ਸਿੱਖ ਖਬਰਾਂ

ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਦੀ ਬਰਸੀ ਮੌਕੇ ਕੋਈ ਰਾਜ-ਪੱਧਰੀ ਸਮਾਗਮ ਨਹੀਂ

September 6, 2012 | By

ਫ਼ਤਹਿਗੜ੍ਹ ਸਾਹਿਬ, 5 ਸਤੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 6 ਸਤੰਬਰ 2001 ਨੂੰ ਗਿਆਨੀ ਦਿੱਤ ਸਿੰਘ ਦੀ 100ਵੀ ਬਰਸੀ ਉਨ੍ਹਾਂ ਦੇ ਪਿੰਡ ਕਲੌੜ ਵਿਖੇ ਰਾਜ-ਪੱਧਰੀ ਸਮਾਗਮ ਕਰਕੇ ਮਨਾਈ ਗਈ ਸੀ ਅਤੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਗਿਆਨੀ ਦਿੱਤ ਸਿੰਘ ਨੂੰ ਮੂਲੋਂ ਹੀ ਵਿਸਾਰ ਦਿੱਤਾ।ਗਿਆਨੀ ਦਿੱਤ ਸਿੰਘ ਦੇ ਨਾਂ ’ਤੇ ਵੱਡੇ-ਵੱਡੇ ਹਾਲ, ਲਾਇਬ੍ਰੇਰੀਆਂ ਜਾਂ ਸਕੂਲ ਬਣਾਉਣ ਨਾਲ ਉਨ੍ਹਾਂ ਦਾ ਨਾਂ ਤਾਂ ਜਿੰਦਾ ਰੱਖਿਆ ਜਾ ਸਕਦਾ ਹੈ ਪਰ ਉਨ੍ਹਾਂ ਦਾ ਮਕਸਦ- ਗੁਰੂ ਸਾਹਿਬ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ’ਚ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਪੰਜਾਬ ਸਰਕਾਰ ਵੱਲੋਂ ਮਹਾਰਾਣਾ ਪ੍ਰਤਾਪ ਤੇ ਪਰਸੂ ਰਾਮ ਦੀਆਂ ਯਾਦਾਂ ਮਨਾਉਣ ਲਈ ਤਾਂ ਰਾਜ ਪੱਧਰੀ ਸਮਾਗਮ ਕੀਤੇ ਹਨ ਪਰ ਸਿੰਘ ਸਭਾ ਲਹਿਰ ਦੇ ਮੋਢੀ, 71 ਕਿਤਾਬਾਂ ਦੇ ਲੇਖਕ, ਪੰਜਾਬੀ ਪਤਰਕਾਰੀ ਦੇ ਪਿਤਾਮਾ, ਪੰਜਾਬੀ ਦੇ ਪਹਿਲੇ ਪ੍ਰੋਫੈਸਰ ਅਤੇ ਦਿਯਾਨੰਦ ਸਰਸਵਤੀ ਨੂੰ ਲਗਾਤਾਰ ਤਿੰਨ ਵਾਰ ਵਿਚਾਰ ਚਰਚਾ ’ਚ ਹਰਾਉਣ ਵਾਲੇ ਗਿਆਨੀ ਦਿੱਤ ਸਿੰਘ ਵਰਗੇ ਵਿਦਵਾਨ ਨੂੰ ਪੰਜਾਬ ਸਰਕਾਰ ਅਤੇ ਸ਼੍ਰੌਮਣੀ ਕਮੇਟੀ ਵੱਲੋਂ ਕਿਉਂ ਭੁਲਾਇਆ ਗਿਆ ਹੈ?
ਜਦੋਂ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਸੰਸਥਾਵਾਂ ਨੇ ਧਰਮ ਦਾ ਪ੍ਰਚਾਰ ਕਰਨਾ ਹੈ ਉਹ ਬਾਦਲ ਦਲ ਦੇ ਅਧੀਨ ਹਨ। ਇਨ੍ਹਾਂ ਸੰਸਥਾਵਾਂ ਕੋਲ ਸਿੱਖ ਕੌਮ ਵਲੋਂ ਦਿੱਤੀ ਗਈ ਚੜ੍ਹਾਵੇ ਦੀ ਭੇਟਾ ਵੀ ਅਰਬਾਂ ’ਚ ਹੈ ਇਸਦੇ ਬਾਵਜੂਦ ਵੀ ਇਨ੍ਹਾ ਸੰਸਥਾਵਾਂ ਵੱਲੋਂ ਆਪਣੇ ਫ਼ਰਜ਼ਾਂ ’ਚ ਕੁਤਾਹੀ ਕੀਤੀ ਜਾ ਰਹੀ ਹੈ। ਬਦਕਿਸਮਤੀ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਇਸ ਦੇ ਅਦਾਰਿਆਂ ਦੇ ਭ੍ਰਿਸ਼ਟਾਚਾਰ ਨਾਲ ਸਬੰਧਤ ਕੇਸ ਅਦਾਲਤਾਂ ’ਚ ਚੱਲ ਰਹੇ ਹਨ। ਜਿਨ੍ਹਾ ’ਚ ਮੌਜ਼ੂਦਾ ਅਤੇ ਸਾਬਕਾ ਆਹੁਦੇਦਾਰ ਇੱਕ ਦੂਜੇ ’ਤੇ ਦੋਸ਼ ਲਗਾ ਰਹੇ ਹਨ। ਸਮੁੱਚੀ ਸਿੱਖ ਸੰਗਤ ਨੂੰ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਗਿਆਨੀ ਦਿੱਤ ਸਿੰਘ ਵਰਗੇ ਵਿਦਵਾਨ ਦੀ ਬਰਸੀ ਸਿਰਫ਼ ਉਨ੍ਹਾਂ ਦੇ ਪਿੰਡ ਨੰਦਪੁਰ ਕਲੌੜ (ਫ਼ਤਹਿਗੜ੍ਹ ਸਾਹਿਬ) ਦੀ ਸੰਗਤ ਵਲੋਂ ਹੀ 6 ਸਤੰਬਰ ਨੂੰ ਆਪਣੇ ਸੀਮਤ ਵਸੀਲਿਆਂ ਰਾਹੀਂ ਮਨਾਈ ਜਾ ਰਹੀ ਹੈ। ਗਿਆਨੀ ਦਿੱਤ ਸਿੰਘ ਦੇ ਵਾਰਸਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਨਾਂ ’ਤੇ ਕੋਈ ਕੌਮਾਂਤਰੀ ਪੱਧਰ ਦਾ ਟਰੱਸਟ ਬਣਾ ਕੇ ਉਨ੍ਹਾ ਦੇ ਕੀਤੇ ਹੋਏ ਕੰਮਾਂ ਨੂੰ ਸਮਾਜ ’ਚ ਲਿਆਂਦਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: