December 28, 2010 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ, 28 ਦਸੰਬਰ (ਪੰਜਾਬ ਨਿਊਜ਼ ਨੈੱਟ.) : ਸ਼ਹੀਦੀ ਜੋੜ ਮੇਲੇ ਮੌਕੇ ਅੱਜ ਰਾਤ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸਜੇ ਧਾਰਮਿਕ ਦੀਵਾਨਾਂ ਵਿਚ ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲਿਆਂ ਨੇ ਇਨ੍ਹਾਂ ਅਦੁੱਤੀ ਸ਼ਹਾਦਤਾਂ ਬਾਰੇ ਚਾਣਨਾ ਪਾਇਆ। ਉਨ੍ਹਾਂ ਕਿਹਾ ਕਿ ਅਸੀਂ ਉਸ ਮਕਸਦ ਦੀ ਪੂਰਤੀ ਲਈ ਇੱਕਮੁਠ ਹੋਈਏ, ਜਿਸ ਮਕਸਦ ਲਈ ਸਾਹਿਬਜ਼ਾਦਿਆ ਨੇ ਜ਼ਿੰਦਗੀ ਦੇ ਵਿਕਲਪ ਨੂੰ ਠੁਕਰਾ ਕੇ ਸ਼ਹਾਦਤਾਂ ਦਾ ਰਾਹ ਚੁਣਿਆ ਤਾਂ ਇਹ ਸ਼ਹੀਦੀ ਦਿਹਾੜੇ ਮਨਾਉਣੇ ਸਫ਼ਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਲੀਡਰ ਸ਼ਹੀਦਾਂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਲਈ ਤਾਂ ਲੋਕਾਂ ਨੂੰ ਕਹਿੰਦੇ ਹਨ ਪਰ ਆਪ ਉਹ ਇਸ ਤੋਂ ਬਹੁਤ ਦੂਰ ਹਨ। ਕੌਮ ਤਾਂ ਹੀ ਲੀਡਰਾਂ ਤੋਂ ਕੋਈ ਪ੍ਰੇਰਨਾ ਲੈ ਸਕਦੀ ਹੈ ਜੇਕਰ ਲੀਡਰ ਆਪ ਵੀ ਸ਼ਹੀਦਾਂ ਦੇ ਪੂਰਨਿਆਂ ’ਤੇ ਚੱਲਣ। ਇਸ ਤੋਂ ਬਿਨਾਂ ਇਨ੍ਹਾਂ ਦੀਵਾਨਾਂ ਵਿਚ ਸੰਤ ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਸੰਤ ਬਾਬਾ ਧਰਮਵੀਰ ਸਿੰਘ ਘਰਾਂਗਲੇ ਵਾਲੇ ਤੇ ਸੰਤ ਬਾਬਾ ਪ੍ਰਦੀਪ ਸਿਘ ਅਕਲੀਆਂ ਵਾਲਿਆਂ ਨੇ ਵੀ ਹਾਜ਼ਰੀ ਲਵਾਈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਸਜਾਏ ਇਨ੍ਹਾਂ ਦੀਵਾਨਾਂ ਵਿੱਚ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ ਤੇ ਹੋਰ ਸਾਰੀਆਂ ਰਾਜਨੀਤਕਿ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਕਿ ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਸ਼ਹੀਦੀ ਜੋੜ ਮੇਲੇ ਦੇ ਆਖਰੀ ਦਿਨ ਗੁਰੁਦਆਰਾ ਫ਼ਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਤੱਕ ਕੱਢੇ ਜਾਂਦੇ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਸਾਹਿਬ ਵਿੱਚ ਸ਼ੁਸੋਭਿਤ ਕਰ ਕੇ ਸਿੱਖ ਅਪਣੇ ਮੋਢਿਆਂ ’ਤੇ ਚੁੱਕ ਕੇ ਲਿਜਾਂਦੇ ਸਨ ਤੇ ਪਿੱਛੇ ਵੱਡੀ ਗਿਣਤੀ ਵਿੱਚ ਸੰਗਤਾਂ ਚੱਲਦੀਆਂ ਸਨ ਪਰ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਕਮੇਟੀ ਨੇ ਇਸ ਪ੍ਰੰਪਰਾ ਨੂੰ ਬੰਦ ਕਰਕੇ ਬੱਸ-ਨੁਮਾ ਵਾਹਨ ਵਿਚ ਪਾਲਕੀ ਸਾਹਿਬ ਨੂੰ ਨਗਰ ਕੀਰਤਨ ਵਿੱਚ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਰਿਵਾਇਤ ਨੂੰ ਫਿਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਵਿੱਚ ਇਹ ਗੱਲ ਸਹਿਜੇ ਹੀ ਜਾ ਸਕੇ ਕਿ ਸੱਚ ਤੇ ਧਰਮ ਲਈ ਸ਼ਹੀਦ ਹੋਣ ਵਾਲੇ ਲੋਕਾਂ ਦੀ ਮਈਅਤ ਵਿਚ ਉਸ ਸਮੇਂ ਤਾਂ ਭਾਵੇਂ ਗਿਣਤੀ ਦੇ 5-6 ਬੰਦੇ ਹੀ ਹੋਣ ਪਰ ਜਦੋਂ ਇਨ੍ਹਾਂ ਸ਼ਹਾਦਤਾਂ ਦੇ ਵੱਖ-ਵੱਖ ਪਹਿਲੂਆਂ ਦਾ ਸੱਚ ਲੋਕਾਂ ਸਾਹਮਣੇ ਆਉਂਦਾ ਹੈ ਤਾਂ ਲੱਖਾਂ ਲੋਕ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਵਿਚ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮੂਹ ਪੰਥਕ ਤੇ ਧਾਰਮਿਕ ਜਥੇਬੰਦੀਆਂ, ਸਮਾਜਿਕ ਸਭਾਵਾਂ ਅਤੇ ਮੀਡੀਏ ਨੂੰ ਚਾਹੀਦਾ ਹੈ ਕਿ ਇਸ ਰਿਵਾਇਤ ਨੂੰ ਫਿਰ ਤੋਂ ਸ਼ੁਰੂ ਕਰਵਾਉਣ ਵਿਚ ਅਪਣਾ ਫ਼ਰਜ਼ ਅਦਾ ਕਰੇ ਤਾਂ ਕਿ ਲੋਕਾਈ ਸੱਚ ’ਤੇ ਪਹਰਾ ਦੇਣਾ ਤੋਂ ਕਦੇ ਨਾ ਘਬਰਾਵੇ। ਮਨੁੱਖੀ ਪੱਧਰ ’ਤੇ ਵੀ ਇਸ ਨਾਲ ਇਹ ਸੁਨੇਹਾ ਜਾਵੇ ਕਿ ਸੱਚ ਲਈ ਉਸ ਨੂੰ ਭਾਵੇਂ ਜਾਨ ਵੀ ਕੁਰਬਾਨ ਕਿਉਂ ਨਾ ਕਰਨੀ ਪਵੇ ਪਰ ਇਹ ਕੁਰਬਾਨੀ ਬਾਅਦ ਵਿੱਚ ਮਨੁੱਖਤਾ ਲਈ ਚਾਨਣ-ਮਨਾਰਾ ਬਣ ਕੇ ਸਾਹਮਣੇ ਆਵੇਗੀ।ਇਨ੍ਹਾ ਦੀਵਾਨਾਂ ਵਿਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਨੇ ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਦੇ ਸਬੰਧ ਵਿਚ ਸੰਗਤਾਂ ਨੂੰ ਜਾਣਕਾਰੀ ਦਿੱਤੀ ਕਿ ਕਿਵੇਂ ਉਨ੍ਹਾਂ ਨੂੰ ਬਿਨਾਂ ਕਾਰਨ ਤੇ ਬਿਨਾਂ ਕਿਸੇ ਸਬੂਤ ਦੇ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਇਸ ਸਮਾਗਮ ਵਿਚ ਸਟੇਜ ਸੰਚਾਲਣ ਸੰਤੋਖ ਸਿੰਘ ਸਲਾਣਾ ਵਲੋਂ ਕੀਤਾ ਗਿਆ। ਇਸ ਮੌਕੇ ਪੰਚ ਪ੍ਰਧਾਨੀ ਨੇ ਸੰਤ ਬਾਬਾ ਬਲਜੀਤ ਸਿਘ ਦਾਦੂਵਾਲ ਤੇ ਸੰਤ ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਸੰਤ ਬਾਬਾ ਧਰਮਵੀਰ ਸਿੰਘ ਘਰਾਂਗਲੇ ਵਾਲੇ ਤੇ ਸੰਤ ਬਾਬਾ ਪ੍ਰਦੀਪ ਸਿੰਘ ਅਕਾਲੀਆਂ ਵਾਲਿਆਂ ਨੂੰ ਸਨਮਾਨਿਤ ਕੀਤਾ।
Related Topics: Akali Dal Panch Pardhani, Bhai Harpal Singh Cheema (Dal Khalsa), Shaheedi Sabha