
January 28, 2010 | By ਸਿੱਖ ਸਿਆਸਤ ਬਿਊਰੋ
ਫਰੀਦਕੋਟ (25 ਜਨਵਰੀ, 2010 – ਗੁਰਭੇਜ ਸਿੰਘ ਚੌਹਾਨ): ਆਪਣੇ ਵੱਲੋਂ ਦਿੱਤੇ ਅਲਟੀਮੇਟਮ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਅੱਜ ਪੰਜਾਬ ਰਾਜ ਬਿਜਲੀ ਬੋਰਡ ਸਾਦਿਕ ਦੇ ਐਸ.ਡੀ.ਓ ਦਫਤਰ ਅੱਗੇ ਬੋਰਡ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਕੀਤੀ ਜਾਂਦੀ ਖੱਜਲ ਖੁਆਰੀ ਦੇ ਵਿਰੋਧ ਵਿਚ ਧਰਨਾ ਦਿੱਤਾ ਅਤੇ ਸਾਦਿਕ- ਫਿਰੋਜ਼ਪੁਰ ਸੜਕ ਰੋਕ ਕੇ ਚੱਕਾ ਜਾਮ ਕੀਤਾ, ਕਿਉਂ ਕਿ ਧਰਨੇ ਮੌਕੇ ਦਫਤਰ ਬੰਦ ਸੀ ਤੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਵਿਭਾਗ ਦਾ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਸੀ, ਜਿਸ ਤੋਂ ਖਫਾ ਹੋਏ ਕਿਸਾਨ ਸੜਕ ’ਤੇ ਬੈਠ ਗਏ ਅਤੇ ਅਣਮਿਥੇ ਸਮੇਂ ਲਈ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ।
ਸਾਦਿਕ-ਫਿਰੋਜ਼ਪੁਰ ਸੜਕ ਤੇ ਜਾਮ ਲਾ ਕੇ ਬਿਜਲੀ ਬੋਰਡ ਖਿਲਾਫ ਧਰਨੇ ਤੇ ਬੈਠੇ ਕਿਸਾਨ। ਤਸਵੀਰ ਗੁਰਭੇਜ ਸਿੰਘ ਚੌਹਾਨ
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਵੀ.ਡੀ.ਐਸ ਸਕੀਮ ਤਹਿਤ ਰੁਪਏ ਭਰਨ ਆਏ ਕਿਸਾਨਾਂ ਨੂੰ ਚਿੱਠੀ ਨਹੀਂ ਆਈ, ਦਾ ਬਹਾਨਾ ਲਗਾ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਬੋਰਡ ਵੱਲੋਂ ਲੋਡ੍ਹ ਵਧਾਉਣ ਦੀ ਰੱਖੀ ਗਈ ਅੰਤਿਮ ਮਿਤੀ 31 ਜਨਵਰੀ 2010 ਇਸ ਤਰਾਂ ਲਾਰੇ ਲੱਪੇ ਵਿੱਚ ਹੀ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਬੰਦ ਪਈਆਂ ਮੋਟਰਾਂ ਨੂੰ ਜੁਰਮਾਨੇ ਪਾਏ ਜਾ ਰਹੇ ਹਨ ਤੇ ਓ.ਵਾਈ.ਟੀ ਸਕੀਮ ਤਹਿਤ ਜਿੰਨਾਂ ਕਿਸਾਨਾਂ ਨੇ 6.3 ਹਾਰਸ ਪਾਵਰ ਦਾ ਟਰਾਂਸਫਾਰਮਰ ਆਪਣੇ ਖਰਚੇ ’ਤੇ ਰੱਖੇ ਸਨ ਨੂੰ ਲੋਡ੍ਹ ਵਧਾਉਣ ਲਈ 10 ਹਾਰਸ ਪਾਵਰ ਦੇ ਟਰਾਂਸਫਾਰਮਰ ਲਗਾਉਣੇ ਦੱਸ ਕੇ ਐਸਟੀਮੇਟ ਤਿਆਰ ਕਰਵਾ ਕੇ ਲੋਡ ਵਧਾਉਣ ਲਈ ਰਕਮ ਭਰਵਾਉਣ ਦਾ ਲਾਰਾ ਲਾ ਕੇ ਵਾਪਸ ਮੋੜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਮਹਿਕਮਾਂ ਕਿਸਾਨਾ ਤੋਂ ਹਲਫੀਆ ਬਿਆਨ ਲੈ ਲੈਂਦਾ ਹੈ ਕਿ ਆਪਣੇ ਖਰਚੇ ’ਤੇ ਕੁਨੈਕਸ਼ਨ ਲੈਣ ਵਾਲਿਆਂ ਦੇ ਸਮਾਨ ਤੇ ਲਾਈਨ ਦਾ ਤਿੰਨ ਸਾਲ ਬਾਅਦ ਬੋਰਡ ਮਾਲਕ ਬਣ ਜਾਵੇਗਾ ਜਦੋਂ ਕਿ ਕਿਸਾਨਾਂ ਨੇ ਲੱਖਾਂ ਰੁਪਏ ਖਰਚ ਕੇ ਉਕਤ ਕੁਨੈਕਸ਼ਨ ਚਲਾਏ ਹੁੰਦੇ ਹਨ, ਅਗਰ ਬੋਰਡ ਮਾਲਕੀ ਦਾ ਦਾਅਵਾ ਕਰਦਾ ਹੈ ਤਾਂ 6.3 ਵਾਲੇ ਟਰਾਂਸਫਾਰਮਰ ਦੀ ਥਾਂ ’ਤੇ 10 ਹਾਰਸ ਪਾਵਰ ਦਾ ਟਰਾਂਸਫਾਰਮਰ ਬੋਰਡ ਖੁਦ ਰੱਖ ਕੇ ਕਿਸਾਨਾਂ ਦੇ ਤੁਰੰਤ ਲੋਡ ਵਧਾਏ। ਸ: ਡੱਲੇਵਾਲਾ ਨੇ ਕਿਹਾ ਕਿ ਉਕਤ ਮੰਗਾਂ ਨੂੰ ਮਨਵਾਉਣ ਤੱਕ ਅਤੇ ਵਿਭਾਗ ਵੱਲੋਂ ਲਿਖਤੀ ਭਰੋਸਾ ਦੇਣ ਤੱਕ ਇਹ ਚੱਕਾ ਜਾਮ ਜਾਰੀ ਰਹੇਗਾ । ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਜਾਮ ਲੱਗਾ ਹੋਇਆ ਸੀ । ਪੁਲਿਸ ਨੇ ਟਰੈਫਿਕ ਨੂੰ ਬਦਲਕੇ ਸਾਦਿਕ ਪਿੰਡ ਵਿਚ ਦੀ ਬਾਈਪਾਸ ਕਰ ਦਿੱਤਾ ਸੀ। ਪੁਲਿਸ ਅਤੇ ਪ੍ਰਸ਼ਾਸ਼ਨ ਵੀ ਮੌਕੇ ਤੇ ਹਾਜ਼ਰ ਸੀ।