ਖਾਸ ਖਬਰਾਂ

ਜੰਮੂ ਦੇ ਗੁਰਦੁਵਾਰਾ ਸਿੰਘ ਸਭਾ ’ਚ 1984 ਦੌਰਾਨ ਵਾਪਰੇ ਦੁਖਾਂਤ ਦਾ ਸੱਚ ਚਸ਼ਮਦੀਦਾਂ ਦੀ ਜ਼ੁਬਾਨੀ

April 23, 2011 | By

eye witness goli kandਦਸੂਹਾ (23 ਅਪ੍ਰੈਲ, 2011): ਸਾਲ 1984′ ਦਾ ਨਾਂ ਜਦੋਂ ਵੀ ਕਿਤੇ ਸੁਨਣ ਨੂੰ ਜਾਂ ਪੜ੍ਹਨ ਨੂੰ ਮਿਲਦਾ ਹੈ ਤਾਂ ਇਸ ਨੂੰ ਪੜ੍ਹਦਿਆਂ ਜਾਂ ਸੁਣਦਿਆਂ ਹੀ ਹਰ ਉਹ ਵਿਅਕਤੀ ਸੁੰਨ ਜਿਹਾ ਹੋ ਜਾਂਦਾ ਹੈ, ਕਿਉਂਕਿ ਇਸ ਨਾਲ ਜੁੜੀ ਘਟਨਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਹ ਉਹ ਮਨਹੂਸ ਸਾਲ ਹੈ, ਜਿਸ ਦੌਰਾਨ ਭਾਰਤ ਵਿਚ ਐਸੀ ਅੱਗ ਲੱਗੀ, ਜਿਸ ਨੇ ਭਾਰਤ ਦੇ ਹਰ ਪ੍ਰਾਂਤ ਨੂੰ ਸੇਕ ਪਹੁੰਚਾਇਆ ਅਤੇ ਪੂਰੀ ਦੁਨੀਆਂ ਵਿਚ ਵਸਦੇ ਸਾਰੇ ਸਿੱਖਾਂ ਦੇ ਹਿਰਦੇ ਵੰਲੂਧਰੇ ਗਏ।

ਇੱਕ ਨਵੰਬਰ 1984 ਦਿਨ ਵੀਰਵਾਰ ਜੰਮੂ ਦੀ ਤਹਿਸੀਲ ਰਿਆਸੀ ਵਿਚ ਬਨਣ ਵਾਲੇ ਸਲਾਲ ਡੈਮ ਦੀ ਤਲਵਾੜਾ ਕਲੋਨੀ ਦੇ ਗੁਰਦੁਵਾਰਾ ਸਿੰਘ ਸਭਾ ਵਿੱਚ 1984 ਦੇ ਦੰਗਾਕਾਰੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਸਿੱਖ ਸੰਗਤਾਂ ‘ਤੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰਾ ਦਿੱਤਾ, ਜਿਸ ਵਿਚ ਕਈ ਬੇਕਸੂਰੇ ਲੋਕਾਂ ਦਾ ਖ਼ੂਨ ਡੁੱਲ੍ਹਿਆ।

ਇਸ ਮੰਦਭਾਗੀ ਘਟਨਾ ਦੇ ਚਸ਼ਮਦੀਦ ਸ.ਕਾਬਲ ਸਿੰਘ ਵਾਸੀ ਦੇਹਰੀਵਾਲ ਤਹਿਸੀਲ ਟਾਂਡਾ ਨੇ ਦੱਸਿਆ ਕਿ ਲਗਭਗ ਪੰਜਾਹ ਸੱਠ ਦੰਗਾਕਾਰੀਆਂ ਦਾ ਟੋਲਾ ਗੁਰਦਵਾਰਾ ਸਾਹਿਬ ਵੱਲ ਵਧਿਆ, ਜਿਨ੍ਹਾਂ ਦੇ ਹੱਥਾਂ ਵਿੱਚ ਭਾਰੀ ਅਸਲਾ ਸੀ, ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ ਕੀਤੀ ਪਰ ਸਿੰਘਾਂ ਨੇ ਇਹ ਸਭ ਹੋਣ ਨਾ ਦਿੱਤਾ ਜਿਸ ਤੋਂ ਭੜਕ ਕੇ ਦੰਗਾਕਾਰੀਆਂ ਨੇ ਬੇਕਸੂਰ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਵਰਾਉਣੀਆ ਸ਼ੁਰੂ ਕਰ ਦਿੱਤੀਆਂ। ਪਲ ਭਰ ਵਿਚ ਉਨ੍ਹਾਂ ਦੰਗਾਕਾਰੀਆਂ ਨੇ ਕਈ ਬੇਕਸੂਰ ਲੋਕਾਂ ਨੂੰ ਮਾਰ ਮੁਕਾਇਆ। ਅੱਖ ਦੇ ਝਪਕੇ ਨਾਲ ਸਭ ਖ਼ਤਮ ਹੋ ਗਿਆ, ਜਿੱਥੇ ਆ ਕੇ ਸੰਗਤਾਂ ਨੇ ਬੈਠਣਾ ਸੀ, ਉਥੇ ਲਾਸ਼ਾਂ ਦਾ ਢੇਰ ਵਿਛ ਚੁੱਕਾ ਸੀ। ਔਰਤਾਂ ਜੋ ਵਿਧਵਾ ਹੋ ਚੁੱਕੀਆਂ ਸਨ, ਆਪਣੇ ਪਤੀਆਂ ਦੀਆਂ ਲਾਸ਼ਾਂ ਪਛਾਣ ਰਹੀਆਂ ਸਨ। ਜਿਸ ਜਗ੍ਹਾ ਕੀਰਤਨ ਹੋਣਾ ਸੀ, ਉਥੇ ਹੁਣ ਵੈਣ ਪੈ ਰਹੇ ਸਨ। ਕੜ੍ਹਾਹ ਪ੍ਰਸ਼ਾਦਿ ਵਾਲੇ ਬਾਟੇ ਵੀ ਸਿੰਘਾਂ ਦੇ ਖ਼ੂਨ ਨਾਲ ਭਰੇ ਪਏ ਸਨ। ਸਾਰੇ ਪਾਸੇ ਚੀਕ ਚਿਹਾੜਾ ਸੀ।

ਇਕ ਹੋਰ ਬੀਬੀ ਕਿਸ਼ਨ ਕੌਰ ਵਾਸੀ ਭਾਨਾ ਤਹਿਸੀਲ ਦਸੂਹਾ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੇ ਪਤੀ ਰੇਸ਼ਮ ਸਿੰਘ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ, ਨੂੰ ਮੇਰੇ ਸਾਹਮਣੇ ਗੋਲੀ ਮਾਰ ਦਿੱਤੀ ਗਈ। ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਇਹ ਕੀ ਹੋ ਗਿਆ ਹੈ।

ਰਾਮ ਰਸ਼ਪਾਲ ਸਿੰਘ ਜੋ ਕਿ ਪਿੰਡ ਮੂਨਕਾ ਨੇੜੇ ਟਾਂਡਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ, ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ, ਪਰ ਇਸ ਗੱਲ ਦਾ ਪਤਾ ਰਸ਼ਪਾਲ ਦੇ ਘਰ ਵਾਲੀਆਂ ਨੂੰ ਦਸ ਬਾਰਾਂ ਦਿਨਾਂ ਬਾਅਦ ਪਤਾ ਲੱਗਾ ਕਿੳਕਿ ਇਹ ਵਾਰਦਾਤ ਹੋਣ ਤੋਂ ਬਾਦ ਕਰਫਿਊ ਲੱਗ ਗਿਆ ਸੀ। ਜਦੋਂ ਰਾਮ ਰਸ਼ਪਾਲ ਦੇ ਘਰ ਵਾਲੇ ਸਲਾਲ ਡੈਮ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਰਾਮ ਰਸ਼ਪਾਲ ਸਿੰਘ ਸਿੰਘ ਦੀ ਨਿਸ਼ਾਨੀ ਦੇ ਤੌਰ ਪੱਗ ਹੀ ਮਿਲੀ, ਜੋ ਰਾਮ ਰਸ਼ਪਾਲ ਸਿੰਘ ਦੇ ਲੜਕੇ ਹਰਵੀਰ ਸਿੰਘ ਨੇ ਹੁਣ ਤੱਕ ਸਾਂਭ ਕੇ ਰੱਖੀ ਹੈ।

ਰਾਮ ਰਸ਼ਪਾਲ ਸਿੰਘ ਦੀ ਵਿਧਵਾ ਪਤਨੀ ਸੁਦੇਸ਼ ਕੌਰ ਨੇ ਦੱਸਿਆ ਕਿ ਜਦੋਂ ਇਹ ਭਾਣਾ ਵਰਤਿਆ, ਉਸ ਵਕਤ ਮੇਰੀ ਉਮਰ ਮਸਾਂ 26 ਕੁ ਸਾਲ ਸੀ ਤੇ ਮੇਰਾ ਲੜਕਾ ਚਾਰ ਕੁ ਮਹੀਨਿਆਂ ਦਾ ਮੇਰੇ ਕੁੱਛੜ ਸੀ।
ਸ. ਕਾਬਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਦਰਦਨਾਕ ਵਾਕਿਆ ਯਾਦ ਆਉਂਦਾ ਹੈ ਤਾਂ ਬਦੋ ਬਦੀ ਭੁੱਬਾਂ ਨਿਕਲ ਆਉਂਦੀਆਂ ਹਨ। ਹੁਣ 27 ਸਾਲ ਬੀਤ ਜਾਣ ‘ਤੇ ਵੀ ਸਾਨੂੰ ਇਨਸਾਫ਼ ਨਹੀਂ ਮਿਲਿਆ, ਦੋਸ਼ੀ ਅੱਜ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਘੁੰਮਦੇ ਫਿਰਦੇ ਹਨ ਪਰ ਉਨ੍ਹਾਂ ਨੂੰ ਸਜ਼ਾ ਦੇਣ ਵਾਲਾ ਕੋਈ ਨਹੀਂ। ਹੁਣ ਤੱਕ ਕਿੰਨੀਆਂ ਸਰਕਾਰਾਂ ਆਈਆਂ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ, ਨਾ ਹੀ ਕਿਸੇ ਨੇ ਸਾਡੇ ਨਾਲ ਦੁੱਖ ਸਾਂਝਾ ਕੀਤਾ। ਅਜਿਹੇ ਹਾਲਾਤ ਵਿਚੋਂ ਗੁਜ਼ਰਨ ਤੋਂ ਬਾਅਦ ਅਸੀਂ ਆਪਣੇ ਬੱਚੇ ਕਿਵੇਂ ਪਾਲੇ ਇਹ ਸਾਨੂੰ ਹੀ ਪਤਾ ਹੈ। ਸਮੇਂ ਨੇ ਜੋ ਜ਼ਖ਼ਮ ਸਾਨੂੰ ਦਿੱਤੇ ਉਹ ਹੁਣ ਨਾਸੂਰ ਬਣ ਚੁੱਕੇ ਹਨ, ਇਹ ਆਖਰੀ ਸਾਹਾਂ ਤੱਕ ਇਸ ਜਿਸਮ ਦੇ ਨਾਲ ਚਿੰਬੜ੍ਹੇ ਰਹਿਣਗੇ। ਉਨ੍ਹਾਂ ਆਖਿਆ ਕਿ ਹੁਣ ਤਾਂ ਸਾਡੀ ਆਖਰੀ ਇੱਛਾ ਇਹ ਹੈ ਕਿ ਅਸੀਂ ਨਿਆਂ ਚਾਹੁੰਦੇ ਹਾਂ ਕਿਉਂਕਿ ਸਾਡੀ ਅਜੇ ਵੀ ਇਸ ਗੱਲ ‘ਤੇ ਆਸ ਟਿਕੀ ਹੋਈ ਹੈ ਕਿ ਪ੍ਰਮਾਤਮਾ ਦੇ ਘਰ ਦੇਰ ਹੈ ਪਰ ‘ਨੇਰ੍ਹ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: