July 16, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ, (16 ਅਗਸਤ 2011) : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਵਿੱਚ ਹੋਏ 1100 ਕਰੋੜ ਰੁਪਏ ਦੇ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦਾ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਇਸ ਮੁੱਦੇ ਨੂੰ ਉਠਾਵੇਗਾ ਕਿ ਕਿਵੇਂ ਗੁਰਧਾਮਾਂ ’ਤੇ ਕਾਬਜ਼ ਧਿਰ ਅਪਣੇ ਸਿਆਸੀ ਮਨੋਰਥਾਂ ਅਤੇ ਅਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਗੁਰੂ ਦੀ ਗੋਲਕ ਦੀ ਅੰਨ੍ਹੀ ਲੁੱਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਪੱਸ਼ਟ ਕਰੇ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਸਬੰਧੀ ਨਿੱਜੀ ਚੈਨਲ ਨਾਲ ਹੋਏ ਸਮਝੌਤੇ ਤਹਿਤ ਨਿੱਜ਼ੀ ਟੀ.ਵੀ. ਚੈਨਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਦਾ ਕੀਤੀ ਜਾਣ ਵਾਲੀ ਰਾਸ਼ੀ ਜੇ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚ ਨਹੀਂ ਨਹੀਂ ਆਈ ਤਾਂ ਕਿੱਥੇ ਗਈ? ਉਨ੍ਹਾਂ ਕਿਹਾ ਕਿ 40 ਤੋਂ 50 ਕਰੋੜ ਰੁਪਏ ਵਿੱਚ ਇੱਕ ਵਧੀਆ ਟੀ.ਵੀ. ਚੈਨਲ ਸਥਾਪਿਤ ਕੀਤਾ ਜਾ ਸਕਦਾ ਹੈ ਅਤੇ ਇਸੇ 11 ਸੌ ਕਰੋੜ ਰੁਪਏ ਨਾਲ ਸਿੱਖ ਕੌਮ ਦੇ 22 ਚੈਨਲ ਅੱਲਗ-ਅੱਲਗ ਭਾਸ਼ਾਵਾਂ ਵਿੱਚ ਸ਼ੁਰੂ ਕਰਕੇ ਗੁਰੁ ਨਾਨਕ ਸਾਹਿਬ ਦੀ ਵਿਚਾਰਧਾਰਾ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲਾਈ ਜਾ ਸਕਦੀ ਸੀ। ਅਰਬਾਂ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਨੂੰ ਸਿੱਖ ਕੌਮ ਅੱਗੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਸਨੇ ਅੱਜੇ ਤੱਕ ਸਿੱਖ ਕੌਮ ਦਾ ਕੋਈ ਟੀ.ਵੀ. ਚੈਨਲ ਸ਼ੁਰੂ ਕਿਉਂ ਨਹੀਂ ਕੀਤਾ?
ਉਕਤ ਆਗੂਆਂ ਨੇ ਕਿਹਾ ਕਿ ਅੱਜ ਸੂਚਨਾ-ਸੰਚਾਰ ਦੇ ਇਸ ਯੁੱਗ ਵਿੱਚ ਦੁਨੀਆਂ ਦੀ ਛੋਟੀ ਤੋਂ ਛੋਟੀ ਕੌਮ ਨੇ ਵੀ ਸੰਚਾਰ ਸਾਧਨਾਂ ਦੀ ਅਹਿਮੀਅਤ ਸਮਝ ਕੇ ਮਜ਼ਬੂਤ ਟੀ.ਵੀ. ਚੈਨਲ ਸ਼ੁਰੂ ਕਰ ਰੱਖੇ ਹਨ। ਜਿਨ੍ਹਾ ਰਾਹੀਂ ਉਹ ਦੁਨੀਆਂ ਭਰ ਵਿੱਚ ਅਪਣੇ ਲੋਕਾਂ ਦੇ ਹਿੱਤਾਂ ਦੀ ਆਵਾਜ ਉਠਾ ਰਹੇ ਹਨ ਪਰ ਸਿੱਖ ਕੌਮ ਦੇ ਇਨ੍ਹਾਂ ਸਾਧਨਾਂ ਪੱਖੋਂ ਨਿਹੱਥੀ ਹੋਣ ਕਾਰਨ ਦੂਜੇ ਪ੍ਰਚਾਰ ਸਾਧਨ ਸਿੱਖਾਂ ਦਾ ਅਕਸ ਵਿਗਾੜ ਕੇ ਪੇਸ਼ ਕਰ ਰਹੇ ਹਨ। ਦੁਨੀਆਂ ਅੱਗੇ ਅਪਣਾ ਸਹੀ ਅਕਸ ਰੱਖਣ ਅਤੇ ਨਵੇਂ ਤੇ ਵਿਗਿਆਨਕ ਢੰਗ ਨਾਲ ਨੌਜਵਾਨ ਪੀੜ੍ਹੀ ’ਚ ਧਰਮ ਪ੍ਰਚਾਰ ਲਈ ਸੂਚਨਾ ਤਕਨੀਕ ਨਾਲ ਕੌਮ ਦਾ ਲੈੱਸ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਸ਼੍ਰ੍ਰੋਮਣੀ ਕਮੇਟੀ ਖ਼ੁਦ ਟੀ.ਵੀ. ਚੈਨਲ ਸ਼ੁਰੂ ਕਰੇ। ਜੋ ਗੁਰਬਾਣੀ ਪ੍ਰਸਾਰਣ ਦੇ ਨਾਲ ਨਾਲ ਸਿੱਖ ਸਿਧਾਂਤਾਂ ਅਤੇ ਸਿੱਖ ਫਿਲਾਸਫੀ ਦਾ ਪ੍ਰਚਾਰ ਵੀ ਕਰੇ। ਉਕਤ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਹੋਏ ਹਰ ਘਪਲੇ ਨੂੰ ਲੋਕਾਂ ਦੀ ਕਚਿਹਰੀ ਵਿੱਚ ਲਿਆਂਦਾ ਜਾਵੇਗਾ।
Related Topics: Akali Dal Panch Pardhani, Bhai Harpal Singh Cheema (Dal Khalsa), Shiromani Gurdwara Parbandhak Committee (SGPC)