December 30, 2011 | By ਸਿੱਖ ਸਿਆਸਤ ਬਿਊਰੋ
ਹਰ ਸਾਲ ਰਵਾਇਤ ਵਾਂਗ, ਬੀਤੇ ਵਰ੍ਹੇ ਨੂੰ ਅਲਵਿਦਾ ਕਹਿਣ ਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਅੱਜਕਲ੍ਹ ਗਰੀਟਿੰਗ ਕਾਰਡਾਂ ਦੀ ਥਾਂ ਈ-ਮੇਲ ਗਰੀਟਿੰਗ ਕਾਰਡਾਂ ਨੇ ਲੈ ਲਈ ਹੈ। ਬਹੁਤ ਸਾਰੇ ਲੋਕ ਤਾਂ ਸੋਸ਼ਲ ਨੈਟਵਰਕਿੰਗ ਸਾਈਟਾਂ ਜਿਵੇਂ ਫੇਸਬੁੱਕ, ਟਵਿੱਟਰ ਆਦਿ ਰਾਹੀਂ ਹੀ ਸ਼ੁੱਭ ਇੱਛਾਵਾਂ ਦਾ ਆਦਾਨ-ਪ੍ਰਦਾਨ ਕਰਨ ਲੱਗ ਪਏ ਹਨ। ਇੱਕ ਮਸ਼ੀਨੀ ਯੁੱਗ ਦੇ ‘ਮਸ਼ੀਨੀ ਮਨੁੱਖ’ ਤੋਂ, ‘ਦਿਲਾਂ ਦੀ ਧੜਕਣ’ ਤੇ ‘ਜਜ਼ਬਿਆਂ ਦੀ ਸਾਂਝ’ ਦੀ ਤਵੱਕੋ ਕਰਨਾ ਵੀ ਅਲਾਦੀਨ ਦਾ ਚਿਰਾਗ ਮੰਗਣ ਵਾਲੀ ਗੱਲ ਹੀ ਹੋ ਗਈ ਹੈ। ਮਾਂ-ਪਿਓ, ਭੈਣ-ਭਰਾ, ਭਰਾ-ਭਰਾ, ਮਿੱਤਰ-ਸੱਜਣ ਰਿਸ਼ਤੇਦਾਰੀਆਂ ਆਦਿ ਦੇ ਦਿਲਾਂ ਨੂੰ ਧੂਹ ਪਾਉਣ ਵਾਲੇ ਰਿਸ਼ਤੇ ਵੀ ਤਿੜਕਦੇ-ਤਿੜਕਦੇ, ‘ਹੈਪੀ ਨੀਊ ਈਅਰ’ ਦੇ ਗਰੀਟਿੰਗ ਕਾਰਡ ਦੀ ਵਲਗਣ ਵਿੱਚ ਹੀ ਸਮਾ ਚੁੱਕੇ ਹਨ। ਦਿਲਾਂ ਦੇ ਖੇੜੇ, ਚਿਹਰਿਆਂ ਦੀ ਚਮਕ, ਰੂਹ ਦੀ ਸ਼ਾਂਤੀ ਆਦਿ ‘ਬੀਤੇ ਪਿਛੜੇ ਯੁੱਗ’ ਦੀਆਂ ਗੱਲਾਂ ਹੋ ਗਈਆਂ ਹਨ। ਹੁਣ ਤਾਂ ‘ਭੱਜ ਲਓ-ਦੌੜ ਲਓ’, ‘ਉਹ ਅੱਗੇ ਲੰਘ ਗਿਆ,’ ‘ਜ਼ਮਾਨਾ ਬਹੁਤ ਐਡਵਾਂਸ ਹੈ-ਅਸੀਂ ਵੀ ਪੁਰਾਤਨਤਾ ਦਾ ਚੋਲਾ ਲਾਹੀਏ’, ‘ਟਾਈਮ ਕੀਹਦੇ ਕੋਲ ਹੈ’ ਆਦਿ ਦੇ ਹਾਈ-ਟੈੱਕ ਨਾਹਰੇ ਹੀ ਫਿਜ਼ਾ ਵਿੱਚ ਗੂੰਜਦੇ ਸੁਣਾਈ ਦਿੰਦੇ ਹਨ। ਕਿਤੇ ਕਿਤੇ ਦੀਨ-ਵਿਚਾਰਗੀ ਵਿੱਚ ਵਿਚਰਦੇ ਵੈਰਾਗੀ ਚਿਹਰਿਆਂ ਦੀ ਗੁਣਗੁਣਾਹਟ ਜ਼ਰੂਰੀ ਸੁਣਾਈ ਦਿੰਦੀ ਹੈ – ‘ਕਿਸ ਪੈ ਖੋਲਹੁੰ ਗੰਠੜੀ, ਦੁਖੀ ਭਰ ਆਇਆ…।’
ਅਸੀਂ ਤਾਂ ਨਵੇਂ ਸਾਲ ਦੀ ‘ਖੁਸ਼ੀ’ ਮੌਕੇ, ਉਦਾਸੀਆਂ ਦੀ ਪੰਡ ਖੋਲ ਬੈਠੇ ਹਾਂ। ਬਹੁਤਿਆਂ ਲਈ ਤਾਂ ਇਹ ਸਮਾਂ ‘ਫੱਨ ਕਰਨ’ ਤੋਂ ਵੱਧ ਕੋਈ ਅਹਿਮੀਅਤ ਨਹੀਂ ਰੱਖਦਾ। ਫੇਰ ‘ਬੇਘਰੀ ਕੌਮ’ ਦੀ ਨੁਮਾਇੰਦਗੀ ਕਰਨ ਵਾਲੇ ‘ਬੇ-ਸਿਰਨਾਵੇਂ’ ਇਨਸਾਨਾਂ ਦੀ ਔਕਾਤ ਵੀ ਕੀ ਹੈ, ਜਿਨ੍ਹਾਂ ਨੂੰ ‘ਰੰਗ ’ਚ ਭੰਗ ਪਾਉਣ’ ਦੀ ਐਵੇਂ ਵਾਦੀ ਜਿਹੀ ਪਈ ਹੋਈ ਹੈ।
ਪਰ ਇਸ ਮਾਹੌਲ ਦੀ ਬਨਾਵਟੀ ਚਮਕ-ਦਮਕ ਦੇ ਅਡੰਬਰ ਵਿੱਚ ਵੀ, ਤਾਂ ਕਿਸੇ ਨੇ ਖਰੀਆਂ-ਖਰੀਆਂ ਸੁਣਾਉਣੀਆਂ ਹੀ ਹਨ। ਕਿਸੇ ਐਸੇ ਮਾਹੌਲ ਦੇ ਸਾਹਵੇਂ ਹੀ ਬੁੱਲ੍ਹੇ ਸ਼ਾਹ ਨੇ ਕਿਹਾ ਹੋਵੇਗਾ –
‘ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ।
ਝੂਠ ਬੋਲਾਂ ਤਾਂ ਕੁਝ ਬਚਦਾ ਏ!
ਜੀਅ ਦੋਹਾਂ ਗੱਲਾਂ ਤੋਂ ਜਕਦਾ ਏ।
ਜਚ-ਜਚ ਕੇ ਜਿਹਵਾ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।’
28 ਮਿਲੀਅਨ ਸਿੱਖ ਕੌਮ, ਜਿਸ ਦਾ ਸਿੱਖ ਧਰਮ, ਦੁਨੀਆ ਦਾ ਸਭ ਤੋਂ ਵੱਡਾ ‘ਪੰਜਵਾਂ ਧਰਮ’ ਹੈ – ਵਰ੍ਹਾ 2011 ਦੀ ‘ਗੁਲਾਮੀ’ ਚੋਂ ਵਰ੍ਹਾ 2012 ਦੀ ਗੁਲਾਮੀ ਵਿੱਚ ਪ੍ਰਵੇਸ਼ ਕਰ ਰਹੀ ਹੈ। ਸੰਸਾਰ ਪੱਧਰ ’ਤੇ ਅੱਡ-ਅੱਡ ਚੈਲੰਿਜਾਂ ਦਾ ਬੜੀ ਬਹਾਦਰੀ ਨਾਲ ਟਾਕਰਾ ਕਰਨ ਦੇ ਬਾਵਜੂਦ, ਆਪਣੇ ‘ਹੋਮਲੈਂਡ’ ਵਿੱਚ ਹਾਲਤ, ਦਿਨ ਪ੍ਰਤੀ ਦਿਨ ਨਿੱਘਰਦੀ ਜਾ ਰਹੀ ਹੈ।
ਸਿੱਖ ਹੋਮਲੈਂਡ ਪੂਰੀ ਤਰ੍ਹਾਂ ‘ਬਾਦਲਗਰਦੀ’ ਦੀ ਜਕੜ ਵਿੱਚ ਹੈ ਅਤੇ ਬਾਦਲ ਕੋੜਮਾ, ਹਿੰਦੂਤਵੀਆਂ ਦਾ ‘ਟਾਇਮ ਟੈਸਟਿਡ ਹੱਥਠੋਕਾ’ ਬਣ ਕੇ, ਸਿੱਖੀ ਕਦਰਾਂ ਕੀਮਤਾਂ, ਸਿੱਖ ਸੰਸਥਾਵਾਂ, ਸਿੱਖੀ ਰਿਵਾਇਤਾਂ, ਸਿੱਖੀ ਆਚਰਣ ਅਤੇ ਸਿੱਖੀ ਆਨ-ਸ਼ਾਨ-ਤਾਨ ਸਭ ਦਾ ਬੇਦਰਦੀ ਨਾਲ ‘ਕਤਲ’ ਕਰ ਰਿਹਾ ਹੈ।
ਬਾਦਲਗਰਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਜਾਇਦਾਦ ਦੀ ‘ਐਕਸਟੈਨਸ਼ਨ’ ਹੀ ਬਣਾ ਲਿਆ ਹੈ। ਅਕਾਲ ਤਖਤ, ਜਿਹੜਾ ਸਿੱਖ ਕੌਮ ਦਾ ਪਿਛਲੀਆਂ ਚਾਰ ਸਦੀਆਂ ਤੋਂ ‘ਅਜ਼ਾਦੀ ਅਤੇ ਪ੍ਰਭੂਸੱਤਾ’ ਦਾ ਪ੍ਰਤੀਕ ਰਿਹਾ ਹੈ, ਇਸ ਵੇਲੇ ਬਾਦਲਗਰਦੀ ਵਲੋਂ ਇੱਕ ‘ਨਿੱਜੀ ਅਦਾਰੇ’ ਵਾਂਗ ਵਰਤਿਆ ਜਾ ਰਿਹਾ ਹੈ। ਸਾਡੇ ਧਾਰਮਿਕ ਜਥੇਦਾਰ ਸਿਰਫ ‘ਤਨਖਾਹਦਾਰ’ ਬਣਾ ਦਿੱਤੇ ਗਏ ਹਨ। ਆਪਣੇ ਹੀ ‘ਤਨਖਾਹਦਾਰਾਂ’ ਕੋਲੋਂ ਖੁਦ ਨੂੰ ‘ਪੰਥ ਰਤਨ’ ਅਤੇ ‘ਫਖਰ-ਏ-ਕੌਮ’ ਜਿਹੇ ਵੱਕਾਰੀ ਸਨਮਾਨ ਦਿਵਾ ਕੇ ਇਨ੍ਹਾਂ ਸਨਮਾਨਾਂ ਦੀ ਵੁੱਕਤ ਘਟਾਈ ਜਾ ਰਹੀ ਹੈ। ਕੌਮ ਇਹ ਸਭ ਕੁਝ ਬੜੀ ਬੇਵਸੀ ਨਾਲ ਵੇਖ ਰਹੀ ਹੈ। 1978 ਵਿੱਚ ਨਰਕਧਾਰੀਆਂ ਦੇ ‘ਕੂੜਡੰਮ’ ਨੂੰ ਠੱਲ੍ਹ ਪਾਉਣ ਲਈ ਸ਼ਹੀਦੀਆਂ ਪਾਉਣ ਵਾਲੇ ਸ਼ਹੀਦ ਭਾਈ ਫੌਜਾ ਸਿੰਘ ਤੇ ਉਨ੍ਹਾਂ ਦੇ 12 ਹੋਰ ਸ਼ਹੀਦ ਸਾਥੀਆਂ ਦੀ ਲਿਸਟ ਵਿੱਚ ਪਿਛਲੇ ਤਿੰਨ ਦਹਾਕਿਆਂ ਵਿੱਚ ਹਜ਼ਾਰਾਂ ਹੋਰ ਨਾਮ ਜੁੜ ਗਏ ਹਨ। ਪਰ ਬਾਦਲਗਰਦੀ ਦੀ ਸਰਪ੍ਰਸਤੀ ਥੱਲੇ ਵਧਣ-ਫੁੱਲਣ ਵਾਲੇ ਨਰਕਧਾਰੀਆਂ ਦੇ ਅੱਜ ਪੰਜਾਬ ਵਿੱਚ ਭਨਿਆਰੇ, ਆਸ਼ੂਤੋਸ਼, ਕੂੜ ਸੌਦਾ ਵਰਗੇ ਕਈ ਸਾਥੀ ਹੋਰ ਜੰਮ ਪਏ ਹਨ। ਪੰਜਾਬ ਵਿੱਚ ਹਿੰਦੂਤਵੀਆਂ ਦੀਆਂ ‘ਏ’ ਅਤੇ ‘ਬੀ’ ਟੀਮਾਂ (ਬੀ. ਜੇ. ਪੀ. ਅਤੇ ਕਾਂਗਰਸ) ਦਾ ਪੂਰਾ ਬੋਲਬਾਲਾ ਹੈ। ਸੱਚ, ਹੱਕ ਅਤੇ ਇਨਸਾਫ ਦੇ ਰਸਤੇ ’ਤੇ ਚੱਲਣ ਵਾਲੇ ਸਿੱਖ ਅੱਜ ਵੀ ‘ਦਹਿਸ਼ਤਗਰਦ’, ‘ਕੱਟੜਪੰਥੀ’, ‘ਅਮਨ ਕਾਨੂੰਨ ਲਈ ਖਤਰਾ’ ਅਤੇ ‘ਆਈ. ਐਸ. ਆਈ. ਦੇ ਏਜੰਟ’ ਮਾਤਰ ਹੀ ਹੈ। ਸਾਡੇ ਅਖੌਤੀ ਸਿੱਖ ਕਾਂਗਰਸੀ ਪ੍ਰਧਾਨ ਮੰਤਰੀ, ਸਾਨੂੰ ਬੀਤੇ ਨੂੰ ਭੁੱਲਣ ਦੀ ਸਲਾਹ ਦਿੰਦਿਆਂ, ਇਨਸਾਫ ਮੰਗਣ ਵਾਲੀਆਂ ‘ਦੁਕਾਨਾਂ’ ਬੰਦ ਕਰਨ ਦੀ ਸਲਾਹ ਵੀ ਦਿੰਦੇ ਹਨ ਅਤੇ ਸਿੱਖ ਨਾਲੋਂ ‘ਭਾਰਤੀ’ ਕਹਾਉਣ ’ਚ ਜ਼ਿਆਦਾ ਫਖਰ ਮਹਿਸੂਸ ਕਰਦੇ ਹਨ।
ਬਾਦਲਗਰਦੀ ਦੇ ਦੌਰ ਵਿੱਚ ਸਿੱਖ, ਪੁਲੀਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਕੇ ਜਾਂ ਜ਼ਖਮੀ ਹੋ ਕੇ ਵੀ ‘ਹਮਲਾਵਰ’ ਹਨ ਅਤੇ ਪੂਰਬੀਏ, ‘ਹਿੰਸਕ ਦਰਿੰਦੇ’ ਬਣ ਕੇ ਵੀ ‘ਵਿਚਾਰੇ ਮਜ਼ਲੂਮ’ ਹਨ। ‘ਵੱਖਰੀ ਸਿੱਖ ਹੋਂਦ’ ਦੀ ਕੋਈ ਨਿਸ਼ਾਨੀ ਨਾ ਰਹਿਣ ਦੇਣ ਦੀ ਹਿੰਦੂਤਵੀਆਂ ਦੀ ਨੀਤੀ ਅਤੇ ‘ਈਮਾਨਦਾਰੀ’ ਨਾਲ ਚੱਲਦਿਆਂ, ਬਾਦਲਗਰਦੀ ਨੇ ‘ਨਾਨਕਸ਼ਾਹੀ ਕੈਲੰਡਰ’ ਦਾ ਭੋਗ ਪਾਉਣ ਲਈ, ਪੂਰੀ ਤਨਦੇਹੀ ਨਾਲ ਅਮਲ ਸ਼ੁਰੂ ਕੀਤਾ ਹੋਇਆ ਹੈ। ਆਰ. ਐਸ. ਐਸ. ਦੀ ਬੋਲੀ ਬੋਲ ਰਹੇ ਸਾਧਾਂ ਦੇ ਆਖੇ ਲੱਗ ਕੇ ਨਾਨਕਸ਼ਾਹੀ ਕੈਲੰਡਰ ਦਾ ਬਿਕ੍ਰਮੀਕਰਨ ਕਰਨਾ ਇਸ ਦੀ ਇੱਕ ਉਦਾਹਰਣ ਹੈ। ਇਹ ਗੱਲ ਵੱਖਰੀ ਹੈ ਕਿ ਪੰਜਾਬ ਤੋਂ ਬਾਹਰ ਵਸਦੇ ਬਹੁਗਿਣਤੀ ਸਿੱਖ 2003 ਵਿੱਚ ਪਾਸ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਹੀ ਪ੍ਰਵਾਨ ਕਰਕੇ ਉਸੇ ਅਨੁਸਾਰ ਦਿਹਾੜੇ ਮਨਾਉਣ ਲਈ ਦ੍ਰਿੜ ਚਿੱਤ ਹਨ। ਪੰਥਪ੍ਰਸਤ ਸਿੱਖ, ਸਿੱਖ ਕੌਮ ਦੀ ਅੱਡਰੀ ਪਛਾਣ ਦੇ ਇਸ ਮਾਣਮੱਤੇ ਬਿੰਬ ਦੀ ‘ਸ਼ੁੱਧਤਾ’ ਕਾਇਮ ਰੱਖਣ ਲਈ ਮੈਦਾਨ ਵਿੱਚ ਨਿੱਤਰੇ ਹੋਏ ਹਨ।
ਘੱਟਗਿਣਤੀਆਂ ’ਤੇ ਜ਼ੁਲਮ ਵਿੱਚ ਜਿੱਥੇ ਕੇਂਦਰ ਸਰਕਾਰ ਸਰਗਰਮ ਭੂਮਿਕਾ ਨਿਭਾ ਰਹੀ ਹੈ, ਉਥੇ ਪੰਜਾਬ ’ਚ ਹਕੂਮਤ-ਏ-ਬਾਦਲ ਉਹੀ ਕੁਝ ਕਰ ਰਹੀ ਹੈ, ਜੋ ਕੇਂਦਰ ਨੂੰ ਫਿੱਟ ਬੈਠਦਾ ਹੈ। ਭਾਰਤੀ ਹਿੰਦੂਤਵੀ ਹਕੂਮਤ ਨੇ ਜਿੱਥੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੁਢਲੇ ਹੱਕ ਨੂੰ ਲਿਤਾੜ ਕੇ ਅਰੁੰਧਤੀ ਰਾਏ, ਸਈਅਦ ਅਲੀ ਸ਼ਾਹ ਗਿਲਾਨੀ ਅਤੇ ਡਾ. ਬਿਨਾਇਕ ਸੇਨ ਵਰਗੇ ਇਨਸਾਨਾਂ ਦੀ ਆਵਾਜ਼ ਦਬਾਉਣ ਦੇ ਯਤਨ ਆਰੰਭੇ ਹੋਏ ਹਨ, ਉਥੇ ਬਾਦਲਗਰਦੀ ਨੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਹੋਰ ਅਨੇਕਾਂ ਪੰਥਪ੍ਰਸਤਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਕਾਲ ਕੋਠੜੀਆਂ ’ਚ ਡੱਕਿਆ ਹੋਇਆ ਹੈ। ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਕਸੂਰ ਇਹੀ ਹੈ ਕਿ ਉਹ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਉਨ੍ਹਾਂ ਤਾਕਤਾਂ ਨੂੰ ਬੇਨਕਾਬ ਕਰਨ ਦਾ ਯਤਨ ਕਰ ਰਹੇ ਹਨ, ਜੋ ਸਿੱਖੀ ਦੀਆਂ ਜੜ੍ਹਾਂ ਵਿੱਚ ਆਰੀ ਫੇਰ ਰਹੀਆਂ ਹਨ। ਇਹ ਆਵਾਜ਼ ਕੇਂਦਰ ਦੇ ਕੰਨਾਂ ਨੂੰ ਵੀ ਪਾੜਦੀ ਹੈ ਅਤੇ ਬਾਦਲਗਰਦੀ ਨੂੰ ਚੁੱਭਦੀ ਹੈ।
ਸਿੱਖ ਕੌਮ ਦੇ ਗਲ ਗੁਲਾਮੀ ਦੇ ਸੰਗਲ, ਹਰ ਚੜ੍ਹਦੇ ਸੂਰਜ ਵਿੱਚ ਦੂਹਰੇ-ਚੌਹਰੇ ਹੋ ਰਹੇ ਹਨ ਪਰ ਕੌਮ ਦਾ ਇੱਕ ਵੱਡਾ ਹਿੱਸਾ ‘ਗੁਲਾਮੀ’ ਅਤੇ ‘ਆਜ਼ਾਦੀ’ ਵਿਚਕਾਰ ਵਿੱਥ ਸਮਝਣ ਤੋਂ ਹੀ ਅਸਮਰੱਥ ਹੋ ਚੁੱਕਾ ਹੈ। ਜਿਵੇਂ ਪਿੰਜਰੇ ’ਚ ਕੈਦ ਇੱਕ ਤੋਤਾ ਉਸੇ ਪਿੰਜਰੇ ਨੂੰ ਆਪਣਾ ਘਰ ਸਮਝ ਕੇ, ਉਥੇ ਹੀ ਖੁਸ਼ੀ ਲੱਭਣ ਲੱਗ ਪੈਂਦਾ ਹੈ, ਠੀਕ ਉਸੇ ਤਰ੍ਹਾਂ ਸਿੱਖ ਕੌਮ ਗੁਲਾਮੀ ਦੇ ਪਿੰਜਰੇ ’ਚੋਂ ਹੀ ਛੋਟੀਆਂ-ਛੋਟੀਆਂ ਖੁਸ਼ੀਆਂ ਲੱਭ ਰਹੀ ਹੈ ਪਰ ਸਾਰੀਆਂ ਸਮੱਸਿਆਵਾਂ ਦੀ ਜੜ੍ਹ ‘ਗੁਲਾਮੀ’ ਨੂੰ ਗਲੋਂ ਲਾਹੁਣ ਲਈ ਬਿਲਕੁਲ ਵੀ ਚੇਤੰਨ ਨਹੀਂ। ਪੰਜਾਬ ਦੀ ਜਵਾਨੀ, ਨਸ਼ਿਆਂ ਦੀ ਭੇਂਟ ਚੜ੍ਹ ਕੇ, ‘ਆਚਰਣਵਾਨ’ ਤੇ ‘ਆਚਰਣਹੀਣਤਾ’ ਵਿਚਕਾਰਲਾ ਫਾਸਲਾ ਹੀ ਮਿਟਾ ਚੁੱਕੀ ਹੈ। ਪਵਿੱਤਰਤਾ, ਅਣਖ, ਬਹਾਦਰੀ ਦੇ ਮੁਜੱਸਮੇ ਮਾਤਾ ਗੁਜਰੀ, ਮਾਤਾ ਸਾਹਿਬ ਕੌਰ, ਮਾਈ ਭਾਗੋ ਅਤੇ ਬੀਬੀ ਹਰਸ਼ਰਨ ਕੌਰ ਦੀਆਂ ਪੁੱਤਰੀਆਂ, ਅੱਜ ਕਿਨ੍ਹਾਂ ਵਾਟਾਂ ’ਤੇ ਚੱਲ ਨਿਕਲੀਆਂ ਹਨ? ਅੱਜ ਕੌਮੀ ਹੋਣੀ ਅਤੇ ਕੌਮੀ ਨਿਸ਼ਾਨੇ – ਖਾਲਿਸਤਾਨ ਦੇ ਵਾਰਸ ਖਾਲਸਾ, ਭੁਝੰਗੀ ਅਤੇ ਭੁਝੰਗਣਾਂ ਕਿੱਥੇ ਹਨ? ਕੌਮੀ ਆਜ਼ਾਦੀ ਲੈਣ ਦੀ ਮੰਜ਼ਿਲ ਤੋਂ ਭਟਕ ਕੇ, ਸਾਡੇ ਬੁੱਧੀਜੀਵੀ, ਬਾਬੇ, ਸ਼ਰਧਾਲੂ ਸਿੱਖ ਉਨ੍ਹਾਂ ਮਸਲਿਆਂ ਵਿੱਚ ਕਿਉਂ ਉਲਝੇ ਹੋਏ ਹਨ, ਜਿਨ੍ਹਾਂ ਨੂੰ ਆਜ਼ਾਦੀ (ਖਾਲਿਸਤਾਨ) ਦੇ ਮਾਹੌਲ ਵਿੱਚ ਹੀ ਨਜਿੱਠਿਆ ਜਾ ਸਕਦਾ ਹੈ? ਕੀ ਇਹੋ ਜਿਹੇ ਮਸਲੇ ਖੜ੍ਹੇ ਕਰਨ ਵਾਲੇ, ਕਿਤੇ ‘ਆਜ਼ਾਦੀ ਦੀ ਡਗਰ’ ਦੇ ਭਗੌੜੇ ਤਾਂ ਨਹੀਂ? ਆਪਣੇ ‘ਭਰਾ’ ਦੇ ਵਿਰੋਧੀ ਵਿਚਾਰਾਂ ਕਰਕੇ ਤਾਂ ਅਸੀਂ ਉਸ ਦਾ ‘ਲਹੂ-ਪੀਣਾ’ ਚਾਹੁੰਦੇ ਹਾਂ ਪਰ ਪਿਛਲੇ ਤਿੰਨ ਦਹਾਕਿਆਂ ਤੋਂ ਹਜ਼ਾਰਾਂ ਸਿੱਖਾਂ ਦਾ ਲਹੂ ਪੀ ਚੁੱਕੀ, ਦਿੱਲੀ ਦੀ ਜ਼ਾਲਮ ਸਰਕਾਰ ਦਾ ਤਖਤਾ ਪਲਟਣ ਦਾ ਸੰਕਲਪ ਸਾਨੂੰ ਕਿਉਂ ਨਹੀਂ ਔੜਦਾ? ਆਓ! ਵਰ੍ਹਾ 2012 ਦੀ ਸੂਹੀ ਸਵੇਰ ਵੇਲੇ, ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ ਦਾ ਇੱਕ ਇਮਾਨਦਾਰ ਯਤਨ ਜ਼ਰੂਰ ਕਰੀਏ।
ਇੱਕ ਸਿੱਖ ਭੈਣ ਵਲੋਂ ਲਿਖੀਆਂ ਗਈਆਂ ਸਤਰਾਂ ਦੇ ਨਾਲ, ਤੁਹਾਨੂੰ ਸਭ ਨੂੰ ਅੰਗਰੇਜ਼ ਸੱਭਿਅਤਾ ਦਾ ਨਵਾਂ ਵਰ੍ਹਾ ਮੁਬਾਰਕ ਕਹਿੰਦੇ ਹਾਂ –
‘ਅਗਰ ਚਿਰਾਗੋਂ ਕੀ ਹਿਫਾਜ਼ਤ,
ਵਕਤ ਪਰ ਨਾ ਕਰ ਸਕੇ।
ਤੋ ਰੌਸ਼ਨੀ ਮਿਟ ਜਾਏਗੀ,
ਔਰ ਧੂੰਆਂ ਰਹਿ ਜਾਏਗਾ।’
(ਧੰਨਵਾਦ ਸਹਿਤ ਹਫਤਾਵਾਰੀ ਚੜ੍ਹਦੀਕਲਾ ਕੈਨੇਡਾ ਵਿਚੋਂ)
Related Topics: Charhdikala