ਲੇਖ » ਸਿੱਖ ਖਬਰਾਂ

ਸੁਰਿੰਦਰਪਾਲ ਸਿੰਘ : ਜੁਝਾਰੂ ਲਹਿਰ ਦਾ ਸਿਧਾਂਤਕ ਯੋਧਾ

August 15, 2015 | By

ਜੁਝਾਰੂ ਲਹਿਰ ਨੂੰ ਸਿਧਾਂਤਾਂ ਉਤੇ ਅਧਾਰਿਤ ਰਾਜਨੀਤਿਕ ਮੋੜ ਦੇਣ ਵਿਚ ਸੁਰਿੰਦਰਪਾਲ ਸਿੰਘ ਦਾ ਰੋਲ ਇਕ ਇਤਿਹਾਸਕ ਯਾਦਗਾਰ ਬਣਿਆ ਰਹੇਗਾ। ਅੱਜ ਉਹ ਭਾਵੇਂ ਸਾਡੇ ਵਿਚ ਮੌਜੂਦ ਨਹੀਂ, ਪਰ ਜਦੋਂ ਕਦੇ ਵੀ ਇਤਿਹਾਸਕਾਰ ਜੁਝਾਰੂ ਲਹਿਰ ਉਤੇ ਆਏ ਪੱਤਝੜ ਦੇ ਦੌਰ ਦੇ ਪਿੱਛੋਂ ਉਸ ਲਹਿਰ ਉਤੇ ਆਈ ਰਾਜਨੀਤਿਕ ਬਹਾਰ ਦੇ ਕਾਰਨਾਂ ਦਾ ਜ਼ਿਕਰ ਕਰਨਗੇ ਤਾਂ ਸੁਰਿੰਦਰਪਾਲ ਸਿੰਘ ਦੀਆਂ ਕੋਸ਼ਿਸ਼ਾਂ ਨੂੰ ਉਸ ਦੌਰ ਵਿੱਚ ਸਿਰਮੌਰ ਸਥਾਨ ਹਾਸਲ ਹੋਵੇਗਾ। ਉਹ ਉਸ ਦੌਰ ਦਾ ਨਾਇਕ ਹੋਵੇਗਾ। ਇਕ ਵਿਦਵਾਨ ਅਨੁਸਾਰ ਇਤਿਹਾਸ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਇਤਿਹਾਸ ਉਹ ਹੁੰਦਾ ਹੈ ਜਿਸ ਵਿਚ ਸਾਧਾਰਨ ਘਟਨਾਵਾਂ ਦੀ ਇਕ ਖ਼ੁਸ਼ਕ ਲੜੀ ਹੁੰਦੀ ਹੈ। ਇਹ ਇਕ ਅਜਿਹਾ ਦੌਰ ਹੁੰਦਾ ਹੈ ਜਿਸ ਵਿੱਚ ਲੋਕਾਂ ਦੇ ਅੰਦਰ ਪ੍ਰੇਰਣਾ ਅਤੇ ਉਤਸ਼ਾਹ ਦੇ ਸਾਰੇ ਸੋਮੇ ਮੁੱਕ ਗਏ ਹੁੰਦੇ ਹਨ। ਸੱਚ ਦੀ ਕੋਈ ਲਕੀਰ ਵੀ ਨਜ਼ਰ ਨਹੀਂ ਆਉਂਦੀ। ਪਰ ਇਕ ਇਤਿਹਾਸ ਉਹ ਹੁੰਦਾ ਹੈ ਜਿਥੇ ਘਟਨਾਵਾਂ ਮਹਾਨ ਆਦਰਸ਼ਾਂ ਨਾਲ, ਮਹਾਨ ਨਿਸ਼ਾਨਿਆਂ ਨਾਲ ਲੈਸ ਹੁੰਦੀਆਂ ਹਨ। ਸੁਰਿੰਦਰਪਾਲ ਸਿੰਘ ਇਹੋ ਜਿਹੇ ਆਦਰਸ਼ਕ ਇਤਿਹਾਸ ਦਾ ਹਿੱਸਾ ਸੀ।

ਭਾਈ ਸੁਰਿੰਦਰਪਾਲ ਸਿੰਘ ਠਰੂਆ

ਭਾਈ ਸੁਰਿੰਦਰਪਾਲ ਸਿੰਘ ਠਰੂਆ

ਜਦੋਂ ਜੁਝਾਰੂ ਲਹਿਰ ਆਪਣੀ ਸਿਖ਼ਰ ਨੂੰ ਹੰਢਾ ਕੇ ਹੇਠਾਂ ਵੱਲ ਜਾ ਰਹੀ ਸੀ ਤਾਂ ਉਹ ਦੌਰ ਸੱਚ ਮੁੱਚ ਹੀ ਬਹੁਤ ਉਦਾਸ ਕਰਨ ਵਾਲਾ ਸੀ। ਉਸ ਲਹਿਰ ਦੇ ਰੂਹੇ ਰਵਾਂ ਅਤੇ ਚੋਟੀ ਦੇ ਨੇਤਾ ਸ਼ਹੀਦ ਹੋ ਚੁੱਕੇ ਸਨ। ਭਾਈ ਦਲਜੀਤ ਸਿੰਘ ਗ੍ਰਿਫ਼ਤਾਰ ਹੋ ਗਏ ਸਨ। ਸੁਰਿੰਦਰਪਾਲ ਸਿੰਘ ਆਪਣੇ ਪਿੰਡੇ ਉਤੇ ਪੁਲਿਸ ਦੇ ਘੋਰ ਤਸ਼ੱਦਦ ਨੂੰ ਹੰਢਾਉਣ ਪਿਛੋਂ ਜਦੋਂ ਬਾਹਰ ਆਇਆ ਤਾਂ ਉਸ ਦੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਜੁਝਾਰੂ ਲਹਿਰ ਨੂੰ ਨਵਾਂ ਮੋੜ ਕਿਵੇਂ ਦਿੱਤਾ ਜਾਵੇ, ਤਾਂ ਜੋ ਉਸ ਲਹਿਰ ਦੀ ਸ਼ਾਨੋ ਸ਼ੌਕਤ, ਉਸ ਲਹਿਰ ਦੇ ਆਦਰਸ਼ ਅਤੇ ਉਸ ਲਹਿਰ ਦਾ ਅੰਤਰੀਵ ਦਰਦ ਵੀ ਸਲਾਮਤ ਰਹੇ ਅਤੇ ਨਾਲ ਹੀ ਉਸ ਲਹਿਰ ਨੂੰ ਰਾਜਨੀਤਿਕ ਰੰਗ ਵਿਚ ਵੀ ਪੇਸ਼ ਕੀਤਾ ਜਾਵੇ। ਉਸ ਦਾ ਖ਼ਿਆਲ ਸੀ ਕਿ ਹਥਿਆਰਬੰਦ ਜੰਗ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਹੁਣ ਵਿਚਾਰਾਂ ਦੀ ਜੰਗ ਦਾ ਆਗ਼ਾਜ਼ ਕੀਤੇ ਜਾਣ ਦੀ ਲੋੜ ਹੈ। ਇਹ ਕੰਮ ਜੇ ਅਸੰਭਵ ਨਹੀਂ ਸੀ ਤਾਂ ਮੁਸ਼ਕਲ ਜ਼ਰੂਰ ਸੀ। ਸਰਕਾਰ ਨੇ ਜੁਝਾਰੂ ਲਹਿਰ ਦੇ ਵਿਰੁੱਧ ਪ੍ਰਾਪੇਗੰਡੇ ਦਾ ਇਕ ਤੂਫ਼ਾਨ ਝੁਲਾਇਆ ਹੋਇਆ ਸੀ। ਰੇਡੀਓ, ਦੂਰਦਰਸ਼ਨ, ਅਖ਼ਬਾਰਾਂ ਅਤੇ ਸੰਚਾਰ ਦੇ ਸਾਰੇ ਸਾਧਨ ਲਹਿਰ ਦੇ ਵਿਰੁੱਧ ਝੋਕ ਦਿਤੇ ਗਏ ਸਨ। ਨੌਜਵਾਨਾਂ ਨੂੰ ਨਸ਼ਿਆਂ ਦੇ ਦਰਿਆ ਵਿੱਚ ਡੋਬਣ ਦੀਆਂ ਸਕੀਮਾਂ ਦਾ ਉਦਘਾਟਨ ਵੀ ਉਸੇ ਦੌਰ ਵਿਚ ਹੋਇਆ ਤਾਂ ਜੋ ਉਨ੍ਹਾਂ ਨੂੰ ਅਸਲੀਅਤ ਦਾ ਗਿਆਨ ਹੀ ਨਾ ਹੋਵੇ। ਦੂਜੇ ਪਾਸੇ ਮਿਥੇ ਪ੍ਰੋਗਰਾਮ ਤਹਿਤ ਅਸ਼ਲੀਲ ਅਤੇ ਲੱਚਰ ਕਿਸਮ ਦੇ ਸੰਗੀਤ ਨੂੰ ਹੱਲਾਸ਼ੇਰੀ ਦਿੱਤੀ ਗਈ। ਜੁਝਾਰੂ ਲਹਿਰ ਨੂੰ ਬਦਨਾਮ ਕਰਨ ਲਈ ਰਾਜਨੀਤਿਕ ਭੰਡਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਮੈਦਾਨ ਵਿਚ ਉਤਾਰਿਆ ਗਿਆ। ਜੁਝਾਰੂ ਲਹਿਰ ਨੂੰ ਕਾਲਾ ਦੌਰ ਆਖਿਆ ਗਿਆ। ਲਹਿਰ ਨੂੰ ਪੂਰੀ ਤਰ੍ਹਾਂ ਖ਼ਲਨਾਇਕ ਸਿੱਧ ਕਰਨ ਲਈ ਦਰਬਾਰੀ ਕਿਸਮ ਦੇ ਬੁੱਧੀਜੀਵੀ ਖੁੰਭਾਂ ਵਾਂਗੂੰ ਉੱਠ ਖੜ੍ਹੇ।

ਇਕ ਪੁਰਾਣੀ ਯਾਦ : ਚੰਡੀਗੜ੍ਹ ਵਿਚ 'ਸ਼ਹਾਦਤ' ਮੈਗ਼ਜ਼ੀਨ ਦੇ ਰਿਲੀਜ਼ ਸਮਾਗਮ ਦੌਰਾਨ ਸੁਰਿੰਦਰਪਾਲ ਸਿੰਘ (ਵਿਚਕਾਰ ਖੁੱਲ੍ਹੀ ਦਾੜ੍ਹੀ) ਨਾਲ ਖੜ੍ਹੇ ਹਨ ਕਰਮਜੀਤ ਸਿੰਘ।

ਇਕ ਪੁਰਾਣੀ ਯਾਦ : ਚੰਡੀਗੜ੍ਹ ਵਿਚ ‘ਸ਼ਹਾਦਤ’ ਮੈਗ਼ਜ਼ੀਨ ਦੇ ਰਿਲੀਜ਼ ਸਮਾਗਮ ਦੌਰਾਨ ਸੁਰਿੰਦਰਪਾਲ ਸਿੰਘ (ਵਿਚਕਾਰ ਖੁੱਲ੍ਹੀ ਦਾੜ੍ਹੀ) ਨਾਲ ਖੜ੍ਹੇ ਹਨ ਕਰਮਜੀਤ ਸਿੰਘ।

ਇਹ ਇਕ ਅਜਿਹਾ ਦੌਰ ਸੀ ਜਦੋਂ ਚਾਰੇ ਪਾਸੇ ਕੰਡਿਆਂ ਦਾ ਜਾਲ ਵਿਛਿਆ ਹੋਇਆ ਸੀ। ਪਰ ਸੁਰਿੰਦਰਪਾਲ ਸਿੰਘ ਨੇ ਬੜੇ ਸਲੀਕੇ ਅਤੇ ਹਿੰਮਤ ਨਾਲ ਉਨ੍ਹਾਂ ਕੰਡਿਆਂ ਵਿੱਚ ਆਪਣਾ ਰਾਹ ਬਣਾਇਆ। ਉਹ ਉਸ ਸਮੇਂ ਇਕ ਫ਼ਲਦਾਰ ਦਰੱਖ਼ਤ ਵਾਂਗ ਝੁਕਿਆ ਹੋਇਆ ਸੀ, ਜਿਸ ਕੋਲ ਜੁਝਾਰੂ ਲਹਿਰ ਦਾ ਡੂੰਘਾ ਅਤੇ ਅਮੀਰ ਅਨੁਭਵ ਵੀ ਸੀ ਪਰ ਨਾਲ ਹੀ ਇਕ ਰਾਜਨੀਤਿਕ ਲਚਕ, ਸਹਿਜ ਤੇ ਨਿਮਰਤਾ ਵੀ ਸੀ ਜੋ ਹਾਲਤਾਂ ਮੁਤਾਬਕ ਲਹਿਰ ਨੂੰ ਨਰੋਆ ਮੋੜ ਦੇਣ ਲਈ ਬਹੁਤ ਜ਼ਰੂਰੀ ਸੀ। ਗੱਲ ਕੀ ਇਸ ਘੁੱਪ ਹਨ੍ਹੇਰੇ ਵਿਚ ਸੁਰਿੰਦਰਪਾਲ ਸਿੰਘ ਚੰਦ ਵਾਂਗ ਚਮਕ ਕੇ ਸਾਹਮਣੇ ਆਇਆ। ਉਸ ਦੇ ਸਾਹਮਣੇ ਸੱਭ ਤੋਂ ਵੱਡਾ ਸਵਾਲ ਸੀ : ਹੁਣ ਕੀ ਕੀਤਾ ਜਾਵੇ? ਉਨ੍ਹਾਂ ਦਿਨਾਂ ਵਿਚ ਉਸ ਦੇ ਧੁਰ ਅੰਦਰ ਕਿੰਨਾ ਕੁਝ ਰਿਝ ਪੱਕ ਰਿਹਾ ਸੀ। ਵੱਡਾ ਮਸਲਾ ਇਹ ਸੀ ਪਈ ਕਿਹੋ ਜਿਹਾ ਪੈਗ਼ਾਮ ਦਿੱਤਾ ਜਾਵੇ, ਜਿਸ ਨਾਲ ਬੁਰੀ ਤਰ੍ਹਾਂ ਖਿੰਡ ਚੁੱਕੇ ਮਾਹੌਲ ਨੂੰ ਕੋਈ ਸਾਰਥਿਕ ਅਤੇ ਮੌਲਿਕ ਦਿਸ਼ਾ ਦਿੱਤੀ ਜਾਵੇ? ਇਸ ਦਿਸ਼ਾ ਵਿਚ ਸਭ ਤੋਂ ਪਹਿਲਾ ਕਾਰਜ ਉਸ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਜਥੇਬੰਦੀ ਨੂੰ ਅਨੰਦਪੁਰ ਸਾਹਿਬ ਦੀ ਸਰਜ਼ਮੀਨ ‘ਤੇ ਮੁੜ ਨਵੇਂ ਸਿਰਿਓਂ ਸੁਰਜੀਤ ਕੀਤਾ। ਇਸ ਜਥੇਬੰਦੀ ਦੀ ਨਵੀਂ ਲੀਡਰਸ਼ਿਪ ਉਭਰ ਕੇ ਸਾਹਮਣੇ ਆਈ। ਗੁਰਬਾਣੀ, ਸਿੱਖ ਇਤਿਹਾਸ, ਜੁਝਾਰੂ ਲਹਿਰ ਅਤੇ ਸੰਸਾਰ ਵਿਚ ਚੱਲ ਰਹੇ ਰੁਝਾਨਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਵਿਚ ਉਤਸ਼ਾਹ ਤੇ ਚਾਅ ਦਾ ਮਾਹੌਲ ਸਿਰਜਣ ਵਿੱਚ ਸੁਰਿੰਦਰਪਾਲ ਸਿੰਘ ਨੇ ਮਹੱਤਵਪੂਰਨ ਰੋਲ ਅਦਾ ਕੀਤਾ। ਛੇਤੀ ਹੀ ਸੁਲਝੇ ਹੋਏ ਵਿਦਿਆਰਥੀਆਂ ਅਤੇ ਆਗੂਆਂ ਦੀ ਇਕ ਨਵੀਂ ਕਤਾਰ ਖੜ੍ਹੀ ਹੋ ਗਈ। ਕੀ ਪੜ੍ਹਨ, ਕੀ ਸੋਚਣ ਤੇ ਕੀ ਲਿਖਣ ਦੀ ਇਕ ਨਿੱਕੀ ਜਿਹੀ ਪਰ ਦ੍ਰਿੜ ਇਰਾਦਿਆਂ ਨਾਲ ਲੈਸ ਸਿਧਾਂਤਕ ਲਹਿਰ ਪੈਦਾ ਹੋ ਗਈ। ਕੁਝ ਨੌਜਵਾਨ ਵਕਾਲਤ ਦੀ ਦੁਨੀਆਂ ਵਿਚ ਦਿਲਚਸਪੀ ਲੈਣ ਲੱਗੇ। ਕਿਸੇ ਨੂੰ ਸਾਹਿਤ ਦੀ ਲਗਨ ਲੱਗ ਗਈ ਅਤੇ ਕੁਝ ਚਲੰਤ ਰਾਜਨੀਤੀ ਨੂੰ ਹਰ ਪਾਸੇ ਤੋਂ ਸਮਝਣ ਵਾਲੇ ਪਾਸੇ ਤੁਰ ਪਏ। ਗੱਲ ਕੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਦੇਖਣ ਦੀ ਨਵੀਂ ਰੁਚੀ ਅਤੇ ਨਵੀਂ ਜਗਿਆਸਾ ਨੇ ਜਨਮ ਲਿਆ। ਇਥੋਂ ਤੱਕ ਕਿ ਦਰਿਆਈ ਪਾਣੀਆਂ ਦੇ ਖੇਤਰ ਵਿਚ ਪੰਜਾਬ ਨਾਲ ਹੋਏ ਵਿਤਕਰੇ ਬਾਰੇ ਇਸ ਜਥੇਬੰਦੀ ਨੇ ਵਿਦਿਆਰਥੀਆਂ ਨੂੰ ਇਕ ਇਹੋ ਜਿਹੀ ਇਤਿਹਾਸਕ ਦਸਤਾਵੇਜ਼ ਦੀ ਸੌਗ਼ਾਤ ਦਿੱਤੀ, ਜਿਸ ਨਾਲ ਉਨ੍ਹਾਂ ਅੰਦਰ ਚੇਤਨਾ ਦੀ ਨਵੀਂ ਜਾਗ ਲੱਗ ਗਈ। ਜਦਕਿ ਇਹੋ ਜਿਹਾ ਗੰਭੀਰ ਤੇ ਗੁੰਝਲਦਾਰ ਮਸਲਾ ਵੱਡੀਆਂ ਵੱਡੀਆਂ ਪਾਰਟੀਆਂ ਅਤੇ ਸਿੱਖ ਹੱਕਾਂ ਦਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਨੇ ਵੀ ਆਪਣੇ ਹੱਥ ਵਿਚ ਨਹੀਂ ਸੀ ਲਿਆ।

ਸੁਰਿੰਦਰਪਾਲ ਸਿੰਘ ਨੂੰ ਹਾਸਲ ਹੋਈ ਇਸ ਕਾਮਯਾਬੀ ਨੇ ਉਸ ਨੂੰ ਪੰਜਾਬੀ ਵਿੱਚ ਧਰਮ, ਸਾਹਿਤ, ਰਾਜਨੀਤੀ ਅਤੇ ਕਲਚਰਲ ਦੇ ਸੁਮੇਲ ਨੂੰ ਲੈ ਕੇ ਉਚਕੋਟੀ ਦਾ ਇਕ ਮੈਗ਼ਜ਼ੀਨ ਸ਼ੁਰੂ ਕਰਨ ਦੀ ਪ੍ਰੇਰਣਾ ਮਿਲੀ, ਜਿਸ ਦੇ ਨਤੀਜੇ ਵਜੋਂ ਪਹਿਲਾਂ Ḕਸ਼ਹਾਦਤ ਇੰਟਰਨੈਸ਼ਨਲ’ ਤੇ ਫਿਰ Ḕਸਿੱਖ ਸ਼ਹਾਦਤ’ ਦੇ ਨਾਂ ਹੇਠਾਂ ਇਕ ਮੈਗ਼ਜ਼ੀਨ ਆਰੰਭ ਹੋ ਗਿਆ। ਇਸ ਮੈਗ਼ਜ਼ੀਨ ਦਾ ਪ੍ਰਭਾਵ, ਘੇਰਾ ਅਤੇ ਤਾਕਤ ਇਸ ਹੱਦ ਤੱਕ ਮਹਿਸੂਸ ਕੀਤੀ ਗਈ ਕਿ ਇਸ ਵਿਚ ਛਪੀਆਂ ਰਚਨਾਵਾਂ ਅੰਤਰਰਾਸ਼ਟਰੀ ਪੱਧਰ ਉਤੇ ਰੱਖੀਆਂ ਜਾ ਸਕਦੀਆਂ ਹਨ। ਇਹ ਰਚਨਾਵਾਂ ਇਕ ਤਰ੍ਹਾਂ ਨਾਲ ਖ਼ਾਲਸਾ ਪੰਥ ਦੇ ਰਾਜਨੀਤਿਕ ਦਰਦ ਦੀ ਦਾਸਤਾਨ ਦਾ ਇਤਿਹਾਸਕ ਰਿਕਾਰਡ ਹੈ। ਪਰ ਇਸ ਦਰਦ ਦੇ ਪਿੱਛੇ ਸੁਰਿੰਦਰਪਾਲ ਸਿੰਘ ਦੀ ਸਖ਼ਸ਼ੀਅਤ ਦੇ ਅਮਿੱਟ ਪ੍ਰਛਾਵੇਂ ਮਹਿਸੂਸ ਕੀਤੇ ਜਾ ਸਕਦੇ ਹਨ।

ਸੁਰਿੰਦਰਪਾਲ ਸਿੰਘ ਦਾ ਸਭ ਤੋਂ ਵੱਡਾ ਸੁਪਨਾ ਤਾਂ ਇਕ ਰਾਜਨੀਤਿਕ ਪਾਰਟੀ ਕਾਇਮ ਕਰਨਾ ਸੀ ਅਤੇ ਇਹ ਸੁਪਨਾ ਵੀ ਉਸ ਨੇ ਆਪਣੇ ਜੀਵਨ ਕਾਲ ਵਿਚ ਹੀ ਸਾਕਾਰ ਕਰ ਕੇ ਵਿਖਾਇਆ। ਪਾਰਟੀ ਨੂੰ ਕਾਇਮ ਕਰਨ ਵਿਚ ਉਸ ਦਾ ਵੱਡਾ ਰੋਲ ਸੀ। ਇਸ ਮਕਸਦ ਨੂੰ ਹਾਸਲ ਕਰਨ ਲਈ ਉਸ ਨੇ ਦੂਰ ਦੂਰ ਤੱਕ ਉਨ੍ਹਾਂ ਵੀਰਾਂ ਤੇ ਪਰਿਵਾਰਾਂ ਨਾਲ ਸੰਪਰਕ ਕੀਤਾ ਜੋ ਨਿਰਾਸ਼ ਹੋ ਕੇ ਘਰਾਂ ਵਿੱਚ ਬੈਠ ਗਏ ਸੀ। ਉਸ ਨੇ ਰੁੱਸਿਆਂ ਨੂੰ ਮਨਾਇਆ ਅਤੇ ਪਾਰਟੀ ਨਾਲ ਜੋੜਨ ਲਈ ਪੂਰੀ ਵਾਹ ਲਾਈ। ਸਿਧਾਂਤਾਂ ਤੇ ਅਸੂਲਾਂ ਨਾਲ ਪਰਨਾਈ ਪਾਰਟੀ ਹੀ ਉਸ ਦਾ ਆਦਰਸ਼ ਸੀ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਜਿਥੇ ਦਸਮੇਸ਼ ਪਿਤਾ ਵਲੋਂ ਬਖ਼ਸ਼ੇ ਪੰਚ ਪ੍ਰਧਾਨੀ ਦੇ ਸਿਧਾਂਤ ਉਤੇ ਕੰਮ ਕਰਦੀ ਹੈ, ਉਥੇ ਉਹ Ḕਅਕਾਲ’ ਦੀ ਰੌਸ਼ਨੀ ਵਿਚ ਹੀ ਚੀਜ਼ਾਂ, ਘਟਨਾਵਾਂ ਅਤੇ ਵਰਤਾਰਿਆਂ ਨੂੰ ਪਰਖਦੀ ਹੋਈ ਆਪਣੀ ਮੰਜ਼ਿਲ ਵੱਲ ਵੱਧ ਰਹੀ ਹੈ। ਇਕ ਗੁੰਝਲਦਾਰ ਸੰਘਰਸ਼ ਜਾਰੀ ਹੈ। ਇੰਝ ਜੁਝਾਰੂ ਲਹਿਰ ਦੇ ਦਰਿਸ਼ਟ ਅਤੇ ਆਦਰਿਸ਼ਟ ਸੁਪਨਿਆਂ ਨੂੰ ਜਗਦਾ ਤੇ ਮਘਦਾ ਰੱਖਣ ਲਈ ਸੁਰਿੰਦਰਪਾਲ ਸਿੰਘ ਵਰਤਮਾਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਇਕ ਸੋਮਾ ਬਣਿਆ ਰਹੇਗਾ। ਅੱਜ ਜਦੋਂ (15 ਅਗਸਤ) ਪਟਿਆਲਾ ਦੇ ਅਰਬਨ ਅਸਟੇਟ ਦੇ ਤਿੰਨ ਫੇਜ਼ ਦੇ ਗੁਰਦੁਆਰਾ ਸਾਹਿਬ ਵਿਚ ਉਨ੍ਹਾਂ ਦੀ ਪੰਜਵੀਂ ਬਰਸੀ ਦੇ ਮੌਕੇ ‘ਤੇ ਉਨ੍ਹਾਂ ਦੇ ਸਾਥੀ ਸ਼ਬਦ ਕੀਰਤਨ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹੋਣਗੇ ਤਾਂ ਇੰਝ ਮਹਿਸੂਸ ਹੋਵੇਗਾ ਜਿਵੇਂ ਉਹ ਅਜੇ ਵੀ ਇਹ ਕਹਿ ਰਿਹਾ ਹੋਵੇ :

ਮੈਂ ਫਿਜ਼ਾਓਂ ਮੇਂ ਬਿਖ਼ਰ ਜਾਊਂਗਾ ਖ਼ੁਸ਼ਬੂ ਬਨ ਕਰ, ਰੰਗ ਹੋਗਾ, ਨਾ ਬਦਨ ਹੋਗਾ, ਨਾ ਚਿਰਾਗ਼ ਹੋਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: