ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਨਸ਼ੇ ਕਾਰਨ ਤਿੰਨ ਹੋਰ ਮੌਤ

July 3, 2018 | By

ਚੰਡੀਗੜ੍ਹ: ਪੰਜਾਬ ਪੂਰੀ ਤਰ੍ਹਾਂ ਨਸ਼ਿਆਂ ਦੇ ਛਿਕੰਜੇ ਵਿਚ ਫਸਿਆ ਪ੍ਰਤੀਤ ਹੋ ਰਿਹਾ ਹੈ ਤੇ ਸਰਕਾਰ ਪੂਰੀ ਤਰ੍ਹਾਂ ਨਸ਼ੇ ਨੂੰ ਰੋਕਣ ਵਿਚ ਨਾਕਾਮ ਸਾਬਿਤ ਹੋਈ ਹੈ। ਹਰ ਰੋਜ਼ ਪੰਜਾਬ ਦੇ ਨੌਜਵਾਨ ਨਸ਼ੇ ਨਾਲ ਦਮ ਤੋੜ ਰਹੇ ਹਨ ਤੇ ਸਰਕਾਰ ਬਿਆਨ ਦੇਣ ਤੋਂ ਸਿਵਾਏ ਕੁਝ ਕਰਦੀ ਨਜ਼ਰ ਨਹੀਂ ਆ ਰਹੀ। ਬੀਤੇ ਦੋ ਦਿਨਾਂ ਵਿਚ ਤਿੰਨ ਹੋਰ ਨੌਜਵਾਨਾਂ ਦੀ ਨਸ਼ੇ ਨਾਲ ਮੌਤ ਹੋਣ ਦੀ ਖ਼ਬਰ ਹੈ।

ਮ੍ਰਿਤਕਾਂ ਦੀ ਪਛਾਣ ਸੇਮਾ (28) ਵਾਸੀ ਖਲਚੀਆਂ ਕਦੀਮ, ਸ਼ੁਭਮ ਉਰਫ ਸ਼ੰਭੂ (22) ਵਾਸੀ ਜ਼ੀਰਾ ਗੇਟ, ਫ਼ਿਰੋਜ਼ਪੁਰ ਅਤੇ ਤਲਵੰਡ ਸਾਬੋ ਵਾਸੀ ਲਵਪ੍ਰੀਤ ਬੱਬੂ (23) ਵਜੋਂ ਹੋਈ ਹੈ। ਇਹ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਤਰ੍ਹਾਂ ਦਾ ਨਸ਼ਾ ਲੈ ਰਹੇ ਸਨ।

ਸੇਮਾ ਬਿਜਲੀ ਦਾ ਕੰਮ ਕਰਦਾ ਸੀ ਅਤੇ ਜੋ ਥੋੜੀ-ਬਹੁਤ ਕਮਾਈ ਹੁੰਦੀ ਸੀ, ਉਹ ਨਸ਼ੇ ਦੇ ਲੇਖੇ ਲਾ ਦਿੰਦਾ ਸੀ। ਐਤਵਾਰ ਦੇਰ ਸ਼ਾਮ ਉਸ ਨੇ ਨਸ਼ੇ ਦਾ ਟੀਕਾ ਲਾਇਆ, ਜਿਸ ਤੋਂ ਕੁਝ ਚਿਰ ਬਾਅਦ ਹੀ ਉਸ ਦੀ ਮੌਤ ਹੋ ਗਈ।

ਦੂਜਾ ਨੌਜਵਾਨ ਸ਼ੰਭੂ ਕੋਈ ਕੰਮ-ਕਾਰ ਨਹੀਂ ਕਰਦਾ ਸੀ। ਉਸ ਦਾ ਪਿਤਾ ਅਸ਼ੋਕ ਕੁਮਾਰ ਗੋਲ ਗੱਪਿਆਂ ਦੀ ਰੇਹੜੀ ਲਾਉਂਦਾ ਹੈ। ਸ਼ੰਭੂ ਦੀਆਂ ਤਿੰਨ ਭੈਣਾਂ ਤੇ ਇੱਕ ਭਰਾ ਹਨ। ਦੱਸਿਆ ਜਾਂਦਾ ਹੈ ਕਿ ਬੁੱਧਵਾਰ ਨੂੰ ਉਸ ਦੀ ਮੰਗਣੀ ਹੋਣੀ ਸੀ। ਐਤਵਾਰ ਨੂੰ ਨਸ਼ਾ ਲੈਣ ਤੋਂ ਬਾਅਦ ਉਸ ਦੀ ਸਿਹਤ ਅਚਾਨਕ ਵਿਗੜ ਗਈ। ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਉਧਰ ਲਵਪ੍ਰੀਤ ਵਿਆਹਿਆ ਹੋਇਆ ਸੀ ਅਤੇ ਉਸ ਦੇ ਤਿੰਨ ਕੁ ਮਹੀਨੇ ਦੀ ਕੁੜੀ ਵੀ ਹੈ। ਉਸ ਦੇ ਪਿਤਾ ਜੀਵਨ ਖ਼ਾਨ ਨੇ ਦੱਸਿਆ ਕਿ ਕੱਲ ਸਵੇਰੇ 9 ਕੁ ਵਜੇ ਤਿੰਨ ਅਣਪਛਾਤੇ ਵਿਅਕਤੀ ਉਸ ਨੂੰ ਮੋਟਰਸਾਈਕਲ ’ਤੇ ਲੈ ਗਏ ਸਨ। ਫਿਰ ਉਸ ਦੀ ਲਾਸ਼ ਬੀਤੀ ਰਾਤ ਸ਼ਹਿਰ ਕੋਲੋਂ ਲੰਘਦੇ ਰਜਵਾਹੇ ਕੋਲੋਂ ਮਿਲੀ ਹੈ। ਡੀਐਸਪੀ ਬਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਲਵਪ੍ਰੀਤ ਨਸ਼ੇ ਦਾ ਆਦੀ ਸੀ ਅਤੇ ਉਸ ਦੀ ਮੌਤ ਨਸ਼ਾ ਲੈਣ ਕਾਰਨ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,