ਖਾਸ ਖਬਰਾਂ » ਖੇਤੀਬਾੜੀ

ਕਿਸਾਨਾਂ ਦੀ ਹੜਤਾਲ ਦਿਖਾਉਣ ਲੱਗੀ ਅਸਰ; ਵਸਤਾਂ ਦੇ ਮੁੱਲ ਵਧੇ, ਦੋਧੀ ਅਤੇ ਕਿਸਾਨ ਆਹਮੋ ਸਾਹਮਣੇ

June 4, 2018 | By

ਚੰਡੀਗੜ੍ਹ: ਪੂਰੇ ਭਾਰਤ ਵਿਚ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦਾ ਅਸਰ ਹੁਣ ਸ਼ਹਿਰੀ ਜਨਜੀਵਨ ‘ਤੇ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਜੇ ਕਿਸਾਨ ਇਸ ਹੜਤਾਲ ਨੂੰ ਮਿਥੇ ਸਮੇਂ ਤਕ ਜਾਰੀ ਰੱਖਣ ਵਿਚ ਕਾਮਯਾਬ ਹੁੰਦੇ ਹਨ ਤਾਂ ਸਰਕਾਰਾਂ ਦੇ ਕੰਨਾਂ ਨੂੰ ਹੱਥ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ। ਪੰਜਾਬ ਵਿਚ ਵੀ ਇਸ ਹੜਤਾਲ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਕੀਤੀ ਗਈ ਹੜਤਾਲ ਕਾਰਣ ਸੂਬੇ ਅੰਦਰ ਦੁੱਧ,ਸਬਜ਼ੀਆਂ ਅਤੇ ਹੋਰ ਜਰੂਰੀ ਵਸਤੂਆਂ ਦੇ ਭਾਅ ਅਸਮਾਨੀ ਚੜ ਗਏ ਹਨ।

ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ’ਚ ਕਿਸਾਨ ਮੰਡੀ ਅਤੇ ਇਲਾਕੇ ਦੇ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਸੰਘਰਸ਼ ਲਈ ਪ੍ਰੇਰਤ ਕਰ ਰਹੇ ਹਨ। ਉਹ ਕਿਸਾਨਾਂ ਨੂੰ ਕਸਬਿਆਂ ਵਿਚ ਸਬਜ਼ੀ, ਦੁੱਧ ਅਤੇ ਹੋਰ ਜ਼ਰੂਰੀ ਸਾਮਾਨ ਦੀ 10 ਜੂਨ ਤੱਕ ਸਪਲਾਈ ਠੱਪ ਰੱਖਣ ਲਈ ਕਹਿ ਰਹੇ ਹਨ। ਕਿਸਾਨ ਮਿਲਕ ਪਲਾਂਟ ਵਾਲਿਆਂ ਨੂੰ ਵੀ ਦੁੱਧ ਦੀ ਸਪਲਾਈ ਨਾ ਕਰਨ ਲਈ ਕਹਿ ਰਹਿ ਹਨ। ਸੰਘਰਸ਼ ਕਰ ਰਹੇ ਕਿਸਾਨਾਂ ਨੇ ਦੋਧੀਆ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਦਾ ਸਾਥ ਦੇਣ। ਸੰਘਰਸ਼ ਕਰ ਰਹੇ ਕਿਸਾਨ ਮੰਗ ਕਰ ਰਹੇ ਹਨ ਕਿ ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਮਿਥਣ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਪੈਟਰੋਲ, ਡੀਜ਼ਲ, ਰਸੋਈ ਗੈਸ, ਬੱਸ ਕਿਰਾਏ ’ਚ ਕੀਤਾ ਵਾਧਾ ਵਾਪਿਸ ਲਿਆ ਜਾਵੇ।

ਦੋਧੀਆਂ ਅਤੇ ਕਿਸਾਨਾਂ ਵਿਚਕਾਰ ਟਕਰਾਅ ਦਾ ਮਾਹੌਲ:
ਕਿਸਾਨ ਹੜਤਾਲ ਦੇ ਚਲਦਿਆਂ ਜਿੱਥੇ ਕਿਸਾਨ ਸਰਕਾਰ ‘ਤੇ ਦਬਾਅ ਬਣਾਉਣ ਲਈ ਕਿਸਾਨੀ ਵਸਤਾਂ ਨੂੰ ਸ਼ਹਿਰ ਪਹੁੰਚਣ ਤੋਂ ਰੋਕ ਰਹੇ ਹਨ ਉੱਥੇ ਦੁੱਧ ਦਾ ਧੰਦਾ ਕਰਨ ਵਾਲੇ ਦੋਧੀਆਂ ਲਈ ਵੱਡੀ ਮੁਸ਼ਕਿਲ ਬਣੀ ਹੋਈ ਹੈ ਅਤੇ ਕਈ ਥਾਵਾਂ ‘ਤੇ ਦੋਧੀਆਂ ਅਤੇ ਕਿਸਾਨਾਂ ਵਿਚਕਾਰ ਆਪਸੀ ਖਿੱਚੋਤਾਣ ਦੀਆਂ ਖ਼ਬਰਾਂ ਵੀ ਆਈਆਂ ਹਨ। ਕਈ ਥਾਵਾਂ ‘ਤੇ ਦੁੱਧ ਸ਼ਹਿਰ ਲਿਜਾ ਰਹੇ ਦੋਧੀਆਂ ਨੂੰ ਰੋਕ ਕੇ ਕਿਸਾਨਾਂ ਨੇ ਉਨ੍ਹਾਂ ਦਾ ਦੁੱਧ ਲੋਕਾਂ ‘ਚ ਵੰਡਿਆ ਅਤੇ ਕਈ ਥਾਵਾਂ ‘ਤੇ ਦੁੱਧ ਡੋਲਣ ਦੀਆਂ ਵੀ ਖਬਰਾਂ ਹਨ। ਇਸ ਦੌਰਾਨ ਕਈ ਥਾਵਾਂ ‘ਤੇ ਦੋਧੀਆਂ ਅਤੇ ਕਿਸਾਨਾਂ ਵਿਚਕਾਰ ਆਪਸੀ ਟਕਰਾਅ ਵਾਲੀ ਸਥਿਤੀ ਬਣੀ ਜਿੱਥੇ ਪੁਲਿਸ ਨੂੰ ਵੀ ਵਿਚਕਾਰ ਦਖਲ ਦੇਣੀ ਪਈ।

ਬਲੈਕੀਏ ਮੇਲਾ ਲੁੱਟਣ ਲਈ ਤਿਆਰ, ਕਿਸਾਨਾਂ ਸਾਹਮਣੇ ਵੱਡੀ ਚੁਣੌਤੀ:
ਜ਼ਰੂਰੀ ਵਸਤਾਂ ਦੀ ਸ਼ਹਿਰ ਆਮਦ ਠੱਪ ਹੋਣ ਨਾਲ ਸ਼ਹਿਰਾਂ ਵਿਚ ਹੁਣ ਖਾਦ ਪਦਾਰਥਾਂ ਦੀ ਥੁੜ ਵਾਲਾ ਮਾਹੌਲ ਬਣ ਗਿਆ ਹੈ ਜਿਸ ਦਾ ਫਾਇਦਾ ਲੈਣ ਲਈ ਦੁਕਾਨਾਂ ਵਾਲੇ ਹੜਤਾਲ ਦਾ ਲਾਹਾ ਲੈ ਕੇ ਦੁੱਗਣੇ ਮੁੱਲ ’ਤੇ ਸਬਜੀਆਂ ਵੇਚਣ ਲੱਗੇ ਹਨ। ਇਸ ਦਾ ਫਾਇਦਾ ਸ਼ਹਿਰੀ ਵਪਾਰੀ ਨੂੰ ਵੱਧ ਅਤੇ ਕਿਸਾਨਾਂ ਨੂੰ ਘੱਟ ਹੋਵੇਗਾ। ਇਸ ਨੂੰ ਰੋਕਣ ਲਈ ਕਿਸਾਨਾਂ ਵਲੋਂ ਦੁੱਧ, ਸਬਜ਼ੀਆਂ ਅਤੇ ਫਲ ਲੋਕਾਂ ਨੂੰ ਮੁਫਤ ਵਿਚ ਵੰਡੇ ਜਾ ਰਹੇ ਹਨ। ਪਰ ਆਉਣ ਵਾਲੇ ਦਿਨਾਂ ਵਿਚ ਇਹ ਹੜਤਾਲ ਕੀ ਰੂਪ ਧਾਰਦੀ ਹੈ ਸਭ ਦੀਆਂ ਇਸ ਉੱਤੇ ਨਜ਼ਰਾਂ ਬਣੀਆਂ ਹੋਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: