ਪੰਜਾਬ ਦੀ ਰਾਜਨੀਤੀ » ਵੀਡੀਓ » ਸਿਆਸੀ ਖਬਰਾਂ

ਗੁਰੂ ਗ੍ਰੰਥ ਸਾਹਿਬ ਨੂੰ ਤਿਕਲ ਲਾਉਂਦੇ ਅਕਾਲੀ-ਕਾਂਗਰਸੀ ਆਗੂਆਂ ਖਿਲਾਫ ਹੋਵੇ ਕਾਰਵਾਈ: ਸੁਖਪਾਲ ਖਹਿਰਾ

July 9, 2016 | By

  • ‘ਆਪ’ ਵਲੋਂ ਦਰਬਾਰ ਸਾਹਿਬ ਦੀ ਫੋਟੋ ਉੱਤੇ ਬਾਦਲ ਦਲ ਅਤੇ ਕੈਪਟਨ ਅਮਰਿੰਦਰ ਵਲੋਂ ਹੋਏ ਬੇਅਦਬੀ ਵਾਲੇ ਦੋ ਹੋਰ ਪੋਸਟਰ ਮੀਡੀਆ ਨੂੰ ਜਾਰੀ
  • ‘ਆਪ’ ਨੇ ਪੁਛਿਆ, ਕੀ ਚੰਦੂਮਾਜਰਾ, ਸੁਰਜੀਤ ਸਿੰਘ ਰਖੜਾ ਅਤੇ ਪ੍ਰਨੀਤ ਕੌਰ ਉੱਤੇ ਨਹੀਂ ਬਣਦਾ 295-ਏ ਦਾ ਮਾਮਲਾ?

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਟਿੱਕਾ ਲਗਾਕੇ ਬੇਅਦਬੀ ਕਰ ਰਹੇ ਅਕਾਲੀ ਦਲ ਅਤੇ ਕਾਂਗਰਸ ਦੇ ਉਘੇ ਆਗੂ ਦੀ ਵੀਡੀਓ ਦਿਖਾ ਕੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਉੱਤੇ ਸ਼ਨੀਵਾਰ ਨੂੰ ਫਿਰ ਤੋਂ ਪਲਟਵਾਰ ਕੀਤਾ ਹੈ।

ਸ਼ਨੀਵਾਰ ਨੂੰ ਪਾਰਟੀ ਦੇ ਮੀਡੀਆ ਦਫਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਖਹਿਰਾ ਨੇ ਮੀਡੀਆ ਨੂੰ ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਵਲੋਂ ਦਰਬਾਰ ਸਾਹਿਬ ਦੀ ਫੋਟੋ ਦੇ ਉਪਰ ਆਪਣੇ-ਆਪਣੇ ਦਲਾਂ ਦੇ ਚੋਣ ਨਿਸ਼ਾਨ, ਨਾਅਰੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਉਣ ਵਾਲੇ ਦੋ ਹੋਰ ਪੋਸਟਰ ਮੀਡੀਆ ਨੂੰ ਜਾਰੀ ਕੀਤੇ। ਕਾਂਗਰਸ ਅਤੇ ਅਕਾਲੀ ਦਲ ਦੇ ਇਸ ਅਪਰਾਧ ਦੇ ਬਦਲੇ ਸਿੱਖ ਸੰਗਤ ਤੋਂ ਮੁਆਫੀ ਅਤੇ ਦਰਬਾਰ ਸਾਹਿਬ ਜਾ ਕੇ ਮੁਆਫੀ ਮੰਗਣ ਦੀ ਮੰਗ ਕਰਦੇ ਹੋਏ ਸੁਖਪਾਲ ਖਹਿਰਾ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬਾਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਅਵਤਾਰ ਸਿੰਘ ਮਕੱੜ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਅਕਾਲੀਆਂ ਅਤੇ ਕਾਂਗਰਸੀਆਂ ਉੱਤੇ ਉਸੇ ਤਰ੍ਹਾਂ ਹੀ ਸਖਤ ਕਾਰਵਾਈ ਦੀ ਵਕਾਲਤ ਕਰਣਗੇ, ਜਿਸ ਤਰ੍ਹਾਂ ਉਹ ਯੂਥ ਮੈਨੀਫੈਸਟੋ ਨੂੰ ਲੈ ਕੇ ਆਮ ਆਦਮੀ ਪਾਰਟੀ ਲਈ ਕਰ ਰਹੇ ਹਨ।

ਕਾਂਗਰਸ ਵਲੋਂ ਦਰਬਾਰ ਸਾਹਿਬ ਦੀ ਫੋਟੋ, ਚੋਣ ਨਿਸ਼ਾਨ ਪੰਜਾਬ ਅਤੇ ਆਪਣੇ ਆਗੂਆਂ ਦੀਆਂ ਤਸਵੀਰਾਂ ਵਾਲਾ ਇਸ਼ਤਿਹਾਰ

ਕਾਂਗਰਸ ਵਲੋਂ ਦਰਬਾਰ ਸਾਹਿਬ ਦੀ ਫੋਟੋ, ਚੋਣ ਨਿਸ਼ਾਨ ਪੰਜਾਬ ਅਤੇ ਆਪਣੇ ਆਗੂਆਂ ਦੀਆਂ ਤਸਵੀਰਾਂ ਵਾਲਾ ਇਸ਼ਤਿਹਾਰ

ਖਹਿਰਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਅਤੇ ਸਿੱਖ ਮਰਿਆਦਾ ਨੂੰ ਤੋੜਨ ਦੇ ਦੋਸ਼ ਵਿੱਚ ਸਾਰੇ ਦੋਸ਼ੀਆਂ ਸਮੇਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਮੁਆਫੀ ਮੰਗਣ। ਖਹਿਰਾ ਨੇ ਇਸ ਅਪਰਾਧ ਦੇ ਸਾਰੇ ਹੀ ਦੋਸ਼ੀ ਆਗੂਆਂ ਉੱਤੇ ਆਈਪੀਸੀ ਦੀ ਧਾਰਾ 295-ਏ ਦੇ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ।

ਇਸ ਦੌਰਾਨ ਪੱਤਰਕਾਰਾਂ ਨੂੰ ਵਿਖਾਈ ਗਈ 58 ਸੈਕੇਂਡ ਦੀ ਵੀਡੀਓ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਕੇਬਨੈਟ ਮੰਤਰੀ ਸੁਰਜੀਤ ਸਿੰਘ ਰਖੜਾ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ, ਸਾਬਕਾ ਕੇਂਦਰੀ ਮੰਤਰੀ ਅਤੇ ਪਟਿਆਲਾ ਤੋਂ ਕਾਂਗਰਸੀ ਵਿਧਾਇਕ ਪ੍ਰਨੀਤ ਕੌਰ ਅਤੇ ਹੋਰ ਕਾਂਗਰਸੀ ਅਤੇ ਅਕਾਲੀ ਆਗੂ ਗੁਰੂ ਗ੍ਰੰਥ ਸਾਹਿਬ ਉੱਤੇ ਟਿੱਕਾ (ਤਿਲਕ) ਲਗਾ ਰਹੇ ਹਨ। ਜੋ ਸਿੱਖ ਧਰਮ ਅਤੇ ਰਹਿਤ-ਮਰਿਆਦਾ ਵਿੱਚ ਘੌਰ ਅਪਰਾਧ ਮੰਨਿਆ ਜਾਂਦਾ ਹੈ।

akal dal and darbar sahib photo

ਅਕਾਲੀ ਦਲ ਦਾ ਇਸ਼ਤਿਹਾਰ ਅਤੇ ਚੋਣ ਨਿਸ਼ਾਨ ਤੱਕੜੀ

ਖਹਿਰਾ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਆਫੀ ਮੰਗਣ ਲਈ ਦਰਬਾਰ ਸਾਹਿਬ ਆ ਰਹੇ ‘ਆਪ’ ਆਗੂਆਂ ਨੂੰ ‘ਡਰਾਮੇਬਾਜ’ ਦੱਸੇ ਜਾਣ ਦਾ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ ਇਹ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਵਾਲੀ ਸਮੁੱਚੀ ਸੰਗਤ ਦੀ ਬੇਇੱਜ਼ਤੀ ਹੈ, ਜੋ ਅਜਿਹੇ ਵੱਡੇ ਲੀਡਰਾਂ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ। ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨੰਗੇ ਸਿਰ ਕੇਸ ਖੋਲ ਕੇ ਹੋਲੀ ਖੇਡਦੇ ਹੋਏ ਵਾਇਰਲ ਹੋਈ ਫੋਟੋਆਂ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਬਤੌਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੀਤੇ ਗਏ ‘ਪਾਗਲਪਣ’ ਦਾ ਐਸਜੀਪੀਸੀ ਅਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਨੋਟਿਸ ਕਿਉਂ ਨਹੀਂ ਲਿਆ?

ਖਹਿਰਾ ਨੇ ਕਿਹਾ ਕਿ ਯੂਥ ਮੈਨੀਫੈਸਟੋ ਦੇ ਕਵਰ ਪੇਜ ਉੱਤੇ ਆਮ ਆਦਮੀ ਪਾਰਟੀ ਵਲੋਂ ਹੋਈ ਗਲਤੀ ਅਹਿਸਾਸ ਹੁੰਦੇ ਹੀ ਆਪ ਆਗੂਆਂ ਨੇ ਮੁਆਫੀ ਮੰਗ ਲਈ ਸੀ। ਇਸਦੇ ਇਲਾਵਾ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਗਲੀ 18 ਜੁਲਾਈ ਨੂੰ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਨਾ ਕੇਵਲ ਮੁਆਫੀ ਮੰਗਣਗੇ ਬਲਕਿ ਦਰਬਾਰ ਸਾਹਿਬ ਵਿਚ ਸੇਵਾ ਵੀ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,