ਲੇਖ

ਨਾਨਕਸ਼ਾਹੀ ਨਵਾਂ ਵਰ੍ਹਾ ਸੰਮਤ 543 ਮੁਬਾਰਕ: ਸੋਧਾਂ ਦੇ ਨਾਂ ਹੇਠ, ਦੁੱਧ ਵਿੱਚ ਕਾਂਜੀ ਰਲਾਉਣ ਵਾਲੇ ਸਿੱਖ ਕੌਮ ਤੇ ਸਿੱਖ ਇਤਿਹਾਸ ਨੂੰ ਜਵਾਬਦੇਹ

March 12, 2011 | By

ਨਾਨਕਸ਼ਾਹੀ ਵਰ੍ਹਾ 542, ਸੂਰਜੀ ਮੌਸਮੀ ਸਾਲ ਦਾ ਆਪਣਾ ਪੈਂਡਾ ਤਹਿ ਕਰਕੇ, ਪਹਿਲੀ ਚੇਤ (14 ਮਾਰਚ) ਨੂੰ ਰਾਤ ਦੇ ਬਾਰਾਂ ਵਜੇ, ਸਮੇਂ ਦੀਆਂ ਵਾਗਾਂ ਵਰ੍ਹਾ-543 ਦੇ ਹਵਾਲੇ ਕਰਕੇ, ਇਤਿਹਾਸ ਦੇ ਬੀਤੇ ਵਰ੍ਹਿਆਂ ਵਾਂਗ ਲੁਪਤ ਹੋ ਜਾਵੇਗਾ। ਸਮੇਂ ਦੀ ਖੇਡ, ਅਕਾਲ ਪੁਰਖ ਦੇ ਹੁਕਮ ਅਨੁਸਾਰ ਨਿਰੰਤਰ ਖੇਡੀ ਜਾ ਰਹੀ ਹੈ…

‘ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤੁ’

ਗੁਰਬਾਣੀ ਅਧਾਰਿਤ ਅਤੇ ਪੰਥ ਵਲੋਂ 14 ਅਪ੍ਰੈਲ, 2003 ਤੋਂ ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ, ਸੂਰਜ ਉਦੈ ਅਤੇ ਅਸਤ ਦਾ ਸਮਾਂ ਸ੍ਰੀ ਹਰਿਮੰਦਰ ਸਾਹਿਬ ਦੇ ਰੇਖਾਂਸ਼ (ਲੌਂਗੀਚਿਊਡ) ਅਤੇ ਅਕਸ਼ਾਂਸ਼ (ਲੈਟੀਚਿਊਡ) ਨੂੰ ਕੇਂਦਰ ਮੰਨ ਕੇ, ਨਿਰਧਾਰਤ ਕੀਤਾ ਗਿਆ ਹੈ। ਹਿੰਦੂ ਕੈਲੰਡਰ (ਜਿਸ ਨੂੰ ਹਿੰਦੂ ਰਾਜੇ ਬਿਕ੍ਰਮਾਦਿੱਤ ਦੇ ਨਾਂ ਤੇ ਬਿਕ੍ਰਮੀ ਕੈਲੰਡਰ ਦਾ ਨਾਂ ਦਿੱਤਾ ਗਿਆ ਹੈ) ਅਨੁਸਾਰ ਸੂਰਜ, ਉਦੈ ਦਾ ਸਮਾਂ ਉਦੋਂ ਹੁੰਦਾ ਹੈ, ਜਦੋਂਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ, ਹਿੰਦੂ ਤੀਰਥ ਸਥਾਨ ਉਜੈਨ (ਮੱਧ ਪ੍ਰਦੇਸ਼) ’ਤੇ ਪੈਂਦੀਆਂ ਹਨ। ਹਿੰਦੂ ਰਾਜੇ ਬਿਕ੍ਰਮਾਦਿੱਤ ਨਾਲ, ਭਾਰਤੀ ਸਟੇਟ ਨੂੰ ਕਿੰਨਾ ਜਾਨੂੰਨੀ ਪਿਆਰ ਹੈ, ਇਸ ਦੀ ਛੇਕੜਲੀ ਉਦਾਹਰਣ ਭਾਰਤ ਵਲੋਂ ਰੂਸ ਤੋਂ ਖਰੀਦੇ ਜਾ ਰਹੇ ਏਅਰ ਕਰਾਫਟ ਕੈਰੀਅਰ – ‘ਐਡਮਿਰਲ ਗੋਰਸ਼ਕੋਵ’ ਦੇ ਨਾਮਕਰਣ ਤੋਂ ਮਿਲਦੀ ਹੈ। ਦੋ ਬਿਲੀਅਨ, ਤਿੰਨ ਸੌ ਮਿਲੀਅਨ ਡਾਲਰ ਮੁੱਲ ਤਾਰ ਕੇ ਖਰੀਦਿਆ ਜਾ ਰਿਹਾ ਇਹ ‘ਜਹਾਜ਼ਾਂ ਦਾ ਜਹਾਜ਼’ ਜਦੋਂ ਭਾਰਤੀ ਨੇਵੀ ਸ਼ਕਤੀ ਦਾ ਹਿੱਸਾ ਬਣੇਗਾ ਤਾਂ ਇਸ ਦਾ ਨਾਂ ‘ਬਿਕ੍ਰਮਾਦਿੱਤਿਆ’ ਰੱਖਿਆ ਜਾਵੇਗਾ। ਬਿਕ੍ਰਮੀ ਸੰਮਤ, ਹਿੰਦੂ ਗੌਰਵ ਤੇ ਹਿੰਦੂਤਵ ਦਾ ਪ੍ਰਤੀਕ ਹੈ ਜਦੋਂਕਿ ਨਿਵੇਕਲਾ ਸਿੱਖ ਕੈਲੰਡਰ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਲੋਕ-ਪ੍ਰਲੋਕ ਦੀ ‘ਸ਼ਾਹਾਨਾ’ (ਰੌਇਲ) ਸ਼ਖਸੀਅਤ ਨੂੰ ਸਮਰਪਿਤ ਹੈ। ਨਾਨਕਸ਼ਾਹੀ ਕੈਲੰਡਰ, ਜਿਥੇ ਸਿੱਖ ਕੌਮ ਦੀ ਅੱਡਰੀ ਮਾਣਮੱਤੀ ਹਸਤੀ ਦਾ ਪ੍ਰਤੀਕ ਹੈ, ਉਥੇ ਇਹ ਖਾਲਿਸਤਾਨੀ ਸੰਘਰਸ਼ ਵਿੱਚ ਗੱਡਿਆ ਇੱਕ ਰੌਸ਼ਨ ਮੀਲ ਪੱਥਰ ਵੀ ਹੈ।

ਗੁਰਬਾਣੀ ਵਿੱਚ, ਮੌਸਮ ਅਧਾਰਿਤ ਛੇ ਰੁੱਤਾਂ ਦਾ ਜ਼ਿਕਰ ਅੱਡ-ਅੱਡ ਵੰਨਗੀਆਂ ਵਿੱਚ ਮਿਲਦਾ ਹੈ। ਬਾਰਾਂ ਮਹੀਨਿਆਂ ਦਾ ਮੁਕੰਮਲ ਜ਼ਿਕਰ, ਗੁਰੂ ਨਾਨਕ ਸਾਹਿਬ ਵਲੋਂ ਰਾਗ ਤੁਖਾਰੀ ਵਿੱਚ ਰਚਿਤ ‘ਬਾਰਹ ਮਾਹ’ ਅਤੇ ਗੁਰੂ ਅਰਜਨ ਸਾਹਿਬ ਵਲੋਂ ਰਾਗ ਮਾਝ ਵਿੱਚ ਰਚਿਤ ‘ਬਾਰਹ ਮਾਹ’ ਵਿੱਚ ਮਿਲਦਾ ਹੈ। ਗੁਰੂ ਨਾਨਕ ਸਾਹਿਬ ਰਚਿਤ ਬਾਰਹ ਮਾਹ ਵਿੱਚ, ਵਰ੍ਹੇ ਦੀ ਅਰੰਭਤਾ ਦੇ ਮਹੀਨੇ ਚੇਤ ਦਾ ਜ਼ਿਕਰ ਇਸ ਪ੍ਰਕਾਰ ਹੈ –

‘ਚੇਤ ਬਸੰਤ ਭਲਾ, ਭਵਰ ਸੁਹਾਵੜੇ।
ਬਨ ਫੂਲੇ ਮੰਝ ਬਾਰਿ, ਮੈ ਪਿਰ ਘਰ ਬਾਹੁੜੈ।’

ਗੁਰੂ ਅਰਜਨ ਸਾਹਿਬ ਦਾ ਨਵੇਂ ਵਰ੍ਹੇ ਦੇ ਪਹਿਲੇ ਮਹੀਨੇ ਸਬੰਧੀ ਉਪਦੇਸ਼ ਹੈ –

‘ਚੇਤਿ ਗੋਵਿੰਦ ਆਰਾਧੀਐ, ਹੋਵੈ ਅਨੰਦ ਘਣਾ
ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ।’

ਅਸੀਂ ਇਸ ਖੇੜਿਆਂ ਭਰੀ, ਮਾਣਮੱਤੀ – ਸੱਜਰੀ ਸਵੇਰ ਮੌਕੇ, ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਅਤੇ ਗੁਰੂ ਅੱਗੇ ਅਰਦਾਸ ਕਰਕੇ ਹਾਂ ਕਿ ਸਮੁੱਚੇ ਪ੍ਰਾਣੀ ਮਾਤਰ ਲਈ ਇਹ ਵਰ੍ਹਾ ਖੁਸ਼ੀਆਂ-ਉਦਾਸੀਆਂ ਵਿੱਚ, ਸਹਿਜ ਭਾਵ ਨਾਲ ਵਿਚਰਨ ਦੀ ਸਮਰੱਥਾ ਦੇਣ ਵਾਲਾ ਹੋਵੇ। ਪਹਿਲੀ ਚੇਤ ਦਾ ਦਿਨ, ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਗੁਰਗੱਦੀ ਦਿਵਸ ਵੀ ਹੈ, ਇਸ ਲਈ ਸਿੱਖ ਕੌਮ ਨੂੰ ਅਸੀਂ ਦੋਹਰੀ ਮੁਬਾਰਕਬਾਦ ਪੇਸ਼ ਕਰਦੇ ਹਾਂ।

ਇਸ ਵਾਰ, ਜਦੋਂ ਅਸੀਂ ਨਵਾਂ ਵਰ੍ਹਾ ਮੁਬਾਰਕ ਕਹਿ ਰਹੇ ਹਾਂ ਤਾਂ ਸਮੁੱਚੀ ਸਿੱਖ ਕੌਮ ਵਿੱਚ ਕੈਲੰਡਰ ਮੁੱਦੇ ’ਤੇ ਪੱਸਰੇ ਰੋਹ, ਉਦਾਸੀ ਅਤੇ ਅਨਿਸ਼ਚਤਤਾ ਦੀ ਸਥਿਤੀ ਸਬੰਧੀ ਨਾ-ਖੁਸ਼ਗਵਾਰ ਟਿੱਪਣੀ ਕਰਨ ਦੇ ਆਪਣੇ ਫਰਜ਼ ਨੂੰ ਵੀ ਨਿਭਾ ਰਹੇ ਹਾਂ। ਇਸ ਨੂੰ ਕੌਮ ਦੀ ਬਦਬਖਤੀ ਕਿਹਾ ਜਾਏ ਜਾਂ ਵਿਕਾਊਮਾਲ ਲੀਡਰਸ਼ਿਪ ਦੀ ਕਰਤੂਤ, ਇਸ ਵਰ੍ਹੇ ਅੰਦਰ ਨਾਨਕਸ਼ਾਹੀ ਕੈਲੰਡਰ ਦੇ ਨਿਰਮਲ ਦੁੱਧ ਅੰਦਰ, ਅਖੌਤੀ ਸੰਤ ਸਮਾਜ ਅਤੇ ਹਿੰਦੂਤਵੀ ਪਹਿਰੇਦਾਰ ਬਾਦਲ ਵਿਚਕਾਰ ‘ਅਪਵਿੱਤਰ ਗੱਠਜੋੜ’ (ਅਨਹੋਲੀ ਅਲਾਇੰਸ) ਰਾਹੀਂ ਅਖੌਤੀ ਸੋਧਾਂ ਦੀ ਕਾਂਜੀ ਘੋਲ ਦਿੱਤੀ ਗਈ ਹੈ। ਸਭ ਤੋਂ ਵੱਧ ਅਫਸੋਸਨਾਕ ਗੱਲ ਇਹ ਹੈ ਕਿ ਇਸ ਘਟੀਆ, ਸਿਧਾਂਤਹੀਣ, ਸੌਦੇਬਾਜ਼ੀ ਨੂੰ ਅਕਾਲ ਤਖਤ ਸਾਹਿਬ ਦੇ ‘ਜਥੇਦਾਰ’ ਨੇ ਪੁਸ਼ਤਪਨਾਹੀ ਦੇ ਕੇ ਸਿਰੇ ਚੜਾਇਆ ਹੈ। ਇਸ ‘ਅਪਵਿੱਤਰ ਗੱਠਜੋੜ’ ਨੇ, ਪਿਛਲੇ ਲਗਭਗ 7 ਸਾਲ ਤੋਂ ਲਾਗੂ ਅਤੇ ਲਗਭਗ ਸਮੁੱਚੀ ਸਿੱਖ ਕੌਮ ਵਲੋਂ ਪ੍ਰਵਾਨਿਤ (ਢਾਈ ਟੋਟਰੂ ਸਾਧਾਂ ਦੇ ਡੇਰਿਆਂ ਨੂੰ ਛੱਡ ਕੇ, ਜਿਹੜੇ ਵੈਸੇ ਵੀ ਗੁਰੂ ਸਾਹਿਬਾਨਾਂ ਦੇ ਮੁਬਾਰਕ ਦਿਨਾਂ ਨਾਲੋਂ, ਆਪਣੇ ਪਹਿਲੇ ਸੰਤਾਂ ਦੀਆਂ ਬਰਸੀਆਂ ਮਨਾਉਣ ਨੂੰ ਪਹਿਲ ਦਿੰਦੇ ਹਨ) ਨਾਨਕਸ਼ਾਹੀ ਕੈਲੰਡਰ ਨੂੰ ਮੁੜ ਵਿਵਾਦਾਂ ਦੇ ਘੇਰੇ ਵਿੱਚ ਲਿਆਉਣ ਦੀ ਕੋਝੀ ਸਾਜ਼ਿਸ਼ ਰਚੀ ਹੈ।

ਦੁਨੀਆ ਭਰ ਵਿੱਚ ਬੈਠੇ ਜਾਗਰੂਕ ਸਿੱਖਾਂ ਨੇ ਇਨ੍ਹਾਂ ਸੋਧਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ, ਪੂਰੀ ਵਿਚਾਰ ਚਰਚਾ ਤੋਂ ਬਾਅਦ, ਪੰਥ ਵਲੋਂ ਪ੍ਰਵਾਨਿਤ ਅਤੇ 14 ਅਪ੍ਰੈਲ, 2003 ਨੂੰ ਅਕਾਲ ਤਖਤ ਸਾਹਿਬ ਤੋਂ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦੇਣ ਦਾ ਨਿਰਣਾ ਲਿਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕੈਨੇਡਾ ਦੀਆਂ ਪ੍ਰਮੁੱਖ ਸਿੱਖ ਸੁਸਾਇਟੀਆਂ, ਯੂਰਪੀਅਨ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਸਮੇਤ ਦੁਨੀਆ ਭਰ ਦੀਆਂ ਅੱਡ-ਅੱਡ ਸਿੱਖ ਸੰਸਥਾਵਾਂ ਨੇ, ਸੋਧਾਂ ਦੇ ਨਾਂ ਹੇਠ, ਨਾਨਕਸ਼ਾਹੀ ਕੈਲੰਡਰ ਦੇ ਹਿੰਦੂਕਰਣ ਦੇ ਯਤਨਾਂ ਨੂੰ ਪੂਰੀ ਤਰ੍ਹਾਂ ਖਾਰਜ ਕਦਿਆਂ, ‘ਅਸਲੀ ਨਾਨਕਸ਼ਾਹੀ ਕੈਲੰਡਰ – 2003’ ਅਨੁਸਾਰ ਹੀ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਂਦੇ ਰਹਿਣ ਦੇ ਮਤੇ ਪਾਸ ਕੀਤੇ ਹਨ ਅਤੇ ਮਨਾਏ ਹਨ।

ਦਿਲਚਸਪ ਗੱਲ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲੇ, ਹੁਣ ਅਕਾਲ ਤਖਤ ਸਾਹਿਬ ਦੀ ਦੋਹਾਈ ਦੇ ਰਹੇ ਹਨ। ਇਹ ਉਹ ਹੀ ਟੋਲਾ ਹੈ, ਜਿਹੜਾ ਪਿਛਲੀ ਅੱਧੀ ਸਦੀ ਤੋਂ ਅਕਾਲ ਤਖਤ ਸਾਹਿਬ ਤੋਂ ਜਾਰੀ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਤੋਂ ਮੁਨਕਰ ਹੋ ਕੇ, ਆਪੋ ਆਪਣੇ ਡੇਰਿਆਂ ਵਿੱਚ ਮਨਮਤੀ -ਮਰਿਯਾਦਾਵਾਂ ਚਲਾ ਰਹੇ ਹਨ। ਇਹ ਉਹ ਹੀ ਟੋਲਾ ਹੈ, ਜਿਹੜਾ ਲਗਭਗ 20 ਵਰ੍ਹੇ ਸਿੱਖ ਪੰਥ ਨਾਲ ਧੋਖਾ ਕਰਕੇ, ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਤੋਂ ਹੀ ਮੁਨਕਰ ਰਿਹਾ ਅਤੇ ਡੰਕੇ ਦੀ ਚੋਟ ਨਾਲ ਕਹਿੰਦਾ ਰਿਹਾ – ‘ਸੰਤ ਭਿੰਡਰਾਂਵਾਲੇ ਚੜ੍ਹਦੀ ਕਲਾ ਵਿੱਚ ਹਨ)।’ ਇਸ ਬੱਜਰ-ਝੂਠ ਨੂੰ, ਗੁਰਬਾਣੀ ਦੇ ਗੁਟਕਿਆਂ ’ਤੇ ਵੀ ਛਾਪਣ ਵਾਲਿਆਂ ਨੇ, ਕੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਪੰਥ ਤੋਂ ਆਪਣੇ ਬੱਜਰ-ਗੁਨਾਹ ਦੀ ਭੁੱਲ ਬਖਸ਼ਾ ਲਈ ਹੈ? ਸ੍ਰੀ ਅਕਾਲ ਤਖਤ ਸਾਹਿਬ ਤੋਂ ‘ਸ਼ਹੀਦ’ ਐਲਾਨੇ ਗਏ ਸੰਤ ਭਿੰਡਰਾਂਵਾਲਿਆਂ ਦੀ ਯਾਦ ਵਿੱਚ ਸਮੁੱਚਾ ਪੰਥ ‘ਸ਼ਹੀਦੀ ਦੀਵਾਨ’ ਮਨਾ ਰਿਹਾ ਹੁੰਦਾ ਸੀ ਅਤੇ ਇਹ ਆਪਣੇ ਟਿਕਾਣਿਆਂ ’ਤੇ ਸੰਤਾਂ ਦੀ ‘ਚੜ੍ਹਦੀ ਕਲਾ’ ਲਈ ਅਖੰਡਪਾਠ ਕਰਵਾ ਰਹੇ ਹੁੰਦੇ ਸਨ। ਕੀ ਖਾਲਸਾ ਪੰਥ ਨੂੰ ਇਹ ਲੋਕ ਕਦੇ ਜਵਾਬਦੇਹ ਹੋਣਗੇ? 29 ਅਪ੍ਰੈਲ 1986 ਨੂੰ ਅਕਾਲ ਤਖਤ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਗਿਆ। ਕੀ ਇਹ ਸਾਧ ਅਕਾਲ ਤਖਤ ਤੋਂ ਜਾਰੀ ਖਾਲਿਸਤਾਨ ਦੇ ਐਲਾਨਾਮੇ ’ਤੇ ਖੜ੍ਹਨ ਦੀ ਜੁਰਅਤ ਰੱਖਦੇ ਹਨ?

ਬਾਕੀ ਰਹੀ ਦੇਸ਼-ਵਿਦੇਸ਼ ਵਿਚਲੇ ਬਾਦਲਕਿਆਂ ਦੀ ਬਿਆਨਬਾਜ਼ੀ ਦੀ ਗੱਲ। ਇਨ੍ਹਾਂ ਦੇ ਆਕਾਵਾਂ – ਬਾਦਲਾਂ ਬਾਰੇ ਤਾਂ ਸੰਤ ਭਿੰਡਰਾਂਵਾਲਿਆਂ ਦੇ ਸ਼ਬਦ ਹਨ – ‘ਇਸ ਦੀ ਪਤਲੂਨ ਲੁਹਾ ਕੇ ਦੇਖੋ, ਇਸ ਨੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ।’ ਇਨ੍ਹਾਂ ਫੋਟੋ-ਭੁੱਖਿਆਂ ਦੀਆਂ ਸ਼ਕਲਾਂ ਵੇਖ ਕੇ ਤਾਂ ਤਰਸ ਕਰਨਾ ਹੀ ਬਣਦਾ ਹੈ। ਇਨ੍ਹਾਂ ਦੀ ਜਾਣੇ ਬਲਾ ਕਿ ਕੈਲੰਡਰ ਕੀ ਹੁੰਦਾ ਹੈ, ਇਨ੍ਹਾਂ ਨੇ ਤਾਂ ਤਾਕਤ-ਆਸੀਨ ਨੂੰ ਮੱਥਾ ਹੀ ਟੇਕਣਾ ਹੈ, ਉਹ ਭਾਵੇਂ ਉਲੂ ਹੋਵੇ ਜਾਂ ਉਲੂ ਦਾ ਪੱਠਾ।

ਨਾਨਕਸ਼ਾਹੀ ਕੈਲੰਡਰ, ਸਿਰਫ ਤਰੀਕਾਂ ਦੇ ਜਮ੍ਹਾਂ-ਘਟਾਓ ਦਾ ਨਾਂ ਨਹੀਂ ਹੈ ਬਲਕਿ ਇਹ ਸਿੱਖ ਕੌਮ ਦੀ ਵਿਲੱਖਣ ਹਸਤੀ ਅਤੇ ਸ਼ਾਨ ਦਾ ਪ੍ਰਤੀਕ ਹੈ। ਹਿੰਦੂਤਵੀ ਜਮਾਤ ਆਰ. ਐਸ. ਐਸ. ਅਤੇ ਉਸ ਦੇ ਦੁਮਛੱਲਿਆਂ ਨੇ ਪਹਿਲੇ ਦਿਨ ਤੋਂ ਹੀ ਇਸ ਦਾ ਇਸ ਲਈ ਵਿਰੋਧ ਕੀਤਾ ਕਿਉਂਕਿ ਉਨ੍ਹਾਂ ਨੂੰ ਇਸ ਦੀ ਅਹਿਮੀਅਤ ਦਾ ਪੂਰੀ ਤਰ੍ਹਾਂ ਅਹਿਸਾਸ ਸੀ। ਆਰ. ਐਸ. ਐਸ. ਮੁਖੀ ਪ੍ਰੋ. ਸੁਦਰਸ਼ਨ ਨੇ ਇਸ ਦੇ ਖਿਲਾਫ ਖੁੱਲ੍ਹ ਕੇ ਸਟੈਂਡ ਲਿਆ। ਪਿਛਲੇ ਦਿਨੀਂ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਮੀਡੀਏ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਜਦੋਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਜਾ ਰਹੇ ਸਨ ਤਾਂ ਉਦੋਂ ਪੰਜਾਬ ਦਾ ਬੀ. ਜੇ. ਪੀ. ਦਾ ਮੰਤਰੀ ਬਲਦੇਵ ਰਾਜ ਉਨ੍ਹਾਂ ਨੂੰ ਮਿਲਿਆ ਸੀ ਅਤੇ ਮੰਗ ਕੀਤੀ ਸੀ ਕਿ ਇਹ ਕੈਲੰਡਰ ਹਿੰਦੂਆਂ-ਸਿੱਖਾਂ ਵਿੱਚ ਪਾੜਾ ਵਧਾਵੇਗਾ, ਇਸ ਲਈ ਇਸ ਨੂੰ ਲਾਗੂ ਨਾ ਕੀਤਾ ਜਾਵੇ। ਕੀ ਬਾਦਲ ਦਲ ਦੇ ਦੇਸ਼-ਵਿਦੇਸ਼ ਵਿਚਲੇ ਪੈਰੋਕਾਰਾਂ ਕੋਲ ਇਨ੍ਹਾਂ ਸਬੂਤਾਂ ਦਾ ਕੋਈ ਜਵਾਬ ਹੈ?

ਅਕਾਲ ਤਖਤ ਸਾਹਿਬ, ਪਿਛਲੇ ਲਗਭਗ 400 ਸਾਲ ਤੋਂ ਸੱਚ, ਹੱਕ ਅਤੇ ਇਨਸਾਫ ਦਾ ਪਹਿਰੇਦਾਰ ਹੈ ਅਤੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਲਾਗੂ ਕਰਵਾਉਣ ਲਈ ਜਥੇਦਾਰ ਅਕਾਲੀ ਫੂਲਾ ਸਿੰਘ, ਵਾਂਗ ਜਿਸ ਨੇ ਵੀ ਆਵਾਜ਼ ਮਾਰੀ, ਪੰਥ ਨੇ ਸ਼ਹਾਦਤਾਂ ਦੇਣ ਲਈ ਵੀ ਵਹੀਰਾਂ ਘੱਤ ਦਿੱਤੀਆਂ। 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ, ਅਕਾਲ ਤਖਤ ਸਾਹਿਬ ਦੀ ਸਰਵਉਚਤਾ, ਮੀਰੀ-ਪੀਰੀ ਦੀ ਰਾਖੀ ਅਤੇ ਖਾਲਸਾ ਰਾਜ ਦੀ ਸਥਾਪਨਾ ਲਈ, ਆਪਣੇ ਦਰਜਨਾਂ ਸਾਥੀ ਸਿੰਘਾਂ ਸਮੇਤ ਜੂਨ-1984 ਵਿੱਚ ਸ਼ਹੀਦੀ ਜਾਮ ਪੀਤਾ। ਪਿਛਲੇ ਦੋ ਦਹਾਕਿਆਂ ਦੇ ਡੇਢ ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘ-ਸਿੰਘਣੀਆਂ ਨੇ, ਖਾਲਿਸਤਾਨ ਦੀ ਕਾਇਮੀ, ਸਿੱਖ ਧਰਮ ਦੀ ਵਿਲੱਖਣ ਹਸਤੀ ਨੂੰ ਕਾਇਮ ਰੱਖਣ ਲਈ ਹੀ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕੀਤੇ ਸਨ। ਅੱਜ 26 ਮਿਲੀਅਨ ਸਿੱਖ ਕੌਮ ਉਨ੍ਹਾਂ ਸਾਰੇ ‘ਚਿਹਰਿਆਂ’ ਦੀ ਸ਼ਨਾਖਤ ਕਰੇ, ਜਿਨ੍ਹਾਂ ਨੇ ਸੰਤਾਂ ਦੇ ਕੌਮੀ ਅਜ਼ਾਦੀ ਦੇ ਸੁਨੇਹੇ ਨੂੰ ‘ਹਿੰਦੂਤਵੀ ਕਰਮ ਕਾਂਡ’ ਅਤੇ ਹਿੰਦੂ ਬਿਕ੍ਰਮੀ ਕੈਲੰਡਰ ਦੇ ਪੇਟੇ ਪਾਉਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ। ਨਿਰਮਲ ਦੁੱਧ ਵਿੱਚ ਕਾਂਜੀ ਰਲਾਉਣ ਵਾਲੇ, ਇਹ ‘ਹਿੰਦੂਤਵੀ ਮੋਹਰੇ’ ਸਿੱਖ ਕੌਮ ’ਤੇ ਸਿੱਖ ਇਤਿਹਾਸ ਨੂੰ ਜਵਾਬਦੇਹ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: