ਸਿੱਖ ਖਬਰਾਂ

ਭਾਈ ਧੰਨਾ ਸਿੰਘ ਸਾਈਕਲ ਯਾਤਰੂ ਦੀ ਯਾਦ ਵਿੱਚ ਦੂਜਾ ਸਲਾਨਾ ਸਮਾਗਮ ਹੋਇਆ

April 2, 2024 | By

ਸੰਗਰੂਰ- ਇੱਕ ਸਦੀ ਪਹਿਲਾਂ ਗੁਰ ਅਸਥਾਨਾਂ ਦੀ ਸਾਇਕਲ ਉਪਰ ਯਾਤਰਾ ਕਰਕੇ ਇਤਿਹਾਸ ਇਕੱਠਾ ਕਰਨ ਵਾਲੇ ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਸਿੱਖ ਜਥਾ ਮਾਲਵਾ, ਸੇਵਾ ਸੰਭਾਲ ਜਥਾ ਗੁਰਦੁਆਰਾ ਸਾਹਿਬ ਅਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਿੰਡ ਚਾਂਗਲੀ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ।

ਸਮਾਗਮ ਦੌਰਾਨ ਹਾਜ਼ਰ ਸੰਗਤਾਂ

ਦੀਵਾਨ ਦੀ ਆਰੰਭਤਾ ਤੋਂ ਪਹਿਲਾਂ ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਭਾਈ ਮੇਜਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੀਤੀ ਗਈ। ਭੋਗ ਉਪਰੰਤ ਕੀਰਤਨ ਦੀ ਸੇਵਾ ਬਾਬਾ ਰਾਜਵਿੰਦਰ ਸਿੰਘ ਵਲੋਂ ਕੀਤੀ ਗਈ।

ਸਮਾਗਮ ਦੌਰਾਨ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਵਲੋਂ ਭਾਈ ਧੰਨਾ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੇ ਜੀਵਨ ਤੋਂ ਅੱਜ ਦੇ ਹਲਾਤਾਂ ਵਿੱਚ ਮਿਲਦੀ ਸਿੱਖਿਆ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਮਾੜੇ ਚੰਗੇ ਹਲਾਤਾਂ ਵਿਚ ਵੀ ਉਨ੍ਹਾਂ ਦੁਆਰਾ ਕੀਤੀ ਸਹੀ ਸ਼ਬਦਾਂ ਦੀ ਚੋਣ ਤੋਂ ਉਨ੍ਹਾਂ ਦੇ ਸਚਿਆਰੇ ਕਿਰਦਾਰ ਅਤੇ ਉਨ੍ਹਾਂ ਦੇ ਗੁਣਾਂ ਦਾ ਪਤਾ ਚੱਲਦਾ ਹੈ। ਉਹ ਜੇਬ ਖਰਚ ਨਾ ਹੋਣ ਦੇ ਬਾਵਜੂਦ ਵੀ ਅਨੇਕ ਮੁਸ਼ਕਿਲਾਂ ਨਾਲ ਜੂਝਦੇ ਹੋਏ ਵੀ ਸਿਦਕ ਨਾਲ ਇਹ ਮਹਾਨ ਪੰਥਕ ਕਾਰਜ ਕਰਦੇ ਅੱਗੇ ਵਧਦੇ ਗਏ ਪਰ ਉਨ੍ਹਾਂ ਦਾ ਅੰਤ ਸਮਾਂ ਨਜ਼ਦੀਕ ਹੋਣ ਕਰਕੇ ਉਨ੍ਹਾਂ ਦਾ ਕਾਰਜ ਓਥੇ ਹੀ ਰੁਕ ਗਿਆ।

ਭਾਈ ਮਲਕੀਤ ਸਿੰਘ ਭਵਾਨੀਗੜ੍ਹ

ਇਸ ਮੌਕੇ ਤੇ ਸੰਗਤ ਦਾ ਭਾਈ ਭੁਪਿੰਦਰ ਸਿੰਘ ਭਲਵਾਨ (ਮੈਂਬਰ ਸ੍ਰੋਮਣੀ ਕਮੇਟੀ) ਵਲੋਂ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਭਾਈ ਗੁਰਜੀਤ ਸਿੰਘ ਦੁੱਗਾਂ ਵਲੋਂ ਕੀਤਾ ਗਿਆ। ਸੰਗਤ ਵਲੋਂ ਅਰਦਾਸ ਅਤੇ ਗੁਰੂ ਸਾਹਿਬ ਦੇ ਹੁਕਮ ਨਾਲ ਸਮਾਗਮ ਦੀ ਸਮਾਪਤੀ ਹੋਈ। ਪਿੰਡ ਦੀ ਸੰਗਤ ਵਲੋਂ ਲੰਗਰ ਵਿਚ ਹੱਥੀਂ ਸੇਵਾ ਕੀਤੀ ਗਈ। ਦਸਤਾਰ ਮੁਕਾਬਲੇ ਵਿੱਚ ਪਿੰਡ ਦੇ ਬੱਚਿਆਂ ਨੇ ਭਾਗ ਲਿਆ। ਪਿੰਡ ਵੱਲੋਂ ਸਾਂਝੇ ਤੌਰ ‘ਤੇ ਫੈਸਲਾ ਕਰ ਕੇ ਗੁਰਦੁਆਰਾ ਸਾਹਿਬ ਦੀ ਲੰਗਰ ਇਮਾਰਤ ਦਾ ਨਾਮ ਭਾਈ ਧੰਨਾ ਸਿੰਘ ਦੇ ਨਾਮ ‘ਤੇ ਰੱਖਿਆ ਗਿਆ।

ਸਮਾਗਾਮ ਦੌਰਾਨ ਨੀਸਾਣਿ ਪ੍ਰਕਾਸ਼ਨ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਸਮਾਗਮ ਵਿਚ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣਾਂ ਵਿਚੋਂ ਸ੍ਰ. ਹਰਬੰਸ ਸਿੰਘ ਸਲੇਮਪੁਰ (ਸਰਪੰਚ ਸਲੇਮਪੁਰ), ਸ. ਜਸਬੀਰ ਸਿੰਘ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸ੍ਰ. ਗੋਬਿੰਦ ਸਿੰਘ ਸੰਧੂ, ਭਾਈ ਰਣਜੀਤ ਸਿੰਘ ਕਲੌਦੀ, ਭਾਈ ਸਤਪਾਲ ਸਿੰਘ, ਭਾਈ ਪਰਵਿੰਦਰ ਸਿੰਘ ਲੌਂਗੋਵਾਲ, ਭਾਈ ਹਰਪ੍ਰੀਤ ਸਿੰਘ ਲੌਂਗੋਵਾਲ, ਭਾਈ ਬੇਅੰਤ ਸਿੰਘ ਕਾਲੜਾ, ਭਾਈ ਅਮਨਪ੍ਰੀਤ ਸਿੰਘ ਆਦਿ ਸਿੰਘ ਮੌਜੂਦ ਸਨ।

ਨੀਸਾਣਿ ਪ੍ਰਕਾਸ਼ਨ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,