ਖਾਸ ਖਬਰਾਂ

ਭਾਰਤ ਸਰਕਾਰ ਨੇ ਫੇਸਬੁੱਕ ‘ਬਲਾਕ’ ਕਰਨ ਦੀ ਧਮਕੀ ਦਿੱਤੀ

March 22, 2018 | By

ਚੰਡੀਗੜ੍ਹ: ਸਰਕਾਰ ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ ਨੂੰ ਖ਼ਬਰਦਾਰ ਕੀਤਾ ਹੈ ਕਿ ਜੇ ਇਸ ਨੇ ਭਾਰਤੀ ਚੋਣ ਅਮਲ ਨੂੰ ਕਿਸੇ ‘ਗ਼ਲਤ ਢੰਗ’ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੇਸਬੁੱਕ ਵੱਲੋਂ ਵਰਤੋਂਕਾਰਾਂ ਦੀ ਨਿੱਜਤਾ ਦਾ ਉਲੰਘਣ ਕਰਨ ਦੇ ਦੋਸ਼ਾਂ ਬਾਰੇ ਅਮਰੀਕਾ ਦੀ ਰਾਜ਼ਦਾਰੀ ਸੰਬਧੀ ਸੰਸਥਾ ਤੇ ਬਰਤਾਨਵੀ ਕਾਨੂੰਨਸਾਜ਼ਾਂ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਆਈਟੀ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਅਜਿਹੀ ਕੋਈ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪ੍ਰਸਾਦ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘‘…ਅਸੀਂ ਸੋਸ਼ਲ ਮੀਡੀਆ ਉਤੇ ਵਿਚਾਰਾਂ ਦੇ ਖੁੱਲ੍ਹੇ ਪ੍ਰਗਟਾਵੇ ਦੇ ਹਾਮੀ ਹਾਂ। ਪਰ ਫੇਸਬੁੱਕ ਸਮੇਤ ਸੋਸ਼ਲ ਮੀਡੀਆ ਵੱਲੋਂ ਭਾਰਤੀ ਚੋਣ ਅਮਲ ਨੂੰ ਕਿਸੇ ਵੀ ਗ਼ਲਤ ਢੰਗ ਨਾਲ ਪ੍ਰਭਾਵਿਤ ਕਰਨ ਦੀ ਕਿਸੇ ਵੀ ਲੁਕਵੀਂ ਜਾਂ ਜ਼ਾਹਰਾ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’

ਉਨ੍ਹਾਂ ਫੇਸਬੁੱਕ ਤੇ ਇਸ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਖ਼ਬਰਦਾਰ ਕੀਤਾ ਕਿ ਜੇ ਕੋਈ ਵੀ ਗਡ਼ਬਡ਼ ਕੀਤੀ ਗਈ ਤਾਂ ਸਰਕਾਰ ਆਈਟੀ ਐਕਟ ਤਹਿਤ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਜ਼ਰਕਬਰਗ ਨੂੰ ਕਿਹਾ, ‘‘ਜ਼ਕਰਬਰਗ ਤੁਸੀਂ ਭਾਰਤ ਦੇ ਆਈਟੀ ਮੰਤਰੀ ਦੀ ਗੱਲ ਨੋਟ ਕਰ ਲਵੋ।… ਭਾਰਤੀਆਂ ਦੇ ਡੇਟਾ ਦੀ ਚੋਰੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਈਟੀ ਐਕਟ ਤਹਿਤ ਤੁਹਾਨੂੰ ਭਾਰਤ ਵਿੱਚ ਤਲਬ ਵੀ ਕੀਤਾ ਜਾ ਸਕਦਾ ਹੈ।’’

ਗ਼ੌਰਤਲਬ ਹੈ ਕਿ ਅਮਰੀਕਾ ਦੇ ਖ਼ੁਦਮੁਖ਼ਤਾਰ ਸਰਕਾਰੀ ਅਦਾਰੇ ਫੈਡਰਲ ਟਰੇਡ ਕਮਿਸ਼ਨ ਵੱਲੋਂ ਫੇਸਬੁੱਕ ਖ਼ਿਲਾਫ਼ ਆਪਣੀ ਹੀ ਨਿੱਜਤਾ ਨੀਤੀ ਦੇ ਉਲੰਘਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕਦਮ ਇਨ੍ਹਾਂ ਮੀਡੀਆ ਰਿਪੋਰਟਾਂ ਪਿੱਛੋਂ ਚੁੱਕਿਆ ਗਿਆ ਹੈ ਕਿ ਫੇਸਬੁੱਕ ਨੇ ਕਥਿਤ ਤੌਰ ’ਤੇ ਲੱਖਾਂ ਅਮਰੀਕੀਆਂ ਦਾ ਡੇਟਾ ਇਕ ਸਿਆਸੀ ਸਲਾਹਕਾਰ ਸੰਸਥਾ ਨੂੰ ਮੁਹੱਈਆ ਕਰਵਾਇਆ ਸੀ। ਇਹ ਵੀ ਦੋਸ਼ ਹਨ ਕਿ ਕੈਂਬਰਿਜ ਐਨਾਲਿਟਿਕਾ ਨਾਮੀ ਅਦਾਰੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਮੁਹਿੰਮ ਲਈ ਫੇਸਬੁੱਕ ਤੋਂ ਹਾਸਲ ਡੇਟਾ ਦੀ ਵਰਤੋਂ ਕੀਤੀ ਸੀ। ਬਰਤਾਨੀਆ ਵਿੱਚ ਵੀ ਇਸ ਸਬੰਧੀ ਜਾਂਚ ਚੱਲ ਰਹੀ ਹੈ।

ਪ੍ਰਸਾਦ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਕੈਂਬਰਿਜ ਐਨਾਲਿਟਿਕਾ ਨਾਲ ਸਬੰਧ ਹਨ। ਉਨ੍ਹਾਂ ਕਿਹਾ, ‘‘ਮੇਰਾ ਕਾਂਗਰਸ ਨੂੰ ਸਵਾਲ ਹੈ ਕਿ ਕੀ ਉਹ ਚੋਰੀ ਦੇ ਡੇਟਾ ਰਾਹੀਂ 2019 ਦੀ ਚੋਣ ਜਿੱਤਣੀ ਚਾਹੁੰਦੀ ਹੈ?’’ ਰਿਪੋਰਟਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਕੈਂਬਰਿਜ ਐਨਾਲਿਟਿਕਾ ਨੂੰ ਹੀ ਸੌਂਪੀ ਹੈ।

ਕੇਂਦਰੀ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਚੇਤਾਵਨੀ ਤੋਂ ਬਾਅਦ ਫੇਸਬੁੱਕ ਨੇ ਕਿਹਾ ਹੈ ਕਿ ਉਹ ਡੇਟਾ ਸੁਰੱਖਿਆ ਲਈ ਵਚਨਬੱਧ ਹੈ। ਫੇਸਬੁੱਕ ਦੇ ਤਰਜਮਾਨ ਨੇ ਸੰਖੇਪ ਬਿਆਨ ਵਿੱਚ ਕਿਹਾ, ‘‘ਮੰਤਰੀ ਰਵੀ ਸ਼ੰਕਰ ਨੇ ਅਹਿਮ ਸਵਾਲ ਉਠਾਏ ਹਨ। ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ। ਅਸੀਂ ਇਸ ਮਾਮਲੇ ’ਚ ਸਰਕਾਰ ਨਾਲ ਰਾਬਤਾ ਰੱਖਾਂਗੇ ਤੇ ਅਸੀਂ ਲੋਕਾਂ ਦੀ ਸੂਚਨਾ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਾਂ।’’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,