ਆਮ ਖਬਰਾਂ

ਭਾਈ ਮੱਖਣ ਸਿੰਘ ਅਤੇ ਸਾਹਿਬ ਸਿੰਘ ਨੂੰ ਝੂਠੇ ਕੇਸਾਂ ਵਿੱਚ ਫਸਾਇਆ: ਡੱਲੇਵਾਲ

November 8, 2010 | By

ਲੰਡਨ (7 ਨਵੰਬਰ, 2010): ਪੰਜਾਬ ਵਿੱਚ ਸਿੱਖ ਨੌਜਵਾਨਾਂ ਤੇ ਤਸ਼ੱਦਦ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਰ ਰੋਜ਼ ਹੀ ਪੁਲੀਸ ਕਰਮਚਾਰੀਆਂ ਵਲੋਂ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਤਸੀਹਾ ਕੇਂਦਰਾਂ ਵਿੱਚ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਹੈ। ਕਈਆਂ ਦੇ ਵਾਰਸਾਂ ਤੋਂ ਮੋਟੀਆਂ ਰਕਮਾਂ ਲੈ ਕੇ ਛੱਡ ਦਿੱਤਾ ਜਾਂਦਾ ਹੈ ਅਤੇ ਕਈਆਂ ਨੂੰ ਖਤਰਨਾਕ ਖਾੜਕੂ ਕਰਾਰ ਦੇ ਸਿਰਾਂ ਦੇ ਇਨਾਮ ਘੋਸ਼ਿਤ ਕਰ ਦਿੱਤੇ ਜਾਂਦੇ ਹਨ। ਫਿਰ ਦੀਆਂ ਖਬਰਾਂ ਆਉਂਦੀਆਂ ਹਨ ਕਿ ਉਸ ਦੀ ਬੜੀ ਸਰਗਰਮੀ ਨਾਲ ਭਾਲ ਜਾਰੀ ਹੈ ਅਤੇ ਅਚਾਨਕ ਕੁੱਝ ਦਿਨ ਬਾਅਦ ਉਹ ਪੁਲੀਸ ਦੇ ਨਾਕੇ ਤੋਂ ਗ੍ਰਿਫਤਾਰ ਹੋ ਜਾਂਦਾ ਹੈ।
ਪੁਲੀਸ ਵਲੋਂ ਇਹ ਡਰਾਮਾ ਪਿਛਲੇ ਸਾਲ ਤੋਂ ਵੱਡੀ ਪੱਧਰ ਤੇ ਜਾਰੀ ਹੈ। ਪੰਜਾਬ ਦੀ ਅਖੌਤੀ ਪੰਥਕ ਸਰਕਾਰ ਆਪਣੇ ਉਹਨਾਂ ਸਿਧਾਂਤਕ ਵਿਰੋਧੀਆਂ ਨੂੰ ਇਸੇ ਤਰੀਕੇ ਨਾਲ ਜੇਹਲਾਂ ਵਿੱਚ ਬੰਦ ਕਰ ਰਹੀ ਹੈ ਜਿਹੜੇ ਸਿੱਖ ਹੱਕਾਂ ਹਿਤਾਂ ਅਤੇ ਕੌਮ ਦੀ ਅਜਾਦੀ ਲਈ ਸਾਰਥਕ ਉਪਰਾਲੇ ਕਰ ਰਹੇ ਹਨ। ਪਿਛਲੇ ਦਿਨੀਂ ਭਾਈ ਸਾਹਿਬ ਸਿੰਘ ਜੋ ਕਿ ਪਿਹੋਵਾ ਦੇ ਬਾਬੇ ਮਾਨ ਸਿੰਘ ਦਾ ਪਰਾਣਾ ਸਾਥੀ ਸੀ ਅਤੇ ਜਿਸ ਨੇ ਉਸ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਕਾਰਨ ਉਸ ਨੂੰ ਅਲਵਿਦਾ ਆਖ ਕੇ ਉਸ ਦੇ ਅਸਲੀ ਰੂਪ ਨੂੰ ਉਜਾਗਰ ਕੀਤਾ ਹੈ। ਇਸੇ ਹੀ ਕਾਰਨ ਉਕਤ ਬਾਬਾ ਉਸ ਨੂੰ ਝੂਠੇ ਕੇਸਾਂ ਵਿੱਚ ਫਸਾ ਰਿਹਾ ਹੈ ਜਦਕਿ ਉਸ ਦਾ ਬੱਬਰ ਖਾਲਸਾ ਜਾਂ ਕਿਸੇ ਹੋਰ ਜੁਝਾਰੂ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਭਾਈ ਸਾਹਿਬ ਸਿੰਘ ਦੀ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ਉਸ ਤੇ ਥਾਣੇ ਦੇ ਮਾਲ ਖਾਨੇ ਚੋਂ ਕੱਢ ਕੇ ਅਸਲਾ ਪਾਇਆ ਗਿਆ ਹੈ।
ਕਿਉਂ ਕਿ ਉਸ ਦੀ ਭੈਣ ਜਸਬੀਰ ਕੌਰ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਉਸ ਦੇ (ਜਸਬੀਰ ਕੌਰ) ਦੇ ਘਰੋਂ ਪੁਲੀਸ ਫੜਿਆ ਹੈ। ਪੁਲੀਸ ਵਲੋਂ ਤਰਾਂ ਤਰਾਂ ਦੀਆਂ ਮਨਘੜਤ ਕਹਾਣੀਆਂ ਬਣਾ ਕੇ ਬਾਦਲਾਂ ਅਤੇ ਬਾਬੇ ਤੋਂ ਖੈਰਾਤ ਹਾਲਸ ਕਰਨ ਦੀਆਂ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ। ਜਿਲ੍ਹਾ ਪੁਲੀਸ ਮੁਖੀ ਰਣਬੀਰ ਖਟੜਾ ਵਲੋਂ ਸਿੱਖਾਂ ਦੇ ਕਾਤਲ ਸਵਰਨੇ ਘੋਟਣੇ, ਅਜੀਤ ਸੰਧੂ, ਸੁਮੇਧ ਸੈਣੀ ਵਰਗੇ ਦੁਸ਼ਟਾਂ ਵਾਂਗ ਸਿੱਖਾਂ ਨੂੰ ਘਰਾਂ ਤੋਂ ਗ੍ਰਿਫਤਾਰ ਕਰ ਕੇ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਉਹਨਾਂ ਨੂੰ ਛੱਡਣ ਦੇ ਬਹਾਨੇ ਵੱਡੀਆਂ ਫਿਰੌਤੀਆਂ ਲੈ ਰਿਹਾ ਹੈ। ਪੰਜਾਬ ਦੀ ਅਖੌਤੀ ਪੰਥਕ ਸਰਰਕਾਰ ਵਲੋਂ ਜ਼ਕਰੀਏ ਬੇਅੰਤੇ ਦੀਆਂ ਲੀਹਾਂ ਤੇ ਚੱਲਦਿਆਂ ਪੰਜਾਬ ਪੁਲੀਸ ਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਹਨ। ਜੋ ਕਿ ਪੂਰੇ ਸੂਬੇ ਵਿੱਚ ਅਜ਼ਾਦੀ ਪਸੰਦ ਸਿੱਖਾਂ ਦਾ ਸ਼ਿਕਾਰ ਖੇਡ ਕੇ ਸਿੱਖ ਵਿਰੋਧੀ ਲਾਬੀ ਨੂੰ ਖੁਸ਼ ਕਰ ਰਹੀ ਹੈ। ਪੰਜਾਬ ਵਿੱਚ ਜੰਗਲ ਦਾ ਰਾਜ ਹੋ ਚੁੱਕਾ ਹੈ। ਪਿਛਲੇ ਸਾਲ 28 ਅਗਸਤ ਨੂੰ ਭਾਈ ਦਲਜੀਤ ਸਿੰਘ ਬਿੱਟੂ ਚੇਅਰਮੈਨ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਨੂੰ ਅਨੇਕਾਂ ਸਾਥੀਆਂ ਸਣੇ ਗ੍ਰਿਫਤਾਰ ਕਰਕੇ ਝੂਠੇ ਕੇਸਾਂ ਤਹਿਤ ਜੇਹਲਾਂ ਵਿੱਚ ਅੱਜ ਤੱਕ ਬੰਦ ਕੀਤਾ ਹੋਇਆ ਹੈ, ਇੱਕ ਰਿਪੋਰਟ ਅਨੁਸਾਰ ਇੱਕ ਸਾਲ ਦੌਰਾਨ ਇੱਕ ਹਜ਼ਾਰ ਤੋਂ ਵੱਧ ਸਿੱਖਾਂ ਨੂੰ ਪੰਜਾਬ ਪੁਲੀਸ ਫੜ ਕੇ ਤਸ਼ੱਦਦ ਕਰ ਚੁੱਕੀ ਹੈ, ਜੋ ਕਿ ਜ਼ੁਲਮ ਦੀ ਇੰਤਹਾ ਹੈ। ਇਸੇ ਤਰਾਂ ਭਾਈ ਮੱਖਣ ਸਿੰਘ ਨੂੰ ਨੇਪਾਲ ਤੋਂ ਗ੍ਰਿਫਤਾਰ ਕਰਕੇ ਪੰਜਾਬ ਦੇ ਵੱਖ ਵੱਖ ਠਾਣਿਆਂ ਵਿੱਚ ਰੱਖ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਪੁਲੀਸ ਨੇ ਆਪਣੇ ਕੋਲੋਂ ਹੀ ਉਸ ਤੇ ਹਥਿਆਰਾਂ ਦੀ ਬਰਾਮਦੀ ਪਾ ਦਿੱਤੀ ਹੈ। ਭਾਈ ਮੱਖਣ ਸਿੰਘ ਕੁੱਝ ਸਮਾਂ ਪਹਿਲਾਂ ਅਮਰੀਕਾ ਤੋਂ ਵਾਪਸ ਭਾਰਤ ਗਿਆ ਸੀ। ਪਰ ਵਿਦੇਸ਼ਾਂ ਤੋਂ ਪਰਤੇ ਸਿੱਖ ਨੌਜਵਾਨਾਂ ਨੂੰ ਪੰਜਾਬ ਸਰਕਾਰ ਟਿਕਣ ਨਹੀਂ ਦੇ ਰਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: