ਸੀਮਤ ਨਹੀਂ ਹਨ ਬਲਕਿ ਜਨਰਲ ਸਿੰਘ, ਪਾਕਿਸਤਾਨ ਤੇ ਚੀਨ ਨਾਲ ਲਗਦੀ ਸੀਮਾ ’ਤੇ ਭੜਕਾਊ ਜੰਗੀ ਮਸ਼ਕਾਂ ਕਰਕੇ, ਜੰਗੀ ਮਾਹੌਲ ਸਿਰਜਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।

10 ਅਕਤੂਬਰ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਦਿੱਲੀ ਵਿੱਚ ਕਮਾਂਡਰਾਂ ਦੀ ਹੋ ਰਹੀ ਪੰਜ ਰੋਜ਼ਾ ਕਾਨਫਰੰਸ ਦਾ ਉਦਘਾਟਨ ਕਰਦਿਆਂ ਜਨਰਲ ਵੀ. ਕੇ. ਸਿੰਘ ਨੇ ਕਿਹਾ ‘‘ਭਾਰਤੀ ਫੌਜ ਦੇ ਪੱਛਮ ਅਤੇ ਉ¤ਤਰ ਵਿੱਚ ਪਾਕਿਸਤਾਨ ਅਤੇ ਚੀਨ ਨਾਲ ਲਗਦੀਆਂ ਸੀਮਾਵਾਂ ’ਤੇ ਨਵ-ਪ੍ਰੀਵਰਤਨ ਨੀਤੀ ਦੇ ਤਹਿਤ ਫੌਜ ਦਾ ਜਮਾਵੜਾ ਕੀਤਾ ਜਾ ਰਿਹਾ ਹੈ। ਇਨ੍ਹਾਂ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸੀਮਾਵਾਂ ’ਤੇ ਜੰਗੀ-ਮਸ਼ਕਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ’ਚੋਂ ਇੱਕ ਰਾਜਸਥਾਨ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਭਾਰਤੀ ਫੌਜ ਦੇ 20 ਹਜ਼ਾਰ ਤੋਂ ਜ਼ਿਆਦਾ ਜਵਾਨ ਅਤੇ 200 ਟੈਂਕ, ਨਵੰਬਰ-ਦਸੰਬਰ ਦੇ ਮਹੀਨਿਆਂ ਵਿੱਚ ਪੋਖਰਾਨ (ਰਾਜਸਥਾਨ) ਵਿੱਚ ਜੰਗੀ-ਮਸ਼ਕਾਂ ਕਰਨਗੇ। ਭਾਰਤੀ ਹਵਾਈ ਫੌਜ ਵੀ ਇਸ ਵਿੱਚ ਸ਼ਮੂਲੀਅਤ ਕਰੇਗੀ। ਇਸ ਨੀਤੀ ਨੂੰ ਅਸੀਂ ‘ਥੇਟਰਾਈਜ਼ੇਸ਼ਨ’ ਦਾ ਨਾਂ ਦੇ ਰਹੇ ਹਾਂ। ਇਸ ਨੀਤੀ ਨੂੰ ਲਾਗੂ ਕਰਨ ਲਈ ਪਹਿਲਾਂ ਤੋਂ ਹੀ ਬਹੁਤ ਸਾਰੇ ਪ੍ਰਸਤਾਵ ਸਾਡੇ ਸਾਹਮਣੇ ਹਨ (ਇਨ ਦੀ ਪਾਈਪਲਾਈਨ)।ਬਹੁਤ ਕੁਝ ਬਾਰੇ ਅਖੀਰਲੇ ਫੈਸਲੇ ਲੈ ਲਏ ਗਏ ਹਨ। ਇਨ੍ਹਾਂ ਦਾ ਤਾਜ਼ਾ-ਤਰੀਨ ਅਭਿਆਸ ‘ਦੱਖਣੀ ਕਮਾਂਡ’ ਦੀ ਰਹਿਨੁਮਾਈ ਥੱਲੇ ਪੋਖਰਾਨ ਵਿੱਚ ਕੀਤਾ ਜਾਵੇਗਾ। ਇਸ ਜੰਗੀ-ਮਸ਼ਕ ਦਾ ਨਾਂ ‘ਸੁਦਰਸ਼ਨ ਸ਼ਕਤੀ’ ਰੱਖਿਆ ਗਿਆ ਹੈ। ਇਸ ਅਭਿਆਸ ਦੀ ਕਾਰਜਕੁਸ਼ਲਤਾ ਪਰਖਣ ਤੋਂ ਬਾਅਦ, ਇਸਨੂੰ (ਥੀਏਟਰਾਈਜ਼ੇਸ਼ਨ ਨੂੰ) ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ।’’

ਜ਼ਾਹਰ ਹੈ ਕਿ ਭਾਰਤੀ ਜਨਰਲ ਵੀ. ਕੇ. ਸਿੰਘ, ਪਾਕਿਸਤਾਨ ਤੇ ਚੀਨ ਨੂੰ ਜੰਗਬਾਜ਼ੀ ਦੇ ਰਸਤੇ ’ਤੇ ਘੜੀਸਣ ਦੀ ਦਾਅਵਤ ਦੇ ਰਿਹਾ ਹੈ। ਪਾਕਿਸਤਾਨ ਦੀ ਸਰਕਾਰ ਵਲੋਂ ਇਸ ਦਾ ਫੌਰਨ ਜਵਾਬ ਦੇਂਦਿਆਂ ਕਿਹਾ ਗਿਆ ਹੈ – ‘ਪਾਕਿਸਤਾਨ, ਭਾਰਤੀ ਕਬਜ਼ੇ ਹੇਠਲੇ ਜੰਮੂ-ਕਸ਼ਮੀਰ ਨੂੰ ਭਾਰਤ ਦਾ ‘ਅਖੰਡ’ ਹਿੱਸਾ ਬਿਲਕੁਲ ਨਹੀਂ ਮੰਨਦਾ ਅਤੇ ਅੰਤਰਰਾਸ਼ਟਰੀ ਮਤਿਆਂ ਅਨੁਸਾਰ ਜੰਮੂ-ਕਸ਼ਮੀਰ ਵਿੱਚ ਰਾਏਸ਼ੁਮਾਰੀ ਕਰਵਾਉਣ ਦੀ ਜ਼ੋਰਦਾਰ ਮੰਗ ਕਰਦਾ ਹੈ।’ ਚੀਨ ਵਲੋਂ ਵੀ ਇਸ ਭਾਰਤੀ ਨੀਤੀ ਨੂੰ ਨਕਾਰਿਆ ਗਿਆ ਹੈ।

ਪਾਠਕਜਨ! ਜਨਰਲ ਵੀ. ਕੇ. ਸਿੰਘ, ਉਸ ਅਖੰਡ ਭਾਰਤੀ ਹਿੰਦੂਤਵੀ ਕੋਰ ਗਰੁੱਪ ਦੀ ਰਹਿਨੁਮਾਈ ਕਰਦਾ ਹੈ, ਜਿਹੜਾ ਕਿ ਪਾਕਿਸਤਾਨ ਨਾਲ ਜੰਗ ਛੇੜਨ ਲਈ ਬੜਾ ਬੇਚੈਨ ਹੈ ਤਾਂ ਕਿ ਇਸ ਬਹਾਨੇ ਪਾਕਿਸਤਾਨ ਤੇ ਸਿੱਖ ਹੋਮਲੈਂਡ (ਪੰਜਾਬ) ਦੋਹਾਂ ਦਾ ਹੀ ਮੁਕੰਮਲ ਸਫਾਇਆ ਕਰ ਦਿੱਤਾ ਜਾਵੇ। ਜੰਗੀ ਮਸ਼ਕਾਂ, ਭਾਰਤੀ ਹਾਕਮਾਂ ਨੂੰ ਇਹ ਦੱਸਣ ਲਈ ਵੀ ਹਨ ਕਿ ਉਹ ਪੱਕਾ ‘ਅਖੰਡ ਭਾਰਤ ਦਾ ਮੁੱਦਈ’ ਲੜਾਕਾ ਜਰਨੈਲ ਹੈ ਅਤੇ ਉਸ ਦਾ ਕਾਰਜਕਾਲ ਵਧਾ ਕੇ ਉਸਨੂੰ ਜੰਗੀ ਜੌਹਰ ਵਿਖਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਪਰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਵਾਰ-ਵਾਰ ਕੀਤੀਆਂ ਜਾ ਰਹੀਆਂ ਭੜਕਾਊ ਜੰਗੀ ਮਸ਼ਕਾਂ ਨੂੰ, ਪੰਜਾਬ ਵਿਚਲੀ ਅਤੇ ਅੰਤਰਰਾਸ਼ਟਰੀ ਸਿੱਖ ਲੀਡਰਸ਼ਿਪ ਨੇ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਹਾਲਾਂਕਿ ਹਕੀਕਤ ਇਹ ਹੈ ਕਿ 1965, 1971 ਦੀਆਂ ਜੰਗਾਂ ਅਤੇ 1984 ਦੇ ਘੱਲੂਘਾਰੇ ਦੌਰਾਨ, ਪਾਕਿਸਤਾਨ ਨਾਲ ਜੰਗ ਦੇ ਬਹਾਨੇ, ਪੰਜਾਬ ਨੂੰ ਮੁਕੰਮਲ ਤੌਰ ’ਤੇ ਤਬਾਹ ਕਰਨ ਦੀ, ਭਾਰਤੀ ਹਾਕਮਾਂ ਦੀ ਬਦਨੀਤੀ ਸੀ, ਜਿਸ ਸਬੰਧੀ ਕਈ ਸਬੂਤ ਸਾਹਮਣੇ ਆ ਚੁੱਕੇ ਹਨ। ਭਾਰਤੀ ਫੌਜ ਦੇ ਕੱਦਾਵਰ ਅਤੇ ਨਾਮਵਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ (ਜਿਹੜੇ 1965 ਦੀ ਜੰਗ ਵੇਲੇ ਪੱਛਮੀ ਕਮਾਂਡ ਦੇ ਮੁਖੀ ਸਨ) ਨੇ ਰਿਟਾਇਰਮੈਂਟ ਤੋਂ ਬਾਅਦ ਲਿਖੀ ਆਪਣੀ ਪੁਸਤਕ ਵਿੱਚ ਇੰਕਸ਼ਾਫ ਕੀਤਾ ਸੀ ਕਿ ਕਿਵੇਂ 1965 ਦੀ ਜੰਗ ਵੇਲੇ, ਉਸ ਵੇਲੇ ਦੇ ਫੌਜੀ ਮੁਖੀ ਨੇ ਉਸ ਨੂੰ ‘ਹੁਕਮ’ ਦਿੱਤਾ ਸੀ ਕਿ ਉਹ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚੋਂ ਫੌਜ ਨੂੰ ਕੱਢ ਲਵੇ ਅਤੇ ਦਰਿਆ ਬਿਆਸ ਦੇ ਉਰਾਂਹ ਆ ਕੇ ‘ਪੁਜ਼ੀਸ਼ਨ’ ਲਵੇ। ਪਰ ਜਨਰਲ ਹਰਬਖਸ਼ ਸਿੰਘ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਿਆਂ, ਸਿੱਖ ਫੌਜਾਂ ਰਾਹੀਂ, ਪਾਕਿਸਤਾਨੀ ਟੈਂਕਾਂ ਦੀ ਪੇਸ਼ਕਦਮੀਂ ਨੂੰ ਰੋਕਿਆ ਸੀ ਅਤੇ ‘ਖੇਮਕਰਨ ਸੈਕਟਰ’ ਨੂੰ ਪੈਟਨ-ਟੈਂਕਾਂ ਦੀ ਕਬਰਗਾਹ ਬਣਾ ਦਿੱਤਾ ਸੀ। ਇਸ ਤਰ੍ਹਾਂ ਬਹਾਦਰ ਸਿੱਖ ਜਰਨੈਲ ਨੇ ਸ੍ਰੀ ਹਰਿਮੰਦਰ ਸਾਹਿਬ ਸਮੇਤ, ਮਾਝੇ ਦੇ ਸਮੁੱਚੇ ਇਲਾਕੇ ਨੂੰ ਪਾਕਿਸਤਾਨੀ ਫੌਜ ਦੇ ਕਬਜ਼ੇ ਵਿੱਚ ਜਾਣ ਤੋਂ ਬਚਾਇਆ ਸੀ। ਲੈਫ. ਜਨਰਲ ਹਰਬਖਸ਼ ਸਿੰਘ ਨੂੰ ਇਸ ਹੁਕਮ ਅਦੂਲੀ ਦੀ ਸਜ਼ਾ ਇਹ ਦਿੱਤੀ ਗਈ ਸੀ ਕਿ ਸੀਨੀਅਰ ਅਤੇ ਕਾਬਲ-ਜਰਨੈਲ ਹੋਣ ਦੇ ਬਾਵਜੂਦ, ਉਸ ਨੂੰ ਫੌਜੀ ਮੁਖੀ ਨਹੀਂ ਸੀ ਬਣਾਇਆ ਗਿਆ।

ਘੱਲੂਘਾਰਾ ਜੂਨ-84 ਤੋਂ ਇੱਕਦਮ ਬਾਅਦ, ਇਹ ਖਬਰਾਂ ਜ਼ੋਰਾਂ ’ਤੇ ਸਨ ਕਿ ਇੰਦਰਾ ਗਾਂਧੀ ਪਾਕਿਸਤਾਨ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਹਮਲੇ ਦੇ ਬਹਾਨੇ ਵਜੋਂ, ਪਾਕਿਸਤਾਨ ਨੂੰ ਸਿੱਖ ਖਾੜਕੂਆਂ ਨੂੰ ‘ਪਨਾਹ ਦੇਣ’ ਅਤੇ ‘ਟਰੇਨਿੰਗ ਦੇਣ’ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ। ਇਸ ਜੰਗ ਦੀ ਆੜ ਵਿੱਚ, ਭਾਰਤੀ ਹਵਾਈ ਫੌਜ ਵਲੋਂ, ਥਾਂ-ਥਾਂ ਪੰਜਾਬ ਵਿੱਚ ਬੰਬਾਰੀ ਕਰਕੇ, ਇਸ ਨੂੰ ਪਾਕਿਸਤਾਨ ਦੇ ਖਾਤੇ ਵਿੱਚ ਪਾਉਣ ਦੀ ਯੋਜਨਾ ਸੀ। ਅਮਰੀਕਾ ਨੂੰ, ਭਾਰਤ ਦੀ ਇਸ ਖੁਫੀਆ ਯੋਜਨਾ ਦੀ ਜਾਣਕਾਰੀ ਸੀ ਅਤੇ ਉਸ ਨੇ, ਉਸ ਵੇਲੇ ਦੇ ਪਾਕਿਸਤਾਨੀ ਫੌਜੀ ਪ੍ਰਧਾਨ ਜਨਰਲ ਜ਼ਿਆ ਉ¤ਲ ਹੱਕ ਨੂੰ ਹਦਾਇਤ ਕੀਤੀ ਕਿ ਉਹ ਹਰ ਹਾਲਤ ਵਿੱਚ ਸਥਿਤੀ ਨੂੰ ਠੰਡਿਆਂ ਕਰਨ ਵਿੱਚ ਪੇਸ਼ਕਦਮੀਂ ਕਰੇ। ਜਨਰਲ ਜ਼ਿਆ ਨੇ, ਜਾਨਾਂ ਬਚਾ ਕੇ ਪਾਕਿਸਤਾਨ ਪਹੁੰਚੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਤੁੰਨਿਆ ਅਤੇ ਆਪ ਭਾਰਤ ਵਿੱਚ ਹੋ ਰਹੇ ਕ੍ਰਿਕਟ ਮੈਚ ਨੂੰ ਦੇਖਣ ਦੇ ਬਹਾਨੇ ਭਾਰਤ ਪਹੁੰਚ ਗਿਆ। ਭਾਰਤੀ ਮੀਡੀਏ ਨੇ ਵੀ ਪਾਕਿਸਤਾਨ ਨਾਲ ਜੰਗ ਹੋਣ ਦੀਆਂ ਖਬਰਾਂ ਨਾਲ, ਮਾਹੌਲ ਨੂੰ ਗਰਮਾਇਆ ਹੋਇਆ ਸੀ। ਦਿੱਲੀ ਪਹੁੰਚੇ, ਜਰਨਲ ਜ਼ਿਆ ਨੂੰ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ‘ਕਿਆ ਭਾਰਤ-ਪਾਕਿਸਤਾਨ ਕੇ ਊਪਰ ਜੰਗ ਕੇ ਬਾਦਲ ਮੰਡਰਾ ਰਹੇ ਹੈਂ?’ ਉਸ ਨੇ ਬੜੀ ਬਨਾਵਟੀ ਮੁਸਕਰਾਹਟ ਨਾਲ ਜਵਾਬ ਦਿੱਤਾ – ‘ਮੁਝੇ ਤੋਂ ਆਸਮਾਨ ਸਾਫ ਨਜ਼ਰ ਆ ਰਹਾ ਹੈ।’ ਇਸ ਤਰ੍ਹਾਂ ਅਮਰੀਕਾ ਵਲੋਂ, ਭਾਰਤ ’ਤੇ ਪਏ ਕੂਟਨੀਤਕ ਦਬਾਅ ਅਤੇ ਜਨਰਲ ਜ਼ਿਆ ਦੇ ਝੁਕਣ ਦੀ ਬਦੌਲਤ, ਸਿੱਖ ਪੰਜਾਬ ਦੀ ਤਬਾਹੀ ਦਾ ਏਜੰਡਾ ਠੰਡੇ ਬਸਤੇ ਵਿੱਚ ਪੈ ਗਿਆ। ਹਾਲਾਂਕਿ ਭਾਰਤੀ ਫੌਜ ਨੇ ਉਸ ਦਬਾਅ ਵਾਲੇ ਮਾਹੌਲ ਵਿੱਚ, ਸਿਆਚਨ ਗਲੇਸ਼ੀਅਰ ’ਤੇ ਕਬਜ਼ਾ ਕਰ ਲਿਆ। ਇਹ ਕਬਜ਼ਾ, ਜੂਨ-ਜੁਲਾਈ, 1984 ਵਿੱਚ ਕੀਤਾ ਗਿਆ। ਇਸ ‘ਕਬਜ਼ੇ’ ਵਿੱਚ ਬਹਾਦਰੀ ਵਿਖਾਉਣ ਦਾ ‘ਪਰਮਵੀਰ ਚੱਕਰ’ ਜੰਮੂ ਨਿਵਾਸੀ ਇੱਕ ਸਿੱਖ ਬਾਨਾ ਸਿੰਘ ਨੂੰ ਦਿੱਤਾ ਗਿਆ ਸੀ। 31 ਅਕਤੂਬਰ, 1984 ਨੂੰ ਇੰਦਰਾ ਗਾਂਧੀ ਨਰਕਗਾਮੀ ਹੋਈ ਅਤੇ ਇਸ ਤਰ੍ਹਾਂ ਪਾਕਿਸਤਾਨ ਨਾਲ ਜੰਗ ਛੇੜ ਕੇ, ਸਿੱਖਾਂ ਦੀ ਅੱਗੋਂ ਬਰਬਾਦੀ ਦੀ ਬਦਨੀਤੀ ਉਹ ਸੀਨੇ ਵਿੱਚ ਹੀ ਲੈ ਕੇ ਤੁਰ ਗਈ।

ਅਸੀਂ ਸਮਝਦੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ (ਸਟੇਟ) ਦੀ ਪੰਜਾਬ ਨੂੰ ਤਬਾਹ ਕਰਨ ਦੀ ਚਿਰੋਕਣੀ ਬਦਨੀਤੀ ਅਜੇ ਵੀ ਬਦਸਤੂਰ ਜਾਰੀ ਹੈ ਅਤੇ ਪਾਕਿਸਤਾਨ ਨਾਲ ਜੰਗ ਛੇੜ ਕੇ, ਇਸ ਖਿੱਤੇ ਨੂੰ ਨੀਊਕਲੀਆਈ ਜੰਗੀ ਮੈਦਾਨ ਬਣਾ ਦਿੱਤਾ ਜਾਵੇਗਾ। 28 ਮਿਲੀਅਨ ਸਿੱਖ ਕੌਮ ਲਈ ਇਹ ਸਾਰਾ ਘਟਨਾਕ੍ਰਮ ਭਾਰੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਅਤੇ ਇਸ ਸਬੰਧੀ ਜਾਗਰੂਕਤਾ ਅਤੇ ਲਾਮਬੰਦੀ ਕਰਨੀ ਚਾਹੀਦੀ ਹੈ।

-(ਧੰਨਵਾਦ ਸਹਿਤ ਹਫਤਾਵਾਰੀ ਚੜ੍ਹਦੀਕਲਾ ਕੈਨੇਡਾ ਵਿਚੋਂ …)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: