December 16, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੀਆਂ ਨਗਰ ਨਿਗਮਾਂ ਸਮੇਤ 29 ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਨੁਮਾਇੰਦਿਆਂ ਦੀ ਚੋਣ ਲਈ ਪ੍ਰਚਾਰ ਸ਼ੁੱਕਰਵਾਰ (15 ਦਸੰਬਰ) ਸ਼ਾਮ ਬੰਦ ਹੋ ਗਿਆ। ਸ਼ਹਿਰੀ ਸੰਸਥਾਵਾਂ ਦੀਆਂ ਵੋਟਾਂ 17 ਦਸੰਬਰ (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਪੈਣਗੀਆਂ। ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ 3 ਨਗਰ ਨਿਗਮਾਂ ਦੇ 225 ਵਾਰਡਾਂ ਵਿੱਚੋਂ 222 ਅਤੇ 29 ਨਗਰ ਕੌਸਲਾਂ/ਨਗਰ ਪੰਚਾਇਤਾਂ ਦੇ ਕੁੱਲ 327 ਵਾਰਡਾਂ ਵਿੱਚ ਚੋਣ ਕਰਵਾਈ ਜਾ ਰਹੀ ਹੈ।

ਪ੍ਰਤੀਕਾਤਮਕ ਤਸਵੀਰ: ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.)
ਸੂਬੇ ਵਿੱਚ ਕੁੱਲ 873 ਪੋਲਿੰਗ ਸਟੇਸ਼ਨਾਂ ਵਿੱਚ 1938 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਪੋਲਿੰਗ ਸਟੇਸ਼ਨਾਂ ਉਤੇ ਕਰੀਬ 8000 ਚੋਣ ਅਮਲਾ ਅਤੇ 15500 ਪੁਲਿਸ ਮੁਲਾਜ਼ਮ ਡਿਊਟੀ ਨਿਭਾਉਣਗੇ। ਕਮਿਸ਼ਨ ਵੱਲੋਂ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਵੀਡੀਉਗ੍ਰਾਫੀ ਕਰਵਾਉਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਵੋਟਾਂ ਪਾਉਣ ਦਾ ਅਮਲ ਮੁਕੰਮਲ ਹੋਣ ਅਤੇ ਬੈਲਟ ਪੇਪਰਾਂ ਦਾ ਵਿਵਰਣ ਤਿਆਰ ਕਰਨ ਤੋਂ ਬਾਅਦ ਹੀ ਰਿਟਰਨਿੰਗ ਅਫ਼ਸਰ ਵੱਲੋਂ ਗਿਣਤੀ ਦੇ ਹੁਕਮ ਜਾਰੀ ਕੀਤੇ ਜਾਣਗੇ। ਜੇਕਰ ਕਿਸੇ ਪੋਲਿੰਗ ਸਟੇਸ਼ਨ ਵਿੱਚ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਦੀਆਂ ਧਾਰਾਵਾਂ 58, 59 ਅਤੇ 60 ਵਿੱਚ ਕੀਤੇ ਗਏ ਉਪਬੰਧਾਂ ਕਾਰਨ ਚੋਣ ਅਮਲ ਮੁਕੰਮਲ ਨਹੀਂ ਹੁੰਦਾ ਤਾਂ ਉਸ ਕੇਸ ਵਿੱਚ ਰਿਟਰਨਿੰਗ ਅਫ਼ਸਰ ਰਾਜ ਚੋਣ ਕਮਿਸ਼ਨ ਨੂੰ ਫੌਰੀ ਜਾਣਕਾਰੀ ਦੇਵੇਗਾ। ਉਨ੍ਹਾਂ ਵਾਰਡਾਂ ਵਿੱਚ ਕਮਿਸ਼ਨ ਦੇ ਹੁਕਮਾਂ ਬਾਅਦ ਹੀ ਗਿਣਤੀ ਦਾ ਕੰਮ ਆਰੰਭਿਆ ਜਾਵੇਗਾ।
ਜਿਨ੍ਹਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਵੋਟਾਂ ਪੈਣਗੀਆਂ, ਉਨ੍ਹਾਂ ਵਿੱਚ ਰਾਜਾਸਾਂਸੀ (ਅੰਮ੍ਰਿਤਸਰ), ਹੰਡਿਆਇਆ (ਬਰਨਾਲਾ), ਅਮਲੋਹ (ਫਤਿਹਗੜ੍ਹ ਸਾਹਿਬ), ਭੋਗਪੁਰ, ਸ਼ਾਹਕੋਟ, ਗੋਰਾਇਆ ਅਤੇ ਬਿਲਗਾ (ਜਲੰਧਰ), ਢਿੱਲਵਾਂ, ਬੇਗੋਵਾਲ ਅਤੇ ਭੁਲੱਥ (ਕਪੂਰਥਲਾ), ਮਾਛੀਵਾੜਾ, ਮੁੱਲਾਂਪੁਰ ਦਾਖਾ, ਮਲੌਦ ਅਤੇ ਸਾਹਨੇਵਾਲ (ਲੁਧਿਆਣਾ), ਧਰਮਕੋਟ ਅਤੇ ਪੰਜਤੂਰ (ਮੋਗਾ), ਬਰੀਵਾਲਾ (ਮੁਕਤਸਰ), ਘੱਗਾ ਅਤੇ ਘਨੌਰ (ਪਟਿਆਲਾ) ਨਰੋਟ ਜੈਮਲ ਸਿੰਘ (ਪਠਾਨਕੋਟ), ਦਿੜ੍ਹਬਾ, ਚੀਮਾ, ਘਨੌਰੀ ਅਤੇ ਮੂਣਕ (ਸੰਗਰੂਰ), ਖੇਮਕਰਨ (ਤਰਨ ਤਾਰਨ), ਭੀਖੀ (ਮਾਨਸਾ), ਬਲਾਚੌਰ (ਐਸਬੀਐਸ ਨਗਰ), ਤਲਵੰਡੀ ਸਾਬੋ (ਬਠਿੰਡਾ) ਅਤੇ ਮਾਹਿਲਪੁਰ (ਹੁਸ਼ਿਆਰਪੁਰ) ਸ਼ਾਮਲ ਹਨ।
Related Topics: MC Elections Punjab 2017