ਖਾਸ ਖਬਰਾਂ » ਖਾਸ ਲੇਖੇ/ਰਿਪੋਰਟਾਂ » ਖੇਤੀਬਾੜੀ » ਲੇਖ » ਸਿੱਖ ਖਬਰਾਂ

ਸ਼ੰਭੂ ਅਤੇ ਖਨੌਰੀ ਵਿਖੇ ਕਿਸਾਨੀ ਮੋਰਚਾ: 22 ਤੋਂ 24 ਫਰਵਰੀ ਤੱਕ ਦੀ ਵਾਰਤਾ

February 29, 2024 | By

(ਲੜੀ ਜੋੜਨ ਲਈ ਪਹਿਲੀ, ਦੂਜੀ ਤੇ ਤੀਜੀ ਕੜੀ ਪੜ੍ਹੋ)

ਮਨਦੀਪ ਸਿੰਘ

ਜਾਇਜ਼ੇ ਦਾ ਦਿਨ:

ਇਹ ਦਿਨ 21 ਤਰੀਕ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦਾ ਦਿਨ ਸੀ। ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀ, ਹਰਿਆਣਵੀ ਅਤੇ ਕਿਸਾਨੀ ਪੱਖੀ ਲੋਕਾਂ ਦੇ ਦਿਲ ਕੱਲ ਖਨੌਰੀ ਵਾਪਰੀ ਘਟਨਾ ਕਰਕੇ ਉਦਾਸ ਹੋ ਗਏ ਹੋਣਗੇ।

 ਇਸ ਦਿਨ ਕੇਂਦਰ ਸਰਕਾਰ ਨੇ ਗੰਨੇ ਦੇ ਮੁੱਲ ਦੇ ਵਿੱਚ 25 ਰੁਪਏ ਦਾ ਵਾਧਾ ਕੀਤਾ। ਇਹ ਕਹਾਣੀ ਸਮਝ ਤੋਂ ਪਰੇ ਸੀ ਕਿ ਇੱਕ ਪਾਸੇ ਫਸਲਾਂ ਦਾ ਪੱਕਾ ਸਮਰਥਨ ਮੁੱਲ ਮੰਗਣ ਵਾਲਿਆਂ ਨੂੰ ਗੋਲੀਆਂ ਮਿਲਦੀਆਂ ਨੇ ਤੇ ਦੂਸਰੇ ਪਾਸੇ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ ਫਸਲਾਂ ਦੇ ਭਾਅ ਵੀ ਵਧਾਏ ਜਾ ਰਹੇ ਨੇ।

ਕਿਸਾਨ ਆਗੂ ਦੀ ਨੁਕਸਾਨੀ ਗਈ ਅੱਖ: 

ਕਿਸਾਨੀ ਅੰਦੋਲਨ ਦੌਰਾਨ ਹੰਜੂ ਗੈਸ ਦੇ ਗੋਲਿਆਂ ਕਾਰਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅੱਖ ਨੂੰ ਭਾਰੀ ਨੁਕਸਾਨ ਪੁੱਜਾ। ਬਲਦੇਵ ਸਿੰਘ ਸਿਰਸਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਹੰਜੂ ਗੈਸ ਦੇ ਗੋਲਿਆਂ ਕਰਕੇ ਉਨਾਂ ਦੀ ਅੱਖ ਖਰਾਬ ਹੋ ਚੁੱਕੀ ਹੈ ਅਤੇ ਡਾਕਟਰਾਂ ਨੇ ਉਨਾਂ ਨੂੰ ਅਪਰੇਸ਼ਨ ਕਰਾਉਣ ਲਈ ਕਿਹਾ ਹੈ। ਪਰ ਫਿਲਹਾਲ ਉਹ ਅੱਖ ਦੇ ਉੱਤੇ ਪੱਟੀ ਕਰਾ ਕੇ ਮੋਰਚੇ ਦੇ ਵਿੱਚ ਸਰਗਰਮ ਹਨ।

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅੱਖ ਹਰਿਆਣਾ ਪੁਲਿਸ ਦੀ ਗੋਲਾਬਾਰੀ ਦੌਰਾਨ ਨੁਕਸਾਨੀ ਗਈ। ਉਹ ਖਨੌਰੀ ਬਾਰਡਰ ਉੱਤੇ ਕਿਸਾਨੀ ਮੋਰਚੇ ਵਿਖੇ ਮੌਜੂਦ ਹਨ

ਸ਼ੁਭਕਰਨ ਸਿੰਘ ਦੇ ਇਨਸਾਫ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ:

22 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਉੱਤੇ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਇੱਕ ਬਿਆਨ ਸਾਹਮਣੇ ਆਉਂਦਾ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਹਰਿਆਣੇ ਦੇ ਪੁਲਿਸ ਕਰਮੀਆਂ ਦੇ ਉੱਤੇ ਐਫ.ਆਈ.ਆਰ. ਦਰਜ਼ ਕੀਤੀ ਜਾਵੇਗੀ ਅਤੇ ਜਾਂਚ ਕਰਕੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗਣ ਦੀ ਗੱਲ ਤੇ ਬੋਲਦਿਆ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਲਈ ਅਜਿਹੀਆਂ 100 ਕੁਰਸੀਆਂ ਕੁਰਬਾਨ ਕਰ ਸਕਦੇ ਨੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਨਕਲ | ਸਰੋਤ: ਐਕਸ/ਟਵਿੱਟਰ

ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਖਨੌਰੀ ਅਤੇ ਸ਼ੰਬੂ ਬਾਰਡਰ ਦੇ ਉੱਤੇ ਰਾਹਤ ਕਾਰਜਾਂ, ਐਬੂਲੈਂਸਾਂ ਅਤੇ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਤਿੰਨ ਐਮ.ਐਲ.ਏ. ਜਿਹੜੇ ਕਿ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਹਨ, ਉਨਾਂ ਦੀਆਂ ਡਿਊਟੀਆਂ ਵੀ ਕਿਸਾਨਾਂ ਦੇ ਲਈ ਰਾਜਪੁਰਾ, ਪਟਿਆਲੇ ਅਤੇ ਪਾਤੜਾਂ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਲਗਾਈਆਂ ਗਈਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਚਮਕੌਰ ਸਾਹਿਬ ਤੋਂ ਐਮ.ਐਲ.ਏ. ਚਰਨਜੀਤ ਸਿੰਘ ਚੰਨੀ ਜੋ ਕਿ ਅੱਖਾਂ ਦੇ ਸਪੈਸ਼ਲਿਸਟ ਨੇ ਉਹਨਾਂ ਦੀ ਰਾਜਪਰਾ ਸਰਕਾਰੀ ਹਸਪਤਾਲ ਦੇ ਵਿੱਚ ਡਿਊਟੀ ਲਗਾਈ ਹੈ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਦੀ ਪਟਿਆਲਾ ਦੇ ਰਜਿੰਦਰਾ ਸਰਕਾਰੀ ਹਸਪਤਾਲ ਦੇ ਵਿੱਚ ਡਿਊਟੀ ਲਗਾਈ ਹੈ ਅਤੇ ਮਲੋਟ ਤੋਂ ਐਮਐਲਏ ਬਲਜੀਤ ਕੌਰ ਜੋ ਕਿ ਅੱਖਾਂ ਦੇ ਸਪੈਸ਼ਲਿਸਟ ਨੇ, ਉਹਨਾਂ ਨੇ ਪਾਤੜਾਂ ਅਤੇ ਖਨੌਰੀ ਦੇ ਵਿੱਚ ਡਿਊਟੀ ਲਗਾਈ ਹੈ।

 21 ਫਰਵਰੀ ਨੂੰ ਕਿਸਾਨ ਆਗੂਆਂ ਸਾਹਮਣੇ ਪੈਦਾ ਹੋਈਆਂ ਚੁਣੌਤੀਆਂ:

ਇਹ ਦਿਨ ਬੀਤੇ ਦਿਨ ਵਾਪਰੀਆਂ ਘਟਨਾਵਾਂ ਦਾ ਜਾਇਜ਼ਾ ਲੈਣ ਵਾਲਾ ਦਿਨ ਸੀ। ਚਸ਼ਮਦੀਦਾਂ ਦੇ ਵੱਲੋਂ ਪੁਲਿਸ ਦੁਆਰਾ ਢਾਏ ਗਏ ਤਸ਼ੱਦਦ ਨੂੰ ਅਸੀਂ ਪਿਛਲੀ ਰਿਪੋਰਟ ਦੇ ਵਿੱਚ ਬਿਆਨ ਕਰ ਚੁੱਕੇ ਹਾਂ। 21 ਫਰਵਰੀ ਦੀ ਪੜਚੋਲ ਕਰਨ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਨੌਜਵਾਨ ਜਾਂ ਕਿਸਾਨ, ਜੋ ਕਿਸੇ ਵੀ ਜਥੇਬੰਦੀ ਦੇ ਨਾਲ ਸੰਬੰਧਿਤ ਨਹੀਂ ਸਨ ਅਤੇ ਉਹ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਪਹੁੰਚ ਰਹੇ ਸਨ, ਉਹਨਾਂ ਨੌਜਵਾਨਾਂ ਜਾਂ ਕਿਸਾਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਦਾ ਕਿਸੇ ਵੀ ਤਰ੍ਹਾਂ ਦਾ ਰਾਬਤਾ ਨਹੀਂ ਸੀ। ਖਨੌਰੀ ਬਾਰਡਰ ਉੱਤੇ ਕਿਸੇ ਵੀ ਜਥੇਬੰਦੀ ਦੇ ਪਹਿਲੀ ਕਤਾਰ ਦੇ ਆਗੂ 21 ਫਰਵਰੀ ਨੂੰ ਹਾਜ਼ਰ ਨਹੀਂ ਸਨ, ਜੋ ਕਿ ਇੱਕ ਵੱਡੀ ਢਿੱਲ ਨਜ਼ਰ ਆ ਰਹੀ ਸੀ। ਮੌਜੂਦਾ ਦੌਰ ਦੇ ਵਿੱਚ ਲੋਕ ਅੰਦੋਲਨਾਂ ਦੇ ਵਿੱਚ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਲੋਕ ਕਿਸੇ ਵੀ ਜਥੇਬੰਦੀ ਦੇ ਨਾਲ ਜੁੜੇ ਨਹੀਂ ਹੁੰਦੇ ਪਰ ਉਹ ਇਹਨਾਂ ਅੰਦੋਲਨਾਂ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਅਤੇ ਉਹਨਾਂ ਨੂੰ ਦਾਇਰੇ ਵਿੱਚ ਰੱਖਣਾ ਸਭ ਤੋਂ ਵੱਡੀ ਸਮੱਸਿਆ ਬਣ ਜਾਂਦਾ ਹੈ। ਸ਼ੰਬੂ ਅਤੇ ਖਨੌਰੀ ਬਾਰਡਰ ਦੇ ਉੱਤੇ ਵੀ ਇਹ ਕੁਝ ਦੇਖਣ ਨੂੰ ਮਿਲਿਆ। ਖਨੋਰੀ ਬਾਰਡਰ ਦੇ ਉੱਤੇ ਇਹ ਘਟਨਾਵਾਂ ਜਿਆਦਾ ਸਨ। ਖਨੌਰੀ ਬਾਰਡਰ ਉੱਤੇ ਚਸ਼ਮਦੀਦਾਂ ਦੇ ਦਸਣ ਮੁਤਾਬਕ ਬਹੁਤ ਸਾਰੇ ਨੌਜਵਾਨ ਆਪ ਮੁਹਾਰੇ ਹੋ ਕੇ ਉੱਥੇ ਪਹੁੰਚੇ ਹੋਏ ਸਨ ਅਤੇ ਕਿਸੇ ਵੱਡੇ ਆਗੂ ਦੀ ਘਾਟ ਸਾਫ ਤੌਰ ਦੇ ਉੱਤੇ ਨਜ਼ਰ ਆ ਰਹੀ ਸੀ। ਅਗਵਾਈ ਪੱਖੋਂ ਉਹਨਾਂ ਨੌਜਵਾਨਾਂ ਨੂੰ ਕੋਈ ਸੁਚਾਰੂ ਅਗਵਾਈ ਦੇਣ ਵਾਲਾ ਨਹੀਂ ਸੀ। ਖਨੌਰੀ ਬਾਰਡਰ ਦੇ ਉੱਤੇ ਘਟ ਰਹੀਆਂ ਇਹ ਸਾਰੀਆਂ ਘਟਨਾਵਾਂ ਇੱਕ ਵਾਰ ਕਾਬੂ ਤੋਂ ਬਾਹਰ ਹੁੰਦੀਆਂ ਵੀ ਨਜ਼ਰ ਆਈਆਂ। ਸ਼ੰਭੂ ਬਾਰਡਰ ਦੇ ਉੱਤੇ ਵੀ ਇੱਕ ਵਾਰ ਮਾਹੌਲ ਇਸ ਤਰ੍ਹਾਂ ਦਾ ਬਣਿਆ ਪਰ, ਜਦੋਂ ਇਸ ਮੋਰਚੇ ਦੇ ਸਭ ਤੋਂ ਵੱਡੇ ਆਗੂ ਸਟੇਜ ਦੇ ਉੱਤੇ ਪਹੁੰਚੇ ਤਾਂ ਓਥੇ ਮਾਹੌਲ ਸ਼ਾਂਤ ਹੋ ਗਿਆ।

ਸ਼ੁਭਕਰਨ ਸਿੰਘ ਦੀ ਮੌਤ ਪਿੱਛੋਂ ਅੰਦੋਲਨ ਦਾ ਰੁਖ਼ ਬਦਲ ਚੁੱਕਾ ਸੀ। ਇਸ ਮੌਕੇ ਗੁਰਨਾਮ ਸਿੰਘ ਚੜੂਨੀ ਨੇ ਆਪਣੇ ਬਿੱਜਲ ਸੱਥ ਤੋਂ ਜਾਣਕਾਰੀ ਦਿੰਦਿਆ ਕਿਹਾ ਕਿ ਅਸੀਂ ਇਸ ਘਟਨਾ ਦੇ ਵਿਰੋਧ ਵਿੱਚ ਸਾਂਤੀ ਪੂਰਵਕ ਹਰਿਆਣਾ ਵਿੱਚ ਦੋ ਘੰਟੇ ਲਈ ਰੋਡ ਜਾਮ ਕਰਾਂਗਾ। ਰਾਹੁਲ ਗਾਂਧੀ ਨੇ ਵੀ ਦੁੱਖ ਪ੍ਰਗਟਾਵਾ ਕੀਤਾ। ਭੀਮ ਆਰਮੀ ਦੇ ਚੀਫ਼ ਚੰਦਰ ਸ਼ੇਖਰ ਆਜ਼ਾਦ ਨੇ ਵੀ ਇਸ ਘਟਨਾ ਮੌਕੇ ਦੁੱਖ ਪ੍ਰਗਟ ਕੀਤਾ।

ਸ਼ੁਭਕਰਨ ਸਿੰਘ ਉਰਫ਼ ਗੱਗੂ ਦੋ ਭੈਣਾਂ ਦਾ ਇਕੱਲਾ ਭਾਈ ਸੀ। ਸ਼ੁਭਕਰਨ  ਸਿੰਘ ਦੇ ਪਿਤਾ ਦਾ ਨਾਮ ਚਰਨਜੀਤ ਸਿੰਘ ਹੈ। ਜਿਸਦਾ ਪਿੰਡ ਬੱਲੋ ਨੇੜੇ ਰਾਮਪੁਰਾ ਫੂਲ, ਜਿਲ੍ਹਾ ਬਠਿੰਡਾ ਹੈ। ਕੱਲ ਤੋਂ ਹੀ ਸ਼ੁਭਕਰਨ  ਸਿੰਘ ਦੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ। ਸ਼ੁਭਕਰਨ  ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਨਾਲ ਜੁੜਿਆ ਹੋਇਆ ਸੀ। ਲੋਕ ਚਰਚਾ ਵਿੱਚ ਇਹ ਗੱਲ ਸੀ ਕਿ ਸ਼ੁਭਕਰਨ ਦਾ ਦਾਦਾ ਹਿੰਮਤ ਸਿੰਘ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਰਾਖੀ ਲਈ ਡਟਿਆ ਸੀ। ਪਰ ਉਹਨਾਂ ਦੇ ਪੋਤਰੇ ਨੂੰ ਉਸੇ ਦੇਸ਼ ਦੀ ਸੁੱਰਖਿਆ ਬਲਾਂ ਵੱਲੋਂ ਮਾਰ ਦਿੱਤਾ ਗਿਆ। ਸ਼ੁਭਕਰਨ  ਸਿੰਘ ਦੇ ਵੱਡੀ ਭੈਣ ਜਸਪ੍ਰੀਤ ਕੌਰ ਦੇ ਵਿਆਹ ਵੇਲੇ ਪਰਿਵਾਰ ਵੱਡੇ ਕਰਜ਼ੇ ਹੇਠ ਆ ਗਿਆ।ਪਰਿਵਾਰ ‘ਤੇ ਕੁੱਲ 18 ਲੱਖ ਰੁਪਏ ਦਾ ਕਰਜ਼ਾ ਹੈ।

 ਕਿਸਾਨ ਦੀ ਮੌਤ ਉੱਤੇ ਕਿਸਾਨ ਆਗੂਆਂ ਦਾ ਵੈਰਾਗ:

ਜਗਜੀਤ ਸਿੰਘ ਡੱਲੇਵਾਲ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲੇ ਵਿੱਚ ਦਾਖਿਲ ਸਨ। ਹੰਜੂ ਗੈਸ ਦੇ ਗੋਲਿਆਂ ਦਾ ਧੂਆਂ ਚੜਨ ਕਰਕੇ ਉਹਨਾਂ ਦੀ ਸਿਹਤ ਵਿਗੜ ਗਈ ਸੀ। ਇਸ ਮੌਕੇ ਬਲਦੇਵ ਸਿੰਘ ਸਿਰਸਾ ਉਹਨਾਂ ਨੂੰ ਉੱਥੇ ਮਿਲਣ ਪਹੁੰਚੇ ਅਤੇ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਜੱਫੀ ਪਾ ਕੇ ਭੁੱਬਾ ਮਾਰ ਕੇ ਰੋਣ ਲੱਗੇ। ਬਲਦੇਵ ਸਿੰਘ ਸਿਰਸਾ ਦਾ ਰੋਣਾ ਸੁਭਾਵਿਕ ਸੀ ਕਿਉਂਕਿ ਉਹਨਾਂ ਨੇ ਖਨੌਰੀ ਬਾਰਡਰ ਉੱਤੇ ਵਾਪਰੀ ਘਟਨਾ ਨੂੰ ਨੇੜਿਓਂ ਤੱਕਿਆ ਸੀ। ਹਸਪਤਾਲ ਦੇ ਵਿੱਚ ਦਾਖਲ ਜਗਜੀਤ ਸਿੰਘ ਡੱਲੇਵਾਲ ਦੀ ਖਬਰਸਾਰ ਲੈਣ ਦੇ ਲਈ ਕਈ ਵੱਡੇ ਸਿਆਸੀ ਚਿਹਰੇ ਵੀ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚੇ।

 ਕਿਸਾਨੀ ਬਾਰੇ ਬੋਲਦਿਆਂ ਵੀ ਜਦੋਂ ਪ੍ਰਧਾਨ ਮੰਤਰੀ ਨੇ ਕਿਸਾਨਾਂ ਬਾਰੇ ਧਾਰੀ ਚੁੱਪੀ :- 

22 ਫਰਵਰੀ ਨੂੰ “ਨਰਿੰਦਰ ਮੋਦੀ ਸਟੇਡੀਅਮ”, ਅਹਿਮਦਾਬਾਦ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮੁਲ ਦੀ ਪੰਜਾਵੀ ਵਰ੍ਹੇਗੰਡ ਮੌਕੇ ਬੋਲਦਿਆਂ ਦੁੱਧ ਉਤਪਾਦਨ ਵਿੱਚ ਯਤਨਸ਼ੀਲ ਦੇਸ਼ ਦੀਆਂ ਔਰਤਾਂ ਦੀ ਸਲਾਹਣਾ ਕੀਤੀ। ਇਸ ਮੌਕੇ ਉਮੀਦ ਕੀਤੀ ਜਾ ਰਹੀ ਸੀ ਕਿ ਬੀਤੇ ਕੱਲ ਵਾਪਰੀ ਖਨੌਰੀ ਬਾਰਡਰ ਦੀ ਘਟਨਾ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਬਿਆਨ ਦੇਣਗੇ, ਪਰ ਅਫਸੋਸ ਕਿ ਅਜਿਹਾ ਕੁੱਝ ਨਹੀਂ ਹੋਇਆ।

 ਰਜਿੰਦਰਾ ਹਸਪਤਾਲ ਤੋਂ ਕਿਸਾਨ ਆਗੂਆਂ ਦੀ ਪ੍ਰੈੱਸ ਕਾਨਫਰੰਸ :-

ਮੋਰਚਾ ਲਾਉਣ ਵਾਲੀਆਂ ਧਿਰਾਂ (ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ) ਨੇ ਰਜਿੰਦਰਾ ਹਸਪਤਾਲ ਪਟਿਆਲੇ ਤੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਨੌਰੀ ਬਾਰਡਰ ਅਤੇ ਸੰਭੂ ਬਾਰਡਰ ਤੇ ਵਾਪਰੀਆਂ ਘਟਨਾਵਾਂ ਕਰਕੇ ਸਾਰੇ ਦੇਸ਼ ਵਿੱਚ ਦੇਸ਼ਵਾਸੀ ਆਪਣੇ ਘਰਾਂ, ਦੁਕਾਨਾਂ, ਗੱਡੀਆਂ ਅਤੇ ਹੋਰ ਸਾਧਨਾਂ ‘ਤੇ ਕਾਲੇ ਝੰਡੇ ਝੁਲਾਉਣ।

ਕਿਸਾਨ ਆਗੂਆਂ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਕੀਤੀ ਗਈ ਪੱਤਰਕਾਰ ਵਾਰਤਾ ਵਿਚ ਮੌਜੂਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਨ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਮਨਜੀਤ ਸਿੰਘ ਰਾਏ ਅਤੇ ਹੋਰ

 • ਦੋਵੇਂ ਫੋਰਮਾਂ ਨੇ ਸਾਂਝੇ ਤੌਰ ਉੱਤੇ ਕਿਹਾ ਕਿ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣ।
 • ਸ਼ੁਭਕਰਨ  ਸਿੰਘ ਨੂੰ ਗੋਲੀ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਉੱਤੇ 302 ਦਾ ਪਰਚਾ ਦਰਜ ਕੀਤਾ ਜਾਵੇ ਅਤੇ ਜਿਨਾਂ ਪੁਲਿਸ ਕਰਮੀਆਂ ਨੇ ਬਾਰਡਰ ਟੱਪ ਕੇ ਪੰਜਾਬ ਦੀ ਹੱਦ ਵਿੱਚ ਆ ਕੇ ਟਰੈਕਟਰਾਂ ਅਤੇ ਹੋਰ ਕਿਸਾਨਾਂ ਦੇ ਸੰਦਾਂ ਦੀ ਭੰਨ ਤੋੜ ਕੀਤੀ ਹੈ ਉਹਨਾਂ ਦੀ ਪਛਾਣ ਕਰਕੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
 • ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ 21 ਫਰਵਰੀ ਨੂੰ ਪੰਜਾਬ ਸਰਕਾਰ ਨੇ ਸ਼ੰਬੂ ਬਾਰਡਰ ਉੱਤੇ ਪਹੁੰਚ ਰਹੇ ਲੰਗਰਾਂ ਅਤੇ ਹੋਰ ਕਿਸਾਨਾਂ ਨੂੰ ਬੈਰੀਗੇਟ ਲਾ ਕੇ ਸ਼ੰਭੂ ਬਾਰਡਰ ਉੱਤੇ ਪਹੁੰਚਣ ਤੋਂ ਰੋਕਿਆ ਸੀ। ਉਹਨਾਂ ਪੰਜਾਬ ਸਰਕਾਰ ਨੂੰ ਕਿਸਾਨ ਅੰਦੋਲਨ ਪ੍ਰਤੀ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ।
 • ਜਗਜੀਤ ਸਿੰਘ ਡੱਲੇਵਾਲ ਨੇ ਦਾਵਾ ਕੀਤਾ ਕਿ 21 ਫਰਵਰੀ ਨੂੰ ਖਨੌਰੀ ਬਾਰਡਰ ਤੋਂ ਹਰਿਆਣਾ ਪੁਲਿਸ ਪੰਜ ਕਿਸਾਨਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਚੱਕ ਲੈ ਗਈ। ਉਹਨਾਂ ਪੰਜਾਬ ਸਰਕਾਰ ਨੂੰ ਇਹਨਾਂ ਕਿਸਾਨਾਂ ਦੀ ਪੜਤਾਲ ਕਰਨ ਲਈ ਕਿਹਾ।
 • ਕਿਸਾਨ ਆਗੂਆਂ ਨੇ ਇੱਕ ਬਹੁਤ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਬਾਰਡਰਾਂ ਦੇ ਉੱਤੇ ਗੋਲੀ ਚਲਾਉਣ ਦਾ ਹੁਕਮ ਦੇਸ਼ ਦੇ ਗ੍ਰਿਹਿ ਮੰਤਰੀ ਦੇ ਵੱਲੋਂ ਦਿੱਤਾ ਗਿਆ ਸੀ। ਉਹਨਾਂ ਆਪਣਾ ਦਾਅਵਾ ਹੋਰ ਮਜ਼ਬੂਤ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਜਦੋਂ 18 ਫਰਵਰੀ ਨੂੰ ਚਲਦੀ ਗੱਲਬਾਤ ਦੀ ਕੜੀ ਟੁੱਟ ਗਈ ਤਾਂ 19 ਫਰਵਰੀ ਨੂੰ ਅਮਿਤ ਸ਼ਾਹ ਨੇ ਦੇਸ਼ ਦੀਆਂ ਸੁਰੱਖਿਆ ਫੋਰਸਾਂ ਦੇ ਨਾਲ ਇੱਕ ਮੀਟਿੰਗ ਕਰਕੇ ਕਿਸੇ ਵੀ ਹੀਲੇ ਕਿਸਾਨਾਂ ਨੂੰ ਪੰਜਾਬ ਦੇ ਬਾਰਡਰਾਂ ਤੋਂ ਅੱਗੇ ਨਾ ਆਉਣ ਦੀ ਹਦਾਇਤ ਕੀਤੀ।
 • ਅੰਦੋਲਨ ਦੀ ਹਿਮਾਇਤ ਕਰਨ ਵਾਲੀਆਂ ਦੂਸਰੀਆਂ ਜਥੇਬੰਦੀਆਂ ਦਾ ਕਿਸਾਨ ਆਗੂਆਂ ਨੇ ਧੰਨਵਾਦ ਕਰਦਿਆ ਇਹ ਅਪੀਲ ਵੀ ਕੀਤੀ ਕਿ ਕੋਈ ਜਥੇਬੰਦੀ ਆਪਣਾ ਵੱਖਰਾ ਪ੍ਰੋਗਰਾਮ ਨਾ ਉਲੀਕੇ ਸਗੋਂ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮਾਂ ਦੀ ਹਿਮਾਇਤ ਕਰਨ।
 • ਮੀਟਿੰਗਾਂ ਦੀ ਲੜੀ ਟੁੱਟਣ ਦਾ ਕਾਰਣ ਦੱਸਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸਰਕਾਰ ਅੱਗੇ ਇੱਕ ਸ਼ਰਤ ਰੱਖੀ ਸੀ ਕਿ ਮੀਟਿੰਗ ਕਰਨ ਤੋਂ ਪਹਿਲਾਂ ਐੱਮ.ਐੱਸ.ਪੀ. ਕਾਨੂੰਨ ਨੂੰ ਯਕੀਨੀ ਬਣਾਉਣ ਦਾ ਏਜੰਡਾ ਮਿਥਿਆ ਜਾਵੇ। ਪਰ ਸਰਕਾਰ ਐੱਮ.ਐੱਸ.ਪੀ ਨੂੰ ਯਕੀਨੀ ਬਣਾਉਣ ਤੋਂ ਕੰਨੀ ਕਤਰਾ ਰਹੀ ਹੈ। ਇਸ ਪਿੱਛੋਂ ਜਦੋਂ ਖਨੌਰੀ ਬਾਰਡਰ ਦੇ ਉੱਤੇ ਮੰਦਭਾਗੀ ਘਟਨਾ ਵਾਪਰੀ ਤਾਂ ਅਸੀਂ ਮੀਟਿੰਗ ਦੇ ਵਿੱਚ ਜਾਣਾ ਸਹੀ ਨਹੀਂ ਸਮਝਿਆ।
 • ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਬੇਨਤੀ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀ ਹੱਦ ਅੰਦਰ ਪੰਜਾਬ ਦੇ ਕਿਸਾਨਾਂ ਉੱਤੇ ਕੀਤੀ ਜਾ ਰਹੀ ਗੋਲਾ ਬਾਰੀ ਅਤੇ ਵਰਤੇ ਜਾ ਰਹੇ ਅਣਮਨੁੱਖੀ ਹਥਿਆਰਾਂ ਦੀ ਰੋਕਥਾਮ ਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ।
 • ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਕੁਝ ਦਿਨ ਪਹਿਲਾਂ ਹਰਿਆਣਾ ਪੁਲਿਸ ਦਾ ਇੱਕ ਪੁਲਿਸ ਕਰਮੀ ਕਿਸਾਨਾਂ ਨੂੰ ਭੜਕਾਉਂਦਾ ਹੋਇਆ ਕਾਬੂ ਕੀਤਾ ਸੀ। ਜਿਸ ਨੂੰ ਪੰਜਾਬ ਪੁਲਿਸ ਹਵਾਲੇ ਕੀਤਾ ਗਿਆ ਸੀ। ਜਿਸ ‘ਤੇ ਪੰਜਾਬ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੁੰਦੀ 21 ਫਰਵਰੀ ਦੀਆਂ ਘਟਨਾਵਾਂ ਨਾ ਵਾਪਰਦੀਆਂ।
 • ਕਿਸਾਨ ਆਗੂਆਂ ਨੇ ਕਿਹਾ ਕਿ 21 ਫਰਵਰੀ ਨੂੰ ਪੰਜਾਬ ਪੁਲਿਸ ਆਪਣੀ ਤੈਨਾਤੀ ਵਾਲੀਆਂ ਥਾਵਾਂ ਤੋਂ ਪਿੱਛੇ ਹਟ ਗਈ ਸੀ ਕਿਉਂਕਿ ਉਹ ਮੌਕੇ ਦਾ ਗਵਾਹ ਬਣਨ ਤੋਂ ਬਚਣਾ ਚਾਹੁੰਦੀ ਸੀ।
 • ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸੰਸਦ ਦਾ ਇਜਲਾਸ ਸੱਦ ਕੇ ਐੱਮ.ਐੱਸ.ਪੀ ਉੱਤੇ ਗਰੰਟੀ ਦਾ ਕਾਨੂੰਨ ਬਣਾਵੇ ਅਤੇ ਬਾਕੀ ਸਿਆਸੀ ਧਿਰਾਂ ਇਹ ਸਪੱਸ਼ਟ ਕਰਨ ਕਿ ਉਹ ਇਸਦੀ ਹਮਾਇਤ ਕਰਨਗੀਆਂ। ਉਹਨਾਂ ਪੰਜਾਬ ਦੀਆਂ ਸਿਆਸੀ ਧਿਰਾਂ (ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ) ਨੂੰ ਵੀ ਆਪਣੀ ਸਥਿਤੀ ਸਪਸ਼ੱਟ ਕਰਨ ਲਈ ਕਿਹਾ।
 • ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਸ਼ੁਭਕਰਨ  ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਖਿਲਾਫ ਐਫ.ਆਈ.ਆਰ. ਦਰਜ਼ ਕੀਤੀ ਜਾਵੇ ਅਤੇ ਇਸ ਤੋਂ ਬਾਅਦ ਹੀ ਸ਼ੁਭਕਰਨ  ਸਿੰਘ ਦਾ ਪੋਸਟਮਾਰਟਮ ਕਰਾਇਆ ਜਾਵੇਗਾ।
 • ਕਿਸਾਨ ਆਗੂਆਂ ਨੇ ਜ਼ਖਮੀਆਂ ਦੀ ਗਿਣਤੀ ਦੱਸਦੇ ਹੋਏ ਕਿਹਾ ਕਿ ਕੱਲ ਖਨੌਰੀ ਬਾਰਡਰ ਉੱਤੇ 100 ਤੋਂ ਵਧੇਰੇ ਜ਼ਖਮੀ ਹੋਏ ਸਨ ਅਤੇ ਬਹੁਤ ਸਾਰੇ ਨੌਜਵਾਨ ਕਿਸਾਨ ਸਰਕਾਰ ਤੋਂ ਡਰਦੇ ਹੋਏ ਹਸਪਤਾਲ ਦੇ ਵਿੱਚ ਦਾਖਲ ਨਹੀਂ ਹੋਣਾ ਚਾਹੁੰਦੇ, ਕਿਉਂਕਿ ਸਰਕਾਰ ਦੇ ਫੁਰਮਾਨ ਅਨੁਸਾਰ ਉਹਨਾਂ ਦਾ ਪਾਸਪੋਰਟ ਰੱਦ ਕਰ ਦਿੱਤਾ ਜਾਵੇਗਾ।
 • ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਹਰਿਆਣਾ ਪੁਲਿਸ ਪੰਜਾਬ ਦੀ ਹੱਦ ਅੰਦਰ ਆ ਕੇ 5 ਕਿਸਾਨਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਆਪਣੇ ਨਾਲ ਲੈ ਗਈ ਹੈ।

 ਸੰਯੁਕਤ ਕਿਸਾਨ ਮੋਰਚਾ (ਰਾਜਨੀਤਿਕ) ਦੀ ਮੀਟਿੰਗ ਦਾ ਤੱਤਸਾਰ :-

ਖਨੌਰੀ ਬਾਰਡਰ ਤੇ ਵਾਪਰੀ ਘਟਨਾ ਨੇ ਸਾਰੇ ਲੋਕਾਂ ਦੀ ਹਮਦਰਦੀ ਕਿਸਾਨੀ ਘੋਲ ਨਾਲ ਜੋੜ ਦਿੱਤੀ। ਇਸ ਮੌਕੇ  ਸੰਯੁਕਤ ਕਿਸਾਨ ਮੋਰਚਾ ਦੇ ਰਾਜਨੀਤਿਕ ਧੜੇ ਵੱਲੋਂ ਇਸ ਮੋਰਚੇ ਵਿੱਚ ਪਹੁੰਚਣ ਦੀ ਉਮੀਦ ਵੀ ਕੀਤੀ ਜਾ ਰਹੀ ਸੀ। 22 ਫਰਵਰੀ ਨੂੰ  ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਦੀ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ (ਸੈਕਟਰ 35-A) ਵਿੱਚ ਹੋਈ।  ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਦੀ ਮੀਟਿੰਗ ਤੋਂ ਪਹਿਲਾਂ  ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਦੇ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਵੱਡੇ ਫੈਸਲੇ ਲੈ ਸਕਦੇ ਹਾਂ। ਇਸ ਮੀਟਿੰਗ ਵਿੱਚ ਕਿਸਾਨੀ ਘੋਲ ਵਿੱਚ ਸ਼ਾਮਿਲ ਨਾ ਹੋਣ ਵਾਲੇ ਸਾਰੇ ਕਿਸਾਨ ਆਗੂ ਹਾਜ਼ਰ ਸਨ। (ਕੇਵਲ ਗੁਰਨਾਮ ਸਿੰਘ ਚੜੂਨੀ ਨੂੰ ਛੱਡ ਕੇ) ਇਸ ਵਿੱਚ ਲਏ ਗਏ ਫ਼ੈਸਲਾ ਇਹ ਸਨ ਕਿ

 • 23 ਫਰਵਰੀ ਨੂੰ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ ਅਤੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
 • 26 ਫਰਵਰੀ ਨੂੰ ਕਿਸਾਨ ਆਪਣੇ ਇਲਾਕਿਆਂ ਵਿੱਚ ਸੜਕਾਂ ਦੇ ਉੱਤੇ ਟਰੈਕਟਰ ਮਾਰਚ ਕਰਨਗੇ। ਹਾਈਵੇ ਦੇ ਇੱਕ ਪਾਸੇ ਮਾਰਚ ਕੀਤਾ ਜਾਵੇਗਾ ਤੇ ਇੱਕ ਲਾਂਘਾ ਲੋਕਾਂ ਦੇ ਲਈ ਖੁੱਲਾ ਰੱਖਿਆ ਜਾਵੇਗਾ।
 •  26 ਫਰਵਰੀ ਨੂੰ ਡਬਲਿਊ.ਟੀ.ਓ. (WTO) ਦਾ ਪੁਤਲਾ ਸਾੜਿਆ ਜਾਵੇਗਾ।
 • 14 ਮਾਰਚ ਨੂੰ ਕਿਸਾਨ ਮਹਾ ਪੰਚਾਇਤ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਰਨਗੇ। (ਇਹ ਇਕੱਠ ਇੱਕ ਦਿਨ ਦਾ ਹੋਵੇਗਾ ਅਤੇ ਟਰੈਕਟਰ ਟਰਾਲੀਆਂ ਤੋਂ ਬਗੈਰ ਕਿਸਾਨ ਇੱਥੇ ਇਕੱਤਰ ਹੋਣਗੇ)
 • ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਬੀਤੇ ਦਿਨਾਂ ਵਿੱਚ ਜੋ ਕਿਸਾਨਾਂ ਦੇ ਉੱਤੇ ਜਬਰ ਕੀਤਾ ਗਿਆ ਹੈ, ਇਸਦੇ ਪਿੱਛੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੈ।
 • ਕਿਸਾਨ ਆਗੂਆਂ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣੇ ਦੇ ਹੋਮ ਮਿਨਿਸਟਰ ਅਨਿਲ ਵਿੱਜ ਦੇ ਅਸਤੀਫੇ ਦੀ ਮੰਗ ਕੀਤੀ।
 • ਕਿਸਾਨ ਆਗੂਆਂ ਨੇ ਸ਼ਹੀਦ ਕਿਸਾਨ ਸ਼ੁਭਕਰਨ  ਸਿੰਘ ਦੇ ਸਮੁੱਚੇ ਕਰਜ਼ਾ ਮੁਾਫੀ ਅਤੇ ਇਕ ਕਰੋੜ ਦੇ ਮੁਆਵਜ਼ੇ ਦੀ ਮੰਗ ਵੀ ਕੀਤੀ।
 • ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼ੁਭਕਰਨ  ਸਿੰਘ ਦੇ ਗੋਲੀ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਧਾਰਾ 302 ਦੇ ਤਹਿਤ ਪਰਚਾ ਦਰਜ਼ ਹੋਵੇ ਅਤੇ ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਦੇ ਜੱਜ ਪਾਸੋਂ ਇਸ ਮਾਮਲੇ ਦੀ (Judicial inquiry) ਨਿਆਂਇਕ ਜਾਂਚ ਦੀ ਮੰਗ ਵੀ ਕੀਤੀ।

 ਇਸ ਮੀਟਿੰਗ ਦੌਰਾਨ ਕਿਸਾਨ ਆਗੂਆਂ ਵੱਲੋਂ ਇਕ ਕੋਆਰਡੀਨੇਸ਼ਨ ਕਮੇਟੀ ਵੀ ਬਣਾਈ ਗਈ। ਜਿਸਦਾ ਕੰਮ ਪਹਿਲਾਂ ਕਿਸਾਨੀ ਘੋਲ ਲੜਨ ਵਾਲੇ ਆਗੂਆਂ ਅਤੇ ਕਿਸਾਨਾਂ ਵਿੱਚ ਤਾਲਮੇਲ ਬਨਾਉਣ ਦਾ ਕੰਮ ਕਰਨਾ ਹੋਵੇਗਾ। ਇਹ 6 ਮੈਂਬਰ ਹਨ-

 • ਕਿਸਾਨ ਆਗੂ ਹਨਨ ਮੌਲਾ (ਭਾਰਤੀ ਕਮਿਊਨਿਸਟ ਸਿਆਸਤਦਾਨ ਅਤੇ ਆਲ ਇੰਡੀਆ ਕਿਸਾਨ ਸਭਾ ਦਾ ਸੀਨੀਅਰ ਆਗੂ)।
 • ਜੋਗਿੰਦਰ ਸਿੰਘ ਉਗਰਾਹਾਂ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ।
 • ਯੁੱਧਵੀਰ ਸਿੰਘ (ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ, ਜਨਰਲ ਸਕੱਤਰ ਆਲ ਇੰਡੀਆ ਜਾਟ ਮਹਾਸਭਾ)।
 • ਬਲਬੀਰ ਸਿੰਘ ਰਾਜੇਵਾਲ (ਭਾਰਤੀ ਕਿਸਾਨ ਯੂਨੀਅਨ)।
 • ਰਮਿੰਦਰ ਸਿੰਘ ਪਟਿਆਲਾ (ਕਿਰਤੀ ਕਿਸਾਨ ਯੂਨੀਅਨ)।
 • ਡਾ: ਦਰਸ਼ਨਪਾਲ (ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ)।

ਇਸ ਮੌਕੇ ਉਮੀਦ ਕੀਤੀ ਜਾ ਰਹੀ ਸੀ ਕਿ  ਸੰਯੁਕਤ ਕਿਸਾਨ ਮੋਰਚਾ (ਰਾਜਨੀਤਿਕ) ਬਾਰਡਰਾਂ ਤੇ ਪਹੁੰਚਣ ਦਾ ਐਲਾਨ ਕਰੇਗਾ। ਪਰ ਅਜਿਹਾ ਨਹੀਂ ਹੋਇਆ। ਦੋਵੇਂ ਕਿਸਾਨੀ ਧਿਰਾਂ ਦਾ ਆਪਸੀ ਵਖਰੇਵਾਂ ਇਸ ਵਿੱਚ ਦਿੱਕਤ ਬਣਿਆ ਰਿਹਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਨੇ ਕਿਹਾ ਕਿ ਸਾਡੇ ਨਾਲ ਸਲਾਹ ਕੀਤੇ ਬਗੈਰ  ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਅੰਦੋਲਨ ਸੁਰੂ ਕੀਤਾ ਹੈ। ਜੇਕਰ ਅਸੀਂ ਬਿਨ੍ਹਾਂ ਗੱਲਬਾਤ ਕੀਤੇ ਮੋਰਚੇ ਵਿੱਚ ਜਾਂਦੇ ਹਾਂ ਤਾਂ ਮੋਰਚਾ ਲੜਨ ਵਾਲੀ ਧਿਰ ਸਾਨੂੰ ਕਹਿ ਸਕਦੀ ਹੈ ਕਿ ਇਹ ਸਾਡਾ ਮੋਰਚਾ ਖਰਾਬ ਕਰਨ ਲਈ ਆਏ ਹਨ। ਹਾਲਾਂਕਿ  ਸੰਯੁਕਤ ਕਿਸਾਨ ਮੋਰਚਾ (ਰਾਜਨੀਤਿਕ) ਨੇ ਇਹ ਵੀ ਕਿਹਾ ਜਿਹੜੀ 6 ਮੈਂਬਰੀ ਕਮੇਟੀ ਬਣਾਈ ਗਈ ਹੈ ਉਹਦਾ ਕੰਮ ਕਿਸਾਨੀ ਧਿਰਾਂ ਵਿੱਚ ਪੈਦਾ ਹੋਏ ਵਖਰੇਵੇਂ ਨੂੰ ਦੂਰ ਕਰਨਾ ਹੀ ਹੈ। ਕਿਸਾਨ ਆਗੂ ਮਨਜੀਤ ਧਨੇਰ ਨੇ ਸੰਭੂ ਖਨੌਰੀ ਮੋਰਚਿਆ ਨੂੰ ਆਪ ਮੁਹਾਰੇ ਹੋਏ ਮੋਰਚੇ ਕਿਹਾ। ਉਹਨਾਂ ਕਿਹਾ ਕਿ ਮੋਰਚੇ ਦਾ ਹੁਲੀਆ ਵਿਗੜਿਆ ਹੋਇਆ ਹੈ।

 ਹਰਿਆਣਾ ਪੁਲਿਸ ਕਿਸਾਨਾਂ ਨੂੰ ਬੋਰੀਆਂ ਵਿੱਚ ਪਾਕੇ ਲੈ ਗਈ :-

ਵੱਡਾ ਖੁਲਾਸਾ ਇਹ ਸੀ ਕਿ ਹਰਿਆਣਾ ਪੁਲਿਸ ਖਨੌਰੀ ਬਾਰਡਰ ਤੋਂ 26 ਸਾਲਾਂ ਪ੍ਰਿਤਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਨੂੰ ਬੰਦੀ ਬਣਾ, ਬੋਰੀ ਵਿੱਚ ਪਾ ਕੇ ਚੁੱਕ ਲੈ ਗਈ ਹੈ। ਪ੍ਰਿਤਪਾਲ ਸਿੰਘ ਸੰਗਰੂਰ ਦੇ ਪਿੰਡ ਨਵਾਂ ਗਾਉਂ ਦਾ ਰਹਿਣ ਵਾਲਾ ਸੀ। ਕਿਸਾਨ ਆਗੂਆਂ ਦੇ ਦਾਅਵੇ ਅਨੁਸਾਰ ਜਦੋਂ ਹਰਿਆਣਾ ਪੁਲਿਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਟਰੈਕਟਰਾਂ ਦੀ ਭੰਨਤੋੜ ਕਰ ਰਹੀ ਸੀ ਤਾਂ ਹਰਿਆਣਾ ਪੁਲਿਸ ਵੱਲੋਂ ਪ੍ਰਿਤਪਾਲ ਸਿੰਘ ਦੇ ਟਰੈਕਟਰ ਦੇ ਟਾਇਰ ਭੰਨ ਦਿੱਤੇ ਗਏ ਸਨ। ਪ੍ਰਿਤਪਾਲ ਸਿੰਘ ਆਪਣੇ ਟਰੈਕਟਰ ਨੂੰ ਹਰਿਆਣਾ ਪੁਲਿਸ ਤੋਂ ਬਚਾਉਣ ਦੇ ਲਈ ਪਿੱਛੇ ਮੋੜ ਕੇ ਲਿਜਾ ਰਿਹਾ ਸੀ ਜਦੋਂ ਉਸਨੂੰ ਟਰੈਕਟਰ ਤੋਂ ਉਤਾਰ ਕੇ ਉਸਦੀ ਕੁੱਟਮਾਰ ਕੀਤੀ ਗਈ। ਜਿਸ ਦੌਰਾਨ ਪ੍ਰਿਤਪਾਲ ਸਿੰਘ ਦੀ ਲੱਤ ਤੋੜ ਦਿੱਤੀ ਗਈ ਅਤੇ ਉਸਨੂੰ ਜਾਨਵਰਾਂ ਵਾਂਗ ਬੋਰੀ ਵਿੱਚ ਪਾ ਕੇ ਬੰਦੀ ਬਣਾ ਕੇ ਹਰਿਆਣਾ ਪੁਲਿਸ ਲੈ ਗਈ। ਹੋਰ ਤੇ ਹੋਰ, ਪ੍ਰਿਤਪਾਲ ਸਿੰਘ ‘ਤੇ 307 ਦਾ ਪਰਚਾ ਵੀ ਦਰਜ਼ ਕਰ ਦਿੱਤਾ ਗਿਆ।

ਖਨੌਰੀ ਬਾਰਡਰ ਤੋਂ ਹਰਿਆਣਾ ਪੁਲਿਸ ਵੱਲੋਂ ਅਗਵਾਹ ਕੀਤੇ ਗਏ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਨੇ ਬਹੁਤ ਗੰਭੀਰ ਸੱਟਾਂ ਨਾਲ ਪੀ.ਜੀ.ਆਈ. ਰੋਹਤਕ ਵਿਚ ਦਾਖਲ ਕਰਵਾਇਆ ਸੀ

 ਪਰ ਦੂਜੇ ਪਾਸੇ ਹਰਿਆਣਾ ਪੁਲਿਸ ਨੇ ਅਗਵਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਇੱਕ ਜ਼ਖਮੀ ਕਿਸਾਨ, ਜਿਸ ਦੀ ਪਛਾਣ ਪ੍ਰਿਤਪਾਲ ਸਿੰਘ ਵਜੋਂ ਹੋਈ ਹੈ, ਨੂੰ ਰੋਹਤਕ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪੀ.ਜੀ.ਆਈ.ਐੱਮ.ਐੱਸ.) ਵਿੱਚ ਦਾਖਲ ਕਰਵਾਇਆ ਗਿਆ ਸੀ।

ਦੂਜਾ ਜਲਿਆਂਵਾਲਾ ਬਾਗ – ਖਨੌਰੀ

ਹਰਿਆਣੇ ਦੇ ਕਿਸਾਨ ਆਗੂ ਅਭਿਮਨਿਊ ਕੌਹਾੜ ਨੇ 21 ਫਰਵਰੀ ਨੂੰ ਖਨੌਰੀ ਬਾਰਡਰ ਉੱਤੇ ਘਟੀਆਂ ਘਟਨਾਵਾਂ ਦੀ ਤੁਲਨਾ ਜ਼ਲ੍ਹਿਆਂ ਵਾਲੇ ਬਾਗ ਦੇ ਸਾਕੇ ਨਾਲ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਪੁਲਿਸ ਵਾਲੇ ਸਿਵਲ ਵਰਦੀ ਵਿੱਚ ਆ ਕੇ ਧਾਰਮਿਕ ਨਾਹਰੇ ਲਗਾ ਕੇ ਟਰਾਲੀਆਂ ਵਿੱਚ ਪਏ ਬਜ਼ੁਰਗ ਕਿਸਾਨਾਂ ਦੀ ਕੁੱਟਮਾਰ ਕਰਕੇ ਗਏ ਹਨ। ਕਿਸਾਨਾਂ ਦੇ ਟਰੈਕਟਰਾਂ ਦੀ ਭੰਨਤੋੜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਕੁੱਟਮਾਰ ਦੌਰਾਨ ਉਹਨਾਂ ਦੇ ਹੱਥ ਪੈਰ ਤੋੜ ਦਿੱਤੇ ਗਏ ਹਨ। ਉਹਨਾਂ ਹਰਿਆਣਾ ਪੁਲਿਸ ‘ਤੇ ਕਿਸਾਨਾਂ ਦਾ ਕੱਪੜਾ ਲੀੜਾ, ਬਿਸਤਰੇ ਅਤੇ ਪੈਸੇ ਚੋਰੀ ਕਰਨ ਦਾ ਇਲਜ਼ਾਮ ਵੀ ਲਗਾਇਆ। ਇਕ ਕਿਸਾਨ ਦੇ ਲੱਤ ਵਿੱਚ ਅਤੇ ਲੰਗਰ ਵਰਤਾ ਰਹੇ ਕਿਸਾਨ ਦੀ ਵੱਖੀ ਵਿੱਚ ਗੋਲੀ ਮਾਰਨ ਦਾ ਇਲਜ਼ਾਮ ਵੀ ਕਿਸਾਨ ਆਗੂਆਂ ਨੇ ਹਰਿਆਣਾ ਪੁਲਿਸ ‘ਤੇ ਲਗਾਇਆ। ਕਿਸਾਨ ਆਗੂਆਂ ਨੇ ਹਰਿਆਣਾ ਪੁਲਿਸ ‘ਤੇ ਧਾਰਮਿਕ ਆਗੂਆਂ ਦੀਆਂ ਫੋਟੋਆਂ ਦੀ ਬੇਅਦਬੀ ਕਰਨ ਦਾ ਇਲਜ਼ਾਮ ਵੀ ਲਗਾਇਆ।

ਜਿਹੜੇ 5 ਕਿਸਾਨਾਂ ਨੂੰ ਬੋਰੀਆਂ ਵਿੱਚ ਪਾਕੇ ਲੈਕੇ ਜਾਣ ਦਾ ਦਾਅਵਾ ਕਿਸਾਨ ਆਗੂਆਂ ਵੱਲੋਂ ਕੀਤਾ ਗਿਆ ਸੀ। ਉਸ ਵਿੱਚ ਕਿਸਾਨ ਆਗੂਆਂ ਨੇ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਕਹੀ ਕਿ ਉਹਨਾਂ ਵਿੱਚੋਂ 4 ਕਿਸਾਨਾਂ ਦੀਆਂ ਹੱਥ ਪੈਰ ਤੋੜ ਕੇ ਹਰਿਆਣਾ ਪੁਲਿਸ ਉਹਨਾ ਨੂੰ ਪੰਜਾਬ ਵਾਲੇ ਪਾਸੇ ਛੁੱਟ ਗਈ ਸੀ ਅਤੇ ਇੱਕ ਕਿਸਾਨ ਪ੍ਰਿਤਪਾਲ ਸਿੰਘ ਬੰਦੀ ਬਣਾ ਕੇ ਲੈ ਗਏ ਸਨ।

 ਹਰਿਆਣਾ ਵਿਚਲੇ ਕਿਸਾਨ ਆਗੂਆਂ ਨੂੰ ਪੁਲਿਸ ਦੀਆਂ ਦਬਕਾਂ :- 

ਇਸ ਦੌਰਾਨ ਹਰਿਆਣਾ ਪੁਲਿਸ ਹਰਿਆਣਾ ਦੇ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਆਗੂ ਅਮਰਜੀਤ ਸਿੰਘ ਮੋਹੜੀ ਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ। ਜਿਸ ਵਿੱਚ ਕਿਹਾ ਕਿ ਜੇਕਰ ਹਰਿਆਣਾ ਪੁਲਿਸ ਨੂੰ ਦੱਸੇ ਬਗੈਰ ਤੁਸੀਂ ਕਿਸਾਨੀ ਮੋਰਚੇ ਵਿੱਚ ਸ਼ਿਰਕਤ ਕੀਤੀ ਤਾਂ ਤੁਹਾਡੀ ਜਇਦਾਦ ਜ਼ਬਤ ਕਰ ਲਈ ਜਾਵੇਗੀ ਅਤੇ ਬੈਂਕ ਖਾਤੇ ਸੀਜ਼ ਕਰ ਦਿੱਤੇ ਜਾਣਗੇ।

ਹਰਿਆਣਾ ਪੁਲਿਸ ਵੱਲੋਂ ਕਿਸਾਨ ਆਗੂ ਦੇ ਘਰ ਦੇ ਬਾਹਰ ਲਗਾਏ ਨੋਟਿਸ ਦੀ ਨਕਲ

ਹਰਿਆਣਾ ਵਿੱਚ ਕਿਸਾਨਾਂ ਦੀ ਫੜੋ ਫੜੀ ਕਰਕੇ ਹਰਿਆਣੇ ਦੇ ਬਹੁਤ ਘੱਟ ਕਿਸਾਨ ਸੰਭੂ ਅਤੇ ਖਨੌਰੀ ਬਾਰਡਰ ‘ਤੇ ਪਹੁੰਚੇ ਸਨ ਪਰ ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਉਹਨਾ ਕਿਸਾਨਾਂ ਦੀ ਅਗਵਾਈ ਕਰ ਰਹੀ ਸੀ ਅਤੇ ਕਈ ਥਾਵਾਂ ਤੇ ਮੋਹਰੀ ਭੂਮਿਕਾ ਨਿਭਾ ਰਹੀ ਸੀ। ਨੌਜਵਾਨ ਕਿਸਾਨ ਨਵਦੀਪ ਸਿੰਘ ਵਾਟਰ ਕੈਨਨ ਨੇ ਵੀ ਬਿੱਜਲ ਸੱਥ ‘ਤੇ ਆ ਕੇ ਕਿਹਾ ਕਿ ਸਾਡੇ ਘਰ ਹਰਿਆਣਾ ਪੁਲਿਸ ਗੇੜੇ ਮਾਰ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਹਰਿਆਣੇ ਵਿੱਚ ਲਗਾਤਾਰ ਕਿਸਾਨਾਂ ਦੀ ਅਤੇ ਕਿਸਾਨ ਆਗੂਆਂ ਦੀ ਫੜੋ ਫੜੀ ਜਾਰੀ ਹੈ।

ਉਸ ਘਰ ਦੀ ਤਸਵੀਰ ਜਿਸ ਦੇ ਬਾਹਰ ਉਕਤ ਨੋਟਿਸ ਲਗਾਇਆ ਗਿਆ ਸੀ

 ਦੋਵੇਂ ਕਿਸਾਨੀ ਫੋਰਮਾਂ ਦੀ ਮੀਟਿੰਗ :- 

 ਕਿਸਾਨ ਆਗੂਆਂ ਨੇ 21 ਫਰਵਰੀ ਦੇ ਘਟਨਾਕ੍ਰਮ ਤੋਂ ਬਾਅਦ ਪੰਜਾਬ ਸਰਕਾਰ ਅੱਗੇ ਇਹ ਮੰਗ ਕੀਤੀ ਸੀ ਕਿ ਸ਼ੁਭਕਰਨ  ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ, ਹਰਿਆਣਾ ਪੁਲਿਸ ਤੇ ਧਾਰਾ 302 ਤਹਿਤ ਪਰਚਾ ਕੱਟਿਆ ਜਾਵੇ ਅਤੇ ਬੋਰਡ ਬਣਾ ਕੇ ਸ਼ੁਭਕਰਨ  ਸਿੰਘ ਦੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਜਾਵੇ। ਪੰਜਾਬ ਸਰਕਾਰ ਸ਼ੁਭਕਰਨ  ਸਿੰਘ ਨੂੰ ਸ਼ਹੀਦ ਦਾ ਦਰਜ਼ਾ ਦੇਵੇ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਇਸ ਪ੍ਰਸਤਾਵ ਲਈ ਸਹਿਮਤੀ ਦੇ ਦਿੱਤੀ ਹੈ।

 ਪਰ ਦੂਜੇ ਪਾਸੇ ਜਦੋਂ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਹੱਟ ਗਈ ਤਾਂ ਸ਼ੰਭੂ ਬਾਰਡਰ ਉੱਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਮੀਟਿੰਗ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਜਿੰਨਾ ਚਿਰ ਪੰਜਾਬ ਸਰਕਾਰ ਗੋਲੀ ਚਲਾਉਣ ਵਾਲੇ ਅਤੇ ਕਿਸਾਨਾਂ ਦੀ ਕੁੱਟਮਾਰ ਕਰਨ ਵਾਲੇ ਹਰਿਆਣਾ ਪੁਲਿਸ ਦੇ ਕਰਮੀਆਂ ਦੇ ਉੱਤੇ ਐਫ.ਆਈ.ਆਰ ਦਰਜ ਨਹੀਂ ਕਰਦੀ ਅਤੇ ਸ਼ੁਭਕਰਨ  ਸਿੰਘ ਨੂੰ ਸ਼ਹੀਦ ਦਾ ਦਰਜ਼ਾ ਨਹੀਂ ਦਿੱਤਾ ਜਾਂਦਾ, ਉਨ੍ਹਾਂ ਸਮਾਂ ਸ਼ੁਭਕਰਨ  ਸਿੰਘ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।

 ਜਦੋਂ ਕੋਈ ਵੀ ਭਗੌੜਾ ਨਾ ਹੋਇਆ :-

 22 ਫਰਵਰੀ ਦਾ ਦਿਨ ਸੰਭੂ ਬਾਰਡਰ ‘ਤੇ ਆਮ ਦਿਨਾਂ ਵਰਗਾ ਸੀ। 21 ਫਰਵਰੀ ਦੇ ਘਟਨਾਕ੍ਰਮ ਤੋਂ ਬਾਅਦ ਵੀ ਕਿਸਾਨਾਂ ਦੇ ਮਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਡਰ ਭੈ ਨਜ਼ਰ ਨਹੀਂ ਸੀ ਆ ਰਿਹਾ। ਕਿਸਾਨ ਪਹਿਲਾਂ ਦੀ ਤਰ੍ਹਾਂ ਹੀ ਲੰਗਰ ਵਰਤਾ ਰਹੇ ਸਨ। ਹਾਲਾਂਕਿ ਕੁਝ ਖ਼ਬਰ ਅਦਾਰਿਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ 21 ਤਰੀਕ ਤੋਂ ਬਾਅਦ ਇਕੱਠ ਘੱਟ ਗਿਆ ਪਰ ਪਰ ਇਹ ਕੋਰਾ ਝੂਠ ਸੀ, ਅਜਿਹਾ ਕੁਝ ਵੀ ਨਹੀ ਵਾਪਰਿਆ। ਸ਼ੰਬੂ ਬਾਰਡਰ ਤੋਂ ਇੱਕ ਵੀ ਟਰਾਲੀ 21 ਤਰੀਕ ਦੇ ਘਟਨਾਕਰਮ ਤੋਂ ਬਾਅਦ ਵਾਪਸ ਨਹੀਂ ਮੁੜੀ ਅਤੇ ਨਾ ਹੀ ਕਿਸਾਨਾਂ ਦਾ ਇਕੱਠ ਸੰਭੂ ਬਾਰਡਰ ਦੇ ਉੱਤੇ ਘੱਟ ਹੋਇਆ। ਕਿਸਾਨਾਂ ਦੇ ਹਮਾਇਤੀ ਲੋਕ ਉਸੇ ਤਰ੍ਹਾਂ ਆਪਣੀਆਂ ਸੇਵਾਵਾਂ ਲੈ ਕੇ ਸ਼ੰਬੂ ਮੋਰਚੇ ਵਿੱਚ ਪਹੁੰਚ ਰਹੇ ਸਨ।

21 ਫਰਵਰੀ ਤੋਂ ਬਾਅਦ ਸ਼ੰਬੂ ਬਾਰਡਰ ਉੱਤੇ ਕਿਸਾਨੀ ਮੋਰਚੇ ਵਿਖੇ ਖੜੀਆਂ ਟਰੈਕਟਰ ਟਰਾਲੀਆਂ ਦੀ ਤਸਵੀਰ

 ਜਦੋਂ ‘X’ (ਟਵੀਟਰ) ਨੇ ਸਰਕਾਰ ਦੀ ਪੋਲ ਖੋਲੀ :- 

 ਬਿੱਜਲ ਸੱਥ ‘X’ (ਟਵੀਟਰ) ਨੇ ਟਵੀਟ ਕਰਦੇ ਹੋਏ ਇੱਕ ਵੱਡਾ ਖੁਲਾਸਾ ਕਰਕੇ, ਭਾਰਤ ਸਰਕਾਰ ਦੀ ਪੋਲ ਖੋਲ ਦਿੱਤੀ ਹੈ। ਐਕਸ (ਟਵੀਟਰ) ਨੇ ਕਿਹਾ ਕਿ ਸਾਨੂੰ ਭਾਰਤ ਸਰਕਾਰ ਦੇ ਵੱਲੋਂ ਕੁਝ ਖਾਸ ਟਵਿਟਰ ਖਾਤਿਆਂ ਨੂੰ ਬੰਦ ਕਰਨ ਦੇ ਆਦੇਸ਼ ਮਿਲੇ ਹਨ। ਉਹ ਇਹਨਾਂ ਖਾਤਿਆਂ ਨੂੰ ਬੰਦ ਕਰ ਰਹੇ ਹਨ। ਉਹਨਾਂ ਲਿਖਿਆ ਕਿ ਭਾਰਤ ਸਰਕਾਰ ਦੇ ਬਲਾਕਿੰਗ (Blocking) ਆਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਇੱਕ ਰਿੱਟ ਅਪੀਲ ਲੰਬਿਤ ਹੈ। ਅਸੀਂ ਪ੍ਰਭਾਵਿਤ ਉਪਭੋਗਤਾਵਾਂ ਨੂੰ ਸਾਡੀਆਂ ਨੀਤੀਆਂ ਦੇ ਅਨੁਸਾਰ ਇਹਨਾਂ ਕਾਰਵਾਈਆਂ ਦਾ ਨੋਟਿਸ ਵੀ ਪ੍ਰਦਾਨ ਕੀਤਾ ਹੈ।

 ਕਿਸਾਨੀ ਅੰਦੋਲਨ ਦੇ ਸ਼ੁਰੂ ਹੁੰਦੇ ਸਾਰ ਹੀ ਕਈ ਪੱਤਰਕਾਰ ਅਤੇ ਕਿਸਾਨ ਆਗੂਆਂ ਦੇ X (ਟਵਿੱਟਰ) ਖਾਤੇ ਬੰਦ ਕਰ ਦਿੱਤੇ ਗਏ ਸਨ। (ਜਿਹਨਾਂ ਦਾ ਜ਼ਿਕਰ ਪਹਿਲੀ ਰਿਪੋਰਟ ਵਿੱਚ ਕੀਤਾ ਗਿਆ ਹੈ)। ਇਹ ਭਾਰਤ ਸਰਕਾਰ ਦੇ ਲਈ ਇੱਕ ਵੱਡੀ ਨਮੋਸ਼ੀ ਵਾਲੀ ਗੱਲ ਸੀ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਬੋਲਣ ਦੀ ਆਜ਼ਾਦੀ ਦੇ ਖਤਰੇ ਵਿੱਚ ਹੋਣ ਦੇ ਸੰਕੇਤ ਸਨ।

 ਕਿਸਾਨਾਂ ’ਤੇ ਲੱਗੀ ਐਨ.ਐਸ.ਏ.:-

 22 ਤਰੀਕ ਦੀ ਰਾਤ ਨੂੰ ਇੱਕ ਅਜਿਹੀ ਖ਼ਬਰ ਆਈ, ਜੋ ਕਿ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਵਧਾ ਸਕਦੀ ਸੀ। ਹਰਿਆਣੇ ਤੋਂ ਅੰਬਾਲਾ ਪੁਲਿਸ ਵੱਲੋਂ ਇੱਕ ਚਿੱਠੀ ਕੱਢੀ ਗਈ। ਜਿਸ ਦੇ ਵਿੱਚ ਕਿਸਾਨ ਅਤੇ ਕਿਸਾਨ ਆਗੂਆਂ ਦੇ ਉੱਤੇ ਐੱਨ.ਐੱਸ.ਏ. ਲਗਾਉਣ ਦੀ ਕਾਰਵਾਈ ਸ਼ੁਰੂ ਕਰਨ ਲਈ ਆਦੇਸ਼ ਦਿੱਤੇ ਗਏ ਸਨ। ਜਿਸ ਵਿੱਚ ਅੰਬਾਲਾ ਪੁਲਿਸ ਨੇ ਲਿਖਿਆ ਕਿ ਕਈ ਕਿਸਾਨ ਆਗੂ ਜੋ ਕਿਸਾਨ ਅੰਦੋਲਨ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਬਿਜਲ ਸੱਥਾਂ ਉੱਤੇ ਭੜਕਾਊ ਬਿਆਨਬਾਜੀ ਅਤੇ ਭਾਸ਼ਣ ਕਰ ਰਹੇ ਹਨ, ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਉਹਨਾਂ ਉੱਤੇ ਐੱਨ.ਐੱਸ.ਏ. 1980 ਅਧੀਨ ਕਾਰਵਾਈ ਕੀਤੀ ਜਾਵੇਗੀ।

ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਨੈਸ਼ਨਲ ਸਕਿਉਰਟੀ ਐਕਟ ਲਾਉਣ ਬਾਰੇ ਦਿੱਤੀ ਗਈ ਜਾਣਕਾਰੀ ਦੀ ਨਕਲ

 ਅੰਦੋਲਨ ਦੌਰਾਨ ਹਰਿਆਣਾ ਪੁਲਿਸ ਕਰਮੀਆਂ ਦੀ ਮੌਤ :- 

ਅੰਬਾਲਾ ਪੁਲਿਸ ਵੱਲੋਂ ਕਿਸਾਨ ਆਗੂਆਂ ਉੱਤੇ ਐੱਨ.ਐੱਸ.ਏ. ਅਧੀਨ ਕਾਰਵਾਈ ਕਰਨ ਵਾਲੀ ਚਿੱਠੀ ਦੇ ਵਿੱਚ ਇੱਕ ਖਾਸ ਗੱਲ ਦਾ ਜ਼ਿਕਰ ਕੀਤਾ ਗਿਆ। ਜਿਸ ਦੇ ਵਿੱਚ ਹਰਿਆਣਾ ਪੁਲਿਸ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਬਾਰਡਰਾਂ ‘ਤੇ ਤੈਨਾਤ ਲਗਭਗ 30 ਪੁਲਿਸ ਕਰਮਚਾਰੀਆਂ ਨੂੰ ਸੱਟਾਂ ਵੱਜੀਆਂ ਹਨ, 1 ਪੁਲਿਸ ਕਰਮਚਾਰੀ ਦਾ ਬ੍ਰੇਨ ਹੈਮਰੇਜ ਹੋ ਗਿਆ ਹੈ ਅਤੇ 2 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ।

 ਯੂ.ਕੇ. ਦੀ ਸੰਸਦ ਵਿੱਚ ਗੂੰਜੀ ਕਿਸਾਨਾਂ ਦੀ ਆਵਾਜ਼ :- 

 ਜਿਸ ਵੇਲੇ ਪੰਜਾਬ ਦੇ ਵਿੱਚ ਦਿਨ ਛਿਪ ਚੁੱਕਿਆ ਸੀ, ਉਸ ਵੇਲੇ ਯੂਕੇ ਦੀ ਸੰਸਦ ਦੇ ਵਿੱਚ ਕਿਸਾਨਾਂ ਦੀ ਆਵਾਜ਼ ਚੁੱਕੀ ਜਾ ਰਹੀ ਸੀ। ਯੂ.ਕੇ. ਵਿੱਚ ਲੇਬਰ ਪਾਰਟੀ ਦੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦੀ ਆਵਾਜ਼ ਨੂੰ ਯੂ.ਕੇ. ਦੀ ਸੰਸਦ ਵਿੱਚ ਬੁਲੰਦ ਕੀਤਾ। ਉਹਨਾਂ ਨੇ ਸੰਸਦ ਦੇ ਵਿੱਚ ਸ਼ਹੀਦ ਕਿਸਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਦਿੱਲੀ ਵੱਲ ਨੂੰ ਮਾਰਚ ਕਰ ਰਹੇ ਕਿਸਾਨ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋਈ ਹੈ ਅਤੇ 13 ਗੰਭੀਰ ਜਖ਼ਮੀ ਹੋਏ ਹਨ। ਉਹਨਾ ਨੇ ‘X’ (ਟਵੀਟਰ) ਉੱਤੇ ਭਾਰਤ ਸਰਕਾਰ ਵੱਲੋਂ ਬੰਦ ਕਰਵਾਏ ਜਾ ਰਹੇ ਖਾਤਿਆਂ ਦਾ ਵੀ ਜ਼ਿਕਰ ਕੀਤਾ।

 23 ਫਰਵਰੀ, 2024 – ਭਗਵੰਤ ਮਾਨ ਦਾ ਲਿਖਤੀ ਦਾਅਵਾ :- 

 23 ਫਰਵਰੀ ਦੀ ਸਵੇਰ ਹੋਈ ਤਾਂ ਸਵੇਰੇ 9:30 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਭਗਵੰਤ ਮਾਨ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਲਿਖਤੀ ਭਰੋਸਾ ਵੀ ਦਿੱਤਾ।

 24 ਘੰਟਿਆਂ ਤੋਂ ਪਹਿਲਾਂ ਹੀ ਹੱਟ ਗਈ ਐਨ.ਐਸ.ਏ:-

 ਇੱਕ ਰਾਹਤ ਦੀ ਖ਼ਬਰ ਕਿਸਾਨਾਂ ਲਈ ਇਹ ਆਈ ਕਿ ਅੰਬਾਲਾ ਪੁਲਿਸ ਨੇ ਕਿਸਾਨ ਆਗੂਆਂ ‘ਤੇ ਨੈਸ਼ਨਲ ਸਿਕਿਉਰਟੀ ਐਕਟ (ਐਨ.ਐਸ.ਏ.) ਅਧੀਨ ਕਾਰਵਾਈ ਕਰਨ ਦੀ ਗੱਲ ਵਾਪਿਸ ਲੈ ਲਈ। ਐਨ.ਐਸ.ਏ. ਲਗਾਉਣ ਦੇ ਫ਼ੈਸਲੇ ਨੂੰ ਹਜੇ 24 ਘੰਟੇ ਵੀ ਨਹੀਂ ਹੋਏ ਸਨ ਕਿ ਇਹ ਫੁਰਮਾਨ ਵਾਪਿਸ ਲੈ ਲਿਆ ਗਿਆ। ਅੰਬਾਲਾ ਪੁਲਿਸ ਵੱਲੋਂ ਇੱਕ ਨੋਟੀਫਿਕੇਸ਼ਨ ਕੱਢ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ।

ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਤੇ ਐਨਐਸਏ ਨਾ ਲਾਉਣ ਬਾਰੇ ਸਾਂਝੀ ਕੀਤੀ ਜਾਣਕਾਰੀ ਦੀ ਨਕਲ

 ਹਾਈਕੋਰਟ ਦਾ ਕੰਮ ਠੱਪ :- 

 21 ਤਰੀਕ ਨੂੰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਉੱਤੇ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲਾਂ ਦੇ ਵੱਲੋਂ 22 ਫਰਵਰੀ ਨੂੰ ਇਹ ਐਲਾਨ ਕੀਤਾ ਗਿਆ ਕਿ 23 ਫਰਵਰੀ ਵਾਲੇ ਦਿਨ ਕਿਸਾਨਾਂ ਉੱਤੇ ਹੋਏ ਜ਼ੁਲਮ ਦੇ ਵਿਰੋਧ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੰਮ ਠੱਪ ਰੱਖਿਆ ਜਾਵੇਗਾ। ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਅਸੋਸੀਏਸ਼ਨ ਨੇ ਇਹ ਐਲਾਨ ਕੀਤਾ। ਉਹਨਾਂ ਇਹ ਵੀ ਕਿਹਾ ਕਿ 23 ਤਰੀਕ ਨੂੰ ਜੇਕਰ ਕੋਈ ਵੀ ਵਕੀਲ ਕੰਮਕਾਰ ਕਰੇਗਾ ਤਾਂ ਉਸਨੂੰ 10 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਪਰ ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਨੇ ਇਸਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਇਹ ਮਸਲਾ ਵਕੀਲਾਂ ਨਾਲ ਸੰਬੰਧਿਤ ਨਹੀਂ ਹੈ। ਉਨਾਂ ਨੇ ਹਰਿਆਣੇ ਦੇ ਕਾਨੂੰਨ ਅਫਸਰਾਂ ਨੂੰ ਬੈਂਚਾਂ ਮੂਹਰੇ ਪੇਸ਼ ਹੋਣ ਦੇ ਹੁਕਮ ਵੀ ਦਿੱਤੇ। ਪਰ ਇਸ ਦਿਨ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੰਮਕਾਰ ਠੱਪ ਰਿਹਾ ਪੰਜਾਬ ਹਰਿਆਣਾ ਹਾਈਕੋਰਟ ਦੇ ਨਾਲ ਨਾਲ ਪੰਜਾਬ ਦੀਆਂ ਕਈ ਹੋਰ ਕਚਹਿਰੀਆਂ ਦੇ ਵਿੱਚ ਵੀ ਕੰਮਕਾਜ ਠੱਪ ਰਿਹਾ।

 ਇੱਕ ਹੋਰ ਕਿਸਾਨ ਦੀ ਮੌਤ :- 

 22-23 ਦੀ ਦਰਮਿਆਨੀ ਰਾਤ ਨੂੰ ਇਕ ਹੋਰ ਜਿੰਦੜੀ ਸੜਕਾਂ ਤੇ ਬੈਠਿਆਂ ਕਿਸਾਨੀ ਲੇਖੇ ਲੱਗ ਗਈ। ਖਨੌਰੀ ਬਾਰਡਰ ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਅਮਰਗੜ੍ਹ (ਨੇੜੇ ਗੋਨੇਆਣਾ) ਦਾ ਰਹਿਣ ਵਾਲੇ 62 ਸਾਲਾ ਦਰਸ਼ਨ ਸਿੰਘ (ਪਿਤਾ ਦਾ ਨਾਮ ਜਰਨੈਲ ਸਿੰਘ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਰਸ਼ਨ ਸਿੰਘ ਖਨੌਰੀ ਬਾਰਡਰ ‘ਤੇ ਕਿਸਾਨ ਮੋਰਚੇ ਵਿੱਚ ਸਨ ਜਦੋਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਉਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਇਸ ਮੋਰਚੇ ਦੌਰਾਨ ਮੋਈ ਪੰਜਵੀਂ ਜਿੰਦਗੀ ਸੀ ਜੋ ਕਿਸਾਨੀ ਲੇਖੇ ਲੱਗ ਗਈ।

 ਸੁਨੀਲ ਜਾਖੜ ਦਾ ਕਿਸਾਨ ਆਗੂਆਂ ਬਾਰੇ ਬਿਆਨ :-

 23 ਫਰਵਰੀ ਨੂੰ ਸੁਨੀਲ ਜਾਖੜ (ਪੰਜਾਬ ਭਾਜਪਾ ਪ੍ਰਧਾਨ) ਦਾ ਕਿਸਾਨ ਅੰਦੋਲਨ ਬਾਰੇ ਪਹਿਲਾ ਬਿਆਨ ਆਉਂਦਾ ਹੈ। ਇਹ ਲਿਖਤੀ ਬਿਆਨ ਸੀ ਜਿਸ ਵਿੱਚ ਉਹ ਸ਼ੁਭਕਰਨ  ਸਿੰਘ ਦੀ ਮੌਤ ਤੋਂ ਬੇਹੱਦ ਦੁਖਦਾਈ ਦੱਸਦੇ ਹੋਏ ਸ਼ੁਭਕਰਨ  ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਨ। ਸੁਨੀਲ ਜਾਖੜ ਸ਼ੁਭਕਰਨ  ਮੌਤ ਲਈ ਜਿੰਮੇਵਾਰਾਂ ਨੂੰ ਸਾਹਮਣੇ ਲਿਆਉਣ ਲਈ ਜਾਂਚ ਦੀ ਹਾਮੀ ਭਰਦੇ ਹਨ ਅਤੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ। ਜਾਖੜ ਸਰਕਾਰਾਂ ਅਤੇ ਸੁਰੱਖਿਆ ਬਲਾਂ ਨੂੰ ਸਾਂਤਮਈ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਣ ਲਈ ਸੰਜਮ ਅਤੇ ਸੰਵੇਦਨਸ਼ੀਲਤਾ ਵਿਖਾਉਣ ਅਤੇ ਕਿਸਾਨ ਆਗੂਆਂ ਨੂੰ ਨੌਜਵਾਨਾਂ ਦੇ ਜਨੂੰਨ ਅਤੇ ਊਰਜਾ ਨੂੰ ਸਹੀ ਦਿਸ਼੍ਹਾ ਦੇਣ ਦੀ ਨਸੀਹਤ ਦਿੰਦੇ ਹਨ। ਜਾਖੜ ਨੇ ਆਗੂਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਨੌਜਵਾਨਾਂ ਦੀ ਕਿਸੇ ਦੇ ਸੌੜੇ ਸਿਆਸੀ ਇਰਾਦਿਆਂ ਲਈ ਦੁਰਵਰਤੋਂ ਨਾ ਹੋਵੇ। ਜਾਖੜ ਨੇ ਕਿਹਾ ਕਿ ਸਾਰੀਆਂ ਮੰਗਾਂ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲੇਗਾ ਅਤੇ ਦੋਵਾਂ ਧਿਰਾਂ ਨੂੰ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਅੱਗੇ ਵੱਧਣਾ ਚਾਹੀਦਾ ਹੈ।

 ਪੰਜਾਬ ਸਰਕਾਰ ‘ਤੇ ਵਾਅਦਾ ਖਿਲਾਫੀ ਦੇ ਇਲਜ਼ਾਮ:- 

 ਰਜਿੰਦਰਾ ਹਸਪਤਾਲ ਵਿੱਚੋਂ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਸ਼ੁਭਕਰਨ  ਸਿੰਘ ਦੇ ਗੋਲੀ ਮਾਰਨ ਵਾਲੇ ਹਰਿਆਣਾ ਪੁਲਿਸ ਦੇ ਕਰਮਚਾਰੀਆਂ ਖਿਲਾਫ ਕਾਰਵਾਈ ਕਰਨਗੇ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ‘ਤੇ ਪਰਚਾ ਦਰਜ਼ ਦੇ ਵਾਅਦੇ ਤੋਂ ਮੁੱਕਰਨ ਦਾ ਇਲਜ਼ਾਮ ਲਗਾਇਆ। ਗੁਰਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪਰਚਾ ਦਰਜ ਕਰਨ ਤੋਂ ਭੱਜ ਰਹੀ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਸ਼ੁਭਕਰਨ  ਸਿੰਘ ਦੇ ਪਰਿਵਾਰ ‘ਤੇ ਸੰਸਕਾਰ ਕਰਨ ਦਾ ਦਬਾਅ ਪਾਉਣ ਦਾ ਇਲਜ਼ਾਮ ਲਗਾਇਆ।

 ਸ਼ਰਾਰਤੀ ਅਨਸਰ ‘ਤੇ ਨਹੀਂ ਹੋਈ ਕੋਈ ਕਾਰਵਾਈ :- 

 ਪੰਜਾਬ ਦੇ ਕਿਸਾਨ ਆਗੂਆਂ ਦੇ ਅਨੁਸਾਰ ਇਸ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਸਕਾਰਾਤਮਕ ਨਹੀਂ ਹੈ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੇ ਅਨੁਸਾਰ ਉਹਨਾਂ ਨੇ 14 ਫਰਵਰੀ ਨੂੰ ਹੀ ਇੱਕ ਸ਼ਰਾਰਤੀ ਅਨਸਰ ਨੂੰ ਫੜਿਆ ਸੀ। ਜੋ ਕਿ 13 ਫਰਵਰੀ ਅਤੇ 14 ਫਰਵਰੀ ਨੂੰ ਹਰਿਆਣਾ ਪੁਲਿਸ ਦੇ ਕਰਮਚਾਰੀਆਂ ਉੱਤੇ ਰੋੜੇ ਮਾਰ ਰਾਹ ਰਿਹਾ ਸੀ ਅਤੇ ਕਿਸਾਨਾਂ ਨੂੰ ਰੋੜੇ ਮਾਰਨ ਲਈ ਉਕਸਾਅ ਰਿਹਾ ਸੀ। ਉਹਨਾਂ ਦੋਸ਼ ਲਗਾਇਆ ਕਿ ਇਹ ਹਰਿਆਣਾ ਪੁਲਿਸ ਦਾ ਹੀ ਕਰਮਚਾਰੀ ਸੀ, ਜੋ ਹਰਿਆਣਾ ਪੁਲਿਸ ਦੇ ਵੱਲੋਂ ਪੰਜਾਬ ਵਾਲੇ ਪਾਸੇ ਕਿਸਾਨਾਂ ਨੂੰ ਉਕਸਾਉਣ ਦੇ ਲਈ ਭੇਜਿਆ ਗਿਆ ਸੀ। ਬਲਦੇਵ ਸਿੰਘ ਸਿਰਸਾ ਦੇ ਅਨੁਸਾਰ ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਇੱਕ ਲਿਖਤੀ ਦਰਖਾਸਤ ਦੇ ਕੇ 14 ਤਰੀਕ ਨੂੰ ਇਸ ਸ਼ਰਾਰਤੀ ਅਨਸਰ ਨੂੰ ਪੰਜਾਬ ਪੁਲਿਸ ਨੂੰ ਗ੍ਰਿਫ਼ਤਾਰ ਕਰਵਾਇਆ ਸੀ। ਉਹਨਾਂ ਅੱਗੇ ਕਿਹਾ ਕਿ ਪਰ ਇਸ ਮਾਮਲੇ ਉੱਤੇ ਪੰਜਾਬ ਪੁਲਿਸ ਨੇ ਅਤੇ ਪੰਜਾਬ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ।

 ਸ਼ੁਭਕਰਨ  ਦੇ ਪਿਤਾ ਵੱਲੋਂ ਇਨਸਾਫ਼ ਦੀ ਮੰਗ :- 

 ਇਸ ਦੌਰਾਨ ਰਜਿੰਦਰਾ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ੁਭਕਰਨ  ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਆਪਣੇ ਪੁੱਤਰ ਦੇ ਇਨਸਾਫ਼ ਦੀ ਮੰਗ ਕੀਤੀ। ਇਹ ਬਹੁਤ ਵੱਡੀ ਗੱਲ ਹੈ ਕਿ ਜਵਾਨ ਪੁੱਤਰ ਦੀ ਦੇਹ ਨੂੰ ਲੈਕੇ ਬੈਠਣਾ। ਇਕ ਪਿਤਾ ਦੇ ਲਈ ਦੁਨੀਆਂ ‘ਤੇ ਸਭ ਤੋਂ ਭਾਰਾ ਦਿਨ ਉਹ ਹੁੰਦਾ ਹੈ, ਜਿਸ ਦਿਨ ਉਸ ਨੂੰ ਆਪਣੇ ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਪੈ ਜਾਵੇ। ਸ਼ੁਭਕਰਨ  ਸਿੰਘ ਦੇ ਪਿਤਾ ਰਜਿੰਦਰਾ ਹਸਪਤਾਲ ਵਿੱਚ ਆਪਣੇ ਪੁੱਤ ਦੀ ਲਾਸ਼ ਕੋਲ ਬੈਠਾ ਪੰਜਾਬ ਸਰਕਾਰ ਵੱਲ ਦੇਖ ਰਿਹਾ ਸੀ। ਪਹਿਲਾਂ ਕਿਸੇ ਨੂੰ ਮਾਰਨਾ, ਦੂਜਾ ਉਸਦੀ ਦੇਹ ਨੂੰ ਵੀ ਰੋਲਣਾ ਇਸਤੋਂ ਮਾੜਾ ਕੀ ਹੋ ਸਕਦਾ ਸ਼ੁਭਕਰਨ  ਸਿੰਘ ਦੇ ਘਰ ਓਹਨੂੰ ਆਖਰੀ ਵਾਰ ਦੇਖਣ ਲਈ ਉਸਦੀਆਂ ਭੈਣਾ ਅਤੇ ਦਾਦੀ ਉਸਦੀ ਦੇਹ ਨੂੰ ਉਡੀਕ ਰਹੀਆਂ ਸਨ। ਪਰ ਦੂਜੇ ਪਾਸੇ ਸ਼ੁਭਕਰਨ  ਦੀ ਦੇਹ ਇਨਸਾਫ਼ ਦੀ ਉਡੀਕ ਕਰ ਰਹੀ ਸੀ। ਪਰਚਾ ਦਰਜ ਕਰਨਾ ਜਾਂ ਇਨਸਾਫ ਕਰਨਾ ਤਾਂ ਹਜੇ ਦੂਰ ਦੀ ਗੱਲ ਸੀ, ਪੰਜਾਬ ਸਰਕਾਰ ਹਜੇ ਤੱਕ ਇਹ ਸੱਪਸ਼ਟ ਨਹੀਂ ਕਰ ਸਕੀ ਸੀ ਕਿ ਸ਼ੁਭਕਰਨ  ਸਿੰਘ ਦੀ ਮੌਤ ਪੰਜਾਬ ਦੀ ਹੱਦ ਦੇ ਵਿੱਚ ਹੋਈ ਹੈ ਜਾਂ ਹਰਿਆਣੇ ਵਾਲੇ ਪਾਸੇ। (ਚਸ਼ਮਦੀਦਾਂ ਦੇ ਮੁਤਾਬਿਕ ਸ਼ੁਭਕਰਨ  ਸਿੰਘ ਦੀ ਮੌਤ ਪੰਜਾਬ ਵਾਲੇ ਪਾਸੇ ਹੋਈ ਹੈ)

 ਸ਼ੁਭਕਰਨ  ਦੀ ਮਾਂ ਵੱਲੋਂ ਸੰਸਕਾਰ ਕਰਾਉਣ ਦੀ ਕਾਹਲ :- 

 23 ਫਰਵਰੀ ਦੀ ਸ਼ਾਮ ਤੱਕ ਹਰ ਕੋਈ ਇਹੀ ਸਮਝਦਾ ਸੀ ਕਿ ਸ਼ਹੀਦ ਸ਼ੁਭਕਰਨ  ਸਿੰਘ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਸ਼ੁਭਕਰਨ  ਸਿੰਘ ਦੇ ਪਰਿਵਾਰ ਵੱਲੋਂ ਵੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪਰ 23 ਫਰਵਰੀ ਦੀ ਸ਼ਾਮ ਨੂੰ ਉਹ ਇਕਦਮ ਮੀਡੀਆ ਦੇ ਸਾਹਮਣੇ ਆ ਜਾਂਦੇ ਨੇ। ਜਿੱਥੇ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਸ਼ੁਭਕਰਨ  ਸਿੰਘ ਦੇ ਮਾਤਾ ਪਿਤਾ 13 ਸਾਲਾਂ ਤੋਂ ਵੱਖ (ਤਲਾਕ) ਰਹਿ ਰਹੇ ਹਨ। ਸ਼ੁਭਕਰਨ  ਦੀ ਮਾਤਾ ਰਜਿੰਦਰਾ ਹਸਪਤਾਲ ਪਟਿਆਲੇ ਵਿੱਚ ਆਖਰੀ ਵਾਰ ਉਸਨੂੰ ਦੇਖਣ ਦੇ ਲਈ ਪਹੁੰਚੀ ਸੀ। ਪਰ ਇੱਥੇ ਸ਼ੁਭਕਰਨ  ਦੀ ਮਾਤਾ ਵੱਲੋਂ ਸ਼ੁਭਕਰਨ  ਦਾ ਸੰਸਕਾਰ ਜਲਦੀ ਤੋਂ ਜਲਦੀ ਕਰਨ ਦੇ ਲਈ ਕਿਹਾ ਜਾ ਰਿਹਾ ਸੀ। ਹਾਲਾਂਕਿ ਸ਼ੁਭਕਰਨ  ਦੇ ਮਾਤਾ ਪਿਤਾ ਦਾ ਵੱਖ ਹੋਣਾ ਉਹਨਾਂ ਦੇ ਪਰਿਵਾਰ ਦਾ ਨਿੱਜੀ ਮਾਮਲਾ ਸੀ ਪਰ ਹੁਣ ਇਹ ਮਾਮਲਾ ਰਾਜਨੀਤਿਕ ਖੇਡ ਵਾਂਗ ਹੁੰਦਾ ਜਾਪਦਾ ਸੀ। ਜਿੱਥੇ ਸ਼ੁਭਕਰਨ  ਦੀ ਮਾਂ ਉਸਦਾ ਸੰਸਕਾਰ ਕਰਾਉਣ ਲਈ ਕਾਹਲੀ ਸੀ ਪਰ ਪਰਿਵਾਰ ਪਹਿਲਾਂ FIR ਦਰਜ਼ ਕਰਨ ਦੀ ਮੰਗ ਕਰ ਰਿਹਾ ਸੀ। ਸ਼ੁਭਕਰਨ  ਦੀ ਮਾਤਾ ਨੂੰ ਸ਼ੁਭਕਰਨ  ਦੇ ਸੰਸਕਾਰ ਕਰਾਉਣ ਦੀ ਅਜੀਬ ਕਾਹਲੀ ਸੀ। ਲੋਕਾਂ ਚਰਚਾ ਵਿੱਚ ਇਹ ਗੱਲ ਸੀ ਕਿ ਸ਼ੁਭਕਰਨ ਸਿੰਘ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਇੱਕ ਕਰੋੜ ਮੁਆਵਜ਼ਾ ਰਾਸ਼ੀ ਕਰਕੇ ਸ਼ੁਭਕਰਨ ਸਿੰਘ ਦੀ ਮਾਂ ਨੂੰ ਏਨੇ ਸਾਲਾਂ ਬਾਅਦ ਪੁੱਤ ਦੀ ਯਾਦ ਆ ਗਈ। ਉੱਥੇ ਹੀ ਸ਼ੁਭਕਰਨ ਸਿੰਘ ਦੀ ਮਾਤਾ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਉਸਦੀ ਸ਼ੁਭਕਰਨ ਨਾਲ ਅਕਸਰ ਹੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਅਤੇ ਸ਼ੁਭਕਰਨ ਨਾਨਕੇ ਆ ਕੇ ਉਸਨੂੰ ਮਿਲਦਾ ਵੀ ਹੁੰਦਾ ਸੀ। ਇਸ ਗੱਲ ਨੂੰ ਨੂੰ ਕਿ ਸ਼ੁਭਕਰਨ ਸਿੰਘ ਦੇ ਪਰਿਵਾਰ ਵੱਲੋਂ ਨਕਾਰ ਦਿੱਤਾ ਗਿਆ। ਪਰਿਵਾਰ ਅਤੇ ਮਾਤਾ ਵਿੱਚੋਂ ਨਕਦ ਮਦਦ ਲੈਣ ਵਾਲੇ ਸਵਾਲ ‘ਤੇ ਉਹਨਾਂ ਇਹ ਗੱਲ ਸਰਕਾਰ ‘ਤੇ ਛੱਡ ਦਿੱਤੀ।

 ਪ੍ਰਿਤਪਾਲ ਸਿੰਘ ਦਾ ਮਾਮਲਾ :- 

 ਕਿਸਾਨਾਂ ਨੇ ਹਰਿਆਣਾ ਪੁਲਿਸ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੀ ਕੁੱਟਮਾਰ ਕਰਨ ਅਤੇ ਬੋਰੀਆਂ ਵਿੱਚ ਪਾਕੇ ਲਿਜਾਣ ਦੀ ਗੱਲ ਕਹੀ ਸੀ। ਪ੍ਰਿਤਪਾਲ ਸਿੰਘ ਦੇ ਪਿੰਡ ਦੇ ਸਰਪੰਚ ਦੇ ਦੱਸਣ ਮੁਤਾਬਿਕ ਪ੍ਰਿਤਪਾਲ ਸਿੰਘ ਖਨੌਰੀ ਬਾਰਡਰ ਉੱਤੇ ਆਪਣੇ ਪਿੰਡ ਦੇ ਨੌਜਵਾਨਾਂ ਨਾਲ ਲੰਗਰ ਦੀ ਸੇਵਾ ਕਰਨ ਜਾਂਦਾ ਸੀ। 21 ਫਰਵਰੀ ਨੂੰ ਵੀ ਪ੍ਰਿਤਪਾਲ ਸਿੰਘ ਆਪਣੇ ਪਿੰਡ ਦੇ ਨੌਜਵਾਨਾਂ ਸਮੇਤ ਖਨੌਰੀ ਬਾਰਡਰ ਉੱਤੇ ਲੰਗਰ ਸੇਵਾ ਲੈ ਕੇ ਗਿਆ ਹੋਇਆ ਸੀ ਜਦੋਂ ਉਸ ਨਾਲ ਇਹ ਸਭ ਕੁਝ ਵਾਪਰਿਆ। ਉਸ ਨੂੰ ਬੋਰੀ ਦੇ ਵਿੱਚ ਪਾ ਕੇ ਬੰਦੀ ਬਣਾ ਕੇ ਲੈ ਗਏ।

 ਪ੍ਰਿਤਪਾਲ ਸਿੰਘ ਦੇ ਪਿੰਡ ਨਵਾਂਗਾਉਂ ਦੇ ਸਰਪੰਚ ਕੁਲਵੰਤ ਸਿੰਘ ਮੁਤਾਬਕ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਨੇ ਬੋਰੀ (ਬਾਰਦਾਨਾ) ਵਿੱਚ ਪਾ ਕੇ ਚੁੱਕ ਲੈ ਗਈ ਸੀ, ਜਿਸ ਤੋਂ ਬਾਅਦ ਉਸਦੀ ਕੁੱਟਮਾਰ ਕੀਤੀ ਗਈ ਅਤੇ ਉਸਨੂੰ ਪਹਿਲਾਂ ਜੀਂਦ ਜ਼ਿਲ੍ਹੇ ਦੇ ਨਰਵਾਣਾ ਥਾਣੇ ਲਜਾਇਆ ਗਿਆ ਜਿੱਥੋਂ ਉਸਨੂੰ ਪੀਜੀਆਈ ਰੋਹਤਕ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਹਰਿਆਣਾ ਪੁਲਿਸ ਨੇ ਪ੍ਰਿਤਪਾਲ ਸਿੰਘ ਦੀ ਉਸਦੇ ਪਿੰਡ ਪਰਿਵਾਰ ਦੇ ਨਾਲ ਗੱਲਬਾਤ ਕਰਾ ਕੇ ਪ੍ਰਿਤਪਾਲ ਸਿੰਘ ਦੇ ਰੋਹਤਕ ਪੀਜੀਆਈ ਦੇ ਵਿੱਚ ਦਾਖਲ ਹੋਣ ਬਾਰੇ ਜਾਣਕਾਰੀ ਪਹੁੰਚਾਈ।

 ਪ੍ਰਿਤਪਾਲ ਸਿੰਘ ਦੇ ਪਿਤਾ ਦਾ ਅੱਖੀਂ ਦੇਖਿਆ ਹਾਲ :- 

 ਪ੍ਰਿਤਪਾਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਖਨੌਰੀ ਬਾਰਡਰ ਉੱਤੇ ਕਿਸਾਨੀ ਮੋਰਚੇ ਵਿੱਚ ਲੰਗਰ ਦੀ ਸੇਵਾ ਕਰਦਾ ਸੀ। 21 ਫਰਵਰੀ ਨੂੰ ਉਹ ਲੰਗਰ ਲੈ ਕੇ ਗਿਆ ਹੋਇਆ ਸੀ ਅਤੇ ਪ੍ਰਿਤਪਾਲ ਸਿੰਘ ਦੇ ਪਿਤਾ ਵੀ ਉੱਥੇ ਸਨ। ਪ੍ਰਿਤਪਾਲ ਸਿੰਘ ਟਰਾਲੀ ਅੰਦਰ ਬੈਠਾ ਸੀ ਅਤੇ ਉਸਦੇ ਪਿਤਾ ਬਾਹਰ ਖੜੇ ਸਨ। ਇਕਦਮ ਬਹੁਤ ਸਾਰੇ ਹੰਜੂ ਗੈਸ ਦੇ ਗੋਲੇ ਉਨਾਂ ਦੇ ਵੱਲ ਦਾਗੇ ਗਏ। ਜਿਸ ਕਰਕੇ ਪ੍ਰਿਤਪਾਲ ਸਿੰਘ ਦੇ ਪਿਤਾ ਦਵਿੰਦਰ ਸਿੰਘ ਹੰਜੂ ਗੈਸ ਦੇ ਗੋਲਿਆਂ ਦੇ ਧੂਏ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇਂ ਆਪਣੇ ਪੁੱਤਰ ਤੋਂ ਦੂਰ ਹੋ ਗਏ। ਜਦੋਂ ਉਹਨਾਂ ਦੇ ਬਹੁਤ ਲੱਭਣ ਉੱਤੇ ਵੀ ਪ੍ਰਿਤਪਾਲ ਸਿੰਘ ਦਾ ਕੁਝ ਪਤਾ ਨਾ ਲੱਗਾ ਤਾਂ ਪਰਿਵਾਰ ਵੱਲੋਂ ਪ੍ਰਿਤਪਾਲ ਸਿੰਘ ਦੇ ਨਾਲ ਫੋਨ ਉੱਤੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿੱਥੇ ਕਿ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਹਰਿਆਣਾ ਪੁਲਿਸ ਨੇ ਚੱਕ ਕੇ ਨਰਵਾਣਾ ਥਾਣੇ ਦੇ ਵਿੱਚ ਲੈ ਗਏ ਅਤੇ ਪ੍ਰਿਤਪਾਲ ਸਿੰਘ ਨੇ ਰੋਂਦਿਆਂ ਹੋਇਆਂ ਫੋਨ ਉੱਤੇ ਇਹ ਵੀ ਕਿਹਾ ਕਿ ਉਸ ਦੀ ਬਹੁਤ ਕੁੱਟਮਾਰ ਕੀਤੀ ਗਈ ਹੈ।

 ਪ੍ਰਿਤਪਾਲ ਸਿੰਘ ਬਾਰੇ ਹਰਿਆਣਾ ਪੁਲਿਸ ਦਾ ਜਵਾਬ :- 

 ਹਰਿਆਣਾ ਪੁਲਿਸ ਨੇ ਇਸ ਗੱਲ ਨੂੰ ਝੂਠ ਕਹਿੰਦਿਆ ਇਹ ਕਿਹਾ ਕਿ ਉਹਨਾਂ ਨੂੰ ਹਰਿਆਣੇ ਵਾਲੇ ਪਾਸੇ ਖੇਤਾਂ ਵਿੱਚ ਇਕ ਜਖਮੀ ਕਿਸਾਨ ਮਿਲਿਆ ਸੀ, ਜਿਸਨੂੰ ਰੋਹਤਕ ਦੇ ਪੀ.ਜੀ.ਆਈ. ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ। ਪ੍ਰਿਤਪਾਲ ਸਿੰਘ ਗੰਭੀਰ ਜਖ਼ਮੀ ਸੀ। (ਹਰਿਆਣਾ ਪੁਲਿਸ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ 26 ਫਰਵਰੀ ਨੂੰ ਹੋਈ ਸੁਣਵਾਈ ਦੌਰਾਨ ਵੀ ਇਹੀ ਗੱਲ ਆਖੀ ਕਿ ਪ੍ਰਿਤਪਾਲ ਸਿੰਘ ਉਹਨਾਂ ਨੂੰ ਹਰਿਆਣੇ ਦੇ ਖੇਤਰ ਦੇ ਵਿੱਚ ਜਖਮੀ ਹਾਲਤ ਦੇ ਵਿੱਚ ਮਿਲਿਆ ਸੀ, ਜਿਸ ਨੂੰ ਇਲਾਜ ਦੇ ਲਈ ਰੋਹਤਕ ਦੇ ਪੀਜੀਆਈ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ)।

 ਕੌਣ ਹੈ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ :- 

 ਪ੍ਰਿਤਪਾਲ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਵਾਂਗਾਉਂ, ਤਹਿਸੀਲ ਮੂਨਕ, ਥਾਣਾ ਖਨੌਰੀ ਦਾ ਰਹਿਣ ਵਾਲਾ ਸੀ। ਪ੍ਰਿਤਪਾਲ ਸਿੰਘ ਦਾ ਪਿੰਡ ਲਹਿਰਾਗਾਗਾ ਹਲਕੇ ਵਿੱਚ ਪੈਂਦਾ ਹੈ। ਪ੍ਰਿਤਪਾਲ ਸਿੰਘ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਹੈ ਅਤੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਮੁਤਾਬਿਕ ਦੋ ਏਕੜ ਜਮੀਨ ਦਾ ਮਾਲਕ ਹੈ। ਪ੍ਰਿਤਪਾਲ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਹੈ। ਪ੍ਰਿਤਪਾਲ ਸਿੰਘ ਦੀ ਉਮਰ 32 ਸਾਲ ਹੈ। ਪ੍ਰਿਤਪਾਲ ਸਿੰਘ ਵਿਆਹਿਆ ਹੈ ਅਤੇ ਉਹ ਘਰ ਦਾ ਕਮਾਊ ਪੁੱਤ ਹੈ। ਪ੍ਰਿਤਪਾਲ ਸਿੰਘ ਦੇ ਪਿਤਾ ਦਾ ਨਾਮ ਦਵਿੰਦਰ ਸਿੰਘ ਅਤੇ ਮਾਤਾ ਦਾ ਨਾਮ ਲਖਵੀਰ ਕੌਰ ਹੈ। ਪ੍ਰਿਤਪਾਲ ਸਿੰਘ ਕਿਸਾਨੀ ਅੰਦੋਲਨ ਸ਼ੁਰੂ ਹੋਣ ਤੋਂ ਹੀ ਖਨੌਰੀ ਬਾਰਡਰ ਉੱਤੇ ਕਿਸਾਨਾਂ ਲਈ ਲੰਗਰ ਦੀ ਸੇਵਾ ਕਰ ਰਿਹਾ ਸੀ।

 ਪ੍ਰਿਤਪਾਲ ਸਿੰਘ ਲਈ ਕਿਸਾਨ ਆਗੂ ਦੀ ਭੱਜਦੌੜ :-

 ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸਿੱਖ ਸਿਆਸਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 21 ਫਰਵਰੀ ਨੂੰ ਹਰਿਆਣਾ ਪੁਲਿਸ ਪ੍ਰਿਤਪਾਲ ਸਿੰਘ ਨੂੰ ਬੋਰੀਆਂ ਦੇ ਵਿੱਚ ਪਾ ਕੇ ਲੈ ਕੇ ਗਈ ਸੀ ਅਤੇ 22 ਫਰਵਰੀ ਨੂੰ ਬਲਦੇਵ ਸਿੰਘ ਸਿਰਸਾ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ। ਜਿਸ ਤੋਂ ਬਾਅਦ ਬਲਦੇਵ ਸਿੰਘ ਸਿਰਸਾ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਨੂੰ ਇਸ ਗੱਲ ਦੀ ਜਾਣਕਾਰੀ ਦਵਾਉਂਦੇ ਹਨ ਅਤੇ ਡੀਜੀਪੀ ਪੰਜਾਬ ਆਪਣੇ ਹਮ ਰੁਤਬਾ ਡੀਜੀਪੀ ਹਰਿਆਣਾ ਪੁਲਿਸ ਸ਼ਤਰੂਜੀਤ ਸਿੰਘ ਕਪੂਰ ਨੂੰ ਇਸ ਗੱਲ ਦੇ ਬਾਰੇ ਸੂਚਿਤ ਕਰਦੇ ਨੇ, ਜਿੱਥੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਵਾਇਆ ਜਾਂਦਾ ਹੈ ਕਿ ਪ੍ਰਿਤਪਾਲ ਸਿੰਘ ਨੂੰ ਜਲਦ ਹੀ ਚੰਡੀਗੜ੍ਹ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਜਾਵੇਗਾ। ਬਲਦੇਵ ਸਿੰਘ ਸਿਰਸਾ ਦੇ ਦੱਸਣ ਮੁਤਾਬਕ, ਪਰ ਹਰਿਆਣਾ ਸਰਕਾਰ ਵੱਲੋਂ ਅਜਿਹਾ ਨਾ ਕੀਤਾ ਗਿਆ ਅਤੇ ਇਸ ਪਿੱਛੋਂ ਉਹ ਆਪਣੇ ਵਕੀਲ ਇਸ਼ਪ੍ਰੀਤ ਸਿੰਘ ਅਤੇ ਵਕੀਲ ਬੀਬੀ ਜਤਿੰਦਰਜੀਤ ਕੌਰ ਅਤੇ ਦੋ ਹੋਰ ਵਕੀਲਾਂ ਦੇ ਰਾਹੀਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਪੀਜੀਆਈ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਪਟੀਸ਼ਨ ਦਾਇਰ ਕਰ ਦਿੰਦੇ ਨੇ। ਹਾਲਾਂਕਿ 23 ਫਰਵਰੀ ਨੂੰ ਕਿਸਾਨਾਂ ਦੇ ਹੱਕ ਵਿੱਚ ਵਕੀਲਾਂ ਨੇ ਹੜਤਾਲ ਵੀ ਸੀ ਪਰ ਫੇਰ ਵੀ ਵਕੀਲਾਂ ਇਹ ਕਾਰਜ ਪਹਿਲ ਦੇ ਅਧਾਰ ‘ਤੇ ਕੀਤਾ।

 ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਪੱਤਰ ਲਿਖ ਕੇ ਪ੍ਰਿਤਪਾਲ ਸਿੰਘ ਨੂੰ ਪੰਜਾਬ ਹਵਾਲੇ ਕਰਨ ਦੀ ਮੰਗ ਕੀਤੀ ਸੀ।

 23 ਫਰਵਰੀ ਦੀ ਸਵੇਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਪ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਅਤੇ 23 ਫਰਵਰੀ ਦੀ ਦੁਪਹਿਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਪੀਜੀਆਈ ਦੇ ਵਿੱਚ ਰੈਫਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਜਾਂਦੇ ਨੇ। ਇਸ ਪਿੱਛੋਂ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਉਹ ਹਰਿਆਣਾ ਪੁਲਿਸ ਤੋਂ ਬਚਣ ਦੇ ਲਈ ਆਪਣੇ ਨੰਬਰ ਬਦਲ ਰਾਤ ਦੇ ਕਰੀਬ 12 ਵਜੇ ਰੋਹਤਕ ਪੀ.ਜੀ.ਆਈ. ਪਹੁੰਚਦੇ ਹਨ। ਉਹਨਾਂ ਨਾਲ ਪ੍ਰਿਤਪਾਲ ਸਿੰਘ ਦੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਅਤੇ ਪਰਿਵਾਰ ਅਤੇ ਇਕ ਹਾਈਕੋਰਟ ਦਾ ਅਧਿਕਾਰੀ (ਵਾਰੰਟ ਅਫ਼ਸਰ) ਨਾਲ ਗਿਆ ਸੀ।

 ਪ੍ਰਿਤਪਾਲ ਸਿੰਘ ਨਾਲ ਹੋਈ ਹੈਵਾਨੀਅਤ :- 

 ਬਲਦੇਵ ਸਿੰਘ ਸਿਰਸਾ ਨੇ ਸਾਡੇ ਨਾਲ ਫੋਨ ਉੱਤੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਉਹ ਰੋਹਤਕ ਦੇ ਪੀ.ਜੀ.ਆਈ. ਵਿੱਚ ਪਹੁੰਚੇ ਤਾਂ ਉਹ ਪ੍ਰਿਤਪਾਲ ਸਿੰਘ ਦੀ ਹਾਲਤ ਨੂੰ ਦੇਖ ਕੇ ਅੰਦਰੋਂ ਝੰਝੋੜੇ ਗਏ। ਪ੍ਰਿਤਪਾਲ ਸਿੰਘ ਦੀ ਹਾਲਤ ਬੇਹਦ ਨਾਜ਼ੁਕ ਸੀ। ਉਸ ਉੱਤੇ ਜਾਨਵਰਾਂ ਤੋਂ ਵੀ ਵਧੇਰੇ ਤਸ਼ੱਦਦ ਹੋਇਆ ਸੀ। ਇਸ ਤਸ਼ੱਦਦ ਵਿੱਚ ਪ੍ਰਿਤਪਾਲ ਸਿੰਘ ਦਾ ਨੱਕ, ਜਬਾੜਾ ਅਤੇ ਲੱਤ ਟੁੱਟ ਚੁੱਕੀ ਸੀ। ਪ੍ਰਿਤਪਾਲ ਸਿੰਘ ਦਾ ਜੁਬਾੜਾ ਟੁੱਟ ਕੇ ਥੱਲੇ ਲਮਕ ਚੁੱਕਾ ਸੀ ਅੰਦਰੋਂ ਕਈ ਦੰਦ ਉਸਦੇ ਟੁੱਟ ਚੁੱਕੇ ਸਨ। ਪ੍ਰਿਤਪਾਲ ਸਿੰਘ ਨੂੰ ਕਹੀ ਦੇ ਦਸਤੇ ਨਾਲ ਕੁੱਟਿਆ ਗਿਆ ਅਤੇ ਘੜੀਸਿਆ ਗਿਆ। ਪ੍ਰਿਤਪਾਲ ਸਿੰਘ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਹ ਬੋਲਣ ਤੋਂ ਅਤੇ ਕੁਝ ਵੀ ਖਾਣ ਅਤੇ ਪੀਣ ਤੋਂ ਵੀ ਅਸਮਰੱਥ ਸੀ। ਉਸਨੂੰ ਆਰਜ਼ੀ ਭੋਜਨ ਨਲੀ (food pipe) ਨਾਲ ਹੀ ਕੁਝ ਦਿੱਤਾ ਜਾ ਸਕਦਾ ਸੀ। ਪਰ ਉਸਨੂੰ ਭੋਜਨ ਨਲੀ ਨਹੀਂ ਲੱਗੀ ਸੀ, ਜਿਸ ਕਰਕੇ ਉਸਨੂੰ ਕੁਝ ਖਾਣ ਪੀਣ ਲਈ ਨਹੀਂ ਦਿੱਤਾ ਗਿਆ ਸੀ। ਬਲਦੇਵ ਸਿੰਘ ਸਿਰਸਾ ਦੇ ਕਹਿਣ ਅਨੁਸਾਰ ਅਜਿਹਾ ਵਤੀਰਾ ਜੰਗ ਵਿੱਚ ਬੰਦੀ ਬਣਾਏ ਦੁਸ਼ਮਣ ਦੇਸ਼ ਦੇ ਸੈਨਿਕਾਂ ਨਾਲ ਵੀ ਨਹੀਂ ਕੀਤਾ ਜਾਂਦਾ। ਉਨਾਂ ਨੇ ਹਰਿਆਣਾ ਸਰਕਾਰ ਦੇ ਉੱਤੇ ਪ੍ਰਿਤਪਾਲ ਸਿੰਘ ਦਾ ਸਹੀ ਇਲਾਜ ਨਾ ਕਰਵਾਉਣ ਦੇ ਇਲਜ਼ਾਮ ਵੀ ਲਗਾਏ। ਉਹਨਾਂ ਦੱਸਿਆ ਕਿ ਪੀ.ਜੀ.ਆਈ. ਰੋਹਤਕ ਦੇ ਵਿੱਚ ਪ੍ਰਿਤਪਾਲ ਸਿੰਘ ਦਾ ਸਹੀ ਇਲਾਜ ਨਹੀਂ ਹੋ ਰਿਹਾ ਸੀ।

 ਬਲਦੇਵ ਸਿੰਘ ਸਿਰਸਾ ਦੇ ਦੱਸਣ ਮੁਤਾਬਿਕ ਉਸਦਾ ਸਰੀਰ ਬਹੁਤ ਥਾਵਾਂ ਦੇ ਉੱਤੋਂ ਨੀਲਾ ਪੈ ਚੁੱਕਿਆ ਸੀ। ਪ੍ਰਿਤਪਾਲ ਸਿੰਘ ਦੀ ਲੱਤ ਦੋ ਥਾਵਾਂ ਤੋਂ ਟੁੱਟ ਚੁੱਕੀ ਸੀ ਅਤੇ ਉਸਦੇ ਸਿਰ ਦੇ ਉੱਤੇ ਗੰਭੀਰ ਸੱਟ ਵੱਜਣ ਕਰਕੇ 14 ਟਾਂਕੇ ਲੱਗੇ ਹੋਏ ਸਨ। ਪ੍ਰਿਤਪਾਲ ਸਿੰਘ ਦੇ ਜ਼ਰੂਰੀ ਕਿਰਆ ਲਈ ਲਗਾਈਆਂ ਨਾਲੀਆਂ (ਮਲ ਮੂਤਰ ਕੱਢਣ ਵਾਲੀਆਂ ਨਾਲੀਆਂ) ਵੀ ਨਹੀਂ ਚੱਲ ਰਹੀਆਂ ਸਨ, ਜਿਸ ਕਰਕੇ ਪ੍ਰਿਤਪਾਲ ਦਾ ਢਿੱਡ ਫੁੱਲ ਗਿਆ ਸੀ। ਰੋਹਤਕ ਪੀ.ਜੀ.ਆਈ. ਵਿੱਚ ਪ੍ਰਿਤਪਾਲ ਸਿੰਘ ਢਿੱਡ ਦੇ ਦਰਦ ਨਾਲ ਕੁਰਲਾ ਰਿਹਾ ਸੀ, ਪਰ ਉਸਦੀ ਕੋਈ ਸਾਰ ਨਹੀਂ ਲਈ ਜਾ ਰਹੀ ਸੀ। ਪ੍ਰਿਤਪਾਲ ਸਿੰਘ ਦੀ ਲੱਤ ਤੇ ਪਲਸਤਰ ਵੀ 23 ਫਰਵਰੀ ਨੂੰ ਕੀਤਾ ਗਿਆ ਪਹਿਲਾਂ ਟੁੱਟੀ ਲੱਤ ਤੇ ਪੱਟੀ ਹੀ ਕੀਤੀ ਹੋਈ ਸੀ।

 ਪ੍ਰਿਤਪਾਲ ਸਿੰਘ ਦੇ ਪਰਿਵਾਰ ਮੁਤਾਬਿਕ ਉਸਦਾ ਇਲਾਜ਼ ਪੀ.ਜੀ.ਆਈ. ਰੋਹਤਕ ਵਿੱਚ ਸਹੀ ਨਹੀਂ ਹੋ ਰਿਹਾ ਸੀ। ਪਿਸ਼ਾਬ ਥੈਲੀਆਂ (Urine bag) ਪਰਿਵਾਰ ਨੂੰ ਆਪ ਖਾਲੀ ਕਰਨੀਆਂ ਪੈ ਰਹੀਆਂ ਸਨ। ਪਰਿਵਾਰ ਮੁਤਾਬਿਕ ਰੋਹਤਕ ਪੀ.ਜੀ.ਆਈ. ਵਿੱਚ ਪ੍ਰਿਤਪਾਲ ਸਿੰਘ ਨੂੰ ਕੁਝ ਖਾਣ ਪੀਣ ਲਈ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਨਾ ਹੀ ਪਰਿਵਾਰ ਕੁਝ ਨੂੰ ਦੱਸਿਆ ਜਾ ਰਿਹਾ ਸੀ।

 ਪ੍ਰਿਤਪਾਲ ਸਿੰਘ ਦੀ ਜਾਨ ਨੂੰ ਖ਼ਤਰਾ:- 

 ਪ੍ਰਿਤਪਾਲ ਸਿੰਘ ਦੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੇ ਇੱਥੋਂ ਤੱਕ ਕਿਹਾ ਕਿ ਪ੍ਰਿਤਪਾਲ ਸਿੰਘ ਦੀ ਜਾਨ ਨੂੰ ਪੀ.ਜੀ.ਆਈ. ਰੋਹਤਕ ਵਿਖੇ ਖਤਰਾ ਸੀ। ਜਦੋਂ ਉਹ ਰੋਹਤਕ ਪਹੁੰਚੇ ਤਾਂ ਸੂਹੀਏ (CID ਵਾਲੇ) ਉਹਨਾਂ ਦੀ ਗੱਲਾਂ ‘ਤੇ ਨਜ਼ਰ ਰੱਖ ਰਹੀ ਸੀ। ਉਨਾਂ ਨੂੰ ਉਥੋਂ ਕਿਸੇ ਪੁਲਿਸ ਦੇ ਵੱਡੇ ਅਧਿਕਾਰੀ ਤੋਂ ਪਤਾ ਲੱਗਿਆ ਕਿ ਪ੍ਰਿਤਪਾਲ ਸਿੰਘ ਉੱਤੇ ਧਾਰਾ 307 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

 ਪ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਅਕਾਲੀ ਦਲ ਦੀ ਪ੍ਰੈੱਸ ਵਾਰਤਾ :- 

 23 ਫਰਵਰੀ ਦੇ ਸ਼ਾਮ ਦੇ 5 ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ। ਜਿੱਥੇ ਉਨ੍ਹਾਂ ਨੇ ਪ੍ਰਿਤਪਾਲ ਸਿੰਘ ਦੇ ਨਾਲ ਹੋਏ ਤਸ਼ੱਦਦ ਨੂੰ ਮੀਡੀਆ ਦੇ ਸਾਹਮਣੇ ਰੱਖਿਆ। ਇਸ ਮੌਕੇ ਪ੍ਰਿਤਪਾਲ ਸਿੰਘ ਦੇ ਪਿੰਡ ਦੇ ਸਾਬਕਾ ਸਰਪੰਚ, ਉਹਨਾਂ ਦੇ ਪਿਤਾ ਦਵਿੰਦਰ ਸਿੰਘ, ਉਹਨਾਂ ਦੇ ਇੱਕ ਭਰਾ, ਬਿਕਰਮਜੀਤ ਸਿੰਘ ਮਜੀਠੀਆ ਸਮੇਤ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਮੀਡੀਆ ਦੇ ਨਾਲ ਮੁਖਾਤਿਬ ਹੋਏ। ਜਿੱਥੇ ਪ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਰੋਹਤਕ ਪੀ.ਜੀ.ਆਈ. ਦੇ ਉੱਤੇ ਆਪਣੇ ਪੁੱਤਰ ਦਾ ਸਹੀ ਇਲਾਜ ਨਾ ਕਰਨ ਅਤੇ ਹਰਿਆਣਾ ਪੁਲਿਸ ਦੁਆਰਾ ਕੀਤੇ ਤਸ਼ੱਦਦ ਦੇ ਇਲਜ਼ਾਮ ਲਗਾਏ, ਪਰ ਓਥੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਪੁਰਾਣੀ ਭਾਈਵਾਲ ਬੀਜੇਪੀ ਦੀ ਥਾਂ ਪੰਜਾਬ ਸਰਕਾਰ ਨੂੰ ਜਿਆਦਾ ਭੰਡਦੇ ਨਜ਼ਰ ਆਏ।

 23 ਫਰਵਰੀ ਸ਼ਾਮ ਨੂੰ ਸੰਭੂ ਬਾਰਡਰ ਤੇ ਸ਼ੁਭਕਰਨ  ਸਿੰਘ ਦੀ ਯਾਦ ਵਿੱਚ ਮੋਮਬੱਤੀ ਮਾਰਚ ਵੀ ਕੱਢਿਆ ਗਿਆ।

ਤੜਕਸਾਰ ਮਿਲੀ ਦੁਖਦਾਈ ਖ਼ਬਰ :- 

 24 ਫਰਵਰੀ ਨੂੰ ਤੜਕਸਾਰ ਇਕ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਕਿ ਕਿਸਾਨੀ ਧਰਨੇ ਵਿੱਚ ਸੰਭੂ ਬਾਰਡਰ ‘ਤੇ ਪਹੁੰਚਣ ਲਈ ਪਿੰਡ ਮਨਸੂਰ ਦੇਵਾਂ ਤਹਿਸੀਲ ਜੀਰਾਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਚੱਲੀ ਕਿਸਾਨਾਂ ਦੀ ਟਰੈਕਟਰ ਟਰਾਲੀ ਨਾਲ ਦੁਰਘਟਨਾ ਵਾਪਰ ਗਈ।

ਟਰਾਲੀ ਨੂੰ ਪਿੱਛੋਂ ਟਰੱਕ ਨਾਲ ਟੱਕਰ ਮਾਰ ਦਿੱਤੀ ਜਿਸ ਵਿੱਚ ਟਰਾਲੀ ਦੇ ਡਾਲੇ ਕੋਲ ਬੈਠੇ ਕਿਸਾਨ ਦੀ ਕਿਸਾਨ ਦੀ ਮੌਤ ਹੋ ਗਈ ਅਤੇ ਕਈ ਕਿਸਾਨ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਸਰਹਿੰਦ ਤੋਂ ਰਾਜਪੁਰਾ ਰੋਡ ‘ਤੇ ਪਿੰਡ ਬਸੰਤਪੁਰਾ ਕੋਲ ਵਾਪਰੀ। ਇਹ ਹਾਦਸਾ ਸਵੇਰੇ ਕਰੀਬ 5 ਵਜੇ ਵਾਪਰਿਆ।

ਗੁਰਜੰਟ ਸਿੰਘ ਪੁੱਤਰ ਨਛੱਤਰ ਸਿੰਘ (ਉਮਰ 33 ਸਾਲ)

ਮ੍ਰਿਤਕ ਕਿਸਾਨ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਨਛੱਤਰ ਸਿੰਘ (ਉਮਰ 33 ਸਾਲ) ਵਜੋਂ ਹੋਈ ਹੈ। ਕਿਸਾਨ ਗੁਰਜੰਟ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸਬੰਧਤ ਸੀ। ਕਿਸਾਨ ਕੋਲ 2 ਕਿੱਲੇ ਜ਼ਮੀਨ ਸੀ।

 ਪ੍ਰਿਤਪਾਲ ਸਿੰਘ ਚੰਡੀਗੜ੍ਹ ਦਾਖਲ :- 

 ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਦੋ ਦਿਨ ਦੀ ਭੱਜ ਦੌੜ ਨੂੰ ਆਖਰ ਬੂਰ ਪਿਆ। ਕਾਨੂੰਨੀ ਕਾਰਵਾਈਆਂ ਕਰਦਿਆਂ ਹੋਇਆਂ 23 ਫਰਵਰੀ ਦੀ ਰਾਤ ਤੋਂ 24 ਫਰਵਰੀ ਤੇ ਦੁਪਹਿਰ ਦੇ 2 ਵੱਜ ਚੁੱਕੇ ਸਨ। ਦੁਪਹਿਰ ਦੇ 2 ਵਜੇ ਪ੍ਰਿਤਪਾਲ ਸਿੰਘ ਨੂੰ ਰੋਹਤਕ ਪੀ.ਜੀ.ਆਈ. ਤੋਂ ਚੰਡੀਗੜ੍ਹ ਪੀ.ਜੀ.ਆਈ. ਦੇ ਵਿੱਚ ਰੈਫਰ ਕੀਤਾ ਗਿਆ। ਕਈ ਘੰਟਿਆਂ ਦੇ ਸਫਰ ਬਾਅਦ ਪ੍ਰਿਤਪਾਲ ਸਿੰਘ ਸ਼ਾਮ ਦੇ ਕਰੀਬ 7 ਵਜੇ ਚੰਡੀਗੜ੍ਹ ਪੀ.ਜੀ.ਆਈ. ਦੇ ਵਿੱਚ ਦਾਖਲ ਕਰਵਾਇਆ ਗਿਆ।

 ਹਰਿਆਣਾ ਪੁਲਿਸ ਦਾ ਦਬਾਅ :- 

 ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਉਹ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਪੀ.ਜੀ.ਆਈ. ਦੇ ਵਿੱਚ ਲਿਜਾਣ ਦੀ ਜਦੋਜਹਿਦ ਕਰ ਰਹੇ ਸਨ ਤਾਂ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਉਨਾਂ ਉੱਤੇ ਅਤੇ ਪ੍ਰਿਤਪਾਲ ਸਿੰਘ ਦੇ ਪਰਿਵਾਰ ਉੱਤੇ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਨਾ ਲੈ ਕੇ ਜਾਣ ਦਾ ਦਬਾਅ ਬਣਾਇਆ ਗਿਆ। ਪ੍ਰਿਤਪਾਲ ਸਿੰਘ ਨੂੰ ਕਿਉਂ ਲੈ ਕੇ ਜਾਣਾ ਹੈ ਇੱਥੇ ਸਹੀ ਇਲਾਜ ਹੋ ਰਿਹਾ ਹੈ ਇਸ ਤਰ੍ਹਾਂ ਦੇ ਸਵਾਲ ਅਤੇ ਤਰਕ ਬਲਦੇਵ ਸਿੰਘ ਸਿਰਸਾ ਦੇ ਅਨੁਸਾਰ ਉਹਨਾਂ ਦੇ ਸਾਹਮਣੇ ਰੱਖੇ ਗਏ। ਉਹਨਾਂ ਕਿਹਾ ਕਿ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਰੈਫਰ ਕਰਨ ਦੇ ਵਿੱਚ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਸੀ।

 ਪ੍ਰਿਤਪਾਲ ਸਿੰਘ ਬਾਰੇ ਹਾਈਕੋਰਟ ਵਿੱਚ ਸੁਣਵਾਈ :- 

 24 ਫਰਵਰੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਪ੍ਰਿਤਪਾਲ ਸਿੰਘ ਦੇ ਮਾਮਲੇ ਉੱਤੇ ਸੁਣਵਾਈ ਕਰਦਿਆਂ ਹੋਇਆਂ ਰੋਹਤਕ ਪੀ.ਜੀ.ਆਈ. ਤੋਂ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਮੰਗੀ ਅਤੇ ਸਹੀ ਇਲਾਜ ਨਾ ਕਰਨ ਦੇ ਸਵਾਲਾਂ ਦੇ ਜਵਾਬ ਮੰਗੇ। ਇਸ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਇੱਕ ਪਾਰਟੀ ਵਜੋਂ ਨਾਮਜਦ ਕੀਤਾ ਅਤੇ ਪੁੱਛਿਆ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਕੀ ਕੀਤਾ। ਇਸ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਨੂੰ ਵੀ ਨਾਮਜਦ ਕੀਤਾ ਗਿਆ ਅਤੇ 26 ਫਰਵਰੀ ਨੂੰ ਪ੍ਰਿਤਪਾਲ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਉੱਤੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ।

 ਤਸ਼ੱਦਦ ਖਿਲਾਫ਼ ਕੈਪਟਨ ਅਮਰਿੰਦਰ ਸਿੰਘ ਦਾ ਟਵੀਟ:- 

ਪ੍ਰਿਤਪਾਲ ਸਿੰਘ ਬਾਰੇ ਅਮਰਿੰਦਰ ਸਿੰਘ ਨੇ ਵੀ ਟਵੀਟ ਕੀਤਾ। ਜਿਸ ਵਿੱਚ ਉਹਨਾਂ ਨੇ ਹਰਿਆਣਾ ਪੁਲਿਸ ਦੀ ਨਿਖੇਦੀ ਕੀਤੀ। ਉਹਨਾਂ ਲਿਖਿਆ ਕਿ-

“ਹਰਿਆਣਾ ਪੁਲਿਸ ਵੱਲੋਂ ਸਾਡੇ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ‘ਤੇ ਕੀਤੀ ਗਈ ਹਿੰਸਾ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਮੈਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਪੁਲਿਸ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਜੋ ਇੱਕ ਨਿਹੱਥੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਕੁੱਟਣ ਦੇ ਦੋਸ਼ੀ ਹਨ ਜੋ ਸਿਰਫ ਲੋਕਾਂ ਨੂੰ ਲੰਗਰ ਵਰਤਾ ਰਿਹਾ ਸੀ।”

 ਅਗਲੀ ਰਣਨੀਤੀ ਦਾ ਐਲਾਨ :- 

 ਕਿਸਾਨ ਅਗਲੀ ਰਣਨੀਤੀ ਦੀ ਉਡੀਕ ਕਰ ਰਹੇ ਸਨ। ਕਿਸਾਨਾਂ ਦੀ ਜੁਬਾਨ ‘ਤੇ ਅਜੇ ਵੀ ਦਿੱਲੀ ਜਾਣ ਦੇ ਬੋਲ ਸਨ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅਗਲੀ ਰਣਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ

 • ਅੱਜ ਸ਼ਾਮ 24 ਫਰਵਰੀ ਨੂੰ ਦੋਵੇਂ ਬਾਰਡਰਾਂ ਦੇ ਉੱਤੇ ਸ਼ਹੀਦ ਕਿਸਾਨਾਂ ਦੀ ਯਾਦ ਦੇ ਵਿੱਚ ਮੋਬੱਤੀ ਮਾਰਚ ਕੱਢੇ ਜਾਣਗੇ।
 • 25 ਫਰਵਰੀ ਨੂੰ ਦੋਵੇਂ ਬਾਡਰਾਂ ਉੱਤੇ ਡਬਲਿਯੂ.ਟੀ.ਓ. ਬਾਰੇ (ਕਨਵੈਂਸ਼ਨ) ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਚਾਰ ਚਰਚਾ ਕਰਵਾਈ ਜਾਵੇਗੀ।
 • 26 ਫਰਵਰੀ ਨੂੰ ਪਿੰਡ ਪਿੰਡ ਵਿੱਚ ਵਰਲਡ ਟਰੇਡ ਆਰਗੇਨਾਈਜੇਸ਼ਨ (WTO), ਕਾਰਪੋਰੇਟ ਘਰਾਣਿਆਂ ਅਤੇ ਸਰਕਾਰਾਂ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।
 • 26 ਫਰਵਰੀ ਨੂੰ ਬਾਅਦ ਦੁਪਹਿਰ ਰੋਸ ਵਜੋਂ 20 ਉੱਚੇ ਪੁਤਲੇ ਸਾੜੇ ਜਾਣਗੇ।
 • 27 ਫਰਵਰੀ ਨੂੰ ਮੋਰਚਾ ਲੜ ਰਹੇ ਦੋਵੇਂ ਫੋਰਮਾ ਆਪਣੇ ਦੇਸ਼ ਭਰ ਦੇ ਆਗੂਆਂ ਨੂੰ ਸੱਦ ਕੇ ਮੀਟਿੰਗ ਕਰਨਗੀਆਂ।
 • 28 ਫਰਵਰੀ ਨੂੰ ਦੋਵੇਂ ਫ਼ੋਰਮਾ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ।
 • 29 ਫਰਵਰੀ ਨੂੰ ਅਗਲਾ ਐਲਾਨ ਕੀਤਾ ਜਾਵੇਗਾ।

 ਇੱਥੋਂ ਇਹ ਸੱਪਸ਼ਟ ਹੋ ਗਿਆ ਸੀ ਕਿ 29 ਫਰਵਰੀ ਤੱਕ ਕਿਸਾਨ ਮੋਰਚਾ ਸੰਭੂ ਅਤੇ ਖਨੌਰੀ ਬਾਰਡਰ ‘ਤੇ ਬਣਿਆ ਰਹਿਣ ਵਾਲਾ ਸੀ।

 ਸ਼ੁਭਕਰਨ  ਦੇ ਪਰਿਵਾਰ ਵੱਲੋਂ ਮਾਂ ਦੇ ਬਿਆਨ ਦਾ ਵਿਰੋਧ ਅਤੇ ਮੁੜ ਇਨਸਾਫ਼ ਦੀ ਮੰਗ :- 

 ਪਰਿਵਾਰ ਵਿੱਚੋਂ ਸ਼ੁਭਕਰਨ  ਦੀ ਦਾਦੀ ਵੱਲੋਂ ਸ਼ੁਭਕਰਨ  ਦੀ ਮਾਂ ਦੇ ਦਿੱਤੇ ਬਿਆਨ ਨੂੰ ਨਕਾਰਦਿਆਂ ਹੋਇਆ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਹਨ ਉਹ ਜਿਵੇਂ ਕਹਿਣਗੇ ਪਰਿਵਾਰ ਓਵੇਂ ਹੀ ਕਰੇਗਾ। ਦਾਦੀ ਨੇ ਕਿਹਾ ਕਿ 17 ਸਾਲ ਪਹਿਲਾਂ ਉਹਨਾਂ ਦਾ ਤਲਾਕ ਹੋ ਗਿਆ ਸੀ। ਸ਼ੁਭਕਰਨ  ਦੀ ਮਾਂ ਦੁਬਾਰਾ ਵਿਆਹ ਕਰਾ ਲਿਆ ਹੈ। ਹੁਣ ਸਾਡਾ ਓਹਦੇ ਨਾਲ ਕੋਈ ਵਾਸਤਾ ਨਹੀਂ। ਸ਼ੁਭਕਰਨ  ਸਿੰਘ ਦੀ ਛੋਟੀ ਭੈਣ ਗੁਰਪ੍ਰੀਤ ਕੌਰ ਵਲੋਂ ਆਪਣੀ ਮਾਂ ਨਾਲੋ ਕਈ ਸਾਲ ਪਹਿਲਾਂ ਨਾਤਾ ਟੁੱਟਣ ਦੀ ਗੱਲ ਕਹੀ ਗਈ। ਪਰਿਵਾਰ ਨੇ ਇਨਸਾਫ਼ ਮਿਲਣ ਤੱਕ ਪੋਸਟ ਮਾਰਟਮ ਨਾ ਕਰਵਾਉਣ ਦੀ ਗੱਲ ਕਹੀ। ਇਹ ਨਿਰਨਾ ਕਿਸਾਨ ਜਥੇਬੰਦੀਆਂ ਦਾ ਸੀ ਅਤੇ ਸ਼ੁਭਕਰਨ  ਸਿੰਘ ਦਾ ਪਰਿਵਾਰ ਇਸ ਫ਼ੈਸਲੇ ਦੇ ਨਾਲ ਸਹਿਮਤ ਹੈ।

 ਬਾਰਡਰਾਂ ਤੇ ਮੋਮਬੱਤੀ ਮਾਰਚ :- 

 24 ਫਰਵਰੀ ਨੂੰ ਸ਼ੰਭੂ ਅਤੇ ਖਨੌਰੀ ਦੋਵੇਂ ਬਾਰਡਰਾਂ ਦੇ ਉੱਤੇ ਸ਼ਹੀਦ ਕਿਸਾਨਾਂ ਦੀ ਯਾਦ ਦੇ ਵਿੱਚ ਮੋਮਬੱਤੀ ਮਾਰਚ ਕੱਢੇ ਗਏ।

ਸ਼ੰਭੂ ਬਾਰਡਰ ਵਿਖੇ ਕਿਸਾਨਾਂ ਨੇ ਮੋਮਬੱਤੀਆਂ ਜਗਾ ਕੇ ਸ਼ੁਭ ਕਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ

23 ਫਰਵਰੀ ਨੂੰ ਵੀ ਸ਼ੰਭੂ ਬਾਰਡਰ ਉੱਤੇ ਇੱਕ ਮੋਮਬੱਤੀ ਮਾਰਚ ਕੱਢਿਆ ਗਿਆ ਸੀ। 24 ਮਾਰਚ ਨੂੰ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦਾ ਵੱਡਾ ਇਕੱਠ ਸਟੇਜ ਵਾਲੀ ਥਾਂ ਕੋਲ ਹੋ ਗਿਆ। ਇਸ ਮੋਮਬੱਤੀ ਮਾਰਚ ਦੇ ਵਿੱਚ ਇਸ ਗੱਲ ਉੱਤੇ ਵੀ ਮੋਹਰ ਲੱਗ ਗਈ ਕਿ ਕਿਸਾਨਾਂ ਦਾ ਇਕੱਠ ਜਿਉਂ ਦਾ ਤਿਉਂ ਸ਼ੰਭੂ ਬਾਰਡਰ ਦੇ ਉੱਤੇ ਬਣਿਆ ਹੋਇਆ ਹੈ। ਇੰਨੇ ਵੱਡੇ ਇਕੱਠ ਨੂੰ ਦੇਖ ਕੇ ਇੱਕ ਵਾਰ ਹਰਿਆਣਾ ਪੁਲਿਸ ਦੇ ਸੁਰੱਖਿਆ ਬਲ ਮੁਸਤੈਦੀ ਨਾਲ ਫਿਰ ਤੋਂ ਤੈਨਾਤ ਹੋ ਕੇ ਖੜ ਗਏ। ਕਈ ਕਿਸਾਨ ਦੂਜੇ ਕਿਸਾਨਾਂ ਨੂੰ ਮੋਬੱਤੀਆਂ ਵੰਡ ਰਹੇ ਸਨ। ਸ਼ੰਭੂ ਬਾਰਡਰ ਉੱਤੇ ਮੋਮਬੱਤੀਆਂ ਨਾਲ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਅੰਗਰੇਜ਼ੀ ਨਾਮ ਦੇ ਪਹਿਲੇ ਅੱਖਰ ਬਣਾ ਕਿ ਕਈ ਕਿਸਾਨਾਂ ਨੇ ਉਸ ਨੂੰ ਸ਼ਰਧਾਂਜਲੀ ਦਿੱਤੀ।

 ਮੋਮਬੱਤੀਆਂ ਦੀ ਲਾਟ ਤਾਂ ਕੁੱਝ ਸਮੇਂ ਬਾਅਦ ਬੁੱਝ ਗਈ, ਪਰ! ਬੁੱਝਣ ਤੋਂ ਪਹਿਲਾਂ ਕਿਸਾਨਾਂ ਨੇ ਆਪਣੇ ਅੰਦਰ ਉਸ ਲਾਟ ਤੋਂ ਅਨੇਕਾਂ ਹੋਰ ਲਾਟਾਂ ਬਾਲ ਕੇ, ਉਸਦਾ ਸੇਕ ਸਾਂਭ ਕੇ ਰੱਖ ਲਿਆ। ਕਿਉਂ ਜੋ ਇਸ ਸੇਕ ਤੋਂ ਇੱਕ ਅਜਿਹੇ ਸੂਰਜ ਦਾ ਊਦੇ ਹੋਣਾ ਹੈ ਜਿਸ ਨੇ ਇਹ ਜ਼ੁਲਮੀਂ ਅਤੇ ਤਾਨਾਸ਼ਾਹੀ ਰੂਪੀ ਹਨੇਰੇ ਨੂੰ ਮਿਟਾ ਦੇਣਾ ਹੈ। ਇਸ ਚਿਨਗ ਨੂੰ ਜਗਦੀ ਰੱਖ ਕੇ ਉਹ ਆਪੋ ਆਪਣੇ ਰੈਣ ਬਸੇਰਿਆਂ ਵਲ ਨਿਕਲ ਤੁਰੇ…

(ਚੱਲਦਾ…)

 • ਮਨਦੀਪ ਸਿੰਘ ਇਕ ਨੌਜਵਾਨ ਪੰਜਾਬੀ ਪੱਤਰਕਾਰ ਹੈ। ਉਸ ਨੇ ਪਹਿਲੇ ਕਿਸਾਨ ਮੋਰਚੇ ਵੇਲੇ ਵੀ ਦਿੱਲੀ ਦੇ ਬਾਰਡਰਾਂ ਉੱਤੇ ਪੱਤਰਕਾਰੀ ਕੀਤੀ ਸੀ। ਮਨਦੀਪ ਸਿੰਘ ਮੌਜੂਦਾ ਕਿਸਾਨ ਮੋਰਚੇ ਵਿਚ ਪਹਿਲੇ ਦਿਨ ਤੋਂ ਹੀ ਬਤੌਰ ਪੱਤਰਕਾਰ ਤੈਨਾਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,