April 26, 2012 | By ਸਿੱਖ ਸਿਆਸਤ ਬਿਊਰੋ
ਗੁਰਦਾਸਪੁਰ, ਪੰਜਾਬ (26 ਅਪ੍ਰੈਲ, 2012): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿਚ 28 ਮਾਰਚ, 2012 ਨੂੰ ਕੀਤੇ ਗਏ ਪੰਜਾਬ ਬੰਦ ਦੌਰਾਨ ਗੁਰਦਾਸਪੁਰ ਸ਼ਹਿਰ ਵਿਖੇ ਹਿੰਦੂ ਜਥੇਬੰਦੀ ਸ਼ਿਵ ਸੈਨਾ ਵੱਲੋਂ ਸਿੱਖ ਨੌਜਵਾਨਾਂ ਦੀ ਕੁੱਟਮਾਰ ਕਰਨ ਤੇ ਦਸਤਾਰਾਂ ਦੀ ਬੇਅਦਬੀ ਕਰਨ ਦੇ ਵਿਰੋਧ ਵਿਚ 29 ਮਾਰਚ, 2012 ਨੂੰ ਸ਼ਿਵ ਸੈਨਿਕਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਗੁਰਦਾਸਪੁਰ ਵਿਖੇ ਸ਼ਾਂਤ ਮਈ ਧਰਨਾ ਦੇ ਰਹੇ ਸਿੱਖਾਂ ਉੱਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਮਾਰੇ ਗਏ ਨੌਜਵਾਨ ਭਾਈ ਜਸਪਾਲ ਸਿੰਘ ਦੇ ਮਾਮਲੇ ਦੀ ਜਾਂਚ ਕਰ ਰਹੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਨੇ ਬੀਤੇ ਦਿਨ ਤੀਸਰੀ ਵਾਰ ਗੁਰਦਾਸਪੁਰ ਸ਼ਹਿਰ ਅੰਦਰ ਜਾਂਚ ਪੜਤਾਲ ਕੀਤੀ। ਇਸ ਗੋਲੀ ਕਾਂਡ ਵਿਚ ਇਕ ਹੋਰ ਨੌਜਵਾਨ ਰਣਜੀਤ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਸੀ। ਪੁਲਿਸ ਵੱਲੋਂ ਇਸ ਘਟਨਾਂ ਦੌਰਾਨ ਸਿੱਖ ਨੌਜਵਾਨਾਂ ਬਹੁਤ ਹਮਲਾਵਰ ਰੁਖ ਅਖਤਿਆਰ ਕੀਤਾ ਗਿਆ ਸੀ।
ਖਬਰਾਂ ਅਨੁਸਾਰ ਇਸ ਮੌਕੇ ਡਵੀਜ਼ਨਲ ਕਮਿਸ਼ਨਰ ਨਾਲ ਡੀ.ਸੀ. ਡਾ: ਅਭਿਨਵ ਤ੍ਰਿਖਾ ਵੀ ਮੌਜੂਦ ਸਨ।
ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਿੰਡ ਚੌੜ ਸਿੱਧਵਾਂ ਤੋਂ ਇਲਾਵਾ ਨਜ਼ਦੀਕੀ ਦਰਜਨਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਡੀ.ਸੀ. ਦਫ਼ਤਰ ਮੂਹਰੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਦੇ ਨਾਲ ਪੁੱਜੇ ਹੋਏ ਸਨ। ਪੰਜਾਬੀ ਦੇ ਰੋਜਾਨਾ ਅਖਬਾਰ “ਅਜੀਤ” ਦੀ ਖਬਰ ਅਨੁਸਾਰ “ਭਾਈ ਜਸਪਾਲ ਸਿੰਘ ਦੇ ਪਿਤਾ ਗੁਰਚਰਨਜੀਤ ਸਿੰਘ, ਦਾਦਾ ਗਿਆਨ ਸਿੰਘ ਅਤੇ 3 ਹੋਰ ਗਵਾਹਾਂ ਦੇ ਨਾਲ ਉਨ੍ਹਾਂ ਦੇ ਹਾਈਕੋਰਟ ਤੋਂ ਆਏ ਵਕੀਲ ਨਵਕਿਰਨ ਸਿੰਘ ਡੀ. ਸੀ. ਦਫ਼ਤਰ ‘ਚ ਬੈਠੇ ਸ੍ਰੀ ਵਰਮਾ ਕੋਲ ਆਪਣੇ ਬਿਆਨ ਕਲਮਬੰਦ ਕਰਵਾਉਣ ਲਈ ਗਏ। ਸ੍ਰੀ ਵਰਮਾ ਵੱਲੋਂ ਅੱਜ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਚਰਨਜੀਤ ਸਿੰਘ ਤੋਂ ਇਲਾਵਾ ਮੌਕੇ ‘ਤੇ ਮੌਜੂਦ 3 ਹੋਰ ਗਵਾਹਾਂ ਇੰਦਰਪਾਲ ਸਿੰਘ ਪੁੱਤਰ ਜਗਪਾਲ ਸਿੰਘ, ਇੰਦਰਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਅਤੇ ਸਤਨਾਮ ਸਿੰਘ ਵਾਸੀ ਗੁਰਦਾਸਪੁਰ ਦੇ ਬਿਆਨ ਕਲਮਬੰਦ ਕੀਤੇ ਗਏ”।
ਖਬਰ ਹੈ ਕਿ ਬਾਅਦ ਵਿਚ ਸਥਾਨਿਕ ਤਹਿਸੀਲ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਵੀਜ਼ਨਲ ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਉਹ ਗਵਾਹਾਂ ਵੱਲੋਂ ਦਿੱਤੇ ਹਲਫ਼ੀਆ ਬਿਆਨਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਨਗੇ। ਇਸ ਦੇ ਬਾਅਦ ਉਹ ਸਵਾਲਾਂ ਦੀ ਸੂਚੀ ਬਣਾ ਕੇ ਗੁਰਦਾਸਪੁਰ ਦੇ ਡੀ. ਸੀ. ਨੂੰ ਭੇਜਣਗੇ ਅਤੇ ਉਹ ਇਹ ਸਵਾਲਾਂ ਦੀ ਸੂਚੀ ਮ੍ਰਿਤਕ ਨੌਜਵਾਨ ਦੇ ਪਿਤਾ ਅਤੇ ਹੋਰ ਗਵਾਹਾਂ ਨੂੰ ਲਿਖਤੀ ਜਵਾਬ ਦੇਣ ਵਾਸਤੇ ਦੇਣਗੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਹੀ ਸੰਜੀਦਾ ਹੋਣ ਕਾਰਨ ਉਹ ਇਸ ਮਾਮਲੇ ਦੀ ਬੜੀ ਬਾਰੀਕੀ ਅਤੇ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੇ ਹਨ। ਸ੍ਰੀ ਵਰਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਤਰੀਕ ਉਨ੍ਹਾਂ ਵੱਲੋਂ 29 ਅਪ੍ਰੈਲ ਨਿਸ਼ਚਿਤ ਕੀਤੀ ਗਈ ਹੈ।
ਬੀਤੇ ਦਿਨੀਂ ਐਡਵੋਕੇਟ ਨਵਕਿਰਨ ਸਿੰਘ ਵੱਲੋਂ ਸਮਾਜਕ ਸੰਪਰਕ ਮੰਚ “ਟਵਿੱਟਰ” ਉੱਤੇ ਇਹ ਜਾਣਕਾਰੀ ਨਸ਼ਰ ਕੀਤੀ ਗਈ ਸੀ ਕਿ ਉਨ੍ਹਾਂ ਦੀ ਜਥੇਬੰਦੀ “ਲਾਇਰਜ ਆਰ ਹਿਮਊਮਨ ਰਾਈਟਸ ਇੰਟਰਨੈਸ਼ਨਲ” ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਮ੍ਰਿਤਕ ਨੌਜਵਾਨ ਭਾਈ ਜਸਪਾਲ ਸਿੰਘ ਦੇ ਮਾਮਲੇ ਵਿਚ ਜਨ ਹਿੱਤ ਪਟੀਸ਼ਨ ਪਾ ਕੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਮੰਗ ਕੀਤੀ ਗਈ ਸੀ ਅਤੇ ਹਾਈਕੋਰਟ ਵੱਲੋਂ ਇਸ ਸਬੰਧ ਵਿਚ ਪੰਜਾਬ ਸਰਕਾਰ ਨੂੰ 8 ਮਈ ਵਾਸਤੇ ਨੋਟਿਸ ਭੇਜਿਆ ਗਿਆ ਹੈ।