ਸਿਆਸੀ ਖਬਰਾਂ

ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾੜ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ, ਬਣੇ ਸੂਬਾ ਪ੍ਰਧਾਨ

November 25, 2016 | By

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਆਗੂ ਜਗਮੀਤ ਬਰਾੜ ਨੂੰ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਪੰਜਾਬ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਹੈ। ਇਹ ਐਲਾਨ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਨੇ ਕੀਤਾ। ਰਾਏ ਨੇ ਕਿਹਾ ਕਿ ਟੀਐਮਸੀ ਦੀ ਚੇਅਰਪਰਸਨ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਦੀ ਪੰਜਾਬ ਇਕਾਈ ਦਾ ਮੁੜਗਠਨ ਕਰਦਿਆਂ ਬਰਾੜ ਨੂੰ ਇਸ ਦਾ ਐਡਹਾਕ ਪ੍ਰਧਾਨ ਨਿਯੁਕਤ ਕੀਤਾ ਹੈ। ਬਰਾੜ ਨੇ ਵੀ ‘ਇਕ ਕੌਮੀ ਬਦਲ ਦੇਣ ਤੇ ਜ਼ਮੀਨੀ ਪੱਧਰ ਉਤੇ ਕੰਮ ਕਰਨ ਦੀਆਂ ਕੋਸ਼ਿਸ਼ਾਂ ਵਜੋਂ ਇਹ ਅਹਿਮ ਜ਼ਿੰਮੇਵਾਰੀ’ ਸੌਂਪਣ ਲਈ ਟਵਿੱਟਰ ਰਾਹੀਂ ਮਮਤਾ ਬੈਨਰਜੀ ਦਾ ਧੰਨਵਾਦ ਕੀਤਾ ਹੈ।

ਫਾਈਲ ਫੋਟੋ

ਫਾਈਲ ਫੋਟੋ

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲਗਾਤਾਰ ਤਿੱਖੀ ਬਿਆਨਬਾਜ਼ੀ ਕਾਰਨ ਬਰਾੜ ਨੂੰ ਬੀਤੇ ਅਪਰੈਲ ਮਹੀਨੇ ਕਾਂਗਰਸ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਟੀਐਮਸੀ ਨਾਲ ਮੁੱਦਿਆਂ ’ਤੇ ਆਧਾਰਿਤ ਗੱਠਜੋੜ ਕੀਤਾ ਸੀ ਤੇ ਨਾਲ ਹੀ ਸਤੰਬਰ ਮਹੀਨੇ ‘ਆਪ’ ਨੂੰ ‘ਬਿਨਾਂ ਸ਼ਰਤ’ ਹਮਾਇਤ ਦਾ ਐਲਾਨ ਕੀਤਾ ਸੀ। ਲੋਕ ਹਿੱਤ ਅਭਿਆਨ ਦੇ ਕਨਵੀਨਰ ਬਰਾੜ ਬੀਤੇ ਦਿਨ ਇਥੇ ਵਿਰੋਧੀ ਪਾਰਟੀਆਂ ਵੱਲੋਂ ਨੋਟਬੰਦੀ ਖ਼ਿਲਾਫ਼ ਕੀਤੇ ਮੁਜ਼ਾਹਰੇ ਦੌਰਾਨ ਮਮਤਾ ਬੈਨਰਜੀ ਨੂੰ ਮਿਲੇ ਸਨ। ਆਮ ਆਦਮੀ ਪਾਰਟੀ ਵੱਲੋਂ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਮੋਰਚੇ ਨਾਲ ਗਠਜੋੜ ਤੋਂ ਬਾਅਦ ਬਰਾੜ ਨੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਵੀ ‘ਆਪ’ ਨੂੰ ਗਠਜੋੜ ਦਾ ਸੁਝਾਅ ਦਿੱਤਾ ਸੀ ਪਰ ਉਸ ਸਮੇਂ ਪਾਰਟੀ ਸਿਧਾਂਤਾਂ ਦਾ ਹਵਾਲਾ ਦੇ ਕੇ ਉਨ੍ਹਾਂ ਨਾਲ ਕੋਈ ਗਠਜੋੜ ਨਹੀਂ ਕੀਤਾ ਗਿਆ ਸੀ। ਬਰਾੜ ਕਾਂਗਰਸ ਦੀ ਟਿਕਟ ’ਤੇ ਫਰੀਦਕੋਟ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਬਾਦਲ ਨੂੰ ਹਰਾਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,