ਸਿੱਖ ਖਬਰਾਂ

ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਬਹਾਲੀ ਬਾਰੇ ਸੱਥ ਚਰਚਾ ਹੋਈ (ਸਾਰ ਲੇਖਾ)

November 18, 2018 | By

ਲੁਧਿਆਣਾ: ਵਿਚਾਰ ਮੰਚ ਸੰਵਾਦ ਵੱਲੋਂ “ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਿਵੇਂ ਬਹਾਲ ਕਰੀਏ?” ਵਿਸ਼ੇ ਉੱਤੇ ਸਿੱਖ ਵਿਚਾਰਕ ਤੇ ਸਿੱਖ ਰਿਸਰਚ ਇੰਸਟੀਟਯੂਟ ਦੇ ਬਾਨੀ ਨਿਰਦੇਸ਼ਕ ਸ. ਹਰਿੰਦਰ ਸਿੰਘ (ਯੂ.ਐਸ.ਏ.) ਨਾਲ ਇਕ ਸੱਥ ਚਰਚਾ ਕੀਤੀ ਗਈ। ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਵਿਖੇ ਸ਼ੁੱਕਰਵਾਰ (17 ਨਵੰਬਰ) ਨੂੰ ਹੋਈ ਇਸ ਚਰਚਾ ਦੀ ਸ਼ੁਰੂਆਤ ਵਿਚ “ਵਰਲਡ ਸਿੱਖ ਨਿਊਜ਼” ਦੇ ਸੰਪਾਦਕ ਪ੍ਰੋ. ਜਗਮੋਹਣ ਸਿੰਘ ਨੇ ਸ. ਹਰਿੰਦਰ ਸਿੰਘ ਨੂੰ ਜੀ ਆਇਆਂ ਨੂੰ ਕਿਹਾ।

“ਵਰਲਡ ਸਿੱਖ ਨਿਊਜ਼” ਦੇ ਸੰਪਾਦਕ ਪ੍ਰੋ. ਜਗਮੋਹਣ ਸਿੰਘ

ਇਸ ਮੌਕੇ ਬੋਲਦਿਆਂ ਸ. ਹਰਿੰਦਰ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਬਹਾਲੀ ਦੇ ਸਮੁੱਚੇ ਮਾਮਲੇ ਨੂੰ “ਕਿਉਂ, ਕਿਵੇਂ ਅਤੇ ਕੀ” ਦੇ ਸਵਾਲਾਂ ਦੇ ਰੂਪ ਵਿੱਚ ਸੌਖਿਆਂ ਕਰਕੇ ਸਮਝਿਆ ਤੇ ਵਿਚਾਰਿਆ ਜਾ ਸਕਦਾ ਹੈ।

ਸਵਾਲਾਂ ਦਾ ਵਿਸਤਾਰ ਕਰਦਿਆਂ ਉਹਨਾਂ ਕਿਹਾ ਕਿ ਪਹਿਲਾ ਸਵਾਲ ਇਹ ਹੈ ਅਕਾਲ ਤਖਤ ਸਾਹਿਬ ਦੀ ਸਵਰਉੱਚਤਾ ਕਿਉਂ ਹੋਣੀ ਚਾਹੀਦੀ ਹੈ? ਦੂਜਾ ਕਿ, ਇਹ ਸਰਵਉੱਚਤਾ ਕਿਵੇਂ ਕਾਇਮ ਕੀਤੀ ਜਾ ਸਕਦੀ ਹੈ ਤੇ ਤੀਜਾ ਕਿ ਇਸ ਲਈ ਕੀ ਕੀਤਾ ਜਾਵੇ ਹੈ?

ਸਿੱਖ ਵਿਚਾਰਕ ਤੇ ਸਿੱਖ ਰਿਸਰਚ ਇੰਸਟੀਟਯੂਟ ਦੇ ਬਾਨੀ ਨਿਰਦੇਸ਼ਕ ਸ. ਹਰਿੰਦਰ ਸਿੰਘ (ਯੂ.ਐਸ.ਏ.)

ਫਿਰ ਇਹਨਾਂ ਨੁਕਤਿਆਂ ਦੇ ਜਵਾਬ ਦੇਂਦਿਆਂ ਉਹਨਾਂ ਗੁਰਬਾਣੀ ਦੇ ਹਵਾਲੇ ਨਾਲ ਕਿਹਾ ਕਿ ਗੁਰੂ ਨਾਨਕ ਪਾਤਿਸ਼ਾਹ ਨੇ ਜੋ ‘ਰਾਜ’ ਸਥਾਪਤ ਕੀਤਾ ਸੀ ਉਹ ਇਕ ਵਿਲੱਖਣ ਸੰਸਾਰ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਸੀ। ਜਦੋਂ ਇਹ ਸੰਸਾਰ ਦ੍ਰਿਸ਼ਟੀਕੋਣ ਢਾਂਚਿਆਂ ਦਾ ਰੂਪ ਅਖਤਿਆਰ ਕਰਦਾ ਹੈ ਤਾਂ ਅਕਾਤ ਤਖਤ ਸਾਹਿਬ ਇਸ ਦ੍ਰਿਸਟੀਕੋਣ ਵਿਚਲੀ ਪ੍ਰਭੂਸੱਤਾ ਦਾ ਪ੍ਰੀਤਕ ਬਣਦਾ ਹੈ। ਉਹਨਾਂ ਕਿਹਾ ਕਿ ਪ੍ਰਭੂਸੱਤਾਵਾਲਾ ਇਹ ਤਖਤ ਕਿਸੇ ਵੀ ਕਾਨੂੰਨ ਜਾਂ ਇਸ ਹੇਠ ਬਣੀ ਜਥੇਬੰਦੇ ਜਾਂ ਅਦਾਰੇ ਦੇ ਅਧੀਨ ਨਹੀਂ ਵਿਚਰ ਸਕਦਾ। ਇਸ ਲਈ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਲਾਜਮੀ ਹੈ।

ਫਿਰ ਦੂਸਰੇ ਨੁਕਤੇ ਤੇ ਵਿਚਾਰ ਪੇਸ਼ ਕਰਦਿਆਂ ਸ. ਹਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਇਤਿਹਾਸ ਵਿੱਚ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਰਹੀ ਹੈ ਪਰ ਸਮੇਂ ਦੀ ਤਬਦੀਲੀ ਨਾਲ ਹੁਣ ਪਹਿਲਾਂ ਵਾਲੇ ਹਾਲਾਤ ਨਾ ਰਹਿਣ ਕਾਰਨ ਪਹਿਲਾਂ ਵਾਲਾ ਪ੍ਰਬੰਧ ਇੰਨ ਬਿੰਨ ਮੁੜ ਨਹੀਂ ਲਿਆਂਦਾ ਜਾ ਸਕਦਾ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ ਦੀ ਬਹਾਲੀ ਲਈ ਸਾਨੂੰ ਸਿੱਖ ਵਸੋਂ (ਜਨਸੰਖਿਆ/ਹਲਕਿਆਂ) ਨੂੰ ਧਿਆਨ ਵਿੱਚ ਰੱਖਣਾ ਜਰੂਰੀ ਹੈ। ਇਸ ਦੇ ਨਾਲ-ਨਾਲ ਖੇਤਰੀ ਤਾਕਤਾਂ (ਜਿਹਨਾਂ ਖਿੱਤਿਆਂ ਵਿੱਚ ਸਿੱਖ ਵਸੋਂ ਇਕ ਸਿਆਸੀ ਤਾਕਤ ਵਜੋਂ ਉੱਭਰੀ ਹੈ) ਨੂੰ ਵੀ ਵਿਚਾਰਨਾ ਜਰੂਰੀ ਹੈ। ਇਸ ਦੇ ਨਾਲ ਹੀ ਜਿੱਥੇ ਸਿੱਖ ਵਸੋਂ ਪੱਖੋਂ ਭਾਵੇਂ ਵੱਖਰੇ ਤੌਰ ਤੇ ਵਿਚਾਰਨਯੋਗ ਥਾਂ ਨਾ ਰੱਖਦੇ ਹੋਣ ਪਰ ਜੇਕਰ ਉਹਨਾਂ ਸਿਆਸੀ ਜਾਂ ਨੀਤੀ ਘੜਨ ਵਾਲੇ ਘਾਂਚਿਆਂ ਵਿੱਚ ਵਿਚਾਰਨਯੋਗ ਥਾਂ ਬਣਾ ਲਈ ਹੈ ਤਾਂ ਉਹਨਾਂ ਨੂੰ ਵਿਚਾਰਨਾ ਵੀ ਲਾਜਮੀ ਹੈ। ਇਸ ਤੋਂ ਇਲਾਵਾ ਜਿਹਨਾਂ ਸਖਸ਼ੀਅਤਾਂ ਦਾ ਸਮੁੱਚਾ ਜੀਵਾਨ ਪੰਥ ਨੂੰ ਸਮਰਪਤਿ ਰਿਹਾ ਹੈ ਉਹਨਾਂ ਦੀ ਹਿੱਸੇਦਾਰੀ ਪਵਾਉਣੀ ਵੀ ਲਾਜਮੀ ਹੋ ਜਾਂਦੀ ਹੈ।

ਉਹਨਾਂ ਕਿਹਾ ਕਿ ਇਸ ਕਾਰਜ ਵਿੱਚ ਗੁਰਮਤਿ ਦੀ ਸੋਝੀ ਰੱਖਣ ਵਾਲਿਆਂ ਦੀ ਵੀ ਅਹਿਮ ਭੁਮਿਕਾ ਹੋਵੇਗੀ ਕਿਉਂਕਿ ਉਹ ਹੀ ਗੁਰਮਤਿ ਅਨੁਸਾਰੀ ਸਿਧਾਂਤਕ ਲੀਹਾਂ ਦਰਸਾਉਣਗੇ ਜਿਹਨਾਂ ਲੀਹਾਂ ਮੁਤਾਬਕ ਨੀਤੀਆਂ ਘੜਨ ਦੀ ਸੋਝੀ/ਹੁਨਰ ਰੱਖਣ ਵਾਲੇ ਗੁਰਮਤਿ ਸਿਧਾਂਤ ਨੂੰ ਵਿਹਾਰ ਵਿੱਚ ਢਾਲਣ ਲਈ ਨੀਤੀਆਂ ਬਣਾਉਣਗੇ। ਇਸ ਲਈ ਇਹਨਾਂ ਨੀਤੀਘਾੜਿਆਂ ਦੀ ਹਿੱਸੇਦਾਰੀ ਪਵਾਉਣੀ ਵੀ ਜਰੂਰੀ ਹੈ।

‘ਕਿਵੇਂ ਕੀਤਾ ਜਾਏ’ ਦਾ ਸੰਖੇਪ ਰੂਪ ਵਿੱਚ ਉਕਤ ਖਾਕਾ ਸਾਂਝਾ ਕਰਨ ਤੋਂ ਬਾਅਦ ਸ. ਹਰਿੰਦਰ ਸਿੰਘ ਨੇ ਕਿਹਾ ਕਿ ਹੁਣ ਅਗਲਾ ਸਵਾਲ ਇਹ ਹੈ ਕਿ ‘ਕੀ ਕੀਤਾ ਜਾਵੇ’। ਉਹਨਾਂ ਕਿਹਾ ਇਸ ਮੌਕੇ ਸਿੱਖ ਜਗਤ ਨੂੰ ਦੋ ਹਿੱਸਿਆਂ ਵਿੱਚ ਰੱਖ ਕੇ ਵਿਚਾਰਿਆ ਜਾ ਸਕਦਾ ਹੈ, ਪਹਿਲਾ ਸੰਗਤ ਤੇ ਦੂਜਾ ਵੱਖਰੀ ਹੈਸੀਅਤ ਵਾਲਾ ਥਾ ਰੱਖਣ ਵਾਲੇ। ਇਸ ਲਈ ਸਵਾਲ ਇਹ ਬਣਦਾ ਹੈ ਕਿ ਸੰਗਤ ਕੀ ਕਰੇ ਅਤੇ ਵੱਖਰੀ ਹੈਸੀਅਤ ਵਾਲੀ ਥਾਂ ਰੱਖਣ ਵਾਲੇ ਕੀ ਕਰਨ?

ਉਹਨਾਂ ਕਿਹਾ ਕਿ ਸੰਗਤ ਅਕਾਤ ਤਖਤ ਸਾਹਿਬ ਦੀ ਸਰਵਉੱਚਤਾ ਬਹਾਲੀ ਲਈ ਆਪਣੀ ਚਿਣਗ ਦਾ ਪ੍ਰਗਟਾਵਾ ਵਾਰ-ਵਾਰ ਕਰ ਚੁੱਕੀ ਹੈ ਤੇ ਹੁਣ ਵੀ ਕਰ ਰਹੀ ਹੈ। ਇਸ ਲਈ ਸੰਗਤ ਦੇ ਪੱਧਰ ਤੇ ਇਹੀ ਕਾਰਜ ਕਰਨਯੋਗ ਹੈ ਕਿ ਇਸ ਅਹਿਸਾਸ ਨੂੰ ਅੰਤਰ-ਮਨ ਵਿੱਚ ਡੂਘਾ ਵਸਾਵੇ ਤੇ ਇਸ ਦੀ ਲੋੜ ਨੂੰ ਸਿੱਦਤ ਨਾਲ ਮਹਿਸੂਸ ਕਰੇ।

ਜਥੇਬੰਦਕ ਜਾਂ ਹਰੋਨਾਂ ਪੱਧਰਾਂ ਤੇ ਵੱਖਰੀ ਹੈਸੀਅਤ ਰੱਖਣ ਵਾਲਿਆਂ ਨੂੰ ਸ. ਹਰਿੰਦਰ ਸਿੰਘ ਨੇ ਦੋ ਹਿੱਸਿਆਂ ਵਿੱਚ ਵੰਡਦਿਆਂ ਕਿਹਾ ਕਿ ‘ਸਥਾਪਤੀ’ ਦੇ ਖੇਮੇ ਵਾਲਿਆਂ ਅਤੇ ਸਥਾਪਤੀ ਵਿਰੋਧੀ ਖੇਮੇ ਵਾਲਿਆਂ ਨੂੰ ‘ਗੁਰੂ ਨੂੰ ਸਮਰਪਤ’ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਫਿਲਹਾਲ ਵਧੇਰੇ ਕਰਕੇ ਇਹ ਹਿੱਸੇ ਆਪਣੀਆਂ ਗਰਜਾਂ ਜਾਂ ਧੜਿਆਂ ਨੂੰ ਸਮਰਪਤ ਹਨ ਅਤੇ ਲੋੜ ਹੈ ਕਿ ਇਹਨਾਂ ਊਣੇ ਸਰੋਕਾਰ ਤੋਂ ਅਗਾਂਹ ਵਧਦਿਆਂ ਗੁਰੂ ਨੂੰ ਸਮਰਪਤ ਹੋਇਆ ਜਾਵੇ।

ਉਹਨਾਂ ਕਿਹਾ ਕਿ ਇਕ ਹੋਰ ਕੀਤੇ ਜਾਣ ਵਾਲਾ ਅਹਿਮ ਕਾਰਜ ਇਹ ਹੈ ਕਿ ਸਿੱਖ ਜਗਤ ਵਿੱਚ ਵਿਧੀ-ਵਿਧਾਨ ਤੇ ਸਹਿਮਤੀ (ਪਰੋਸੈਸ ਐਗਰੀਮੈਂਟ) ਬਣਾਈ ਜਾਵੇ। ਉਹਨਾਂ ਕਿਹਾ ਕਿ ਇਸ ਕੰਮ ਨੂੰ ਕਰਨ ਲਈ “ਪੰਥ ਦੇ ਸੇਵਾਦਾਰਾਂ” (ਸਿਵਲ ਸਵਰਵੈਂਟਸ ਆਫ ਪੰਥ) ਦੀ ਲੋੜ ਹੈ ਜੋ ਕਿ ਇਸ ਕਾਰਜ ਨੂੰ ਵਿਓਂਤਬੱਧ ਤਰੀਕੇ ਨਾਲ ਨੇਪਰੇ ਚਾੜ੍ਹਨ ਦੀ ਕਾਬਲੀਅਤ ਤੇ ਸਮਰੱਥਾ ਰੱਖਦੇ ਹੋਣ।

ਸ. ਹਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ 2015 ਦੇ ‘ਸਰਬੱਤ ਖਾਲਸਾ’ ਤੋਂ ਬਾਅਦ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ ਦੀ ਬਹਾਲੀ ਦੇ ਵਿਚਾਰ ਬਾਰੇ ਸੰਸਾਰ ਪੱਧਰ ਤੇ ਸਿੱਖ ਹਲਕਿਆਂ ਵਿੱਚ ਚਰਚਾ ਚਲਾਈ ਪਰ ਪੰਜਾਬ ਸਰਕਾਰ ਵੱਲੋਂ ‘ਸਰਬੱਤ ਖਾਲਸਾ’ ਪ੍ਰਬੰਧਕਾਂ ਉੱਤੇ ਦਰਜ਼ ਮੁਕਦਮੇਂ ਕਾਰਨ ਪੰਜਾਬ ਵਿੱਚ ਨਹੀਂ ਸਨ ਆ ਸਕੇ। ਉਹਨਾਂ ਕਿਹਾ ਕਿ ਵਿਚਾਰ ਦੇ ਵੱਖ-ਵੱਖ ਢੰਗ ਤਰੀਕੇ ਅਪਣਾਅ ਕੇ “ਅਜ਼ਾਦ ਅਕਾਲ ਤਖਤ” ਦੇ ਕਾਰਜ ਵਿਚ ਜੁਟੇ ਜਥੇ (ਟੀਮ) ਵੱਲੋਂ ਅੰਗਰੇਜ਼ੀ ਤੇ ਪੰਜਾਬੀ ਵਿੱਚ ਲਿਖਤੀ ਖਰੜਾ ਜਾਰੀ ਕੀਤਾ ਗਿਆ ਹੈ। ਹੁਣ ਇਹ ਜਥਾ ਆਮ ਚਰਚਾ ਕਰਨ ਦੀ ਬਜਾਏ ਕਾਰਜ ਕੇਂਦਰਤ ਵਿਚਾਰਾਂ (ਵਰਕਿੰਗ ਗਰੁੱਪ ਮੀਟਿੰਗ) ਨੂੰ ਹੀ ਤਰਜੀਹ ਦੇ ਰਿਹਾ ਹੈ ਤਾਂ ਕਿ ਇਸ ਬਾਰੇ ਅਮਲੀ ਪੱਧਰ ਉੱਤੇ ਕਾਰਜ ਕੀਤੇ ਜਾ ਸਕਣ।

ਇਸ ਤੋਂ ਬਾਅਦ ਇਹ ਵਿਚਾਰ ਚਰਚਾ ਸਵਾਲ ਜਵਾਬ ਰੂਪ ਵਿੱਚ ਚੱਲੀ ਜਿਸ ਵਿੱਚ ਜ਼ਿਆਦਾ ਸਵਾਲ ਅਜ਼ਾਦ ਅਕਾਲ ਤਖਤ ਜਥੇ ਵੱਲੋਂ ਕੀਤੇ ਗਏ ਕਾਰਜ ਦੇ ਤਰਜ਼ਬੇ ਨਾਲ ਸੰਬੰਧਤ ਰਹੇ।

ਇਸ ਸਵਾਲ ਦੇ ਜਵਾਬ ਵਿੱਚ ਕਿ ਜੇਕਰ ਇਹ ਕਾਰਜ ਪੰਜਾਬ ਵਿੱਚ ਕੀਤਾ ਜਾਣਾ ਹੋਵੇ ਤਾਂ ਇਹ ਨਿੱਜੀ ਜਾਂ ਜਥੇਬੰਦਕ ਕਿਸ ਪੱਧਰ ਉੱਤੇ ਕੀਤਾ ਜਾਵੇ ਤਾਂ ਸ. ਹਰਿੰਦਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਕੰਮ ਕਰਨ ਵਾਲੇ ਆਪਣੇ ਹਾਲਾਤ ਵਿਚਾਰ ਕੇ ਆਪ ਹੀ ਲੈਣ।

ਅਖੀਰ ਵਿੱਚ ਪ੍ਰੋ. ਜਗਮੋਹਨ ਸਿੰਘ ਨੇ ਸ. ਹਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਪੰਜਾਬ ਵਿਚੋਂ ਵੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਬਹਾਲੀ ਦੇ ਵਿਚਾਰ ਨੂੰ ਅੱਗੇ ਤੋਰਨ ਲਈ ਪੁਖਤਾ ਸਰਗਰਮੀ ਜਰੂਰ ਕੀਤੀ ਜਾਵੇਗੀ।

  • ਇਹ ਵਿਚਾਰ ਚਰਚਾ ਆਉਂਦੇ ਦਿਨਾਂ ਵਿੱਚ ਸਿੱਖ ਸਿਆਸਤ ਦੇ ਦਰਸ਼ਕਾਂ ਲਈ ਪੇਸ਼ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,