ਸਿੱਖ ਖਬਰਾਂ

ਸਾਕਾ ਨੀਲਾ ਤਾਰਾ ਯਾਦਗਾਰ ਬਣਨੀ ਜ਼ਰੂਰੀ ਹੈ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ

June 18, 2012 | By

ਜਲੰਧਰ, ਪੰਜਾਬ (17 ਜੂਨ, 2012): ਅਨੇਕਾਂ ਕਾਂਗਰਸੀ ਤੇ ਫਿਰਕੂ ਹਿੰਦੂਤਵੀ ਜਥੇਬੰਦੀਆਂ ਨੇ, ਹਰਿਮੰਦਰ ਸਾਹਿਬ ਸਮੂਹ ਵਿਚ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਣਾਉਣ ਦਾ ਇਹ ਕਹਿ ਕੇ ਵਿਰੋਧ ਕੀਤਾ ਹੈ, ਕਿ ਇਸ ਦੇ ਬਣਨ ਨਾਲ ਪੰਜਾਬ ਅੰਦਰ ਇਕ ਵਾਰ ਫਿਰ ‘ਅੱਤਵਾਦ’ ਦਾ ਵਾਤਾਵਰਣ ਸਿਰਜਿਆ ਜਾਏਗਾ। ਇਸ ਦਾਅਵੇ ਨੂੰ ਅੱਗੇ ਰੱਖ ਕੇ ਪੰਜਾਬ ਦੀ ਯੂਥ ਕਾਂਗਰਸ ਦੇ ਪੱਗੜੀ ਤੇ ਕੇਸਾਧਾਰੀ ਨੁਮਾਇੰਦੇ ਵਿਕਰਮ ਚੌਧਰੀ ਨੇ ਵੀ ਇਸ ਕਹੇ ਜਾਂਦੇ ‘ਅੱਤਵਾਦ’ ਨੂੰ ਰੋਕਣ ਲਈ 20 ਜੂਨ 2012 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਅਸੀਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਪੂਰੀ ਗੰਭੀਰਤਾ ਨਾਲ ਇਹ ਐਲਾਨ ਕਰਦੇ ਹਾਂ ਕਿ ਕਾਂਗਰਸ ਦੇ ਇਸ ਧਰਨੇ ਨਾਲ ਪੰਜਾਬ ਵਿਚ ਇਕ ਵਾਰ ਫਿਰ ‘ਅੱਤਵਾਦ’ ਦਾ ਆਰੰਭ ਹੋ ਜਾਏਗਾ ਅਤੇ ਪਿਛਲੇ ਇਤਿਹਾਸ ਵਾਂਗ ਸਿੱਖ ਉਸ ਦੇ ਸ਼ਿਕਾਰ ਹੋਣਗੇ।

ਇਸ ਵਿਸ਼ੇ ਨੂੰ ਹੋਰ ਸਪੱਸ਼ਟ ਕਰਨ ਲਈ ਅਸੀਂ ਪੰਜਾਬ ਅਤੇ ਸਾਰੇ ਭਾਰਤ ਅੰਦਰ ਕਾਂਗਰਸ ਤੇ ਖਾਸ ਕਰਕੇ ਉਸ ਦੀ ਮੁਖੀ ਇੰਦਰਾ ਗਾਂਧੀ ਤੇ ਉਸ ਦੇ ਪਰਿਵਾਰ ਵੱਲੋਂ ਵਿਉਂਤਬੱਧ ਢੰਗ ਨਾਲ ਹਿੰਦੂਤਵੀਆਂ ਦੀ ਸਹਾਇਤਾ ਨਾਲ ਅੱਤਵਾਦ ਖਿਲਾਰ ਕੇ ਜਿੰਨੀਆਂ ਮੌਤਾਂ ਤੇ ਹੋਰ ਪਦਾਰਥਕ ਨੁਕਸਾਨ ਕੀਤਾ ਤੇ ਕਰਵਾਇਆ ਹੈ ਉਸ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਾਂ। ਨਿਸ਼ਾਨਾ ਇਨ੍ਹਾਂ ਦਾ ਕੇਵਲ ਇਹੋ ਸੀ ਕਿ ਨਹਿਰੂ ਪਰਿਵਾਰ ਸਦੀਵੀ ਰੂਪ ਵਿਚ ਭਾਰਤ ਤੇ ਏਸ਼ੀਆ ਦੀ ਸ਼ਹਿਨਸ਼ਾਹੀ ਦਾ ਦਰਜਾ ਪ੍ਰਾਪਤ ਕਰੀ ਰੱਖਣ। ਇਸ ਨਿਸ਼ਾਨੇ ਦੀ ਪੂਰਤੀ ਲਈ ਨੀਂਹ ਭਾਵੇਂ ਜਵਾਹਰ ਲਾਲ ਨਹਿਰੂ ਨੇ ਹੀ ਰੱਖੀ ਸੀ, ਪਰ ਉਸ ਨੂੰ ਅਮਲੀ ਰੂਪ ਇੰਦਰਾ ਗਾਂਧੀ ਨੇ ਆਪਣੇ ਰਾਜ ਭਾਗ ਦੇ ਆਰੰਭਕ ਸਮੇਂ ‘‘ਤੀਜੀ ਏਜੰਸੀ’’ ਦੀ ਸਿਰਜਣਾ ਕਰਕੇ ਦਿੱਤਾ ਸੀ, ਜੋ ਅੱਜ ਤੱਕ ਜਾਰੀ ਹੈ। ਇਸ ਦਾ ਮੁਖੀ ਸੀ, ਆਰ ਐਨ ਕਾਓ। ਇਸ ਦੇ ਪੈਂਤੜੇ ਦਾ ਆਕਾਰ ਸੀ ਪੰਜਾਬ, ਕਸ਼ਮੀਰ, ਰਾਜਸਥਾਨ, ਆਂਧਰਾ ਪ੍ਰਦੇਸ, ਕਰਨਾਟਕ ਤੇ ਸ੍ਰੀਲੰਕਾ ਆਦਿ, ਨਿਸ਼ਾਨਾ ਸੀ ਦੇਸ ਦੇ ਉੱਤਰ ਪੱਛਮ ਵਿਚ ਸਿੱਖਾਂ ਨੂੰ ਡਕਾਰਨਾ ਤੇ ਉਨ੍ਹਾਂ ਦੀ ਗੁਰੂ ਨਾਨਕ ਪੱਖੀ ਵਿਚਾਰਧਾਰਾ ਨੂੰ ਜੜ੍ਹੋਂ ਪੁੱਟਣਾ, ਦੂਜਾ ਨਿਸ਼ਾਨਾ ਸੀ ਦੇਸ ਦੇ ਦੱਖਣ ਵਿਚ ਦਰਾਵੜਾਂ ਨੂੰ ਜੋ ਭਾਰਤ ਦੇ ਆਦਿ ਵਾਸੀ ਸਨ ਨੂੰ ਡਕਾਰਨਾ। ਇਨ੍ਹਾਂ ਦੋਹਾਂ ਪੈਂਤੜਿਆਂ ਦੀ ਵਿਸਥਾਰੀ ਵਿਆਖਿਆ ਲਈ ਇਸ ਪ੍ਰੈੱਸ ਨੋਟ ਨਾਲ ਸਤੰਬਰ 1984 ਵਿਚ ਛਪੇ ‘ਸੂਰੀਆ’ ਮੈਗਜ਼ੀਨ ਦੀ ਫੋਟੋ ਕਾਪੀ ਜੋੜ ਰਹੇ ਹਾਂ ਅਤੇ ਇਸ ਵਿਸ਼ੇ ਨੂੰ ਸੰਖੇਪ ਵਿਚ ਇਹ ਕਹਿ ਕੇ ਰੱਖ ਰਹੇ ਹਾਂ ਕਿ ਉੱਤਰ ਦੱਖਣ ਵਿਚ ਇਸ ਦੀ ਸਜ਼ਾ ਇੰਦਰਾ ਗਾਂਧੀ ਨੂੰ ਭੁਗਤਣੀ ਪਈ ਤੇ ਦੱਖਣ ਵਿਚ ਰਾਜੀਵ ਗਾਂਧੀ ਨੂੰ। ਸੰਖੇਪ ਸੱਚਾਈ ਇਹ ਹੈ ਕਿ ‘‘ਪਾਪੀਓਂ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ।’’

ਅਸੀਂ ਇਸ ਟਕਸਾਲੀ ਸੱਚਾਈ ’ਤੇ ਪਹਿਰਾ ਦਿੰਦੇ ਹੋਏ ਸਮੂਹ ਮਾਈ ਭਾਈ ਨੂੰ ਅਪੀਲ ਕਰਦੇ ਹਾਂ ਕਿ ਸਾਕਾ ਨੀਲਾ ਤਾਰਾ ਦੀ ਯਾਦਗਾਰ ਇਕ ਅਜਿਹੇ ਅਜਾਇਬ ਘਰ ਦਾ ਰੂਪ ਧਾਰਨ ਕਰੇ ਜਿਸ ਵਿਚ 13 ਅਪ੍ਰੈਲ 1978 ਤੋਂ ਨਿਰੰਕਾਰੀ ਸਿੱਖ ਟਕਰਾਅ ਦੇ ਵਰਤਾਰੇ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਇਤਿਹਾਸ ਦਰਸ਼ਕਾਂ ਤੇ ਸ਼ਰਧਾਵਾਨਾਂ ਲਈ ਵੇਖਣ ਤੇ ਜਾਨਣ ਲਈ ਉਪਲੱਬਧ ਕੀਤਾ ਜਾਵੇ। ਦੇਸ ਦੀ ਆਜ਼ਾਦੀ ਤੋਂ ਪਿਛੋਂ ਕਾਂਗਰਸ ਦੀ ਅਗਵਾਈ ਥੱਲੇ ਫਿਰਕੂ ਹਿੰਦੂਤਵੀ ਸ਼ਕਤੀਆਂ ਨੇ ਬੋਲੀ, ਪਾਣੀ, ਰਾਜਧਾਨੀ ਤੇ ਇਲਾਕਿਆਂ ਦੀ ਵਿਉਂਤਬੰਦੀ ਲਈ ਤੇ ਚੰਡੀਗੜ੍ਹ ਰਾਜਧਾਨੀ ਦੀ ਸਥਿਤੀ ਬਾਰੇ ਜੋ ਵਧੀਕੀਆਂ ਕੀਤੀਆਂ, ਉਹ ਇਸ ਯਾਦਗਾਰ ਵਿਚ ਇਤਿਹਾਸ ਦੇ ਰੂਪ ਵਿਚ ਪਰੋਸੀਆਂ ਜਾਣ। ਸਭ ਤੋਂ ਵੱਡੀ ਤੇ ਭਿਆਨਕ ਘਟਨਾ ‘‘ਸਾਕਾ ਨੀਲਾ ਤਾਰਾ’’ ਸੰਬੰਧੀ ਇਹ ਇਤਿਹਾਸ ਉੱਥੇ ਉਪਲੱਬਧ ਹੋਵੇ ਕਿ ਫੌਜ ਕਿਸ ਨੇ ਕਿਉਂ ਸੱਦੀ? ਫੌਜ ਕਿਸ ਨੇ ਕਿਉਂ ਭੇਜੀ? ਫੌਜ ਨੇ ਉੱਥੇ ਕੀ ਕੀਤਾ? ਨਿਸ਼ਾਨਾ ਇਕ ਸੀ ਕਿ ਸਿੱਖਾਂ ਦੀ ਅਣਖ ਭੰਨਣੀ ਹੈ ਅਤੇ ਵਿਚਾਰਧਾਰਾ ਨੂੰ ਜੜ੍ਹੋਂ ਪੁੱਟਣਾ ਹੈ। ਪ੍ਰਕਾਸ਼ ਸਿੰਘ ਦੀ ਅਗਵਾਈ ਵਿਚ ਬਾਦਲ ਪਰਵਾਰ ਤੇ ਉਸ ਦੇ ਅਕਾਲੀ ਦਲ ਦੀ ਮੋਗਾ ਕਾਨਫਰੰਸ ਵਿਚ ਇਸ ਦਾ ਮੁੱਢ ਬੰਨ੍ਹਿਆ ਗਿਆ। ਇਸ ਖੇਡ ਵਿਚ ਸਹਾਇਕ ਅਨੇਕ ਸਨ ਜੋ ਹੁਣ ਤੱਕ ਚੱਲ ਰਹੇ ਹਨ।

ਪ੍ਰਚਾਰ ਸਾਧਨਾਂ ਨੇ ਉਪਰੋਤ ਦੋ ਨਿਸ਼ਾਨਿਆਂ ਦੀ ਪੂਰਤੀ ਲਈ ਜੋ ਭੂਮਿਕਾ ਨਿਭਾਈ ਉਹ ਵੀ ਬੜੀ ਲੰਬੀ ਚੌੜੀ ਕਹਾਣੀ ਹੈ ਤੇ ਪੰਜਾਬ ਅੰਦਰ ਉਸ ਦੇ ਦੋ ਮੁੱਖ ਆਗੂ ਸਨ, ਟ੍ਰਿਬਿਊਨ ਤੇ ਪੰਜਾਬ ਕੇਸਰੀ ਗਰੁੱਪ। ਅਸੀਂ ਇਸ ਗੱਲ ’ਤੇ ਫਿਰ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਹਰਿਮੰਦਰ ਸਾਹਿਬ ਸਮੂਹ ਵਿਚ ਸਾਕਾ ਨੀਲਾ ਤਾਰਾ ਦੀ ਯਾਦਗਾਰ ਸਿੱਖ ਪੰਥ ਨੂੰ ਪੂਰੀ ਸ਼ਾਨ ਨਾਲ ਉਸਾਰਨੀ ਚਾਹੀਦੀ ਹੈ, ਤਾਂ ਜੋ ਸਿੱਧ ਹੋ ਸਕੇ ਕਿ ਅਸਲੀ ਅੱਤਵਾਦੀ ਕੌਣ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,