ਸਿੱਖ ਖਬਰਾਂ

ਸਾਕਾ ਨੀਲਾ ਤਾਰਾ ਦੀਆਂ ਨਿਸ਼ਾਨੀਆਂ ਅਪਣੇ ਹੱਥੀ ਮਿਟਾਉਣ ਵਾਲੇ ਹੋਂਦ ਚਿੱਲੜ ਕਾਂਡ ਦੀ ਯਾਦਗਾਰ ਕਿਵੇਂ ਬਣਾਉਣਗੇ? : ਪੰਚ ਪ੍ਰਧਾਨੀ

March 1, 2011 | By

  • ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਕੋਈ ਵੀ ਐਲਾਨ ਪੂਰਾ ਨਹੀਂ ਕੀਤਾ

ਸ਼੍ਰੋਮਣੀ ਕਮੇਟੀ ਵਲੋਂ ਵਿਰਾਸਤੀ ਸੰਭਾਲ ਦੇ ਐਲਾਨਾ ਦੇ ਬਾਵਯੂਦ ਵੀ ਦੀਵਾਨ ਟੋਡਟ ਮੱਲ ਦੀ ਜ਼ਹਾਜ ਹਵੇਲੀ ਦੀ ਮੂੰਹ ਬੋਲਦੀ ਤਸਵੀਰ।
ਸ਼੍ਰੋਮਣੀ ਕਮੇਟੀ ਵਲੋਂ ਵਿਰਾਸਤੀ ਸੰਭਾਲ ਦੇ ਐਲਾਨਾ ਦੇ ਬਾਵਯੂਦ ਵੀ ਦੀਵਾਨ ਟੋਡਟ ਮੱਲ ਦੀ ਜ਼ਹਾਜ ਹਵੇਲੀ ਦੀ ਮੂੰਹ ਬੋਲਦੀ ਤਸਵੀਰ।

ਫ਼ਤਿਹਗੜ੍ਹ ਸਾਹਿਬ, 1 ਮਾਰਚ  : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਦੋਸ਼ ਲਗਾਇਆ ਹੈ ਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖ ਤਰ੍ਹਾਂ ਦੇ ਐਲਾਨ ਕਰਕੇ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੀ ਹੈ ਕਿਉਂਕਿ ਕੀਤੇ ਗਏ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।ਉਕਤ ਆਗੂਆਂ ਨੇ ਕਿਹਾ ਕਿ ਡੇਢ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਐਲਾਨ ਕੀਤਾ ਸੀ ਕਿ ਫ਼ਤਿਹਗੜ੍ਹ ਸਾਹਿਬ ਵਿਖੇ ਬਹੁਤ ਹੀ ਖ਼ਸਤਾ ਹਾਲਤ ਵਿਚ ਸਥਿਤ ਦੀਵਾਨ ਟੋਡਰ ਮੱਲ ਦੀ ਇਤਿਹਾਸਿਕ ਜ਼ਹਾਜ ਹਵੇਲੀ ਨੂੰ ਵਿਰਾਸਤ ਵਜੋਂ ਸੰਭਾਲਿਆ ਜਾਵੇਗਾ ਪਰ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਐਲਾਨ ਅਨੁਸਾਰ ਕੋਈ ਵੀ ਕਾਰਵਾਈ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਨਹੀਂ ਕੀਤੀ। ਇਸ ਹਵੇਲੀ ਦੀਆਂ ਤਾਜ਼ਾ ਤਸਵੀਰਾਂ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਫ਼ੀ ਹੱਦ ਤਕ ਢਹਿ ਚੁੱਕੀ ਇਸ ਹਵੇਲੀ ਦਾ ਬਚਿਆ ਹੋਇਆ ਅਤਿਅੰਤ ਖਸਤਾ ਹਿੱਸਾ ਵੀ ਅਪਣੇ ਡਿਗਣ ਦੀ ਉਡੀਕ ਕਰ ਰਿਹਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿਚ ਕਾਲਜ ਦੀ ਸਥਾਪਨਾ ਕਰਨ ਦਾ ਐਲਾਨ ਵੀ ਸ਼੍ਰੋਮਣੀ ਕਮੇਟੀ ਦਾ ਮੂੰਹ ਚਿੜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹੋਂਦ ਚਿੱਲੜ ਵਿੱਚ ਵਾਪਰੇ ਸਾਕੇ ਦਾ ਮਾਮਲਾ ਵੀ ਜਦੋਂ ‘ਸਿੱਖਜ਼ ਫਾਰ ਜਸਟਿਸ’ ਨੇ ਅੱਗੇ ਲਿਆਂਦਾ ਤਾਂ ਬਾਦਲ ਦਲੀਆਂ ਦੀ ਇਸ ਸ਼੍ਰੋਮਣੀ ਕਮੇਟੀ ਨੂੰ ਵੀ ਵਿਖਾਵੇ ਵਜੋਂ ਹਰਕਤ ਵਿੱਚ ਆਉਣਾ ਪਿਆ। ਸ਼੍ਰੋਮਣੀ ਕਮੇਟੀ ਵਲੋਂ ਕੀਤੀ ਇਸ ਹਿੱਲਜੁੱਲ ਦਾ ਕਾਰਨ ਸਿਰਫ ਆਉਣ ਵਾਲੀਆਂ ਚੋਣਾਂ ਹਨ ਹੋਰ ਕੁਝ ਨਹੀਂ। ਉਕਤ ਆਗੂਆਂ ਨੇ ਕਿਹਾ ਕਿ ਸਿੱਖਜ਼ ਫਾਰ ਜਸਟਿਸ ਨਾਂ ਦੀ ਸੰਸਥਾ ਨੇ ਇਸ ਪਿੰਡ ਨੂੰ ਲੋਕਾਂ ਸਾਹਮਣੇ ਲਿਆਂਦਾ ਤੇ ਸ਼ਹੀਦ ਕੀਤੇ ਗਏ ਸਿੱਖਾਂ ਦੀ ਇਸ ਥਾਂ ’ਤੇ ਢੁਕਵੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਪਰ 26 ਸਾਲ ਚੁੱਪ ਰਹੀ ਸ਼੍ਰੋਮਣੀ ਕਮੇਟੀ ਹੁਣ ਯਾਦਗਾਰ ਬਣਾਉਣ ਦੇ ਇਸ ਅਮਲ ਨੂੰ ਸਿੱਖਜ਼ ਫਾਰ ਜਸਟਿਸ ਤੋਂ ਖੋਹ ਕੇ ਕ੍ਰੈਡਿਟ ਲੈਣ ਦਾ ਕੋਝਾ ਯਤਨ ਕਰ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਦੌਰਾਨ ਦਰਬਾਰ ਸਾਹਿਬ ਵਿੱਚ ਭਾਰਤੀ ਫੌਜ ਵਲੋਂ ਢਾਹੇ ਕਹਿਰ ਦਾ ਤਾਂ ਬਾਦਲ ਦਲੀਆਂ ਤੇ ਸ਼੍ਰੋਮਣੀ ਕਮੇਟੀ ਨੂੰ ਉਸੇ ਦਿਨ ਪਤਾ ਚੱਲ ਗਿਆ ਸੀ, ਫਿਰ ਉਸ ਸਾਕੇ ਦੀ ਯਾਦਗਾਰ ਅਜੇ ਤੱਕ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਉਂ ਨਹੀਂ ਬਣਾਈ ਗਈ ਜਦਕਿ ਉੱਥੇ ਸ਼੍ਰੋਮਣੀ ਕਮੇਟੀ ਕੋਲ ਥਾਂ ਵੀ ਮੌਜ਼ੂਦ ਹੈ ਤੇ ਫੰਡ ਵੀ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਦੀ ਯਾਦਗਾਰ ਤਾਂ ਦੂਰ ਸਗੋਂ ਇਸ ਅਹਿਮ ਸਾਕੇ ਦੀ ਹਰ ਨਿਸ਼ਾਨੀ ਜਿਸ ਸ਼੍ਰੋਮਣੀ ਕਮੇਟੀ ਨੇ ਲੱਭ-ਲੱਭ ਕੇ ਖੁਦ ਅਪਣੇ ਹੱਥੀ ਮਿਟਾਈ ਹੋਵੇ, ਕਿਸ ਮੂੰਹ ਨਾਲ ਉਹ ਹੋਂਦ ਚਿੱਲੜ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ? ਉਕਤ ਆਗੂਆਂ ਨੇ ਕਿਹਾ ਕਿ 6 ਮਾਰਚ ਨੂੰ ਹੋਂਦ ਚਿੱਲੜ ਵਿੱਚ ਅਯੋਜਿਤ ਕੀਤੇ ਜਾ ਰਹੇ ਅਰਦਾਸ ਦਿਵਸ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵੀ ਸ਼ਾਮਿਲ ਹੋਵੇਗੀ ਤੇ ਅਸੀਂ ਸਿੱਖਜ਼ ਫਾਰ ਜਸਟਿਸ ਨੂੰ ਪੂਰਾ ਸਹਿਯੋਗ ਦਵਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।