ਲੇਖ

ਭਾਰਤ ਦੀ ਪਾਕਿਸਤਾਨ-ਅਫਗਾਨਿਸਤਾਨ ‘ਆਤਮਘਾਤੀ ਨੀਤੀ’

October 12, 2011 | By

ਬੇਸ਼ੱਕ ਅਮਰੀਕਾ ਸਮੇਤ ਪੱਛਮੀ ਜਗਤ ਵਿੱਚ ਇਸ ਵੇਲੇ ਆਰਥਿਕ ਮੰਦੀ ਮੁੱਖ ਚਿੰਤਾ ਦਾ ਵਿਸ਼ਾ ਹੈ ਪਰ ਇਸ ਤੋਂ ਬਾਅਦ ਜੇ ਕੋਈ ਵਿਸ਼ਾ ਮੁੱਖ ਅਹਿਮ ਵਿਸ਼ਿਆਂ ਵਿੱਚ ਥਾਂ ਬਣਾਉਂਦਾ ਹੈ ਤਾਂ ਉਹ ਹੈ ਅਫਗਾਨਿਸਤਾਨ ਵਿੱਚ ਨੈਟੋ ਫੌਜਾਂ (ਗਿਣਤੀ 1 ਲੱਖ ਦੇ ਕਰੀਬ) ਦੀ ਮੁਕੰਮਲ ਹਾਰ। ਅਮਰੀਕੀ ਪ੍ਰਧਾਨ ਓਬਾਮਾ ਨੇ ਸਪੱਸ਼ਟ ਐਲਾਨ ਕੀਤਾ ਹੋਇਆ ਹੈ ਕਿ 2014 ਤੱਕ ਅਮਰੀਕੀ ਫੌਜਾਂ, ਅਫਗਾਨਿਸਤਾਨ ਵਿੱਚੋਂ ਕੱਢ ਲਈਆਂ ਜਾਣਗੀਆਂ। ਬ੍ਰਿਟੇਨ ਤੇ ਦੂਸਰੀਆਂ ਯੂਰਪੀਅਨ ਤਾਕਤਾਂ ਦਾ ਟਾਈਮ ਟੇਬਲ ਵੀ ਇਸੇ ਮੁਤਾਬਿਕ ਹੀ ਨਿਰਧਾਰਤ ਹੈ। ਪਸ਼ਤੂਨ ਮੂਲ ਦੇ ਤਾਲਿਬਾਨ ਲੜਾਕਿਆਂ ਨੇ, ਅਫਗਾਨਿਸਤਾਨ ਦੇ ਬਹੁਤ ਸਾਰੇ ਸੂਬਿਆਂ ਵਿੱਚ ਸਮਾਨਾਂਤਰ ਸਰਕਾਰ ਕਾਇਮ ਕੀਤੀ ਹੋਈ ਹੈ ਅਤੇ ਹੁਣ ਉਹ ਵਾਰ-ਵਾਰ ਕਾਬਲ ਦੇ ਅੰਦਰੂਨੀ ਇਲਾਕਿਆਂ ਵਿੱਚ ਵੀ ਦਸਤਕ ਦੇ ਰਹੇ ਹਨ। ਅਮਰੀਕੀ ਅੰਬੈਸੀ ’ਤੇ ਹਮਲਾ, ਸਾਬਕਾ ਪ੍ਰਧਾਨ ਰੱਬਾਨੀ ਦਾ ਕਤਲ, ਕਾਬਲ ਵਿਚਲੇ ਇੱਕ ਹਮਲੇ ਵਿੱਚ 70 ਅਮਰੀਕੀ ਫੌਜੀਆਂ ਦਾ ਜ਼ਖਮੀ ਹੋਣਾ ਆਦਿਕ ਪਿਛਲੇ ਹਫਤਿਆਂ ਦੌਰਾਨ, ਕਾਬਲ ਵਿੱਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਹਨ। ਅਮਰੀਕਾ ਨੇ ਇੱਕ ਪਾਸੇ ਹੱਕਾਨੀ ਨੈਟਵਰਕ ਨੂੰ ਦੋਸ਼ੀ ਦੱਸਦਿਆਂ, ਪਾਕਿਸਤਾਨ ਨੂੰ ਘੇਰਿਆ ਹੋਇਆ ਹੈ ਅਤੇ ਦੂਸਰੇ ਪਾਸੇ ਅਫਗਾਨਿਸਤਾਨ ਦੇ ਪ੍ਰਧਾਨ ਕਰਜ਼ਈ ਨੂੰ, ਨਵੀਂ ਦਿੱਲੀ ਭੇਜ ਕੇ ਭਾਰਤ ਨਾਲ ਇੱਕ ਅਖੌਤੀ ਸੁਰੱਖਿਆ ਸਮਝੌਤੇ ’ਤੇ ਦਸਤਖਤ ਕਰਵਾਏ ਹਨ। ਕਰਜ਼ਈ ਦੇ ਦਿੱਲੀ ਦੌਰੇ ਦੌਰਾਨ, ਅਮਰੀਕਾ ਦਾ ਅਫਗਾਨਿਸਤਾਨ ਵਿਚਲਾ ਰਾਜਦੂਤ ਵੀ ਦਿੱਲੀ ਵਿੱਚ ਮੌਜੂਦ ਸੀ।

ਭਾਵੇਂ ਪ੍ਰਧਾਨ ਕਰਜ਼ਈ ਨੇ, ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਲੱਛੇਦਾਰ ਸ਼ਬਦਾਂ ਦਾ ਇਸਤੇਮਾਲ ਕੀਤਾ – ‘ਪਾਕਿਸਤਾਨ ਸਾਡਾ ਜੁੜਵਾਂ ਭਰਾ ਹੈ ਅਤੇ ਭਾਰਤ ਇੱਕ ਭਰੋਸੇਮੰਦ ਦੋਸਤ।’ ਪਰ ਹਕੀਕਤ ਵਿੱਚ ਇਉਂ ਜਾਪਦਾ ਹੈ ਕਿ ਅਮਰੀਕਾ ਨੇ ਅਫਗਾਨਿਸਤਾਨ ਵਿੱਚੋਂ ਨਿਕਲਣ ਤੋਂ ਬਾਅਦ, ਅਫਗਾਨਿਸਤਾਨ ਵਿਚਲੇ ਆਪਣੇ ਮਾਰੂ ਏਜੰਡੇ ਦੀ ਲੀਜ਼ ਭਾਰਤ ਦੇ ਨਾਮ ਕਰ ਦਿੱਤੀ ਹੈ। ਭਾਰਤ-ਅਫਗਾਨ ਇਸ ਸਮਝੌਤੇ ਦੇ ਤਹਿਤ ਭਾਰਤ, ਅਫਗਾਨਿਸਤਾਨ ਦੇ ਫੌਜੀਆਂ ਨੂੰ ‘ਟਰੇਨਿੰਗ, ਉਪਕਰਣ ਅਤੇ ਹੋਰ ਲਾਜਿਸਟਿਕਸ ਸਹਾਇਤਾ’ ਪ੍ਰਦਾਨ ਕਰੇਗਾ। ਯਾਦ ਰਹੇ ਅਫਗਾਨਿਸਤਾਨ ਨੇ ਆਪਣੇ ਜੁੜਵੇਂ ਭਰਾ ਪਾਕਿਸਤਾਨ ਨਾਲ ਕਦੀ ਵੀ ਇਹੋ ਜਿਹਾ ਸਮਝੌਤਾ ਪਿਛਲੇ 64 ਵਰ੍ਹਿਆਂ ਵਿੱਚ ਨਹੀਂ ਕੀਤਾ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੁਸ਼ੱਰਫ ਨੇ ¦ਡਨ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਆਪਣੇ ਕਾਰਜਕਾਲ ਦੌਰਾਨ, ਉਸ ਨੇ ਪ੍ਰਧਾਨ ਜ਼ਰਦਾਰੀ ਨੂੰ ਅਫਗਾਨ-ਫੌਜੀਆਂ ਦੀ ਟਰੇਨਿੰਗ ਦੀ ਪੇਸ਼ਕਸ਼ ਕੀਤੀ ਸੀ ਪਰ ਕਦੀ ਇੱਕ ਵੀ ਅਫਗਾਨ ਫੌਜੀ ਟਰੇਨਿੰਗ ਲਈ, ਪਾਕਿਸਤਾਨ ਨਹੀਂ ਆਇਆ। ਭਾਰਤ-ਅਫਗਾਨਿਸਤਾਨ ਉਪਰੋਕਤ ਸਮਝੌਤੇ ਦਾ ਸਿੱਧਾ ਤੇ ਸਪੱਸ਼ਟ ਮਤਲਬ ਹੈ ਅਫਗਾਨਿਸਤਾਨ ਵਿੱਚ ਅਮਰੀਕੀ ਫੌਜਾਂ ਦੀ ਥਾਂ, ਭਾਰਤੀ ਫੌਜ ਦੀ ਮੌਜੂਦਗੀ। ਭਾਰਤੀ ਫੌਜ ਨੇ ਪਹਿਲਾਂ ਹੀ ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਦੇਸ਼ ਤਾਜ਼ਿਕਸਤਾਨ ਦੇ ਫੌਜੀ ਅਫਸਰਾਂ ਨੂੰ ਆਪਣੀ ਫੌਜੀ ਅਕੈਡਮੀਆਂ ਵਿੱਚ ਟਰੇਨਿੰਗ ਦਾ ਕੰਮ ਸ਼ੁਰੂ ਕੀਤਾ ਹੋਇਾ ਹੈ। ਯਾਦ ਰਹੇ, ਅਫਗਾਨਿਸਤਾਨ ਵਿੱਚ, 15 ਤੋਂ 20 ਫੀਸਦੀ ਅਬਾਦੀ ਤਾਜ਼ਿਕ ਮੂਲ ਦੇ ਲੋਕਾਂ ਦੀ ਹੈ ਅਤੇ ਉਹ ਪਸ਼ਤੂਨਾਂ (ਤਾਲਿਬਾਨਾਂ) ਜੇ ਕੱਟੜ ਵੈਰੀ ਅਤੇ ਅਮਰੀਕੀ ਪ੍ਰਸਤ ਹਨ। ਤਾਲਿਬਾਨਾਂ ਹੱਥੋਂ ਅਫਗਾਨਿਸਤਾਨ ਵਿੱਚ ਮਾਰੇ ਗਏ ਦੋ ਪ੍ਰਧਾਨ ਰੱਬਾਨੀ ਅਤੇ ਮਸੂਦ ਤਾਜ਼ਿਕ ਮੂਲ ਦੇ ਸਨ। ਸੋ ਜ਼ਾਹਰ ਹੈ ਕਿ ਭਾਰਤੀ ਫੌਜ ਦੀ ਅਫਗਾਨਿਸਤਾਨ ਵਿੱਚ ਮੌਜੂਦਗੀ ਨਾ-ਸਿਰਫ ਪਾਕਿਸਤਾਨ ਨੂੰ ਤੁਖਣੀ ਦੇਣੀ ਸਾਬਤ ਹੋਏਗੀ ਬਲਕਿ ਤਾਲਿਬਾਨਾਂ ਨਾਲ ਪੱਕੇ ਤੌਰ ’ਤੇ ਵੈਰ ਸਹੇੜਨਾ ਵੀ ਹੋਵੇਗਾ। ਸਾਨੂੰ ਇਹ ਖਦਸ਼ਾ ਵੀ ਹੈ ਕਿ ਇਸ ਮਕਸਦ ਲਈ ਸਿੱਖ ਫੌਜ ਨੂੰ ਇਵੇਂ ਹੀ ਕੁਰਬਾਨੀ ਦਾ ਬੱਕਰਾ ਬਣਾਇਆ ਜਾਵੇਗਾ ਜਿਵੇਂ ਕਿ ਸ੍ਰੀ¦ਕਾ ਵਿੱਚ ‘ਪੀਸ ਕੀਪਿੰਗ ਫੋਰਸ’ ਦੇ ਨਾਂ ਹੇਠ, ਹਜ਼ਾਰਾਂ ਸਿੱਖ ਫੌਜੀਆਂ ਨੂੰ ਮਰਵਾਇਆ ਗਿਆ ਸੀ। ਅਖੀਰ ਅਫਗਾਨਿਸਤਾਨ ਵਿੱਚ ਭਾਰਤੀ ਫੌਜ ਜਾਂ ਉਸ ਦੇ ਟਰੇਂਡ ਕੀਤੇ ਫੌਜੀਆਂ ਦਾ ਹਸ਼ਰ ਵੀ ਉਹੀ ਹੋਵੇਗਾ, ਜੋ ਕਿ ਭਾਰਤੀ ਫੌਜ ਦਾ ਸ੍ਰੀ¦ਕਾ ਵਿੱਚ ਹੋਇਆ ਸੀ। ਜੇ ਪਿਛਲੇ 30 ਸਾਲਾਂ ਵਿੱਚ ਦੋ ਸੁਪਰ ਪਾਵਰਾਂ (ਸੋਵੀਅਤ ਯੂਨੀਅਨ ਅਤੇ ਅਮਰੀਕਾ) ਅਫਗਾਨਿਸਤਾਨ ਵਿੱਚੋਂ ਦੁੰਮਦੁਮਾ ਕੇ ਭੱਜਣ ਲਈ ਮਜ਼ਬੂਰ ਹੋਈਆਂ ਹਨ ਤਾਂ ਭਾਰਤ, ਕਿਹੜੇ ਬਾਗ ਦੀ ਮੂਲੀ ਹੈ?

ਕੁਝ ਭਾਰਤ ਦੇ ਸਿਆਣੇ ਮਾਹਿਰਾਂ ਅਤੇ ਡਿਪਲੋਮੇਟਾਂ ਨੇ ਵੀ ਭਾਰਤ ਸਰਕਾਰ ਨੂੰ ਇਹ ਹੀ ਸਲਾਹ ਦਿੱਤੀ ਸੀ ਕਿ ਉਹ ਅਫਗਾਨਿਸਤਾਨ ਸਬੰਧੀ ‘ਦੂਰ ਰਹੋ’ (ਹੈਂਡਜ਼ ਆਫ) ਨੀਤੀ ’ਤੇ ਅਮਲ ਕਰਨ ਪਰ ਇਉਂ ਜਾਪਦਾ ਹੈ ਕਿ ਭਾਰਤੀ ਨੀਤੀ-ਘਾੜਿਆਂ ਵਿੱਚ, ਅਖੰਡ ਭਾਰਤ (ਅਫਗਾਨਿਸਤਾਨ ਤੋਂ ਕੰਨਿਆਕੁਮਾਰੀ ਤੱਕ) ਦੇ ਸਮਰਥਕਾਂ ਦਾ ਬੋਲਬਾਲਾ ਹੋ ਚੁੱਕਾ ਹੈ ਅਤੇ ਉਹ ਜ਼ਮੀਨੀ ਹਕੀਕਤ ਨਾਲੋਂ ਜਾਨੂੰਨੀ ਵਰਤਾਰੇ ਵਿੱਚ ਜ਼ਿਆਦਾ ਵਿਸ਼ਵਾਸ਼ ਰੱਖਦੇ ਹਨ। ਇਤਿਹਾਸ ਦੇ ਵਿਦਿਆਰਥੀਆਂ ਨੂੰ ਪਤਾ ਹੈ ਕਿ ਅਫਗਾਨਿਸਤਾਨ ਵਿੱਚ ਇੱਕ ਪਹਾੜੀ ਦਾ ਨਾਂ ‘ਹਿੰਦੂਕੁਸ਼’ ਹੈ। ਇਸ ਨਾਂ ਦਾ ਪਿਛੋਕੜ ਇਹ ਹੈ ਕਿ ਜਦੋਂ ਹਿੰਦੂ ਰਾਜੇ ਜੈਪਾਲ ਨੇ ਭਾਰੀ ਹਿੰਦੂ ਫੌਜ ਨਾਲ ਅਫਗਾਨਾਂ ’ਤੇ ਚੜ੍ਹਾਈ ਕੀਤੀ ਸੀ ਤਾਂ ਇਸ ਪਹਾੜੀ ਦੇ ਨੇੜੇ ਅਫਗਾਨਾਂ ਨੇ ਘੇਰ ਕੇ ਸਾਰੀ ਦੀ ਸਾਰੀ ਹਿੰਦੂ ਫੌਜ ਮਾਰ ਮੁਕਾਈ ਸੀ, ਜਿਸ ਤੋਂ ਪਹਾੜੀ ਦਾ ਨਾਂ ‘ਹਿੰਦੂਕੁਸ਼’ ਰੱਖਿਆ ਗਿਆ। ਕੀ ਭਾਰਤੀ ਹਾਕਮ ਹੁਣ ‘ਹਿੰਦੂਕੁਸ਼-2’ ਨਾਂ ਧਰਾਉਣ ਦੇ ਰਸਤੇ ਤਾਂ ਨਹੀਂ ਤੁਰ ਪਏ?

ਅਫਗਾਨਿਸਤਾਨ ਨਾਲ ਸਮਝੌਤੇ ਦੀ ਕੜਵਾਹਟ ਅਜੇ ਸਾਊਥ ਏਸ਼ੀਆ ਦੀ ਫਿਜ਼ਾ ਵਿੱਚੋਂ ਗਾਇਬ ਨਹੀਂ ਸੀ ਹੋਈ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਪਾਕਿਸਤਾਨ ਨੂੰ ਤੜਫਾਉਣ ਵਾਲਾ ਇੱਕ ਹੋਰ ਤੀਰ ਛੱਡਿਆ ਹੈ। 11 ਅਕਤੂਬਰ ਨੂੰ ਦਿੱਲੀ ਵਿੱਚ ਫੌਜੀ ਜਰਨੈਲਾਂ ਦੇ ਇਕੱਠ (ਤਿੰਨੋਂ ਫੌਜੀ ਅੰਗਾਂ- ਜਲ, ਥਲ ਅਤੇ ਹਵਾਈ) ਨੂੰ ਸੰਬੋਧਨ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ, ‘‘ਸਾਡੇ ਗੁਆਂਢ ਵਿੱਚ ਨੀਊਕਲੀਅਰ ਹਥਿਆਰਾਂ ਦੀ ਸੁਰੱਖਿਆ ਅਤੇ ਫੈਲਾਅ ਸਾਡੇ ਲਈ ਇੱਕ ਗੰਭੀਰ ਚੈ¦ਿਜ ਹੈ… ਅੰਤਰਰਾਸ਼ਟਰੀ ਵਿਉਂਤਬੰਧੀ ਅਤੇ ਸਿਆਸੀ ਮਾਹੌਲ ਬਦਲ ਗਿਆ ਹੈ ਅਤੇ ਖਰਾਬ ਹੋ ਰਹੀਆਂ ਸਥਿਤੀਆਂ ਵਿੱਚ ਭਾਰਤ ਦੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਦੀ ਕਾਫੀ ਵੁੱਕਤ ਹੈ। ਕਿਉਂਕਿ ਦੂਸਰੀਆਂ ਵੱਡੀਆਂ ‘ਗਲੋਬਲ ਸ਼ਕਤੀਆਂ’ ਆਪੋ-ਆਪਣੇ ਚੈ¦ਿਜਾਂ ਵਿੱਚ ਰੁੱਝ ਗਈਆਂ ਹਨ, ਇਸ ਲਈ ਕੁਝ ਮਸਲਿਆਂ ਵਿੱਚ ਸਾਂਝਾ ਗਲੋਬਲ ਯਤਨ ਸੰਭਵ ਨਹੀਂ ਹੈ, ਸੋ ਇਸ ਲਈ ਭਾਰਤ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਆਪਣੇ ਪੈਰਾਂ ’ਤੇ ਖਲੋ ਕੇ ਕਾਰਵਾਈ ਕਰਨ ਦੀ ਲੋੜ ਹੈ….।’’

ਪੰਜਾਬ ਦੇ ਅਖਾਣ ‘ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ’ ਅਨੁਸਾਰ ਭਾਰਤੀ ਪ੍ਰਧਾਨ ਮੰਤਰੀ, ਪਾਕਿਸਤਾਨ ਨੂੰ ਸਪੱਸ਼ਟ ਸੁਨੇਹਾ ਦੇ ਰਹੇ ਹਨ ਕਿ ਤੁਹਾਡੇ ਨੀਊਕਲੀਅਰ ਹਥਿਆਰ ਦਹਿਸ਼ਤਗਰਦਾਂ ਦੇ ਹੱਥਾਂ ਵਿੱਚ ਹਨ ਅਤੇ ਅਸੀਂ ਭਵਿੱਖ ਵਿਚਲੀ ਕਿਸੇ ਗਲੋਬਲ ਕਾਰਵਾਈ ਦੀ ਉਡੀਕ ਤੋਂ ਬਿਨਾਂ, ਆਪਣੇ ਤੌਰ ’ਤੇ ਐਕਸ਼ਨ ਲੈਣ ਦੀ ਨੀਤੀ ’ਤੇ ਅਮਲ ਕਰਾਂਗੇ। ਇਹੋ ਜਿਹੀਆਂ ਫੜ੍ਹਾਂ ਹੀ ਭਾਰਤੀ ਫੌਜ ਦਾ ਮੁਖੀ ਜਨਰਲ ਵਿਜੇ ਕੁਮਾਰ ਸਿੰਘ ਵੀ ਲਗਾਤਾਰਤਾ ਨਾਲ ਮਾਰ ਰਿਹਾ ਹੈ। ਭਾਰਤੀ ਹਾਕਮਾਂ ਦੀ ਆਪਣੇ ਗੁਆਂਢੀਆਂ ਪ੍ਰਤੀ ਇਹ ਤ੍ਰਿਸਕਾਰ ਪੂਰਨ ਅਤੇ ਧਮਕੀਆਂ ਭਰਪੂਰ ਪਹੁੰਚ, ਕੀ ਹਾਲਤ ਨੂੰ ਬਦਤਰ ਬਣਾਉਣ ਦਾ ਸੱਦਾ ਨਹੀਂ ਹੈ?

ਭਾਰਤ ਨੂੰ ਇੱਕ ਜ਼ਿੰਮੇਵਾਰ, ਵੱਡੇ ਗੁਆਂਢੀ ਵਾਂਗ, ਪਾਕਿਸਤਾਨ ਨਾਲ ਹਮਜੋਲੀ ਵਾਲਾ ਰਿਸ਼ਤਾ ਕਾਇਮ ਕਰਨ ਲਈ ਪੇਸ਼ਕਦਮੀਂ ਕਰਨੀ ਚਾਹੀਦੀ ਸੀ। 2014 ਤੋਂ ਬਾਅਦ, ਸਾਊਥ ਏਸ਼ੀਆ ਵਿੱਚ ਸਦੀਵੀ ਸ਼ਾਂਤੀ ਤੇ ਖੁਸ਼ਹਾਲੀ ਦੀ ਖਾਤਰ, ਪਾਕਿਸਤਾਨ ਨਾਲ ਬਗਲਗੀਰ ਹੋਣ ਲਈ, ਕੁਝ ਦੋਸਤਾਨਾ ਕਦਮ ਚੁੱਕਣੇ ਚਾਹੀਦੇ ਸਨ ਤਾਂਕਿ ਉਹ ਅਸੁਰੱਖਿਅਤ ਮਹਿਸੂਸ ਨਾ ਕਰਦਾ। ਪਰ ਇਉਂ ਜਾਪਦਾ ਹੈ ਕਿ ਭਾਰਤੀ ਹਾਕਮਾਂ ਨੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਿਆ। 1979 ਵਿੱਚ ਸੋਵੀਅਤ ਯੂਨੀਅਨ ਵਲੋਂ ਅਫਗਾਨਿਸਤਾਨ ’ਤੇ ਜਦੋਂ ਕਬਜ਼ਾ ਕੀਤਾ ਗਿਆ ਤਾਂ ਇੰਦਰਾ ਗਾਂਧੀ ਸਰਕਾਰ ਨੇ ਖੁੱਲ੍ਹ ਕੇ ਸੋਵੀਅਤ ਯੂਨੀਅਨ ਦੀ ਹਮਾਇਤ ਕੀਤੀ। ਜਦੋਂ ਅਫਗਾਨ 1979 ਤੋਂ 1991 ਤੱਕ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਸਨ ਤਾਂ ਭਾਰਤੀ ਹਾਕਮ, ਕਾਬਜ਼ ਧਿਰ ਸੋਵੀਅਤ ਯੂਨੀਅਨ ਦੇ ਨਾਲ ਖੜੇ ਸਨ। 2001 ਵਿੱਚ ਜਦੋਂ ਅਮਰੀਕਾ ਨੇ ਅਫਗਾਨਿਸਤਾਨ ’ਤੇ ਧਾਵਾ ਬੋਲਿਆ ਤਾਂ ਭਾਰਤੀ ਹਾਕਮ, ਅਮਰੀਕਾ ਦੇ ਨਾਲ ਖੜ ਗਏ। ਪਿਛਲੇ 10 ਸਾਲਾਂ ਤੋਂ ਨਾ ਸਿਰਫ ਉਹ ਅਮਰੀਕਾ ਦੇ ਹਮਾਇਤੀ ਹੀ ਹਨ ਬਲਕਿ 2014 ਵਿੱਚ ਉਸ ਦੇ ਅਫਗਾਨਿਸਤਾਨ ’ਚੋਂ ਨਿਕਲਣ ਤੋਂ ਬਾਅਦ ਅਮਰੀਕਾ ਦੇ ਠੇਕੇਦਾਰ ਬਣ ਕੇ, ਅਫਗਾਨਿਸਤਾਨ ਵਿੱਚ ਬਹਿਣ ਨੂੰ ਤਿਆਰ ਹਨ। ਭਾਰਤ ਦਾ ਅਫਗਾਨਿਸਤਾਨ ਨਾਲ ਕੋਈ ਬਾਰਡਰ ਵੀ ਨਹੀਂ ਲੱਗਦਾ ਜਦੋਂਕਿ ਪਾਕਿਸਤਾਨ ਦੀ 3000 ਕਿਲੋਮੀਟਰ ਤੋਂ ਜ਼ਿਆਦਾ ਸੀਮਾ ਅਫਗਾਨਿਸਤਾਨ ਨਾਲ ਲੱਗਦੀ ਹੈ ਅਤੇ ਪਾਕਿਸਤਾਨ ਵਿੱਚ, ਅਫਗਾਨਿਸਤਾਨ ਨਾਲੋਂ ਜ਼ਿਆਦਾ ਗਿਣਤੀ ਵਿੱਚ ਪਖਤੂਨ ਮੂਲ ਦੇ ਪਠਾਣ ਵਸਦੇ ਹਨ। ਜੇ ਭਾਰਤ, ਅਫਗਾਨਿਸਤਾਨ ਵਿੱਚ ਸਿੱਧੇ ਤੌਰ ’ਤੇ ਦਖਲਅੰਦਾਜ਼ੀ ਕਰਦਾ ਹੈ ਤਾਂ ਅਫਗਾਨਿਸਤਾਨ-ਪਾਕਿਸਤਾਨ ਦੀਆਂ ਸਰਕਾਰਾਂ ਹੀ ਨਹੀਂ ਬਲਕਿ ਆਮ ਲੋਕਾਂ ਦੀ ਵੀ ਕੀ ਪ੍ਰਤੀਕ੍ਰਿਆ ਹੋਵੇਗੀ, ਕੀ ਇਸ ਬਾਰੇ ਕੋਈ ਭੁਲੇਖਾ ਬਾਕੀ ਰਹਿ ਜਾਂਦਾ ਹੈ? ਭਾਰਤ ਦੇ ਕਮ-ਅਕਲ, ਹਾਕਮ ਅਤੇ ਹਿੰਦੂਤਵੀ ਪ੍ਰਭਾਵ ਹੇਠਲੇ ਜਨੂੰਨੀ ਨੀਤੀਘਾੜੇ, ਸਾਊਥ ਏਸ਼ੀਆ ਨੂੰ ਨੀਊਕਲੀਅਰ ਜੰਗੀ-ਮੈਦਾਨ ਬਣਾਉਣ ਦੇ ਰਸਤੇ ’ਤੇ ਤੁਰ ਨਿਕਲੇ ਹਨ। ਕੀ ਕੋਈ ਇਨ੍ਹਾਂ ਨੂੰ ਅਕਲ-ਦਾਨ ਦੇ ਸਕਦਾ ਹੈ?

-(ਧੰਨਵਾਦ ਸਹਿਤ ਹਫਤਾਵਾਰੀ ਚੜ੍ਹਦੀਕਲਾ ਕੈਨੇਡਾ ਵਿਚੋਂ …)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,