August 28, 2011 | By ਪਰਦੀਪ ਸਿੰਘ
ਬਸੀ ਪਠਾਣਾਂ (27 ਅਗਸਤ, 2011): ਹਲਕਾ ਬਸੀ ਪਠਾਣਾਂ ਦੀ ਸ਼੍ਰੋਮਣੀ ਕਮੇਟੀ ਦੀ ਸੀਟ ਪੰਜਾਬ ਵਿਚ ਸਭ ਤੋਂ ਵੱਧ ਮਹੱਤਵ ਹਾਸਲ ਕਰ ਰਹੀ ਹੈ। ਇਥੋਂ ਜਨਰਲ ਸੀਟ ਲਈ ਤਿੰਨ ਪ੍ਰਮੁੱਖ ਉਮੀਦਵਾਰ ਚੋਣ ਮੈਦਾਨ ਵਿਚ ਹਨ। ਜਿਨ੍ਹਾਂ ਵਿਚ ਸ. ਸਿਮਰਨਜੀਤ ਸਿੰਘ ਮਾਨ ਸਾਬਕਾ ਵਿਧਾਇਕ, ਮੈਂਬਰ ਪਾਰਲੀਮੈਂਟ ਅਤੇ ਇਸ ਹਲਕੇ ਦੇ ਸ਼੍ਰੌਮਣੀ ਕਮੇਟੀ ਮੈਂਬਰ ਵੀ ਰਹਿ ਚੁੱਕੇ ਹਨ। ਉਹ ਸੰਗਰੂਰ ਜਿਲ੍ਹੇ ਦੇ ਚੰਚਣਵਾਲ ਤੋਂ ਵੀ ਚੋਣ ਲੜ ਰਹੇ ਹਨ। ਬਾਦਲ ਦਲ ਵੱਲੋਂ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਤੀਸਰੇ ਉਮੀਦਵਾਰ, ਭਾਈ ਹਰਪਾਲ ਸਿੰਘ ਚੀਮਾ (ਲੋਹਾਰੀ ਕਲਾਂ) ਦਾ ਸੰਬੰਧ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨਾਲ ਹੈ। ਭਾਈ ਚੀਮਾ ਸਿੱਖ ਸੰਘਰਸ਼ ਦੌਰਾਨ ਅਮਰੀਕਾ ਅਤੇ ਭਾਰਤ ਦੀਆਂ ਜੇਲ੍ਹਾਂ ਵਿਚ ਡੇਢ ਦਹਾਕੇ ਤੋਂ ਵੱਧ ਸਮਾਂ ਨਜ਼ਰਬੰਦ ਰਹੇ ਹਨ ਤੇ ਬੀਤੇ ਸਾਲਾਂ ਵਿਚ ਹੋਈ ਰਿਹਾਈ ਦੇ ਸਮੇਂ ਤੋਂ ਇਲਾਕੇ ਵਿਚ ਅਤੇ ਪੰਥਕ ਸਫਾ ਵਿਚ ਸਰਗਰਮੀ ਨਾਲ ਵਿਚਰ ਰਹੇ ਹਨ। ਇਸ ਹਲਕੇ ਦੇ ਤਿੰਨਾਂ ਉਮੀਦਵਾਰਾਂ ਵੱਲੋਂ ਭਾਰੀ ਚੋਣ ਸਰਗਰਮੀ ਵਿੱਢ ਦਿੱਤੀ ਗਈ ਹੈ।
ਇਸੇ ਦੌਰਾਨ ਭਾਈ ਹਰਪਾਲ ਸਿੰਘ ਚੀਮਾ ਨੇ ਇਸੇ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਸ. ਰਣਧੀਰ ਸਿੰਘ ਚੀਮਾ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ (ਭਾਈ ਚੀਮਾ) ਸਮੇਤ ਤਿੰਨੇ ਉਮੀਦਵਾਰਾਂ ਨੂੰ ਇੱਕੋ ਮੰਚ ਤੋਂ ਇੱਕੋ ਸਮੇਂ ਇਕੱਠਿਆਂ ਆਪਣੇ-ਆਪਣੇ ਹੱਕ ਵਿੱਚ ਚੋਣ ਪ੍ਰਚਾਰ ਕਰਨਾ ਚਾਹੀਦਾ ਹੈ। ਅੱਜ ਨਜ਼ਦੀਕੀ ਪਿੰਡ ਹੁਸੈਨਪੁਰ-ਕੰਦੀਪੁਰ ਵਿੱਚ ਚੋਣ ਪ੍ਰਚਾਰ ਦੌਰਾਨ ਇਹ ਸੱਦਾ ਦਿੰਦਿਆ ਭਾਈ ਚੀਮਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਲੋਕਾਂ ਕੋਲ ਸਮੇਂ ਦੀ ਬਹੁਤ ਘਾਟ ਹੈ। ਇਸ ਲਈ ਤਿੰਨੇ ਉਮੀਦਵਾਰਾਂ ਨੂੰ ਲੋਕਾਂ ਤੱਕ ਹਰ ਥਾਂ ਇਕੋ ਸਮੇਂ ਗੁਦਰਦੁਆਰਾ ਪ੍ਰਬੰਧ ਅਤੇ ਧਰਮ ਪ੍ਰਚਾਰ ਲਈ ਆਪੋ-ਆਪਣਾ ਪ੍ਰੋਗਰਾਮ ਦੇਣ ਲਈ ਪਹੁੰਚਣਾ ਚਾਹੀਦਾ ਹੈ। ਇਸ ਨਾਲ ਜਿੱਥੇ ਲੋਕਾਂ ਦਾ ਸਮਾਂ ਬਚੇਗਾ ਉ¤ਥੇ ਵਾਰ-ਵਾਰ ਦੀ ਖੱਜਲ-ਖੁਆਰੀ ਤੋਂ ਵੀ ਉਹ ਬਚ ਸਕਣਗੇ। ਇਸ ਨਾਲ ਹਲਕੇ ਦੇ ਵੋਟਰਾਂ ਨੂੰ ਤਿੰਨਾਂ ਉਮੀਦਵਾਰਾਂ ਵਿੱਚੋਂ ਉਚਿੱਤ ਨੁਮਾਇੰਦੇ ਦੀ ਚੋਣ ਕਰਨੀ ਵੀ ਅਸਾਨ ਹੋ ਜਾਵੇਗੀ।
ਭਾਈ ਚੀਮਾ ਨੇ ਕਿਹਾ ਕਿ ਮੈਂ ਇਸ ਢੰਗ ਨਾਲ ਚੋਣ ਪ੍ਰਚਾਰ ਲਈ ਲੋਕਾਂ ਵਿੱਚ ਜਾਣ ਲਈ ਹਰ ਸਮੇਂ ਤਿਆਰ ਹਾਂ ਤੇ ਬਾਕੀ ਦੋਵੇਂ ਉਮੀਦਵਾਰਾਂ ਨੂੰ ਵੀ ਇਹ ਸੱਦਾ ਕਬੂਲ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਭਾਈ ਚੀਮਾ ਅਤੇ ਬਸੀ ਪਠਾਣਾਂ ਹਲਕੇ ਦੀ ਹੀ ਰਾਖਵੀਂ ਸੀਟ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਸੰਤੋਖ ਸਿੰਘ ਸਲਾਣਾ ਹਲਕੇ ਦੇ ਵੱਖੋ-ਵੱਖਰੇ ਪਿੰਡ- ਲੂਲੋਂ, ਭਟੇੜੀ, ਜਾਵੰਦਾ, ਨਾਨੋਵਾਲ, ਕੰਦੀਪੁਰ, ਹੁਸੈਨਪੁਰਾ, ਨਾਹਨਹੇੜੀ, ਧੂੰਦਾ ਅਤੇ ਮਹਿਦੂਦਾਂ ਆਦਿ ਵਿੱਚ ਚੋਣ ਪ੍ਰਚਾਰ ਲਈ ਪਹੁੰਚ ਕੇ ਵੋਟਰਾਂ ਨਾਲ ਸੰਪਰਕ ਕਰਦਿਆਂ ਉਨ੍ਹਾਂ ਗੁਰਧਾਮਾਂ ਦੇ ਪ੍ਰਬੰਧ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਅਪਣੇ ਪ੍ਰੋਗਰਾਮਾਂ ਤੋਂ ਜਾਣੂੰ ਕਰਵਾਇਆ।ਸ਼੍ਰੋਮਣੀ ਕਮੇਟੀ ਦੇ ਧਰਮ-ਪ੍ਰਚਾਰ ਅਤੇ ਸਿੱਖ ਕੌਮ ਪ੍ਰਤੀ ਕੀ ਫ਼ਰਜ਼ ਹੋਣੇ ਚਾਹੀਦੇ ਹਨ ਬਾਰੇ ਦੱਸਦਿਆਂ ਵੋਟਰਾਂ ਨੂੰ ਸੱਦਾ ਦਿੱਤਾ ਕਿ ਆਉਣ ਵਾਲੀ 18 ਸਤੰਬਰ ਨੂੰ ਇਹ ਸੋਚ ਕੇ ਫ਼ੈਸਲਾ ਲੈਣ ਕਿ ਕਿਹੜਾ ਉਮੀਦਵਾਰ ਕਿੰਨੀ ਕੁ ਜ਼ਿੰਮੇਵਾਰੀ ਨਾਲ ਅਪਣਾ ਬਣਦਾ ਫ਼ਰਜ਼ ਨਿਭਾਉਣ ਦੇ ਯੋਗ ਹੈ। ਇਸ ਚੋਣ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਵੋਟਰਾਂ ਵਲੋਂ ਭਾਈ ਚੀਮਾ ਤੇ ਸਲਾਣਾ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਉਕਤ ਆਗੂਆਂ ਨਾਲ ਸੁਰਿੰਦਰ ਸਿੰਘ, ਦਰਸ਼ਨ ਸਿੰਘ ਬੈਣੀ, ਗੁਰਮੁਖ ਸਿੰਘ ਡਡਹੇੜੀ, ਹਰਪ੍ਰੀਤ ਸਿੰਘ ਹੈਪੀ, ਪਰਮਜੀਤ ਸਿੰਘ ਸਿੰਬਲੀ, ਮਿਹਰ ਸਿੰਘ ਬਸੀ, ਹਰਪਾਲ ਸਿੰਘ ਸ਼ਹੀਦਗੜ੍ਹ, ਕਿਹਰ ਸਿੰਘ ਮਾਰਵਾ, ਪ੍ਰਮਿੰਦਰ ਸਿੰਘ ਕਾਲਾ, ਭਗਵੰਤ ਸਿੰਘ ਮਹੱਦੀਆਂ ਆਦਿ ਵੀ ਹਾਜ਼ਰ ਸਨ।
Related Topics: Akali Dal Panch Pardhani, Badal Dal, Bhai Harpal Singh Cheema (Dal Khalsa), Shiromani Gurdwara Parbandhak Committee (SGPC), Simranjeet Singh Mann, ਭਾਈ ਹਰਪਾਲ ਸਿੰਘ ਚੀਮਾ